You’re viewing a text-only version of this website that uses less data. View the main version of the website including all images and videos.
ਬਿਪਿਨ ਰਾਵਤ ਦਾ ਹੈਲੀਕਾਪਟਰ ਹਾਦਸੇ ਵਿਚ ਦੇਹਾਂਤ : 'ਮੈਂ ਆਪਣੇ ਅੱਖੀਂ ਇੱਕ ਬੰਦੇ ਨੂੰ ਅੱਗ ਵਿਚ ਸੜਦੇ ਤੇ ਜ਼ਮੀਨ ਉੱਤੇ ਡਿੱਗਦੇ ਦੇਖਿਆ'
ਭਾਰਤੀ ਫੌਜਾਂ ਦੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹਵਾਈ ਫੌਜ ਦਾ ਹੈਲੀਕਾਪਟਰ ਅੱਜ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ।
ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਨਰਲ ਬਿਪਿਨ ਰਾਵਤ, ਸ਼੍ਰੀਮਤੀ ਮਧੁਲਿਕਾ ਰਾਵਤ ਅਤੇ ਜਹਾਜ਼ ਵਿੱਚ ਸਵਾਰ 11 ਹੋਰ ਵਿਅਕਤੀਆਂ ਦੀ ਇਸ ਮੰਦਭਾਗੀ ਦੁਰਘਟਨਾ ਵਿੱਚ ਮੌਤ ਹੋ ਗਈ ਹੈ।
ਹੈਲੀਕਾਪਟਰ ਸੁਲੂਰ ਦੇ ਆਰਮੀ ਬੇਸ ਤੋਂ ਉੱਡਿਆ ਸੀ ਅਤੇ ਸੀਡੀਐੱਸ ਨੂੰ ਵਲਿੰਗਟਨ ਆਰਮੀ ਬੇਸ ਲੈ ਕੇ ਜਾ ਰਿਹਾ ਸੀ। ਖ਼ਬਰ ਏਜੰਸੀ ਏਐਨਆਈ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਮਿਲੀਆਂ ਲਾਸ਼ਾਂ ਨੂੰ ਵਲਿੰਗਟਨ ਦੇ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤੀ ਹਵਾਈ ਫੌਜ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਗ੍ਰਸਤ ਹੋਇਆ ਹੈਲੀਕਾਪਟਰ Mi-17V5 ਸੀ।
ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਸੀਡੀਐਸ ਜਨਰਲ ਰਾਵਤ ਦੀ ਹਾਲਤ ਕਿਵੇਂ ਹਨ। ਆਲ ਇੰਡੀਆ ਰੇਡੀਓ ਮੁਤਾਬਕ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਰਘਟਨਾ ਬਾਰੇ ਵੀਰਵਾਰ ਨੂੰ ਸੰਸਦ ਵਿਚ ਬਿਆਨ ਦੇ ਸਕਦੇ ਹਨ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਵਿਚ ਕੈਬਨਿਟ ਬੈਠਕ ਤੋਂ ਬਾਅਦ ਦੱਸਿਆ ਕਿ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਸਬੰਧਤ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਿਪਿਨ ਰਾਵਤ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵਿਟਰ 'ਤੇ ਲਿਖਿਆ, "ਮੈਨੂੰ ਤਾਮਿਲਨਾਡੂ ਵਿੱਚ ਹੋਏ ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਬਹੁਤ ਦੁੱਖ ਹੈ, ਜਿਸ ਵਿੱਚ ਅਸੀਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਫੌਜ ਦੇ ਦੂਜੇ ਜਵਾਨਾਂ ਨੂੰ ਗੁਆ ਦਿੱਤਾ ਹੈ।" "ਉਨ੍ਹਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ।"ਇਸ ਦੌਰਾਨ, ਕਈ ਕੇਂਦਰੀ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਚਸ਼ਮਦੀਦ ਨੇ ਅੱਖੀਂ ਡਿੱਠਾ ਹਾਲ ਜੋ ਦੱਸਿਆ
