ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰ, 'ਖੇਤਾਂ ਵਿੱਚ ਜਾ ਕੇ ਅਕਸਰ ਅੱਖਾਂ ਭਰ ਆਉਂਦੀਆਂ ਹਨ'

ਸੰਦੀਪ ਸਿੰਘ
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

'ਜੇ ਮੌਕਾ ਮਿਲਿਆ ਤਾਂ ਮੈਂ ਵੀ ਜ਼ਰੂਰ ਦਿੱਲੀ ਜਾ ਕੇ ਸੰਘਰਸ਼ ਵਿੱਚ ਸ਼ਾਮਿਲ ਹੋਵਾਂਗੀ। ਬੇਟਾ ਤਾਂ ਦੁਨੀਆਂ ਤੋਂ ਚਲਿਆ ਗਿਆ, ਹੁਣ ਉਸ ਦੇ ਪਿਤਾ ਮੋਰਚੇ 'ਤੇ ਗਏ ਹਨ।'

ਸੁਖਵਿੰਦਰ ਕੌਰ ਅੱਥਰੂ ਸਾਫ਼ ਕਰਦੇ ਹੋਏ ਆਪਣੇ ਬੇਟੇ ਸੰਦੀਪ ਸਿੰਘ ਵੜਿੰਗ ਨੂੰ ਯਾਦ ਕਰਦੇ ਹਨ ਜਿਸ ਦੀ ਜਨਵਰੀ 2021 ਵਿੱਚ ਕਿਸਾਨੀ ਸੰਘਰਸ਼ ਦੌਰਾਨ ਮੌਤ ਹੋ ਗਈ ਸੀ।

ਇਸ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਕਿਸਾਨੀ ਸੰਘਰਸ਼ ਵਿੱਚ ਆਪਣੀ ਹਾਜ਼ਰੀ ਲਗਵਾ ਚੁੱਕੀਆਂ ਹਨ।

22 ਸਾਲਾ ਸੰਦੀਪ ਸਿੰਘ ਵੜਿੰਗ ਦੇ ਦਾਦਾ ਚਾਚਾ ਬਲਦੇਵ ਸਿੰਘ ਅਤੇ ਪਿਤਾ ਬੂਟਾ ਸਿੰਘ ਸ਼ੁਰੂਆਤ ਤੋਂ ਸੰਘਰਸ਼ ਵਿੱਚ ਸ਼ਾਮਿਲ ਰਹੇ ਹਨ।

ਸੰਦੀਪ ਸਿੰਘ
ਤਸਵੀਰ ਕੈਪਸ਼ਨ, 22 ਸਾਲਾ ਸੰਦੀਪ ਸਿੰਘ ਵੜਿੰਗ ਦੀ ਜਨਵਰੀ 2021 ਵਿੱਚ ਕਿਸਾਨੀ ਸੰਘਰਸ਼ ਦੌਰਾਨ ਮੌਤ ਹੋ ਗਈ ਸੀ

26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ਦੇ ਮੌਕੇ ਵੀ ਬੂਟਾ ਸਿੰਘ ਟਿਕਰੀ ਬਾਰਡਰ 'ਤੇ ਮੌਜੂਦ ਹਨ।

ਡਾਈਬੀਟੀਜ਼ ਅਤੇ ਹੋਰ ਕਈ ਬੀਮਾਰੀਆਂ ਨਾਲ ਪੀੜਤ ਬੂਟਾ ਸਿੰਘ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਇਸ ਧਰਨੇ ਵਿੱਚ ਸ਼ਾਮਲ ਹੁੰਦੇ ਰਹੇ ਹਨ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਬੀਤੇ ਸਾਲ ਨਵੰਬਰ ਵਿੱਚ ਦਿੱਲੀ ਹਰਿਆਣਾ ਅਤੇ ਦਿੱਲੀ ਉੱਤਰ ਪ੍ਰਦੇਸ਼ ਦੇ ਬਾਰਡਰਾਂ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ।

ਫ਼ਰੀਦਕੋਟ ਦੇ ਕੋਟਕਪੂਰਾ ਤੋਂ ਲਗਭਗ 10 ਕਿਲੋਮੀਟਰ ਦੂਰ ਪਿੰਡ ਕੋਠੇ ਵੜਿੰਗ ਦੇ ਇਸ ਪਰਿਵਾਰ ਕੋਲ ਲਗਭਗ ਪੰਜ ਕਨਾਲ ਜ਼ਮੀਨ ਹੈ ਅਤੇ ਉਨ੍ਹਾਂ ਉੱਪਰ ਕਰਜ਼ਾ ਵੀ ਹੈ।

