1971 ਭਾਰਤ-ਪਾਕਿਸਤਾਨ ਜੰਗ: ਜਦੋਂ ਕਲਮਾ ਨਾ ਪੜ੍ਹ ਸਕਣ ਕਰਕੇ ਭਾਰਤੀ ਪਾਇਲਟ ਨੂੰ ਕੈਦੀ ਬਣਾਇਆ ਗਿਆ

ਤਸਵੀਰ ਸਰੋਤ, Jawahar Lal Bhargav
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
5 ਦਸੰਬਰ 1971 ਨੂੰ ਸਵੇਰ ਦੇ ਲਗਭਗ 9 ਵੱਜ ਕੇ 20 ਮਿੰਟ ਦਾ ਸਮਾਂ ਸੀ। ਫਲਾਈਟ ਲੈਫਟੀਨੈਂਟ ਜਵਾਹਰ ਲਾਲ ਭਾਰਗਵ ਦਾ ਮਾਰੂਤ ਜਹਾਜ਼ ਨੇ ਪਾਕਿਸਤਾਨ ਦੇ ਨਯਾਛੋਰ ਖੇਤਰ 'ਚ ਬੰਬਾਰੀ ਕਰਨ ਲਈ ਹੇਠਾਂ ਨੂੰ ਹੋਇਆ।
ਉਸੇ ਵੇਲੇ ਉਨ੍ਹਾਂ ਦੇ ਜਹਾਜ਼ 'ਚ ਇੱਕ ਐਂਟੀ ਏਅਰਕ੍ਰਾਫਟ ਤੋਪ ਦਾ ਗੋਲਾ ਆ ਕੇ ਵੱਜਿਆ।
ਕਾਕਪਿਟ 'ਚ ਲਾਲ ਬੱਤੀਆਂ ਚਮਕਣ ਲੱਗੀਆ ਅਤੇ ਜਹਾਜ਼ ਦਾ ਖੱਬਾ ਇੰਜਣ ਫੇਲ੍ਹ ਹੋ ਗਿਆ। ਉਨ੍ਹਾਂ ਨੇ ਇਸ ਸਥਿਤੀ ਦੀ ਨਜ਼ਾਕਤ ਨੂੰ ਭਾਂਪਦਿਆਂ ਹਮਲਾ ਕਰਨ ਦੀ ਬਜਾਏ ਵਾਪਸ ਭਾਰਤ ਪਰਤਣ ਦਾ ਯਤਨ ਕੀਤਾ। ਉਨ੍ਹਾਂ ਦੇ ਹੇਠਾਂ ਸਿੰਧ ਦਾ ਅਥਾਹ ਮਾਰੂਥਲ ਸੀ।
ਜਿਵੇਂ ਹੀ ਉਨ੍ਹਾਂ ਨੇ ਜ਼ਮੀਨ ਨੇੜੇ ਆਉਂਦੀ ਵੇਖੀ ਤਾਂ ਨੌਜਵਾਨ ਪਾਇਲਟ ਨੇ ਰੱਬ ਦਾ ਨਾਂਅ ਲੈਂਦਿਆਂ ਆਪਣੀ ਪੂਰੀ ਤਾਕਤ ਲਗਾ ਕੇ ਇਜੈਕਸ਼ਨ ਬਟਨ ਦਬਾ ਦਿੱਤਾ।
1971 ਦੀ ਜੰਗ 'ਤੇ ਹਾਲ 'ਚ ਹੀ ਪ੍ਰਕਾਸ਼ਿਤ ਹੋਈ ਕਿਤਾਬ '1971 ਚਾਰਜ ਆਫ਼ ਦ ਗੋਰਖਾਜ਼' ਦੀ ਲੇਖਿਕਾ ਰਚਨਾ ਬਿਸ਼ਟ ਰਾਵਤ ਦਾ ਕਹਿਣਾ ਹੈ ਕਿ ਭਾਰਗਵ ਦੇ ਜਹਾਜ਼ ਦੇ ਉੱਪਰ ਦੀ ਛੱਤ ਖੁੱਲ੍ਹੀ ਅਤੇ ਇੱਕ ਸਕਿੰਟ ਤੋਂ ਵੀ ਘੱਟ ਦੇ ਸਮੇਂ 'ਚ ਉਹ ਹਵਾ 'ਚ ਸੀ।
ਕੁਝ ਸਮੇਂ ਬਾਅਦ ਭਾਰਗਵ ਨੇ ਆਪਣੇ ਆਪ ਨੂੰ ਮਾਰੂਥਲ ਦੀ ਰੇਤ 'ਤੇ ਪਾਇਆ। ਉਨ੍ਹਾਂ ਦੇ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਹੀ ਨੇੜੇ ਹੀ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।"
"ਇਸ ਗੱਲ ਦਾ ਅੰਦਾਜ਼ਾ ਲਗਾਉਂਦਿਆਂ ਕਿ ਉਨ੍ਹਾਂ ਦੇ ਜਹਾਜ਼ 'ਚ ਰੱਖੇ ਹਥਿਆਰ ਹੁਣ ਕਿਸੇ ਸਮੇਂ ਵੀ ਫਟ ਸਕਦੇ ਹਨ, ਉਨ੍ਹਾਂ ਨੇ ਜਲਦੀ ਨਾਲ ਆਪਣਾ ਪੈਰਾਸ਼ੂਟ ਰੇਤ 'ਚ ਦੱਬ ਦਿੱਤਾ ਅਤੇ ਤੇਜ਼ੀ ਨਾਲ ਉਸ ਥਾਂ ਤੋਂ ਦੌੜਨ ਦੀ ਕੋਸ਼ਿਸ਼ ਕੀਤੀ।
ਉਸ ਥਾਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਾਇਲਟ ਸਰਵਾਈਵਲ ਕਿੱਟ ਚੁੱਕ ਲਈ , ਜਿਸ 'ਚ ਇੱਕ ਸਲੀਪਿੰਗ ਬੈਗ, ਸਟੋਵ ਚਾਕਲੇਟ, ਚਾਕੂ, ਕੰਪਾਸ ਅਤੇ 100 ਮਿਲੀਲਿਟਰ ਦੀਆਂ ਪਾਣੀ ਦੀਆਂ ਚਾਰ ਬੋਤਲਾਂ ਸਨ।"

ਤਸਵੀਰ ਸਰੋਤ, Penguin
ਪਟੌਦੀ ਦੇ ਨਾਂਅ 'ਤੇ ਨਾਮ ਰੱਖਿਆ ਮਨਸੂਰ ਅਲੀ ਖ਼ਾਨ
ਪਰ ਭਾਰਗਵ ਨੂੰ ਉਸ ਕਿੱਟ 'ਚ ਉਹ ਨਕਸ਼ਾ ਨਾ ਮਿਲਿਆ, ਜਿਸ ਦੀ ਉਨ੍ਹਾਂ ਨੂੰ ਉਸ ਸਮੇਂ ਸਖ਼ਤ ਜ਼ਰੂਰਤ ਸੀ। ਫਿਰ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਆਪਣੀ ਕੰਪਾਸ ਦੀ ਮਦਦ ਨਾਲ ਪੂਰਬ ਵੱਲ ਵੱਧਣਗੇ ਅਤੇ ਸਰਹੱਦ ਪਾਰ ਕਰਕੇ ਭਾਰਤ ਪਹੁੰਚਣ ਦਾ ਯਤਨ ਕਰਨਗੇ।
ਉਨ੍ਹਾਂ ਨੇ ਤੁਰੰਤ ਆਪਣੀ ਘੜੀ ਦਾ ਸਮਾਂ ਪਾਕਿਸਤਾਨੀ ਸਮੇਂ ਮੁਤਾਬਕ ਸੈੱਟ ਕੀਤਾ ਅਤੇ ਆਪਣੇ ਮਨ 'ਚ ਸੋਚਿਆ ਕਿ ਜੇਕਰ ਉਹ ਫੜੇ ਗਏ ਤਾਂ ਉਹ ਕਹਿਣਗੇ ਕਿ ਉਹ ਤਾਂ ਪਾਕਿਸਤਾਨੀ ਹਵਾਈ ਫੌਜ ਦੇ ਹੀ ਅਧਿਕਾਰੀ ਹਨ ਅਤੇ ਉਨ੍ਹਾਂ ਦਾ ਨਾਮ ਮਨਸੂਰ ਅਲੀ ਖ਼ਾਨ ਹੈ।
ਏਅਰ ਕਮੋਡੋਰ ਜਵਾਹਰ ਲਾਲ ਭਾਰਗਵ ਮੌਜੂਦਾ ਸਮੇਂ ਪੰਚਕੂਲਾ ਰਹਿ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮਨਸੂਰ ਅਲੀ ਖ਼ਾਨ ਰੱਖਣ ਪਿੱਛੇ ਕੋਈ ਖ਼ਾਸ ਕਾਰਨ ਸੀ?

