ਸਿੱਧੂ ਦਾ ਦਾਅਵਾ: ਦੋ ਮੁੱਖ ਮੰਤਰੀਆਂ ਨੇ ਕੀਤਾ ਮੁਹਾਲੀ 'ਚ 900 ਏਕੜ ਜ਼ਮੀਨ 'ਤੇ ਕਬਜ਼ਾ - ਪ੍ਰੈੱਸ ਰਿਵੀਊ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਹੈ ਅਤੇ ਇਸ ਦੇ ਲਈ ਜ਼ਮੀਨ ਦੇ ਰਿਕਾਰਡ ਵਿੱਚ ਹੇਰਾ ਫੇਰੀ ਕੀਤੀ ਗਈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦੇ ਲਾਅ ਭਵਨ ਵਿੱਚ 'ਬੋਲਦਾ ਪੰਜਾਬ' ਪ੍ਰੋਗਰਾਮ ਤਹਿਤ ਬੋਲ ਰਹੇ ਸਨ।

ਜਸਟਿਸ ਕੁਲਦੀਪ ਸਿੰਘ ਕਮੀਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਕਿਹਾ ਇਸ ਵਿੱਚੋਂ 900 ਏਕੜ ਜ਼ਮੀਨ ਉੱਤੇ ਤਾਂ ਦੋ ਮੁੱਖ ਮੰਤਰੀਆਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ ਸਿੱਧੂ ਨੇ ਦੋਵੇਂ ਮੁੱਖ ਮੰਤਰੀਆਂ ਦੇ ਨਾਂਵਾਂ ਦਾ ਜਿਕਰ ਨਹੀਂ ਕੀਤਾ।

ਸਿੱਧੂ ਨੇ ਇਸ ਸਬੰਧੀ ਇਹੀ ਕਿਹਾ ਕਿ ਰਿਪੋਰਟ ਪੜ੍ਹੋ ਤਾਂ ਉਸ ਵਿੱਚ ਕਈ ਨੇਤਾਵਾਂ ਦੇ ਨਾਮ ਹਨ।

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਸ਼ੋਅ ਪੀਸ ਨਹੀਂ ਬਣਨਗੇ।

ਉਨ੍ਹਾਂ ਕਿਹਾ, ''ਸਿਆਸਤ ਵਿੱਚ ਚੰਗੇ ਬੰਦੇ ਨੂੰ ਸ਼ੋਅਪੀਸ ਬਣਾ ਦਿੱਤਾ ਜਾਂਦਾ ਹੈ। ਉਸ ਨੂੰ ਮੋਹਰਾ ਬਣਾ ਕੇ ਚੋਣਾਂ ਜਿੱਤਣ ਲਈ ਰੱਖਿਆ ਜਾਂਦਾ ਹੈ। ਕੈਂਪੇਨ ਕਰਵਾਉਣ ਤੋਂ ਬਾਅਦ ਉਸ ਨੂੰ ਸ਼ੋਅਪੀਸ ਬਣਾ ਕੇ ਰੱਖ ਦਿੰਦੇ ਹਨ ਪਰ ਹੁਣ ਮੈਂ ਕਿਸੇ ਦਾ ਸ਼ੋਅਪੀਸ ਤੇ ਮੋਹਰਾ ਨਹੀਂ ਬਣਾਂਗਾ।''

'ਬੋਲਦਾ ਪੰਜਾਬ' ਪ੍ਰੋਗਰਾਮ ਦੌਰਾਨ ਭਾਵੇਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਸਾਥ ਨਹੀਂ ਛੱਡਣਗੇ ਪਰ ਇਸ ਤੋਂ ਪਹਿਲਾਂ ਉਹ ਇੱਕ ਜਨਤਕ ਸਮਾਗਮ ਦੌਰਾਨ ਆਪਣੇ ਆਪ ਨੂੰ 'ਸ਼ਕਤੀ ਹੀਣ' ਪ੍ਰਧਾਨ ਕਹਿ ਚੁੱਕੇ ਹਨ, ਉਨ੍ਹਾਂ ਕਿਹਾ ਕਿ ਉਹ ਤਾਂ ਆਪਣੇ ਜਨਰਲ ਸਕੱਤਰ ਵੀ ਨਿਯੁਕਤ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ:

