ਕਾਸ਼ੀ ਵਿਸ਼ਵਨਾਥ ਕੌਰੀਡੋਰ: 400 ਮਕਾਨ ਢਾਹ ਕੇ ਤੇ 1400 ਲੋਕਾਂ ਨੂੰ ਉਜਾੜ ਕੇ ਬਣੇ ਇਸ ਕੌਰੀਡੋਰ 'ਚ ਖਾਸ ਕੀ ਹੈ

    • ਲੇਖਕ, ਵਿਕਰਾਂਤ ਦੂਬੇ
    • ਰੋਲ, ਵਾਰਾਣਸੀ ਤੋਂ ਬੀਬੀਸੀ ਲਈ

ਪ੍ਰਧਾਨ ਮੰਤਰੀ ਨਰਿੰਦਰ ਨੇ ਆਪਣੇ ਡ੍ਰੀਮ ਪ੍ਰੋਜੈਕਟ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਬਨਾਰਸ ਵਿੱਚ ਉਦਘਾਟਨ ਕਰ ਦਿੱਤਾ ਹੈ।

ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ, “ਅੱਜ ਮੈਂ ਤੁਹਾਡੇ ਤੋਂ ਤਿੰਨ ਚੀਜ਼ਾਂ ਮੰਗ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਵਛਤਾ, ਸ੍ਰਿਜਨਤਾ ਅਤੇ ਆਤਮ ਨਿਰਭਰ ਭਾਰਤ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਦਾ ਸੰਕਲਪ ਸਾਰੇ ਲੋਕ ਕਰਨ।”

ਜਾਣਕਾਰਾਂ ਮੁਤਾਬਕ ਮੋਦੀ ਅਤੇ ਯੋਗੀ ਸਰਕਾਰ ਦੀ ਕੋਸ਼ਿਸ਼ ਹੈ ਕਿ ਬਨਾਰਸ ਨੂੰ ਪੂਰੇ ਦੇਸ਼ ਦੇ ਸਾਹਮਣੇ ਧਰਮ ਅਤੇ ਵਿਕਾਸ ਦੇ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕੇ ਜਿਸ ਨਾਲ ਚੋਣਾਂ ਉੱਤੇ ਇਸ ਦਾ ਸਕਾਰਾਮਤਕ ਅਸਰ ਦਿਖਾਈ ਦੇਵੇ।

ਇਹ ਵੀ ਪੜ੍ਹੋ:

32 ਮਹੀਨਿਆਂ 'ਚ ਤਿਆਰ ਹੋਇਆ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ

ਸੰਨ 1669 'ਚ ਅਹਿਲਯਾਬਾਈ ਹੋਲਕਰ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਰੇਨੋਵੇਟ ਕਰਵਾਇਆ ਸੀ। ਉਸ ਦੇ ਲਗਭਗ 350 ਸਾਲਾਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਮੰਦਰ ਦੇ ਵਿਸਥਾਰ ਅਤੇ ਰੇਨੋਵੇਸ਼ਨ ਲਈ 8 ਮਾਰਚ, 2019 ਵਿੱਚ ਵਿਸ਼ਵਨਾਥ ਮੰਦਰ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ।

ਨੀਂਹ ਪੱਥਰ ਦੇ ਲਗਭਗ ਦੋ ਸਾਲ 8 ਮਹੀਨਿਆਂ ਬਾਅਦ ਇਸ ਡ੍ਰੀਮ ਪ੍ਰੋਜੈਕਟ ਦੇ 95 ਫੀਸਦੀ ਕੰਮ ਨੂੰ ਪੂਰਾ ਕਰ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਕੌਰੀਡੋਰ ਦੇ ਨਿਰਮਾਣ 'ਚ 340 ਕਰੋੜ ਰੁਪਏ ਖ਼ਰਚ ਹੋਏ ਹਨ। ਹਾਲਾਂਕਿ ਪੂਰੇ ਖਰਚੇ ਨੂੰ ਲੈਕ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪੂਰੇ ਕੌਰੀਡੋਰ ਨੂੰ ਲਗਭਗ 50,000 ਵਰਗ ਮੀਟਰ ਦੇ ਇੱਕ ਵੱਡੇ ਕਾਂਪਲੈਕਸ 'ਚ ਬਣਾਇਆ ਗਿਆ ਹੈ। ਇਸ ਦਾ ਮੁੱਖ ਦਰਵਾਜਾ ਗੰਗਾ ਵਾਲੇ ਪਾਸੇ ਲਲਿਤਾ ਘਾਟ ਵੱਲ ਹੈ।