ਤਸਵੀਰ ਸਰੋਤ, Getty Images
ਤਾਂ ਉਨ੍ਹਾਂ ਦਾ ਜਵਾਬ ਸੀ,"ਮੇਰੇ ਪਿਤਾ ਜੀ ਪਟੌਦੀ ਦੇ ਨਵਾਬ ਇਫ਼ਤਿਖਾਰ ਅਲੀ ਖਾਨ ਪਟੌਦੀ ਕੋਲ ਕੰਮ ਕਰਦੇ ਸਨ ਅਤੇ ਮੈਂ ਉਨ੍ਹਾਂ ਦੇ ਪੁੱਤਰ ਮਨਸੂਰ ਅਲੀ ਖਾਨ ਪਟੌਦੀ, ਜੋ ਕਿ ਬਾਅਦ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਸਨ, ਉਨ੍ਹਾਂ ਨਾਲ ਕ੍ਰਿਕਟ ਖੇਡਿਆ ਕਰਦਾ ਸੀ।”
“ਅਸੀਂ ਦੋਵਾਂ ਨੇ ਹੀ ਰਣਜੀ ਟਰਾਫੀ 'ਚ ਆਪੋ ਆਪਣੇ ਸੂਬਿਆਂ ਦੀ ਨੁਮਾਇੰਦਗੀ ਕੀਤੀ ਸੀ। ਪਟੌਦੀ ਦਿੱਲੀ ਲਈ ਅਤੇ ਮੈਂ ਪੰਜਾਬ ਲਈ ਖੇਡਦਾ ਸੀ। ਮਨਸੂਰ ਨਾਮ ਰੱਖਣ ਦਾ ਵਿਚਾਰ ਮੈਨੂੰ ਪਟੌਦੀ ਤੋਂ ਹੀ ਆਇਆ।"
ਭਾਰਗਵ ਕੋਲ 300 ਪਾਕਿਸਤਾਨੀ ਰੁਪਏ ਵੀ ਸਨ, ਜੋ ਕਿ ਉਸ ਸਮੇਂ ਪਾਕਿਸਤਾਨ 'ਤੇ ਹਮਲਾ ਕਰਨ ਜਾਣ ਵਾਲੇ ਹਰ ਪਾਇਲਟ ਨੂੰ ਦਿੱਤੇ ਜਾਂਦੇ ਸਨ।
ਊਠਾਂ ਦੇ ਪੀਣ ਵਾਲਾ ਗੰਦਾ ਪਾਣੀ ਤੱਕ ਪੀਤਾ
ਭਾਰਗਵ ਨੇ ਜਦੋਂ ਚੱਲਣਾ ਸ਼ੁਰੂ ਕੀਤਾ ਤਾਂ ਦੂਰ ਦੂਰ ਤੱਕ ਇੱਕ ਵੀ ਬੰਦਾ ਜਾਂ ਬੰਦੇ ਜਾਤ ਤੱਕ ਨਜ਼ਰ ਵੀ ਨਹੀਂ ਆ ਰਹੀ ਸੀ। ਅਜੇ ਉਹ ਤਿੰਨ ਕਿਲੋਮੀਟਰ ਹੀ ਚੱਲੇ ਹੋਣਗੇ ਕਿ ਤੇਜ਼ ਗਰਮੀ ਦੇ ਕਰਕੇ ਉਨ੍ਹਾਂ ਦਾ ਗਲ਼ਾ ਸੁੱਕਣ ਲੱਗ ਪਿਆ।
ਜੋ ਪਾਣੀ ਉਨ੍ਹਾਂ ਕੋਲ ਸੀ ਉਹ ਵੀ ਖ਼ਤਮ ਹੋ ਚੁੱਕਾ ਸੀ। ਹੁਣ ਉਨ੍ਹਾਂ ਕੋਲ ਇੱਕ ਬੂੰਦ ਵੀ ਪਾਣੀ ਮੌਜੂਦ ਨਹੀਂ ਸੀ। ਉਹ ਇੱਕ ਸੁੰਨਸਾਨ ਝੌਂਪੜੀ ਦੇ ਸਾਹਮਣੇ ਖੜ੍ਹੇ ਹੋ ਗਏ , ਜਿੱਥੇ ਧੋਤੀ ਅਤੇ ਕੁੜਤਾ ਧਾਰੀ ਇੱਕ ਦਾੜ੍ਹੀ ਵਾਲਾ ਆਦਮੀ ਖੜ੍ਹਾ ਸੀ।

ਤਸਵੀਰ ਸਰੋਤ, Jawahar Lal Bhargav
ਭਾਰਗਵ ਯਾਦ ਕਰਦਿਆਂ ਦੱਸਦੇ ਹਨ ਕਿ "ਮੈਂ ਝੁੱਕ ਕੇ ਉਸ ਨੂੰ ਆਦਾਬ ਅਰਜ਼ ਕੀਤੀ ਪਰ ਉਸ ਨੇ ਉਸ ਦਾ ਜਵਾਬ ਵਾਲੇਕਮ ਅਸਲਾਮ ਨਾਲ ਦਿੱਤਾ। ਮੈਂ ਬਹੁਤ ਹੀ ਵਿਸ਼ਵਾਸ ਨਾਲ ਉਸ ਨੂੰ ਕਿਹਾ ਕਿ ਮੈਂ ਪਾਕਿਸਤਾਨੀ ਹਵਾਈ ਫੌਜ ਦਾ ਫਲਾਈਟ ਲੈਫਟੀਨੈਂਟ ਮਨਸੂਰ ਅਲੀ ਖਾਨ ਹਾਂ। ਮੇਰਾ ਜਹਾਜ਼ ਕ੍ਰੈਸ਼ ਹੋ ਗਿਆ ਹੈ ਅਤੇ ਮੈਨੂੰ ਪੀਣ ਵਾਲਾ ਪਾਣੀ ਚਾਹੀਦਾ ਹੈ।”
“ਉਸ ਬੁੱਢੇ ਆਦਮੀ ਨੇ ਰੁੱਖੇਪਨ ਨਾਲ ਜਵਾਬ ਦਿੱਤਾ ਪਾਣੀ ਤਾਂ ਨਹੀਂ ਹੈ। ਮੇਰੀ ਨਜ਼ਰ ਨੇੜੇ ਬਣੇ ਸੀਮਿੰਟ ਦੇ ਹੌਜ਼ 'ਤੇ ਪਈ, ਜਿਸ 'ਚ ਪਾਣੀ ਭਰਿਆ ਪਿਆ ਸੀ। ਉਸ ਆਦਮੀ ਨੇ ਕਿਹਾ ਕਿ ਇਹ ਊਠਾਂ ਦੇ ਪੀਣ ਵਾਲਾ ਪਾਣੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਪੀ ਸਕਦੇ ਹੋ।”
“ਅੱਜਕੱਲ ਤਾਂ ਆਰਓ ਦਾ ਜ਼ਮਾਨਾ ਹੈ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਮੈਂ ਨਾ ਸਿਰਫ ਉਹ ਗੰਦਾ ਕਾਲਾ ਪਾਣੀ ਪੀਤਾ ਬਲਕਿ ਚਾਰ ਬੋਤਲਾਂ 'ਚ ਪਾਣੀ ਵੀ ਭਰਿਆ। ਮੈਂ ਉਸ ਵਿਅਕਤੀ ਨੂੰ ਇਸ ਹਿਦਾਇਤ ਨਾਲ 20 ਰੁਪਏ ਦਿੱਤੇ ਕਿ ਉਹ ਮੇਰੇ ਬਾਰੇ 'ਚ ਕਿਸੇ ਨੂੰ ਵੀ ਕੁਝ ਨਾ ਦੱਸੇ।"