ਸੁਖਵਿੰਦਰ ਕੌਰ ਮੁਤਾਬਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਆਰਥਿਕ ਸਹਾਇਤਾ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ-

ਸੰਦੀਪ ਸਿੰਘ
ਤਸਵੀਰ ਕੈਪਸ਼ਨ, ਸੰਦੀਪ ਦਾ ਆਪਣੇ ਪਾਲਤੂ ਜਾਨਵਰ ਨਾਲ ਕਾਫੀ ਪਿਆਰ ਸੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਕਿਸਾਨ ਜਥੇਬੰਦੀਆਂ ਮਦਦ ਲਈ ਅੱਗੇ ਆਈਆਂ ਹਨ।

ਪੰਜਾਬ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਸੀ।

'ਬਹੁਤ ਹਸਮੁਖ ਸੀ ਅਤੇ ਸਭ ਦਾ ਲਾਡਲਾ ਸੀ'

ਪਰਿਵਾਰ ਨੇ ਵੱਡੇ ਬੇਟੇ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਹੈ ਅਤੇ ਸੰਦੀਪ ਅਤੇ ਉਨ੍ਹਾਂ ਦੇ ਪਿਤਾ ਬੂਟਾ ਸਿੰਘ ਮਿਲ ਕੇ ਖੇਤੀਬਾੜੀ ਸੰਭਾਲਦੇ ਸਨ।

ਸੰਦੀਪ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਚਾਚਾ ਜਗਦੀਸ਼ ਵੜਿੰਗ ਨੇ ਕਿਹਾ, "ਸੰਦੀਪ ਦੀ ਮੌਤ ਬਾਅਦ ਉਨ੍ਹਾਂ ਦੀ ਗਲੀ ਵਿੱਚ ਇੱਕ ਉਦਾਸੀ ਛਾ ਗਈ ਹੈ।"

"ਉਹ ਬਹੁਤ ਹਸਮੁਖ ਸੀ ਅਤੇ ਸਭ ਦਾ ਲਾਡਲਾ ਸੀ। ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਮੌਕੇ ਪਿੰਡ ਦੇ ਗ੍ਰੰਥੀ ਸਿੰਘ ਦੇ ਵੀ ਅੱਥਰੂ ਨਹੀਂ ਰੁਕੇ ਸਨ।"

ਸੰਦੀਪ ਸਿੰਘ
ਤਸਵੀਰ ਕੈਪਸ਼ਨ, ਸੰਦੀਪ ਸਿੰਘ ਵੜਿੰਗ ਦੇ ਦਾਦਾ ਚਾਚਾ ਬਲਦੇਵ ਸਿੰਘ ਅਤੇ ਪਿਤਾ ਬੂਟਾ ਸਿੰਘ ਸ਼ੁਰੂਆਤ ਤੋਂ ਸੰਘਰਸ਼ ਵਿੱਚ ਸ਼ਾਮਿਲ ਰਹੇ ਹਨ

ਪਿੰਡ ਵਿੱਚ ਉਨ੍ਹਾਂ ਦੇ ਘਰ ਵਿੱਚ ਇੱਕ ਪੁਰਾਣਾ ਟਰੈਕਟਰ ਖੜ੍ਹਾ ਹੈ ਤੇ ਉਸ ਦੇ ਕੋਲ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਨਜ਼ਰ ਆਉਂਦਾ ਹੈ।

ਸੰਦੀਪ ਦਾ ਆਪਣੇ ਪਾਲਤੂ ਜਾਨਵਰ ਨਾਲ ਕਾਫ਼ੀ ਪਿਆਰ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਕਈ ਦਿਨ ਉਨ੍ਹਾਂ ਦੇ ਪਾਲਤੂ ਜਾਨਵਰ ਨੇ ਖਾਣਾ ਨਹੀਂ ਖਾਧਾ ਸੀ।

'ਜਦ ਤੱਕ ਜਾਨ ਹੈ, ਸੰਘਰਸ਼ ਵਿੱਚ ਸ਼ਾਮਲ ਰਹਾਂਗੇ'