''ਸਵੇਰ ਦੀ ਗੱਲ ਹੈ ਕਿ ਮੈਂ ਅਤੇ ਚੰਦਰਕੁਮਾਰ ਪਾਣੀ ਦੀ ਟੁੱਟੀ ਹੋਈ ਪਾਇਪ ਠੀਕ ਕਰ ਰਹੇ ਸਾਂ, ਕਿ ਅਚਾਨਕ ਇੱਕ ਜ਼ੋਰਦਾਰ ਅਵਾਜ਼ ਸੁਣਾਈ ਦਿੱਤੀ।''
''ਇਹ ਅਵਾਜ਼ ਇੰਨੀ ਤੇਜ਼ ਸੀ ਕਿ ਬਿਜਲੀ ਦੇ ਪੋਲ ਵੀ ਹਿੱਲ ਗਏ ਸਨ। ਰੁਖ਼ ਝੰਬੇ ਗਏ ਸਨ। ਜਦੋਂ ਅਸੀਂ ਦੇਖਿਆ ਕਿ ਕੀ ਹੋਇਆ ਤਾਂ ਸਾਨੂੰ ਅਸਮਾਨ ਵੱਲ ਉੱਠਦਾ ਧੂੰਆਂ ਦਿਖਾਈ ਦਿੱਤਾ।''
ਇਹ ਮੰਜ਼ਰ ਤਮਿਲਨਾਡੂ ਦੇ ਕੂੰਨੂਰ ਦਾ ਸੀ, ਜੋ ਇੱਕ ਸਥਾਨਕ ਦਿਹਾੜੀਦਾਰ ਕਾਮੇ ਕ੍ਰਿਸ਼ਨਾਸਵਾਮੀ ਨੇ ਆਪਣੇ ਇੱਕ ਹੋਰ ਸਾਥੀ ਨਾਲ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਸਮੇਂ ਦੇਖਿਆਂ।
ਕ੍ਰਿਸ਼ਨਾਸਵਾਮੀ ਖੇਤ ਮਜ਼ਦੂਰ ਹੈ ਅਤੇ ਕੂੰਨੂਰ ਦੇ ਨਜੱਪਾਸੀਥਾਰਾਮ ਦਾ ਰਹਿਣ ਵਾਲਾ ਹੈ।
ਕ੍ਰਿਸ਼ਨਸਵਾਮੀ ਨੇ ਅੱਗੇ ਦੱਸਿਆ, ''ਚਾਰੇ ਪਾਸੇ ਧੂੰਆਂ ਫੈਲ ਰਿਹਾ ਸੀ, ਇਸ ਵੇਲੇ ਧੁੰਦ ਵੀ ਸੀ। ਅਸੀਂ ਦੇਖਿਆਂ ਕਿ ਅੱਗ ਦੀਆਂ ਲਪਟਾਂ ਰੁੱਖਾਂ ਤੋਂ ਉੱਤੋਂ ਦਿਖਾਈ ਦੇ ਰਹੀਆਂ ਸਨ।''
''ਫੇਰ ਮੈਂ ਇੱਕ ਆਦਮੀ ਨੂੰ ਆਪਣੀਆਂ ਅੱਖਾਂ ਨਾਲ ਅੱਗ ਵਿਚ ਝੁਲਸਦੇ ਦੇਖਿਆ। ਉਹ ਸੜਦਾ ਹੋਇਆ ਜ਼ਮੀਨ ਉੱਤੇ ਡਿੱਗ ਪਿਆ। ਮੈਂ ਡਰ ਗਿਆ ਸੀ।''
''ਮੈਂ ਵਾਪਸ ਭੱਜਿਆਂ ਆਇਆ ਅਤੇ ਲੋਕਾਂ ਨੂੰ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਬੁਲਾਉਣ ਲਈ ਕਿਹਾ।''
''ਕੁਝ ਹੀ ਦੇਰ ਬਾਅਦ ਅਧਿਕਾਰੀ ਵੀ ਆ ਗਏ, ਉਸ ਤੋਂ ਬਾਅਦ ਮੈਂ ਕੋਈ ਲਾਸ਼ ਲਿਜਾਂਉਦੇ ਹੋਏ ਨਹੀਂ ਦੇਖਿਆ। ਮੈਂ ਸਹਿਮ ਗਿਆ ਸੀ ਅਤੇ ਘਰ ਆਕੇ ਪੈ ਗਿਆ।''
ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਕਰੈਸ਼˸ ਹੁਣ ਤੱਕ ਕੀ-ਕੀ ਹੋਇਆ
- ਤਾਮਿਲਨਾਡੂ ਦੇ ਜ਼ਿਲ੍ਹਾ ਨੀਲਗਿਰੀ ਵਿੱਚ ਵੈਲਿੰਗਟਨ ਨੇੜੇ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ
- ਰਿਪੋਰਟਾਂ ਮੁਤਾਬਕ ਹਾਦਸਾ ਸਵੇਰੇ 11-11.30 ਵਜੇ ਦੇ ਕਰੀਬ ਹੋਇਆ
- ਹੈਲੀਕਾਪਟਰ 'ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਫੌਜ ਦੇ ਹੋਰ ਅਧਿਕਾਰੀਆਂ ਸਣੇ 14 ਲੋਕ ਸਵਾਰ ਸਨ