ਪਿੰਡਵਾਸੀ ਭਾਰਗਵ ਨੂੰ ਪਿੰਡ ਲੈ ਗਏ
ਜਦੋਂ ਭਾਰਗਵ ਨੇ ਉਸ ਪਿੰਡ ਵਾਲੇ ਤੋਂ ਪੁੱਛਿਆ ਕਿ ਇਹ ਕਿਹੜਾ ਪਿੰਡ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਇਹ ਪਿਰਾਨੀ ਦਾ ਪਾਰ ਹੈ। ਇਹ ਸੁਣ ਕੇ ਭਾਰਗਵ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਸਮਝ ਰਹੇ ਸਨ ਕਿ ਇਹ ਭਿਟਾਲਾ ਪਿੰਡ ਹੈ।

ਤਸਵੀਰ ਸਰੋਤ, Jawahar Lal Bhargav
ਇਸ ਦਾ ਮਤਲਬ ਇਹ ਸੀ ਕਿ ਉਹ ਭਾਰਤ ਵੱਲ ਨਹੀਂ ਸਗੋਂ ਪਾਕਿਸਤਾਨ ਵੱਲ ਅੱਗੇ ਵੱਧ ਰਹੇ ਸਨ।
ਉਨ੍ਹਾਂ ਨੇ ਆਪਣੀ ਦਿਸ਼ਾ ਬਦਲੀ ਅਤੇ ਮੁੜ ਤੋਂ ਚੱਲਣਾ ਸ਼ੁਰੂ ਕਰ ਦਿੱਤਾ। ਕੁੱਝ ਦੇਰ ਬਾਅਦ ਉਹ ਆਰਾਮ ਕਰਨ ਲਈ ਇੱਕ ਟੋਏ ਵਰਗੀ ਜਗ੍ਹਾ 'ਤੇ ਲੇਟ ਗਏ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਹਨੇਰਾ ਹੋਣ ਤੋਂ ਬਾਅਦ ਹੀ ਅੱਗੇ ਵਧਣਗੇ।
ਉਨ੍ਹਾਂ ਨੇ ਅਜੇ ਆਪਣੀਆਂ ਅੱਖਾਂ ਬੰਦ ਹੀ ਕੀਤੀਆਂ ਸਨ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕੁਝ ਲੋਕ ਦੇਖ ਰਹੇ ਹਨ।ਜਦੋਂ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੇ ਵੇਖਿਆ ਕਿ ਤਿੰਨ ਆਦਮੀ ਅਤੇ ਇੱਕ ਮੁੰਡਾ ਉਨ੍ਹਾਂ ਨੂੰ ਘੂਰ ਰਿਹਾ ਸੀ। ਉਨ੍ਹਾਂ ਨੇ ਭਾਰਗਵ ਤੋਂ ਪੁੱਛਿਆ ਤੁਸੀਂ ਕੌਣ ਹੋ?
ਭਾਰਗਵ ਨੇ ਉਹੀ ਆਪਣਾ ਰੱਟਿਆ ਰਟਾਇਆ ਜਵਾਬ ਦੁਹਰਾਇਆ ਕਿ ਮੈਂ ਲੈਫਟੀਨੈਂਟ ਮਨਸੂਰ ਅਲੀ ਖਾਨ ਹਾਂ। ਭਿਟਾਲਾ ਨਜ਼ਦੀਕ ਭਾਰਤੀ ਫੌਜ ਨੇ ਮੇਰਾ ਜਹਾਜ਼ ਸੁੱਟ ਦਿੱਤਾ ਹੈ। ਉਨ੍ਹਾਂ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਸਾਡੇ ਪਿੰਡ ਚੱਲੋ।
ਭਾਰਗਵ ਨੇ ਕਿਹਾ ਕਿ ਮੇਰਾ ਹੈਲੀਕਾਪਟਰ ਆਉਣ ਹੀ ਵਾਲਾ ਹੈ। ਉਹ ਮੈਨੂੰ ਕਰਾਚੀ ਲੈ ਜਾਵੇਗਾ। ਤੁਸੀਂ ਜਾਓ। ਪਰ ਉਹ ਪਿੰਡਵਾਸੀ ਨਾ ਮੰਨੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਤਾਂ ਭਾਰਤ ਵੱਲ ਨੂੰ ਜਾ ਰਹੇ ਸੀ। ਤੁਸੀਂ ਸਾਡੇ ਨਾਲ ਸਾਡੇ ਪਿੰਡ ਚੱਲੋ।
ਭਾਰਗਵ ਨੇ ਪੁੱਛਿਆ ਕਿ ਅਸੀਂ ਸਰਹੱਦ ਤੋਂ ਕਿੰਨੀ ਦੂਰ ਹਾਂ? ਉਨ੍ਹਾਂ ਨੇ ਕਿਹਾ ਤਕਰੀਬਨ 15 ਕਿੱਲੋਮੀਟਰ। ਭਾਰਗਵ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨਾਲ ਜਾਣਾ ਪਿਆ।

ਤਸਵੀਰ ਸਰੋਤ, Jawahar Lal Bhargav
ਰਿਹਾਇਸ਼ ਦੀ ਜਗ੍ਹਾ ਰਾਵਲਪਿੰਡੀ ਦੱਸੀ
ਪਿੰਡ 'ਚ ਭਾਰਗਵ ਨੂੰ ਇੱਕ ਵਾਣ ਦੇ ਮੰਜੇ 'ਤੇ ਲੇਟਾਇਆ ਗਿਆ ਅਤੇ ਉਦੋਂ ਤੱਕ ਪਿੰਡ ਦੇ ਸਕੂਲ ਦਾ ਹੈੱਡ ਮਾਸਟਰ ਵੀ ਉੱਥੇ ਪਹੁੰਚ ਗਿਆ। ਉਸ ਨੇ ਉਨ੍ਹਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, "ਤੁਸੀਂ ਪਾਕਿਸਤਾਨ ਦੇ ਕਿਸ ਇਲਾਕੇ ਤੋਂ ਹੋ?"