ਸੰਦੀਪ ਸਿੰਘ ਦੇ ਦਾਦਾ ਚਾਚਾ ਬਲਦੇਵ ਸਿੰਘ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਬਾਰੇ ਆਖਦੇ ਹਨ, "ਐਲਾਨ ਤਾਂ ਸਰਕਾਰ ਵੱਲੋਂ ਕਰ ਦਿੱਤਾ ਗਿਆ ਪਰ ਲਿਖਤੀ ਰੂਪ ਵਿੱਚ ਚੀਜ਼ਾਂ ਮੁਕੰਮਲ ਹੋਣੀਆਂ ਬਾਕੀ ਹਨ।"

"ਜਦ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਦ ਤੱਕ ਮੇਰੇ ਵਿੱਚ ਜਾਨ ਰਹੇਗੀ, ਮੈਂ ਸ਼ਾਮਲ ਹੁੰਦਾ ਰਹਾਂਗਾ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਅਜਿਹੇ ਹਾਲਾਤ ਨਹੀਂ ਵੇਖੇ।"

ਸੰਦੀਪ ਸਿੰਘ

ਬਲਦੇਵ ਸਿੰਘ ਮੰਨਦੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਇਸ ਐਲਾਨ ਅਤੇ ਖੇਤੀ ਸੰਘਰਸ਼ ਦਾ ਚੋਣਾਂ ਉੱਪਰ ਅਸਰ ਜ਼ਰੂਰ ਪਵੇਗਾ।

72 ਸਾਲਾ ਬਲਦੇਵ ਸਿੰਘ ਇਹ ਵੀ ਮੰਨਦੇ ਹਨ ਕਿ ਕਿਸਾਨਾਂ ਨੂੰ ਰਾਜਨੀਤਕ ਤੌਰ 'ਤੇ ਇਨ੍ਹਾਂ ਚੋਣਾਂ ਵਿੱਚ ਸਰਗਰਮ ਹੋਣਾ ਚਾਹੀਦਾ ਹੈ।

'ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ'

ਫਾਜ਼ਿਲਕਾ ਦੇ ਪਿੰਡ ਮਾਹਮੂ ਜੋਈਆ ਵਿੱਚ ਇੱਕੋ ਪਰਿਵਾਰ ਦੇ ਦੋ ਸਕੇ ਭਰਾ ਇਸ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ।

ਨਵੰਬਰ 2020 ਵਿੱਚ ਬਲਦੇਵ ਰਾਜ ਦੀ ਪਿੰਡ ਦੇ ਟੋਲ ਪਲਾਜ਼ਾ ਕੋਲ ਧਰਨਾ ਪ੍ਰਦਰਸ਼ਨ ਵਿੱਚ ਅਤੇ ਇਸ ਸਾਲ ਜਨਵਰੀ ਵਿੱਚ ਕਸ਼ਮੀਰ ਪਾਂਡੂ ਦੀ ਦਿੱਲੀ ਹਰਿਆਣਾ ਦੇ ਟਿਕਰੀ ਬਾਰਡਰ ਵਿਖੇ ਮੌਤ ਹੋ ਗਈ ਸੀ।

ਦੋ ਪਰਿਵਾਰਕ ਮੈਂਬਰ ਗੁਆਉਣ ਤੋਂ ਬਾਅਦ ਵੀ ਇਸ ਪਰਿਵਾਰ ਦੀ ਅਗਲੀ ਪੀੜ੍ਹੀ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੁੰਦੀ ਰਹੀ ਹੈ।

ਫਾਜ਼ਿਲਕਾ ਦੇ ਪਿੰਡ ਮਾਹਮੂ ਜੋਈਆ ਵਿੱਚ ਇੱਕੋ ਪਰਿਵਾਰ ਦੇ ਦੋ ਸਕੇ ਭਰਾ ਇਸ ਕਿਸਾਨੀ ਸੰਘਰਸ਼ ਆਪਣੀ ਜਾਨ ਗਵਾ ਚੁੱਕੇ ਹਨ
ਤਸਵੀਰ ਕੈਪਸ਼ਨ, ਫਾਜ਼ਿਲਕਾ ਦੇ ਪਿੰਡ ਮਾਹਮੂ ਜੋਈਆ ਵਿੱਚ ਇੱਕੋ ਪਰਿਵਾਰ ਦੇ ਦੋ ਸਕੇ ਭਰਾ ਇਸ ਕਿਸਾਨੀ ਸੰਘਰਸ਼ ਆਪਣੀ ਜਾਨ ਗਵਾ ਚੁੱਕੇ ਹਨ