ਵਿਸ਼ਵਨਾਥ ਕੌਰੀਡੋਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ, ਮੰਦਰ ਦਾ ਮੁੱਖ ਹਿੱਸਾ ਹੈ ਜੋ ਲਾਲ ਪੱਥਰਾਂ ਨਾਲ ਬਣਾਇਆ ਗਿਆ ਹੈ।

ਕੌਰੀਡੋਰ ਵਿੱਚ 24 ਭਵਨ ਵੀ ਬਣਾਏ ਜਾ ਰਹੇ ਹਨ। ਇਨ੍ਹਾਂ ਭਵਨਾਂ ਵਿੱਚ ਮੁੱਖ ਮੰਦਰ ਕਾਂਪਲੈਕਸ, ਮੰਦਰ ਚੌਂਕ, ਮੁਮੁਕਸ਼ੂ ਭਵਨ, ਤਿੰਨ ਯਾਤਰੀ ਸੁਵਿਧਾ ਕੇਂਦਰ, ਚਾਰ ਸ਼ੌਪਿੰਗ ਕਾਂਪਲੈਕਸ, ਮਲਟੀਪਰਪਸ ਹਾਲ, ਸਿਟੀ ਮਿਊਜੀਅਮ, ਵਾਰਾਣਸੀ ਗੈਲਰੀ, ਗੰਗਾ ਵਿਊ ਕੈਫੈ ਆਦਿ ਹਨ।

ਧਾਮ ਦੀ ਚਮਕ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ 5,000 ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਹ ਲਾਈਟਾਂ ਦਿਨ, ਦੁਪਹਿਰ ਅਤੇ ਰਾਤ ਵੇਲੇ ਰੰਗ ਬਦਲਦੀਆਂ ਹਨ।

ਤਿਓਹਾਰ ਦੇ ਰੰਗ ਵਿੱਚ ਕਾਸ਼ੀ

ਕੌਰੀਡੋਰ ਦੇ ਉਦਘਾਟਨ ਨੂੰ ਲੈਕੇ ਪੂਰੇ ਕਾਸ਼ੀ ਵਿੱਚ ਤਿਓਹਾਰ ਵਰਗਾ ਮਾਹੌਲ ਰਿਹਾ।

ਸਰਕਾਰੀ ਭਵਨਾਂ, ਚੌਰਾਹਿਆਂ ਨੂੰ ਬਿਜਲੀ ਦੀਆਂ ਰੰਗ-ਬਿਰੰਗੀਆਂ ਝਾਲਰਾਂ ਨਾਲ ਸਜਾਇਆ ਗਿਆ ਹੈ। ਲੋਕਾਂ ਨੇ ਵੀ ਆਪਣੀਆਂ ਇਮਾਰਤਾਂ ਨੂੰ ਸਜਾਇਆ ਹੈ।

ਥਾਂ-ਥਾਂ ਉੱਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਅੱਜ ਸ਼ਾਮ ਦੀਵਾਲੀ ਦੀ ਤਰਜ਼ 'ਤੇ ਸਾਰਿਆਂ ਨੂੰ ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾਉਣ ਦੀ ਅਪੀਲ ਕੀਤੀ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

16 ਲੱਖ ਲੱਡੂਆਂ ਦੇ ਪ੍ਰਸਾਦ ਘਰ-ਘਰ ਵੰਡੇ ਜਾਣਗੇ

ਕੌਰੀਡੋਰ ਦੇ ਇਸ ਸਮਾਗਮ ਵਿੱਚ ਪੂਰੇ ਦੇਸ਼ ਤੋਂ ਤਿੰਨ ਹਜ਼ਾਰ ਤੋਂ ਜ਼ਿਆਦਾ ਮਹਿਮਾਨਾਂ ਨੇ ਸ਼ਿਰਕਤ ਕੀਤੀ।

ਇਸ ਵਿੱਚ ਭਾਜਪਾ-ਸ਼ਾਸਿਤ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਤੋਂ ਇਲਾਵਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ। ਇਨ੍ਹਾਂ ਨੂੰ ਪੂਰੇ ਦੇਸ਼ ਤੋਂ ਆ ਰਹੇ ਸਾਧੂ-ਸੰਤਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਬਨਾਰਸ ਵਿੱਚ ਇੱਕ ਮਹੀਨੇ ਦਾ ਉਤਸਵ ਵੀ ਮਨਾਇਆ ਜਾਵੇਗਾ, ਜਿਸ ਦਾ ਨਾਮ ''ਭਵਯ ਕਾਸ਼ੀ -ਦਿਵਯ ਕਾਸ਼ੀ'' ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਤੋਂ ਕੋਈ ਵੀ ਪਰਿਵਾਰ ਜਾਂ ਸ਼ਖ਼ਸ ਵਾਂਝਾ ਨਾ ਰਹਿ ਜਾਵੇ, ਇਸ ਦੇ ਲਈ 16 ਲੱਖ ਲੱਡੂਆਂ ਦਾ ਪ੍ਰਸਾਦ ਬਨਵਾਇਆ ਜਾ ਰਿਹਾ ਹੈ।