ਭਾਰਗਵ ਯਾਦ ਕਰਦਿਆਂ ਦੱਸਦੇ ਹਨ ਕਿ "ਮੈਂ ਬਹੁਤ ਹੀ ਭਰੋਸੇ ਨਾਲ ਕਿਹਾ ਕਿ ਮੈਂ ਰਾਵਲਪਿੰਡੀ ਤੋਂ ਹਾਂ। ਉਸ ਨੇ ਫਿਰ ਪੁੱਛਿਆ ਰਾਵਲਪਿੰਡੀ 'ਚ ਕਿੱਥੇ ਰਹਿੰਦੇ ਹੋ? ਮੈਨੂੰ ਰਾਵਲਪਿੰਡੀ ਬਾਰੇ ਕੁਝ ਵੀ ਪਤਾ ਨਹੀਂ ਸੀ।
ਫਿਰ ਵੀ ਮੈਂ ਕਿਹਾ-ਮਾਲ ਰੋਡ। ਇਤਫ਼ਾਕ ਨਾਲ ਰਾਵਲਪਿੰਡੀ 'ਚ ਇੱਕ ਮਾਲ ਰੋਡ ਸੀ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਇੱਥੇ ਕੋਈ ਪੁਲਿਸ ਥਾਣਾ ਹੈ? ਇਹ ਸੁਣ ਕੇ ਮੇਰੀ ਜਾਨ 'ਚ ਜਾਨ ਆਈ ਕਿ ਉੱਥੇ ਦੂਰ-ਦੂਰ ਤੱਕ ਕੋਈ ਪੁਲਿਸ ਥਾਣਾ ਨਹੀਂ ਸੀ।"
"ਉਨ੍ਹਾਂ ਨੇ ਇਹ ਜਰੂਰ ਕਿਹਾ ਕਿ ਉਨ੍ਹਾਂ ਨੇ ਮੇਰੇ ਬਾਰੇ 'ਚ ਰੇਂਜਰਾਂ ਨੂੰ ਸੂਚਿਤ ਕਰ ਦਿੱਤਾ ਹੈ। ਮੈਂ ਪੁੱਛਿਆ ਕਿ ਉਨ੍ਹਾਂ ਨੂੰ ਇੱਥੇ ਆਉਣ 'ਚ ਕਿੰਨ੍ਹਾ ਸਮਾਂ ਲੱਗੇਗਾ? ਉਨ੍ਹਾਂ ਨੇ ਜਦੋਂ ਕਿਹਾ ਕਿ ਉਨ੍ਹਾਂ ਨੂੰ ਆਉਣ 'ਚ 3-4 ਘੰਟੇ ਲੱਗਣਗੇ ਤਾਂ ਮੈਂ ਸੁੱਖ ਦਾ ਸਾਹ ਲਿਆ। ਉਨ੍ਹਾਂ ਨੇ ਮੇਰੇ ਲਈ ਚਾਹ ਬਣਾਈ ਪਰ ਉਦੋਂ ਤੱਕ ਮੇਰੇ ਲੱਕ/ ਪਿੱਠ 'ਚ ਦਰਦ ਹੋਣ ਲੱਗ ਪਈ ਸੀ।"
ਅਚਾਨਕ ਹੀ ਪਾਕਿਸਤਾਨੀ ਰੇਂਜਰ ਪਿੰਡ ਪਹੁੰਚ ਗਏ। ਉਦੋਂ ਤੱਕ ਸ਼ਾਮ ਦੇ 7 ਵੱਜ ਕੇ 40 ਮਿੰਟ ਹੋ ਚੁੱਕੇ ਸਨ। ਭਾਰਗਵ ਉਸ ਸਮੇਂ ਯੋਜਨਾ ਬਣਾ ਰਹੇ ਸਨ ਕਿ ਕਿਵੇਂ ਉੱਥੋਂ ਭੱਜਿਆ ਜਾਵੇ। ਉਨ੍ਹਾਂ ਨੇ ਆਪਣੇ ਕੋਲ ਇੱਕ ਚਾਕੂ ਅਤੇ ਪਾਣੀ ਦੀਆਂ ਚਾਰ ਬੋਤਲਾਂ ਰੱਖ ਕੇ ਬਾਕੀ ਸਾਰਾ ਸਮਾਨ ਪਿੰਡ ਦੇ ਬੱਚਿਆਂ 'ਚ ਵੰਡ ਦਿੱਤਾ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Jawahar Lal Bhargav
ਫਿਰ ਚਾਰ ਪਾਕਿਸਤਾਨੀ ਰੇਂਜਰ ਉਸ ਝੌਂਪੜੀ 'ਚ ਪਹੁੰਚੇ। ਉਨ੍ਹਾਂ ਦੇ ਲੀਡਰ ਸਨ ਨਾਇਕ ਆਵਾਜ਼ ਅਲੀ। ਇੱਕ ਵਾਰ ਫਿਰ ਭਾਰਗਵ ਨੇ ਆਪਣੀ ਪੁਰਾਣੀ ਕਹਾਣੀ ਦੁਹਰਾਈ। ਭਾਰਗਵ ਨੇ ਕਿਹਾ ਮੈਂ ਬਾਥਰੂਮ ਜਾਣਾ ਹੈ। ਆਵਾਜ਼ ਅਲੀ ਨੇ ਉਨ੍ਹਾਂ ਦੇ ਨਾਲ ਦੋ ਹਥਿਆਰਬੰਦ ਰੇਂਜਰ ਭੇਜ ਦਿੱਤੇ। ਇੱਕ ਮਿੰਟ ਲਈ ਉਨ੍ਹਾਂ ਨੇ ਸੋਚਿਆ ਕਿ ਉਹ ਭੱਜ ਜਾਣ ਪਰ ਉਸ ਦਿਨ ਪੂਰਨਮਾਸ਼ੀ ਦੀ ਰਾਤ ਸੀ। ਚਾਨਣੀ ਚਾਰੇ ਪਾਸੇ ਫੈਲੀ ਹੋਈ ਸੀ।
ਉਨ੍ਹਾਂ ਦੋਵੇਂ ਰੇਂਜ਼ਰਾਂ ਦੇ ਕੋਲ ਆਟੋਮੈਟਿਕ ਰਾਈਫਲਾਂ ਸਨ। ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਜੇਕਰ ਉਹ ਭੱਜਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਉਸ 'ਤੇ ਗੋਲੀ ਚਲਾ ਦਿੰਦੇ। ਭਾਰਗਵ ਝਿਜਕਦੇ ਹੋਏ ਵਾਪਸ ਝੌਂਪੜੀ 'ਚ ਹੀ ਪਰਤ ਆਏ।
ਰੇਂਜਰ ਨੇ ਕਲਮਾ ਪੜ੍ਹਨ ਲਈ ਕਿਹਾ
ਭਾਰਗਵ ਯਾਦ ਕਰਦੇ ਹਨ, " ਜਦੋਂ ਮੈਂ ਵਾਪਸ ਆਇਆ ਤਾਂ ਮੈਂ ਵੇਖਿਆ ਕਿ ਆਵਾਜ਼ ਅਲੀ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਮੁਆਇਨਾ ਕਰ ਰਹੇ ਸਨ ਜੋ ਕਿ ਮੈਂ ਬੱਚਿਆਂ 'ਚ ਵੰਡੀਆਂ ਸਨ। ਫਿਰ ਉਸ ਨੂੰ ਇੱਕ ਚਾਕੂ 'ਤੇ ਮੇਡ ਇਨ ਇੰਡੀਆ ਲਿਖਿਆ ਦਿਖਾਈ ਦੇ ਗਿਆ। ਉਸ ਨੇ ਮੇਰੀ ਘੜੀ ਵੇਖੀ।”