ਕਸ਼ਮੀਰ ਪਾਂਡੂ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਅਤੇ ਪੋਤਾ ਦਿੱਲੀ-ਹਰਿਆਣਾ ਦੀ ਸਰਹੱਦ 'ਤੇ ਧਰਨਿਆਂ ਵਿੱਚ ਸ਼ਾਮਲ ਹੁੰਦੇ ਰਹੇ ਹਨ।

ਸੁਰਿੰਦਰ ਕੌਰ ਆਖਦੇ ਹਨ ਕਿ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਭਾਵੇਂ ਹੋ ਗਿਆ ਹੈ ਪਰ ਜੋ ਜਾਨਾਂ ਗਈਆਂ ਹਨ ਉਹ ਵਾਪਿਸ ਨਹੀਂ ਆਉਣਗੀਆਂ।

ਗੱਲਬਾਤ ਦੌਰਾਨ ਬਲਦੇਵ ਰਾਜ ਦੀ ਪਤਨੀ ਮਨਜੀਤ ਰਾਣੀ ਦੀਆਂ ਅੱਖਾਂ ਵਿੱਚ ਕਈ ਵਾਰ ਅੱਥਰੂ ਆਉਂਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਉਹ ਸਵਾਗਤ ਕਰਦੇ ਹਨ ਪਰ ਇਸ ਦੀ ਲਿਖਤੀ ਰੂਪ ਵਿੱਚ ਗਾਰੰਟੀ ਦੇਣ ਦੀ ਗੱਲ ਵੀ ਇਨ੍ਹਾਂ ਔਰਤਾਂ ਵੱਲੋਂ ਕੀਤੀ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਖੇਤਾਂ ਵਿੱਚ ਜਾ ਕੇ ਅੱਖਾਂ ਭਰ ਆਉਂਦੀਆਂ ਹਨ'

ਕਸ਼ਮੀਰ ਪਾਂਡੂ ਅਤੇ ਬਲਦੇਵ ਰਾਜ ਸਕੇ ਭਰਾ ਸਨ ਅਤੇ ਦੋਨਾਂ ਕੋਲ ਕਰਮਵਾਰ ਚਾਰ ਏਕੜ ਅਤੇ ਤਿੰਨ ਏਕੜ ਜ਼ਮੀਨ ਸੀ।

ਆਪਣੇ ਪਿਤਾ ਕਸ਼ਮੀਰ ਨੂੰ ਯਾਦ ਕਰਦਿਆਂ ਰਾਜਿੰਦਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਜ਼ਿੰਮੇਵਾਰੀਆਂ ਵਧ ਗਈਆਂ ਹਨ। ਦੋਹੇਂ ਪਿਤਾ ਪੁੱਤਰ ਮਿਲ ਕੇ ਖੇਤੀਬਾੜੀ ਕਰਦੇ ਸਨ।

"ਖੇਤਾਂ ਵਿੱਚ ਜਾ ਕੇ ਅਕਸਰ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਜ਼ਿੰਦਗੀ ਅਤੇ ਖੇਤੀਬਾੜੀ ਦੇ ਤਜਰਬੇ ਸਾਂਝੇ ਕਰਦੇ ਸਨ ਅਤੇ ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ ਇਕੱਲੇ ਘਰ ਅਤੇ ਖੇਤੀਬਾੜੀ ਦੇਖਣੀ ਪੈ ਰਹੀ ਹੈ।"

"ਸੜਕ ਪਾਰ ਕਰਨ ਸਮੇਂ ਉਹ ਅਕਸਰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਸਨ ਅਤੇ ਮੈਂ ਉਨ੍ਹਾਂ ਨੂੰ ਕਹਿੰਦਾ ਸਾਂ ਕਿ ਹੁਣ ਮੈਂ ਬੱਚਾ ਨਹੀਂ ਰਿਹਾ।"