- ਭਾਰਤੀ ਹਵਾਈ ਫ਼ੌਜ ਮੁਤਾਬਕ ਇਹ ਐਮਆਈ-17ਵੀ5 ਹੈਲੀਕਾਪਟਰ ਸੀ
- ਹੁਣ ਤੱਕ 5 ਮੌਤਾਂ ਦੀ ਜਾਣਕਾਰੀ ਮਿਲੀ ਹੈ ਅਤੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
- ਹਾਦਸਾ ਕੁੰਨੂਰ ਵੈਂਮਪਾਇਰ ਪਾਰਕ ਨੇੜੇ ਵਾਪਰਿਆ
- ਰੱਖਿਆ ਮੰਤਰੀ ਰਾਜਨਾਥ ਸਿੰਘ ਜਨਰਲ ਬਿਪਿਨ ਰਾਵਤ ਦੇ ਘਰ ਜਾ ਕੇ ਆਏ ਹਨ
- ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਾਦਸੇ ਬਾਰੇ ਸਰਕਾਰ ਕੱਲ੍ਹ (ਵੀਰਵਾਰ) ਬਿਆਨ ਦੇ ਸਕਦੀ ਹੈ
- ਬ੍ਰਿਗੇਡੀਅਰ ਐਲਐਸ ਲਿੱਦਰ, ਲੈਫ਼ਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈਂ ਤੇਜਾ ਅਤੇ ਹਵਲਦਾਰ ਸੱਤਪਾਲ ਵੀ ਹੈਲੀਕਾਪਟਰ ਵਿਚ ਸਵਾਰ ਸਨ।
ਘਟਨਾ ਸਥਾਨ ਉੱਤੇ ਪੁੱਜੇ ਤਾਮਿਲਨਾਡੂ ਦੇ ਜੰਗਲਾਤ ਮੰਤਰੀ ਮੁਤਾਬਕ ਇਸ ਹੈਲੀਕਾਪਟਰ ਵਿਚ 14 ਜਣੇ ਸਵਾਰ ਸਨ, ਜਿਨ੍ਹਾਂ ਵਿਚ ਫੌਜ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ ਰਾਮਚੰਦਰਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਹੈਲੀਕਾਪਟਰ ਵਿੱਚ 14 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਹੈ। ਦੋ ਹੋਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਨਰਲ ਬਿਪਿਨ ਰਾਵਤ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਹਨ। ਉਨ੍ਹਾਂ ਨੂੰ ਜਨਵਰੀ 2020 ਦੇਸ਼ ਦਾ ਪਹਿਲਾਂ ਚੀਫ਼ ਆਫ਼ ਡਿਫ਼ੈਸ ਸਟਾਫ਼ ਬਣਾਇਆ ਗਿਆ ਸੀ।
ਇਸ ਤੋਂ ਪਹਿਲਾਂ ਭਾਰਤ ਦੇ ਸਰਕਾਰੀ ਮੀਡੀਆ ਅਦਾਰੇ ਡੀਡੀ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਹਾਦਸੇ ਵਾਲੀ ਥਾਂ ਤੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਤਿੰਨ ਜ਼ਖਮੀਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ।
ਆਲ ਇੰਡੀਆ ਰੇਡੀਓ (ਏਆਈਆਰ) ਨੇ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਵਿੱਚ ਇਸ ਹਾਦਸੇ ਬਾਰੇ ਜਾਣਕਾਰੀ ਦੇਣਗੇ । ਏਆਈਆਰ ਨੇ ਇਹ ਵੀ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਸੈਨਾ ਦੇ ਮੁਖੀ ਵੀਆਰ ਚੌਧਰੀ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਲਈ ਕਿਹਾ ਹੈ।