ਉਸ 'ਤੇ ਪਾਕਿਸਤਾਨੀ ਸਮਾਂ ਨਜ਼ਰ ਆ ਰਿਹਾ ਸੀ। ਉਸ ਨੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਸਾਨੂੰ ਤੁਹਾਡੇ 'ਤੇ ਸ਼ੱਕ ਹੈ ਕਿ ਤੁਸੀਂ ਹਿੰਦੁਸਤਾਨੀ ਹੋ। ਹੁਣ ਪਰੇਸ਼ਾਨ ਹੋਣ ਦੀ ਮੇਰੀ ਵਾਰੀ ਸੀ। ਫਿਰ ਵੀ ਬਹੁਤ ਹੀ ਭਰੋਸੇ ਨਾਲ ਮੈਂ ਕਿਹਾ ਕਿ ਤੁਸੀਂ ਆਪਣੇ ਅਫ਼ਸਰ ਨੂੰ ਬੁਲਾਓ। ਉਸ ਨੇ ਕਿਹਾ ਕਿ ਮੈਂ ਹੀ ਅਫ਼ਸਰ ਹਾਂ। ਮੈਂ ਵੀ ਸਖ਼ਤੀ ਅਤੇ ਪੂਰੇ ਰੋਅਬ ਨਾਲ ਕਿਹਾ ਕਿ ਤੁਸੀਂ ਅਫ਼ਸਰ ਨਹੀਂ ਨਾਇਕ ਹੋ।"
"ਆਵਾਜ਼ ਅਲੀ ਨੇ ਮੇਰਾ ਆਖਰੀ ਇਮਤਿਹਾਨ ਲੈਂਦਿਆਂ ਮੈਨੂੰ ਪੁੱਛਿਆ , ਠੀਕ ਹੈ ਜੇਕਰ ਤੁਸੀਂ ਮੁਸਲਮਾਨ ਹੋ ਤਾਂ ਸਾਨੂੰ ਕਲਮਾ ਪੜ੍ਹ ਕੇ ਸੁਣਾਓ। ਮੈਂ ਤਾਂ ਕਦੇ ਸੁਣਿਆ ਹੀ ਨਹੀਂ ਸੀ ਕਿ ਕਲਮਾ ਕੀ ਹੁੰਦਾ ਹੈ। ਮੈਂ ਤਾਂ ਸਿਰਫ ਕਲਮ ਬਾਰੇ ਜਾਣਦਾ ਸੀ। ਮੈਂ ਉਸ ਨੂੰ ਮੂਰਖ ਬਣਾਉਣ ਦਾ ਆਖਰੀ ਯਤਨ ਕੀਤਾ। ਆਵਾਜ਼ ਅਲੀ ਬਹੁਤ ਦਿਨ ਹੋ ਗਏ ਮੈਨੂੰ ਕਲਮਾ ਪੜ੍ਹਿਆਂ।“
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Jawahar Lal Bhargav
“ਮੈਨੂੰ ਯਾਦ ਨਹੀਂ ਆ ਰਿਹਾ ਹੈ ਅਤੇ ਮੇਰੀ ਪਿੱਠ 'ਚ ਵੀ ਬਹੁਤ ਦਰਦ ਹੋ ਰਿਹਾ ਹੈ। ਆਵਾਜ਼ ਅਲੀ ਨੇ ਕਿਹਾ ਠੀਕ ਹੈ ਮੈਂ ਕਲਮਾ ਪੜ੍ਹਦਾ ਹਾਂ ਅਤੇ ਤੁਸੀਂ ਉਸ ਨੂੰ ਹੀ ਦੁਹਰਾਅ ਦਿਓ। ਮੈਂ ਕਲਮਾ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਮੈਂ ਸੋਚਿਆ ਕਿ ਜੇਕਰ ਮੈਂ ਗਲਤ ਕਲਮਾ ਪੜ੍ਹ ਦਿੱਤਾ ਤਾਂ ਇਹ ਸਾਰੇ ਪਿੰਡ ਵਾਲੇ ਮੈਨੂੰ ਕੁੱਟਣਗੇ।"
ਭਾਰਗਵ ਨੇ ਮੰਨਿਆ ਕਿ ਉਹ ਭਾਰਤੀ ਪਾਇਲਟ ਹੈ
ਹੁਣ ਆਵਾਜ਼ ਅਲੀ ਨੂੰ ਪੂਰੀ ਤਰ੍ਹਾਂ ਨਾਲ ਸ਼ੱਕ ਹੋ ਗਿਆ ਸੀ ਕਿ ਭਾਰਗਵ ਉਨ੍ਹਾਂ ਨੂੰ ਮੂਰਖ ਬਣਾ ਰਿਹਾ ਹੈ। ਉਸ ਨੇ ਆਪਣੀ ਰਾਈਫਲ ਦਾ ਬੱਟ ਜ਼ਮੀਨ 'ਤੇ ਮਾਰਦਿਆਂ ਕਿਹਾ, "ਸਿੱਧੀ ਤਰ੍ਹਾਂ ਨਾਲ ਦੱਸ ਦਿਓ ਤੁਸੀਂ ਕੌਣ ਹੋ ਨਹੀਂ ਤਾਂ ਸਾਡੇ ਕੋਲ ਹੋਰ ਵੀ ਕਈ ਤਰੀਕੇ ਹਨ ਸੱਚ ਬੁਲਵਾਉਣ ਦੇ।"
ਭਾਰਗਵ ਸਮਝ ਗਏ ਸਨ ਕਿ ਹੁਣ ਉਨ੍ਹਾਂ ਦੀ ਖੇਡ ਖ਼ਤਮ ਹੋ ਗਈ ਹੈ। ਉਨ੍ਹਾਂ ਨੇ ਕਿਹਾ, "ਮੈਂ ਭਾਰਤੀ ਹਵਾਈ ਫੌਜ ਦਾ ਫਲਾਈਟ ਲੈਫਟੀਨੈਂਟ ਜਵਾਹਰ ਲਾਲ ਭਾਰਗਵ ਹਾਂ। ਤੁਸੀਂ ਜੋ ਮਰਜ਼ੀ ਮੇਰੇ ਨਾਲ ਕਰ ਲਵੋ।"
ਪਰ ਉਦੋਂ ਤੱਕ ਪਿੰਡ ਵਾਸੀਆਂ ਦੀ ਹਮਦਰਦੀ ਭਾਰਗਵ ਨਾਲ ਸੀ। ਭਾਰਗਵ ਦੱਸਦੇ ਹਨ, ਉਨ੍ਹਾਂ ਨੇ ਰੇਂਜਰਾਂ ਨੂੰ ਕਿਹਾ ਕਿ ਉਹ ਭਾਰਗਵ ਨੂੰ ਰੋਟੀ ਖਾਧੇ ਬਿਨ੍ਹਾਂ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਵੱਡੇ ਦਾ ਮਾਸ ਖਾਂਦੇ ਹੋ ਜਾਂ ਛੋਟੇ ਦਾ?

ਤਸਵੀਰ ਸਰੋਤ, Jawahar Lal Bhargav
"ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਵੱਡਾ ਅਤੇ ਛੋਟਾ ਕੀ ਹੁੰਦਾ ਹੈ। ਜਦੋਂ ਉਨ੍ਹਾਂ ਨੇ ਸਮਝਾਇਆ ਤਾਂ ਮੈਂ ਕਿਹਾ ਕਿ ਮੈਂ ਵੱਡੇ ਦਾ ਮਾਸ ਨਹੀਂ ਖਾਂਦਾ ਹਾਂ। ਫਿਰ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੇਰੇ ਲਈ ਚਿਕਨ ਕਰੀ ਅਤੇ ਚਾਵਲ ਬਣਾਏ। ਜਿਸ ਸਮੇਂ ਖਾਣਾ ਤਿਆਰ ਹੋ ਰਿਹਾ ਸੀ ਉਸ ਸਮੇਂ ਮੈਂ ਇੰਨ੍ਹੀ ਪਰੇਸ਼ਾਨੀ ਦੇ ਬਾਵਜੂਦ ਉੱਥੇ ਹੀ ਮੰਜੇ 'ਤੇ ਸੌ ਗਿਆ।"
"ਰਾਤ ਦੇ 11 ਵਜੇ ਕਿਸੇ ਨੇ ਮੈਨੂੰ ਜਗਾ ਕੇ ਕਿਹਾ ਕਿ ਖਾਣਾ ਤਿਆਰ ਹੈ।"
ਭਾਰਗਵ ਨੂੰ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਊਠਾਂ 'ਤੇ ਬਿਠਾਇਆ ਗਿਆ।
ਰੋਟੀ ਖਾਣ ਤੋਂ ਬਾਅਦ ਰੇਂਜਰਾਂ ਨੇ ਭਾਰਗਵ ਨੂੰ ਊਠ 'ਤੇ ਬਿਠਾਇਆ। ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਦੋਵਾਂ ਹੱਥਾਂ 'ਚ ਹੱਥਕੜੀ ਲੱਗੀ ਹੋਈ ਸੀ। ਉਹ ਆਪਣੀ ਕਿਸਮਤ ਨੂੰ ਕੋਸ ਰਹੇ ਸਨ ਕਿ ਭਾਰਤੀ ਸਰਹੱਦ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਹੀ ਉਹ ਪਾਕਿਸਤਾਨੀ ਰੇਂਜਰਾਂ ਦੇ ਹੱਥ ਲੱਗ ਗਏ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਤਿੰਨ ਊਠਾਂ ਦਾ ਕਾਫਲਾ ਰਵਾਨਾ ਹੋਇਆ। ਵਿਚਲੇ ਊਠ 'ਤੇ ਭਾਰਗਵ ਬੈਠੇ ਸਨ। ਉਸ ਊਠ ਨੂੰ ਰੇਂਜਰ ਮੁਹੱਬਤ ਅਲੀ ਚਲਾ ਰਹੇ ਸਨ। ਅਗਲੇ ਦਿਨ ਦੁਪਹਿਰ ਦੇ 12 ਵਜੇ ਉਨ੍ਹਾਂ ਨੇ ਆਪਣੇ ਉੱਪਰ ਜਹਾਜ਼ਾਂ ਦੀ ਆਵਾਜ਼ ਸੁਣੀ।
ਭਾਰਗਵ ਨੇ ਪੂਰੇ ਕਾਫ਼ਲੇ ਨੂੰ ਚਿਤਾਵਨੀ ਦਿੱਤੀ ਕਿ ਉਹ ਊਠਾਂ ਨੂੰ ਹੇਠਾਂ ਬਿਠਾ ਦੇਣ ਨਹੀਂ ਤਾਂ ਭਾਰਤੀ ਜਹਾਜ਼ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਣਗੇ। ਰੇਂਜਰਾਂ ਨੇ ਉਨ੍ਹਾਂ ਦਾ ਕਹਿਣਾ ਮੰਨਿਆ। ਪਰ ਉਸੇ ਸਮੇਂ ਰੇਂਜਰਾਂ ਦਾ ਇੱਕ ਹੋਰ ਦਲ ਉੱਥੇ ਪਹੁੰਚ ਗਿਆ।
ਉਨ੍ਹਾਂ ਵਿੱਚੋਂ ਇੱਕ ਨੇ ਭਾਰਗਵ ਨੂੰ ਪੁੱਛਿਆ ਕਿ ਉਹ ਫੌਜੀ ਵਰਦੀ ਵਿੱਚ ਕਿਉਂ ਨਹੀਂ ਸੀ। ਉਸਨੇ ਜਵਾਬ ਦਿੱਤਾ ਕਿ ਉਸਦਾ ਜੀ-ਸੂਟ ਭਾਰਾ ਸੀ, ਇਸ ਲਈ ਉਸਨੇ ਇਸਨੂੰ ਉਤਾਰ ਕੇ ਜ਼ਮੀਨ ਵਿੱਚ ਦੱਬ ਦਿੱਤਾ।
ਜਵਾਹਰ ਲਾਲ ਭਾਰਗਵ ਯਾਦ ਕਰਦੇ ਹਨ, "ਰੇਂਜਰ ਨੂੰ ਮੇਰੇ 'ਤੇ ਸ਼ੱਕ ਸੀ ਕਿ ਮੈਂ ਜਾਸੂਸ ਹਾਂ। ਉਸ ਨੇ ਆਵਾਜ਼ ਅਲੀ ਨੂੰ ਪੰਜਾਬੀ 'ਚ ਕਿਹਾ, 'ਗੋਲੀ ਮਾਰ ਦੱਲੇ ਨੂੰ।' ਮੈਂ ਘਬਰਾਅ ਗਿਆ ਅਤੇ ਕਿਹਾ ਕਿ ਜੇਕਰ ਉਹ ਮੈਨੂੰ ਗੋਲੀ ਮਾਰਨਾ ਚਾਹੁੰਦੇ ਹਨ ਤਾਂ ਮੇਰੀਆਂ ਅੱਖਾਂ ਤੋਂ ਪੱਟੀ ਹਟਾ ਦਿਓ। ਆਵਾਜ਼ ਅਲੀ ਨੇ ਮੈਨੂੰ ਭਰੋਸਾ ਦਿੱਤਾ ਕਿ ਉਸ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ।"

ਤਸਵੀਰ ਸਰੋਤ, Jawahar Lal Bhargav
