ਸੋਸ਼ਲ ਮੀਡੀਆ ਉੱਤੇ ਮੋਦੀ ਤੇ ਯੋਗੀ ਦੇ ਮਜ਼ਾਕ ਦਾ ਸਬੱਬ ਕਿਉਂ ਬਣ ਰਹੇ ਇਹ ਹਨ ਵੀਡੀਓ ਤੇ ਫੋਟੋ -ਪ੍ਰੈਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਇੱਕ ਤਸਵੀਰ ਤੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਸਬੱਬ ਬਣ ਗਈਆਂ ਹਨ।

ਇਨ੍ਹਾਂ ਵਿੱਚੋਂ ਪਹਿਲੀ ਤਸਵੀਰ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੂਰਵਾਂਚਲ ਐਕਸਪ੍ਰੈਸਵੇਅ ਦੇ ਉਦਘਾਟਨ ਨਾਲ ਸਬੰਧਿਤ ਹੈ, ਜਿਸਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਵਾਈ. ਸੱਤਿਆ ਕੁਮਾਰ ਸਮੇਤ ਕਈ ਟਵਿੱਟਰ ਉਪਭੋਗਤਾਵਾਂ ਨੇ ਸ਼ੇਅਰ ਕੀਤਾ।

ਕੁਮਾਰ ਨੇ ਮੰਗਲਵਾਰ ਨੂੰ ਇਹ ਤਸਵੀਰ ਸਾਂਝਾ ਕਰਦਿਆਂ ਕੈਪਸ਼ਨ ਦਿੱਤਾ: "ਉੱਤਰ ਪ੍ਰਦੇਸ਼ - # ਐਕਸਪ੍ਰੈਸ_ਪ੍ਰਦੇਸ਼"।

ਇਸ ਤਸਵੀਰ ਵਿੱਚ ਕਈ ਲੜਾਕੂ ਜਹਾਜ਼ ਕੇਸਰੀ, ਹਰੇ ਅਤੇ ਚਿੱਟੇ ਰੰਗ ਦਾ ਧੂੰਆਂ ('ਕੰਟਰੇਲ') ਛੱਡਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਮੋਦੀ ਤੇ ਯੋਗੀ ਇਨ੍ਹਾਂ ਦੇ ਅੱਗੇ ਤੁਰਦੇ ਨਜ਼ਰ ਆ ਰਹੇ ਹਨ।

ਦਿ ਪ੍ਰਿੰਟ ਦੀ ਖਬਰ ਮੁਤਾਬਿਕ, ਲੜਾਕੂ ਜਹਾਜ਼ਾਂ ਦੀ ਇਹ ਫੋਟੋ ਅਸਲ ਵਿੱਚ ਕੇਕਸਕੇਮੇਟ ਏਅਰਸ਼ੋਅ ਦੀ ਹੈ। ਇਹ ਸਮਾਗਮ ਅਗਸਤ 2008 ਵਿੱਚ ਹੰਗਰੀ ਵਿੱਚ ਹੋਇਆ ਸੀ ਅਤੇ ਇਸਦਾ ਚਿੱਤਰ ਸ਼ਟਰਸਟੌਕ ਵੈਬਸਾਈਟ ਤੋਂ ਲਿਆ ਗਿਆ ਹੈ।

ਦੂਜਾ ਹੈ ਇੱਕ ਵੀਡੀਓ, ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ।

ਜਨਸੱਤਾ ਦੀ ਰਿਪੋਰਟ ਮੁਤਾਬਕ ਜਦਕਿ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿੱਤਿਆਨਾਥ ਉਨ੍ਹਾਂ ਦੇ ਪਿੱਛੇ-ਪਿੱਛੇ ਪੈਦਲ ਹੀ ਤੁਰਦੇ ਨਜ਼ਰ ਆ ਰਹੇ ਹਨ।

ਇਹ ਵੀਡੀਓ ਕਈ ਨਿਊਜ਼ ਵੈੱਬਪੋਰਟਲ ਅਤੇ ਮੀਡੀਆ ਅਦਾਰਿਆਂ ਨੇ ਛਾਪੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ।

ਇਸ ਵੀਡੀਓ 'ਤੇ ਵਿਰੋਧੀ ਧਿਰ ਦੇ ਅਖਿਲੇਸ਼ ਯਾਦਵ ਸਮੇਤ ਹੋਰ ਕਈ ਨੇਤਾਵਾਂ ਨੇ 'ਤੇ ਵਿਅੰਗ ਕੱਸਿਆ ਹੈ।

ਇਹ ਵੀ ਪੜ੍ਹੋ:

T20: INDVsNZ ਭਾਰਤ ਦੀ ਰੋਮਾਂਚਕ ਜਿੱਤ, ਸੂਰਿਆਕੁਮਾਰ ਚਮਕੇ

ਬੀਬੀਸੀ ਹਿੰਦੀ ਦੀ ਰਿਪੋਰਟ ਮੁਤਾਬਕ ਭਾਰਤ ਨੇ ਜੈਪੁਰ ਵਿੱਚ ਖੇਡੇ ਗਏ ਇੱਕ ਰੋਮਾਂਚਕ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਅਤੇ ਇਸੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ ਅਤੇ ਟੀਮ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 70 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਇਸ ਟੀਚੇ ਦਾ ਪਿੱਛਾ ਕਰਦੇ ਹੋਏ, ਮੈਚ ਦੇ ਆਖਰੀ ਓਵਰ ਵਿੱਚ ਭਾਰਤ ਨੂੰ 10 ਦੌੜਾਂ ਬਣਾਉਣ ਦੀ ਲੋੜ ਸੀ। ਆਖਰੀ ਓਵਰ ਗੇਂਦਬਾਜ਼ੀ ਕਰਨ ਆਏ ਡੇਰਿਲ ਮਿਸ਼ੇਲ ਨੇ ਸ਼ੁਰੂਆਤ ਇੱਕ ਵਾਈਡ ਗੇਂਦ ਤੋਂ ਕੀਤੀ ਤੇ ਵੈਂਕਟੇਸ਼ ਅਈਅਰ ਨੇ ਅਗਲੀ ਗੇਂਦ 'ਤੇ ਚੌਕਾ ਜੜ ਦਿੱਤਾ। ਪਰ ਇਸ ਤੋਂ ਬਾਅਦ ਵੈਂਕਟੇਸ਼ ਆਊਟ ਹੋ ਗਏ।

ਅਗਲੀ ਗੇਂਦ 'ਤੇ ਮਿਸ਼ੇਲ ਨੇ ਫਿਰ ਵਾਈਡ ਗੇਂਦ ਪਾਈ। ਇਸ ਤੋਂ ਬਾਅਦ ਰਿਸ਼ਭ ਪੰਤ ਨੇ ਚੌਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ। ਪੰਤ ਨੇ ਨਾਬਾਦ 17 ਦੌੜਾਂ ਬਣਾਈਆਂ।

ਸੂਰਿਆਕੁਮਾਰ ਯਾਦਵ ਭਾਰਤ ਦੀ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ 40 ਗੇਂਦਾਂ ਵਿੱਚ 62 ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਤਿੰਨ ਛੱਕੇ ਲਗਾਏ। 17ਵੇਂ ਓਵਰ ਵਿੱਚ ਉਹ ਟ੍ਰੇਂਟ ਬੋਲਟ ਦੀ ਗੇਂਦ 'ਤੇ ਆਊਟ ਹੋ ਗਏ।

ਭਾਰਤ ਲਈ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 36 ਗੇਂਦਾਂ ਵਿੱਚ 48 ਦੌੜਾਂ ਬਣਾਈਆਂ ਅਤੇ ਪੰਜ ਚੌਕੇ ਤੇ ਦੋ ਛੱਕੇ ਜੜੇ।

ਕਰਤਾਰਪੁਰ ਦਰਸ਼ਨ ਲਈ ਜਾਂਦੇ ਮੁੱਖ ਮੰਤਰੀ ਚੰਨੀ ਦੇ ਜੱਥੇ 'ਚ ਸ਼ਾਮਲ ਨਹੀਂ ਹੋਣਗੇ ਸਿੱਧੂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਮੰਤਰੀਆਂ ਸਮੇਤ ਵੀਰਵਾਰ ਨੂੰ ਕਰਤਾਰਪੁਰ (ਪਾਕਿਸਤਾਨ) ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜੱਥੇ ਦਾ ਹਿੱਸਾ ਹੋਣਗੇ।

ਇਸ ਯਾਤਰਾ ਲਈ ਮੁੱਖ ਐਂਟਰੀ ਦੇ ਨਾਲ ਕੁਝ ਵਿਧਾਇਕਾਂ ਅਤੇ ਅਧਿਕਾਰੀਆਂ ਦੇ ਵੀ ਆਉਣ ਦੀ ਸੰਭਾਵਨਾ ਹੈ।

ਪਰ ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਜੱਥੇ ਦਾ ਹਿੱਸਾ ਨਹੀਂ ਹੋਣਗੇ।

ਬੁੱਧਵਾਰ ਰਾਤ ਨੂੰ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਦਾਅਵਾ ਕੀਤਾ ਕਿ ਸਿੱਧੂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਉਹ 18 ਨਵੰਬਰ ਦੀ ਬਜਾਏ 20 ਨਵੰਬਰ ਨੂੰ ਦਰਸ਼ਨ ਲਈ ਜਾ ਸਕਦੇ ਹਨ।

ਦੂਜੇ ਪਾਸੇ, ਇੰਡੀਆ ਟੂਡੇ ਦੀ ਖ਼ਬਰ ਮੁਤਾਬਿਕ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਕੁਝ ਬੋਲਣ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਜੇਕਰ ਉਨ੍ਹਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਪੰਜਾਬ ਵਿੱਚ ਸ਼ਾਸਨ ਬਾਰੇ ਉਨ੍ਹਾਂ ਦੇ ਸਾਹਮਣੇ ਮੀਡੀਆ ਨਾਲ ਗੱਲ ਕਰਦੇ ਹਨ ਤਾਂ ਇਸ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਉਨ੍ਹਾਂ ਕਿਹਾ, ''ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਉਹ ਜੋ ਵੀ ਕਹਿਣ, ਉਸ ਵਿੱਚ ਕੋਈ ਹਰਜ਼ ਨਹੀਂ ਹੈ। ਮੈਨੂੰ ਉਨ੍ਹਾਂ ਦੀ ਗੱਲ ਸੁਣਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਜੇਕਰ ਉਹ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਨ ਤਾਂ ਵੀ ਕੋਈ ਸਮੱਸਿਆ ਨਹੀਂ ਹੈ। ਮੇਰੇ ਲਈ, ਮੀਡੀਆ ਰਾਹੀਂ ਸੰਚਾਰ (ਗੱਲਬਾਤ) ਵੀ ਸਹੀ ਹੈ।''

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)