ਬੈਂਕਾਂ ਦੇ ਨਿੱਜੀਕਰਨ ਮੌਕੇ ਮੋਦੀ - 'ਖਾਤਿਆਂ 'ਚ ਜਮਾਂ ਪੈਸਾ ਸੁਰੱਖਿਅਤ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੈਂਕਾਂ ਵਿੱਚ ਜਮਾਂ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੀਐੱਮ ਮੋਦੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਤਿੰਨ ਲੱਖ ਲੋਕ ਜਿਨ੍ਹਾਂ ਦੇ ਬੈਂਕ ਖਾਤੇ ਆਰਬੀਆਈ ਦੀ ਹਦਾਇਤਾਂ ਮੁਤਾਬਕ ਹਨ, ਉਨ੍ਹਾਂ ਨੂੰ 5 ਲੱਖ ਦੀ ਰਿਵਾਈਜ਼ਡ ਬੀਮਾ ਰਕਮ ਛੇਤੀ ਹੀ ਮਿਲੇਗੀ।

ਇਸ ਦੌਰਾਨ ਮੋਦੀ ਨੇ ਦੇਸ਼ਭਰ ਵਿੱਚ ਹੋਣ ਵਾਲੀ 16 ਅਤੇ 17 ਦਸਬੰਰ ਦੀ ਬੈਂਕਾਂ ਦੀ ਹੜਤਾਲ ਬਾਰੇ ਵੀ ਗਲ ਕੀਤੀ। ਦੱਸ ਦਈਏ ਕਿ ਹੜਤਾਲ ਸਰਕਾਰ ਦੇ ਪ੍ਰਸਤਾਵਿਤ ਉਸ ਬਿੱਲ ਖਿਲਾਫ਼ ਹੈ ਜੋ ਦੋ ਪ੍ਰਾਈਵੇਟ ਬੈਂਕਾਂ ਦਾ ਨਿੱਜੀਕਰਨ ਕਰਦਾ ਹੈ।

ਖ਼ਬਰ ਮੁਤਾਬਕ ਇਹ ਦੋ ਬੈਂਕ ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਿਸ ਯੂਨੀਵਰਸ 'ਚ ਟੌਪ 10 ਵਿੱਚ ਥਾਂ ਬਣਾਉਣ ਵਾਲੀ ਚੰਡੀਗੜ੍ਹ ਦੀ ਹਰਨਾਜ਼ ਸੰਧੂ

ਮਿਸ ਯੂਨੀਵਰਸ 2021 ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਟੌਪ 10 ਵਿੱਚ ਥਾਂ ਬਣਾਈ ਹੈ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ ਹਰਨਾਜ਼ ਮੌਡਲਿੰਗ ਦੇ ਨਾਲ-ਨਾਲ ਤੈਰਾਕੀ, ਅਦਾਕਾਰੀ ਅਤੇ ਡਾਂਸ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਮਿਸ ਯੂਨੀਵਰਸ ਦੇ ਗ੍ਰੈਂਡ ਫਿਨਾਲੇ ਤੱਕ ਪਹੁੰਚੀ 21 ਸਾਲ ਦੀ ਹਰਨਾਜ਼ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰ ਚੁੱਕੇ ਹਨ।

ਉਹ ਦੋ ਪੰਜਾਬੀ ਫਿਲਮਾਂ 'ਪੌਂ ਬਾਰਾਂ' ਅਤੇ 'ਬਾਈ ਜੀ ਕੁੱਟਣਗੇ' ਦੀ ਸ਼ੂਟਿੰਗ ਕਰ ਚੁੱਕੇ ਹਨ ਅਤੇ ਇਨ੍ਹਾਂ ਫਿਲਮਾਂ ਨੂੰ ਅਦਾਕਾਰਾ ਅਤੇ ਨਿਰਮਾਤਾ ਉਪਾਸਨਾ ਸਿੰਘ ਨੇ ਪ੍ਰੋਡਿਊਸ ਕੀਤਾ ਹੈ।

ਟਾਈਮਜ਼ ਦੀ ਖ਼ਬਰ ਮੁਤਾਬਕ ਹਰਨਾਜ਼ ਨੇ 2017 ਵਿੱਚ ਮਿਸ ਚੰਡੀਗਰ੍ਹ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਮਿਸ ਮੈਕਸ ਇਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।

ਹਰਨਾਜ਼ ਇਸ ਤੋਂ ਬਾਅਦ ਮਿਸ ਇੰਡੀਆ 2019 ਦਾ ਹਿੱਸਾ ਬਣੇ ਅਤੇ ਹੁਣ ਉਹ ਮਿਸ ਯੂਨੀਵਰਸ 2021 ਵਿੱਚ ਭਾਰਤ ਵੱਲੋਂ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)