ਪਾਕਿਸਤਾਨੀ ਅਫ਼ਸਰ ਦੀ ਦਰਿਆਦਿਲੀ
ਪੰਜ ਦਿਨ ਲਗਾਤਾਰ ਚੱਲਣ ਤੋਂ ਬਾਅਦ ਫਲਾਈਟ ਲੈਫਟੀਨੈਂਟ ਭਾਰਗਵ ਨੂੰ ਕਰਾਚੀ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਬੇਸ 'ਤੇ ਲਿਜਾਇਆ ਗਿਆ। ਰਸਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਕੈਪਟਨ ਮੁਰਤਜ਼ਾ ਨਾਲ ਹੋਈ।
ਉਨ੍ਹਾਂ ਨੇ ਉਸ ਦੀਆਂ ਅੱਖਾਂ ਦੀ ਪੱਟੀ ਅਤੇ ਹੱਥਕੜੀ ਖੁਲ੍ਹਵਾ ਲਈ। ਉਨ੍ਹਾਂ ਨੇ ਉਸ ਨੂੰ ਪੀਣ ਲਈ ਇੱਕ ਸਿਗਰੇਟ ਅਤੇ ਸ਼ੇਵ ਕਰਨ ਲਈ ਉਸਦੀ ਆਪਣੀ ਸ਼ੇਵਿੰਗ ਕਿੱਟ ਦਿੱਤੀ।
ਉਸ ਨੇ ਉਹਨਾਂ ਨੂੰ ਇੱਕ ਵਾਰ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਉਹਨਾਂ ਦੇ ਦੁਸ਼ਮਣ ਹਨ ਅਤੇ ਭਾਰਗਵ ਉਨ੍ਹਾਂ ਦਾ ਕੈਦੀ ਹੈ।
ਅੰਤ 'ਚ 12 ਦਸੰਬਰ ਨੂੰ ਭਾਰਗਵ ਨੂੰ ਏਅਰਲਿਫਟ ਕਰਕੇ ਰਾਵਲਪਿੰਡੀ 'ਚ ਜੰਗੀ ਕੈਦੀ ਕੈਂਪ 'ਚ ਲਿਆਂਦਾ ਗਿਆ ਜਿੱਥੇ ਕਿ ਪਹਿਲਾਂ ਤੋਂ ਹੀ ਜੰਗੀ ਕੈਦੀ ਬਣਾਏ ਗਏ 12 ਭਾਰਤੀ ਪਾਇਲਟ ਮੌਜੂਦ ਸਨ। ਕ੍ਰਿਸਮਿਸ ਵਾਲੇ ਦਿਨ ਕੈਂਪ ਦੇ ਕਮਾਂਡਰ ਨੇ ਉਨ੍ਹਾਂ ਸਾਰਿਆਂ ਲਈ ਕੇਕ ਮੰਗਵਾਇਆ , ਜਿਸ ਨੂੰ ਕਿ ਸਭ ਤੋਂ ਸੀਨੀਅਰ ਭਾਰਤ ਅਧਿਕਾਰੀ ਵਿੰਗ ਕਮਾਂਡਰ ਕੋਐਲਹੋ ਨੇ ਕੱਟਿਆ।
ਉਦੋਂ ਤੱਕ ਉਨ੍ਹਾਂ ਨੂੰ ਖ਼ਬਰ ਮਿਲ ਚੁੱਕੀ ਸੀ ਕਿ ਪਾਕਿਸਤਾਨੀ ਸੈਨਿਕਾਂ ਨੇ ਢਾਕਾ ਵਿਖੇ ਭਾਰਤੀ ਸੈਨਿਕਾਂ ਅੱਗੇ ਗੋਡੇ ਟੇਕ ਦਿੱਤੇ ਹਨ। ਭਾਰਗਵ ਅਤੇ ਉਨ੍ਹਾਂ ਦੇ ਸਾਥੀ ਇੱਕ ਸਾਲ ਤੱਕ ਪਾਕਿਸਤਾਨ ਦੀ ਜੇਲ੍ਹ 'ਚ ਰਹੇ।

ਤਸਵੀਰ ਸਰੋਤ, Dhirendra Jafa
ਰੁਕਾਵਟ ਤੋਂ ਬਾਅਦ ਰਿਹਾਈ
30 ਨਵੰਬਰ, 1972 ਨੂੰ ਲਾਇਲਪੁਰ ਜੇਲ੍ਹ 'ਚ ਰਹਿ ਰਹੇ ਸਾਰੇ ਭਾਰਤੀ ਜੰਗੀ ਕੈਦੀਆਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਨੂੰ ਦਿੱਤੀ ਗਈ ਪਾਕਿਸਤਾਨੀ ਫ਼ੌਜ ਦੀ ਖਾਕੀ ਵਰਦੀ ਪਾਉਣ। ਉਨ੍ਹਾਂ ਨੂੰ ਇੱਕ ਵਿਸ਼ੇਸ਼ ਰੇਲਗੱਡੀ ਜ਼ਰੀਏ ਲਾਹੌਰ ਲਿਜਾਇਆ ਗਿਆ।
ਪਹਿਲੀ ਦਸੰਬਰ ਨੂੰ ਉਨ੍ਹਾਂ ਨੂੰ ਬੱਸਾਂ 'ਚ ਸਵਾਰ ਕਰਕੇ ਵਾਹਗਾ ਸਰਹੱਦ 'ਤੇ ਲਿਆਂਦਾ ਗਿਆ। ਦੂਜੇ ਪਾਸੇ ਭਾਰਤ ਦੇ ਇਲਾਕੇ 'ਚ ਪਾਕਿਸਤਾਨੀ ਜੰਗੀ ਕੈਦੀਆਂ ਨੂੰ ਲਿਆਂਦਾ ਗਿਆ। ਦੋਵਾਂ ਦੇਸ਼ਾਂ ਦੇ ਜੰਗੀ ਕੈਦੀ ਆਪੋ ਆਪਣੇ ਮੁਲਕ ਪਰਤ ਰਹੇ ਸਨ। ਭਾਰਤੀ ਜੰਗੀ ਕੈਦੀਆਂ ਨੂੰ ਵਾਹਗਾ ਸਰਹੱਦ ਤੋਂ 100 ਮੀਟਰ ਪਹਿਲਾਂ ਇੱਕ ਟੈਂਟ 'ਚ ਰੱਖਿਆ ਗਿਆ ਸੀ।
ਸਭ ਤੋਂ ਪਹਿਲਾਂ ਸੈਨਿਕਾਂ ਨੇ ਸਰਹੱਦ ਪਾਰ ਕੀਤੀ ਅਤੇ ਉਸ ਤੋਂ ਬਾਅਦ ਫ਼ੌਜ ਦੇ ਅਫ਼ਸਰਾਂ ਦਾ ਨੰਬਰ ਆਇਆ। ਸਭ ਤੋਂ ਅਖੀਰ 'ਚ ਭਾਰਤੀ ਪਾਇਲਟਾਂ ਦੀ ਵਾਰੀ ਆਈ। ਫਿਰ ਰੰਗ 'ਚ ਭੰਗ ਪਿਆ ਅਤੇ ਇੱਕ ਪਾਕਿਸਤਾਨੀ ਅਫ਼ਸਰ ਨੇ ਆ ਕੇ ਐਲਾਨ ਕੀਤਾ ਕਿ ਭਾਰਤੀ ਪਾਇਲਟਾਂ ਦਾ ਜਾਣਾ ਰੋਕ ਦਿੱਤਾ ਗਿਆ ਹੈ।
ਭਾਰਗਵ ਨੂੰ ਉਹ ਦਿਨ ਅੱਜ ਵੀ ਯਾਦ ਹੈ, " ਉੱਥੇ ਬੈਂਡ ਵੱਜ ਰਹੇ ਸਨ, ਲੋਕ ਨੱਚ ਰਹੇ ਸਨ ਅਤੇ ਉਸ ਸਮੇਂ ਸਾਨੂੰ ਦੱਸਿਆ ਗਿਆ ਕਿ ਤੁਸੀਂ ਵਾਪਸ ਵਤਨ ਨਹੀਂ ਪਰਤੋਗੇ। ਸਾਡਾ ਤਾਂ ਦਿਲ ਹੀ ਟੁੱਟ ਗਿਆ। ਉਨ੍ਹਾਂ ਨੇ ਸਾਨੂੰ ਕਿਹਾ ਕਿ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਰਾਸ਼ਟਰਪਤੀ ਭੁੱਟੋ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਹੋਇਆ ਇਹ ਸੀ ਕਿ ਭਾਰਤ ਨੇ ਪੱਛਮੀ ਖੇਤਰ 'ਚ ਹਿਰਾਸਤ 'ਚ ਲਏ ਪਾਕਿਸਤਾਨੀ ਜੰਗੀ ਕੈਦੀਆਂ ਨੂੰ ਤਾਂ ਵਾਪਸ ਕਰ ਦਿੱਤਾ ਸੀ, ਪਰ ਪਾਕਿਸਤਾਨੀ ਪਾਇਲਟਾਂ ਨੂੰ ਰਿਹਾਅ ਨਾ ਕੀਤਾ ਪਰ ਭੁੱਟੋ ਨੇ ਭਾਰਤੀ ਪਾਇਲਟਾਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਲਿਆ।"
"ਅਗਲੇ ਹੀ ਦਿਨ ਭਾਰਤੀ ਸੈਨਾ ਮੁਖੀ ਸੈਮ ਮਾਨਕੇ ਸ਼ਾਅ ਖੁਦ ਆਪਣੇ ਜਹਾਜ਼ 'ਚ ਪਾਕਿਸਤਾਨੀ ਪਾਇਲਟਾਂ ਨੂੰ ਲੈ ਕੇ ਪਾਕਿਸਤਾਨ ਪਹੁੰਚੇ।"

ਤਸਵੀਰ ਸਰੋਤ, Getty Images
ਅੰਮ੍ਰਿਤਸਰ ਅਤੇ ਦਿੱਲੀ 'ਚ ਬੇਮਿਸਾਲ ਸਵਾਗਤ
ਭਾਰਤੀ ਪਾਇਲਟਾਂ ਨੇ ਸਾਢੇ 11 ਵਜੇ ਵਾਹਗਾ ਸਰਹੱਦ ਪਾਰ ਕੀਤੀ। ਉੱਥੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਗਲਵੱਕੜੀ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤੀ ਫੌਜ ਦੀ ਕਾਲੇ ਰੰਗ ਦੀ ਅੰਬੈਸਡਰ ਕਾਰ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਅੰਮ੍ਰਿਤਸਰ ਬੇਸ ਲੈ ਕੇ ਗਈ।
ਉੱਥੇ ਇੰਨ੍ਹਾਂ ਲੋਕਾਂ ਨੇ ਇੱਕ ਸਾਲ ਬਾਅਦ ਵਧੀਆ ਗਰਮ ਭੋਜਨ ਖਾਧਾ ਅਤੇ ਬੀਅਰ ਵੀ ਪੀਤੀ। ਉਸੇ ਸ਼ਾਮ 5 ਵਜੇ ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਇੰਨ੍ਹਾਂ ਜੰਗੀ ਕੈਦੀਆਂ ਦਾ ਨਾਗਰਿਕ ਸਵਾਗਤ ਕੀਤਾ ਗਿਆ।
ਫਿਰ ਇੰਨ੍ਹਾਂ ਪਾਇਲਟਾਂ ਨੂੰ ਐਵਰੋ ਜਹਾਜ਼ 'ਚ ਬਿਠਾ ਕੇ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਲਿਜਾਇਆ ਗਿਆ ਅਤੇ ਉੱਥੇ ਏਅਰ ਚੀਫ਼ ਪੀਸੀ ਲਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਜਦੋਂ ਭਾਰਗਵ ਦੇ ਚਾਰ ਸਾਲ ਦੇ ਬੇਟੇ ਨੇ ਉਨ੍ਹਾਂ ਨੂੰ ਅੰਕਲ ਕਹਿ ਕੇ ਬੁਲਾਇਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੇ।
ਇੱਕ ਸਾਲ ਦੇ ਵਕਫ਼ੇ 'ਚ ਉਸ ਨੂੰ ਆਪਣੇ ਪਿਤਾ ਦੀ ਸ਼ਕਲ ਭੁੱਲ ਗਈ ਸੀ। ਭਾਰਗਵ ਨੂੰ ਉਹ ਕਲਮਾ ਹੁਣ ਜ਼ਬਾਨੀ ਯਾਦ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਪਾਕਿਸਤਾਨ 'ਚ ਗ੍ਰਿਫਤਾਰ ਕੀਤਾ ਗਿਆ ਸੀ- 'ਲਾ ਇਲਾਹਾ ਇੱਲ-ਲੱਲਾਹ ਮੁਹੰਮਦੁਰ-ਰਸੂਲ-ਲੱਲਾਹ'।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