"ਉਨ੍ਹਾਂ ਸੜਕਾਂ ਅਤੇ ਉਨ੍ਹਾਂ ਰਾਹਾਂ ਨੂੰ ਪਾਰ ਕਰਦਿਆਂ ਅਕਸਰ ਪਿਤਾ ਜੀ ਦੀ ਯਾਦ ਆ ਜਾਂਦੀ ਹੈ।"

ਕਸ਼ਮੀਰ ਲਾਲ
ਤਸਵੀਰ ਕੈਪਸ਼ਨ, ਕਸ਼ਮੀਰ ਲਾਲ ਪਾਂਡੂ ਅਤੇ ਬਲਦੇਵ ਰਾਜ ਸਕੇ ਭਰਾ ਸਨ ਅਤੇ ਦੋਨਾਂ ਕੋਲ ਕਰਮਵਾਰ ਚਾਰ ਏਕੜ ਅਤੇ ਤਿੰਨ ਏਕੜ ਜ਼ਮੀਨ ਸੀ

"ਖੇਤੀ ਕਾਨੂੰਨ ਭਾਵੇਂ ਵਾਪਿਸ ਹੋ ਜਾਣ ਪਰ ਸਾਡੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਘਰ ਦੇ ਵੱਡੇ ਅਤੇ ਬਜ਼ੁਰਗ ਪਿਤਾ ਹੁਣ ਸਾਡੇ ਵਿੱਚ ਨਹੀਂ ਹਨ।"

ਆਪਣੇ ਪਿਤਾ ਨੂੰ ਯਾਦ ਕਰਦਿਆਂ ਰਾਜਿੰਦਰ ਪਾਂਡੂ ਨੇ ਦੱਸਿਆ ਕਿ ਇਹ ਸੰਘਰਸ਼ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਅਤੇ ਦਿੱਲੀ ਤੋਂ ਜਦੋਂ ਉਹ ਪਿੰਡ ਵਾਪਿਸ ਆਉਂਦੇ ਸਨ ਤਾਂ ਪਹਿਲਾਂ ਟੋਲ ਪਲਾਜ਼ਾ ਵਿਖੇ ਪ੍ਰਦਰਸ਼ਨ 'ਚ ਸ਼ਾਮਿਲ ਕਿਸਾਨਾਂ ਨੂੰ ਮਿਲ ਕੇ ਆਉਂਦੇ ਸਨ।

ਜਦੋਂ ਉਹ ਦਿੱਲੀ ਨਹੀਂ ਹੁੰਦੇ ਸਨ ਪਿੰਡ ਦੇ ਟੋਲ ਪਲਾਜ਼ਾ ਉੱਪਰ ਹੀ ਕਈ ਰਾਤਾਂ ਗੁਜ਼ਾਰ ਦਿੰਦੇ ਸਨ। ਕਈ ਵਾਰ ਆਪਣੇ ਨਿੱਜੀ ਕੰਮਾਂ ਨੂੰ ਵੀ ਭੁਲਾ ਕੇ ਉਹ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ।

ਇਸੇ ਪਿੰਡ ਦੇ ਸੁਰੈਣ ਚੰਦ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਸਨ।

ਉਨ੍ਹਾਂ ਦੀ ਪਤਨੀ ਇੰਦਰੋ ਦੇਵੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਤੀ ਸ਼ੁਰੂ ਤੋਂ ਹੀ ਪਿੰਡ ਵਾਸੀਆਂ ਨਾਲ ਧਰਨੇ ਵਿੱਚ ਸ਼ਾਮਿਲ ਹੁੰਦੇ ਸਨ।

ਖੇਤੀ ਕਾਨੂੰਨਾਂ ਦੀ ਵਾਪਸੀ ਦਾ ਇੰਦਰੋ ਦੇਵੀ ਨੇ ਸਵਾਗਤ ਕੀਤਾ ਹੈ ਪਰ ਪਤੀ ਦੇ ਜਾਣ ਤੋਂ ਬਾਅਦ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹੀ।

ਗੱਲਬਾਤ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਦਿਆਂ ਕਈ ਵਾਰ ਉਨ੍ਹਾਂ ਦੀਆਂ ਅੱਖਾਂ ਨਮ ਹੁੰਦੀਆਂ ਹਨ ਅਤੇ ਕਈ ਵਾਰ ਉਹ ਭਾਵੁਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)