ਇਸ ਪ੍ਰਸਾਦ ਨੂੰ ਵਰਕਰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਗੇ। ਇਸ ਦੇ ਨਾਲ ਹੀ ਲੋਕਾਂ ਨੂੰ ਯਾਦਗਾਰ ਵੀ ਦਿੱਤੀ ਜਾਵੇਗੀ।

ਕੌਰੀਡੋਰ ਦੀ ਨੀਂਹ 400 ਮਕਾਨਾਂ ’ਤੇ ਰੱਖੀ ਗਈ

ਕਾਸ਼ੀ ਵਿਸ਼ਵਨਾਥ ਕੌਰੀਡੋਰ ਦੇ ਨਿਰਮਾਣ ਵਿੱਚ ਤਕਰੀਬਨ 400 ਮਕਾਨਾਂ ਅਤੇ ਸੈਂਕੜੇ ਮੰਦਰਾਂ ਤੇ ਲੋਕਾਂ ਨੂੰ ਕਿਤੇ ਹੋਰ ਵਸਾਉਣਾ ਪਿਆ ਹੈ।

ਵਿਸ਼ਵਨਾਥ ਮੰਦਰ ਦੇ ਕਾਫੀ ਸੰਘਣੀ ਆਬਾਦੀ ਵਿੱਚ ਬਣੇ ਹੋਣ ਕਾਰਨ ਲਗਭਗ 400 ਜਾਇਦਾਦਾਂ ਨੂੰ ਖਰੀਦਿਆ ਗਿਆ ਅਤੇ ਲਗਭਗ 1400 ਲੋਕਾਂ ਨੂੰ ਸ਼ਹਿਰ ਵਿੱਚ ਕਿਤੇ ਹੋਰ ਵਸਾਇਆ ਗਿਆ।

ਲਗਭਗ 2 ਸਾਲ 8 ਮਹੀਨਿਆਂ ਦੇ ਇਸ ਡ੍ਰੀਮ ਪ੍ਰੋਜੈਕਟ ਦੇ 95 ਫੀਸਦੀ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ। ਮੌਜੂਦਾ ਸਮੇਂ ਇਸ ਕੌਰੀਡੋਰ ਵਿੱਚ 2600 ਮਜ਼ਦੂਰ ਅਤੇ 300 ਇੰਜੀਨੀਅਰ ਤਿੰਨ ਸ਼ਿਫਟਾਂ ਵਿੱਚ ਲਗਾਤਾਰ ਕੰਮ ਕਰ ਰਹੇ ਹਨ।

ਇਸ ਕੌਰੀਡੋਰ ਨੂੰ ਬਣਾਉਣ ਦੌਰਾਨ ਜਿਹੜੇ 400 ਮਕਾਨਾਂ ਨੂੰ ਲਿਆ ਗਿਆ, ਪ੍ਰਸ਼ਾਸਨ ਮੁਤਾਬਕ ਉਸ ਤੋਂ ਕਾਸ਼ੀ ਦੇ 27 ਮੰਦਰ ਅਤੇ ਲਗਭਗ 127 ਦੂਜੇ ਮੰਦਰ ਪ੍ਰਾਪਤ ਹੋਏ ਸਨ। ਕੌਰੀਡੋਰ 'ਚ ਉਨ੍ਹਾਂ ਮੰਦਰਾਂ ਦੀ ਵੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।

ਕਾਸ਼ੀ ਬਲੌਕ ਦੇ ਮੰਦਰ ਦੀ ਮੁੜ ਉਸਾਰੀ ਕਰਕੇ ਪਹਿਲਾਂ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਪੂਰਬ ਵਿੱਚ ਬਣੇ ਸਰਸਵਤੀ ਗੇਟ ਕੋਲ 27 ਮੰਦਰਾਂ ਦੀ ਇੱਕ ਮਣਿਮਾਲਾ ਬਣਾਈ ਜਾਵੇਗੀ ਜਿਸ ਵਿੱਚ ਉਨ੍ਹਾਂ ਮੰਦਰਾਂ ਨੂੰ ਸਥਾਪਤ ਕਰਨ ਦੀ ਯੋਜਨਾ ਹੈ। ਇਹ ਕੰਮ ਕੌਰੀਡੋਰ ਦੇ ਦੂਜੇ ਪੜਾਅ ਵਿੱਚ ਪੂਰਾ ਹੋਵੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)