ਸੰਸਦ ਜਾਣ ਤੋਂ ਪਹਿਲਾਂ ਉਹ ਦਿੱਲੀ ਵਿਚਲੇ ਬਿਪਿਨ ਰਾਵਤ ਦੇ ਘਰ ਵੀ ਗਏ।
ਸਲਾਮਤੀ ਲਈ ਅਰਦਾਸਾਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਡੀਐੱਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਤੇ ਦੁੱਖ ਦਾ ਪ੍ਰਗਟਵਾ ਕੀਤਾ ਹੈ ਅਤੇ ਸਾਰਿਆਂ ਦੇ ਸੁਰੱਖਿਅਤ ਹੋਣ ਦੀ ਅਰਦਾਸ ਕੀਤੀ ਹੈ।
ਰਾਹੁਲ ਗਾਂਧੀ ਨੇ ਵੀ ਸੀਡੀਐੱਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਵਾਲੇ ਹੈਲੀਕਾਪਟਰ ਅਤੇ ਹਾਦਸੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਸਿਹਤਯਾਬ ਹੋਣ ਨੂੰ ਦੀ ਕਾਮਨਾ ਕੀਤੀ ਹੈ।
ਕੌਣ ਹਨ ਬਿਪਿਨ ਰਾਵਤ
- ਜਨਰਲ ਬਿਪਿਨ ਰਾਵਤ ਸੈਂਟ ਐਡਵਰਡਸ ਸਕੂਲ ਸ਼ਿਮਲਾ ਅਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਸਾਬਕਾ ਵਿਦਿਆਰਥੀ ਹਨ।
- ਉਨ੍ਹਾਂ ਨੇ ਦਸੰਬਰ 1978 ਵਿੱਚ, ਦੇਹਰਾਦੂਨ ਦੇ ਇੰਡੀਅਨ ਆਰਮੀ ਟ੍ਰੇਨਿੰਗ ਸੈਂਟਰ ਤੋਂ ਗਿਆਰਵੀ ਗੋਰਖਾ ਰਾਈਫਲ ਦੀ ਪੰਜਵੀਂ ਰੈਜੀਮੈਂਟ ਜੁਆਇਨ ਕੀਤੀ ਅਤੇ ਰੇਜੀਮੈਂਟ ਦੀ ਕਮਾਨ ਉਨ੍ਹਾਂ ਦੇ ਪਿਤਾ ਨੇ ਸਾਂਭੀ ਸੀ।
- ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਤੋਂ ਗ੍ਰੇਜੂਏਟ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ 'ਸਵਾਰਡ ਆਫ ਆਨਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
- ਜਨਰਲ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਥਲ ਸੈਨਾ ਦੇ ਮੁਖੀ ਰਹੇ।
- ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਵੱਲੋਂ ਜਨਰਲ ਰਾਵਤ ਨੂੰ 'ਮਿਲਟਰੀ ਮੀਡੀਆ ਸਟ੍ਰੈਟੇਜਿਕ ਸਟੱਡੀਜ' 'ਤੇ ਉਨ੍ਹਾਂ ਦੇ ਖੋਜ ਕਾਰਜ ਲਈ 'ਡਾਕਟਰੈਟ ਆਫ ਫਿਲਾਸਫੀ' (ਪੀਐੱਚਡੀ) ਨਾਲ ਸਨਮਾਨਿਤ ਕੀਤਾ ਗਿਆ।
- ਜਨਰਲ ਬਿਪਿਨ ਰਾਵਤ ਨੂੰ ਆਪਣੇ 42 ਸਾਲਾਂ ਤੋਂ ਵੱਧ ਸਮੇਂ ਦੇ ਸੇਵਾ ਕਰੀਅਰ ਦੌਰਾਨ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ ਅਤੇ ਬਹਾਦਰੀ ਲਈ ਕਈ ਰਾਸ਼ਟਰਪਤੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਜਿਸ ਵਿੱਚ PVSM, UYSM, AVSM, YSM, SM ਅਤੇ VSM ਸ਼ਾਮਲ ਹਨ।
- ਜਨਰਲ ਬਿਪਿਨ ਰਾਵਤ ਨੂੰ 31 ਦਸੰਬਰ 2019 ਨੂੰ ਭਾਰਤ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: