ਨਵਜੋਤ ਸਿੰਘ ਸਿੱਧੂ ਨੇ ਲੌਲੀਪੌਪ ਵਾਲੇ ਬਿਆਨ 'ਤੇ ਹੁਣ ਲਿਆ ਕੇਜਰੀਵਾਲ ਦਾ ਨਾਮ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਦਿੱਤਾ ਆਪਣਾ ਅਸਤੀਫ਼ਾ ਵਾਪਿਸ ਲੈ ਲਿਆ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਅਹੁਦਾ ਸੰਭਾਲਣ ਲਈ ਉਨ੍ਹਾਂ ਨੇ ਸ਼ਰਤ ਵੀ ਰੱਖ ਦਿੱਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਨਵਾਂ ਏਜੀ ਅਤੇ ਡੀਜੀਪੀ ਦੇ ਨਵੇਂ ਪੈਨਲ ਆਉਣ ਤੋਂ ਬਾਅਦ ਹੀ ਉਹ ਦਫ਼ਤਰ ਵਿੱਚ ਕੰਮਕਾਜ ਸੰਭਾਲਣਗੇ।

ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਨਵੀਆਂ ਨਿਯੁਕਤੀਆਂ ਆਉਣ ਤੋਂ ਬਾਅਦ ਅਸਤੀਫ਼ਾ ਦਿੱਤਾ ਸੀ।

ਸਿੱਧੂ ਦਾ ਕਹਿਣਾ ਹੈ ਕਿ ਉਹ ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਲਈ ਅਸਤੀਫ਼ਾ ਵਾਪਿਸ ਲੈ ਰਹੇ ਹਨ।

ਸਿੱਧੂ ਨੇ ਕਿਹਾ ਕਿ ਇਹ ਪਾਰਟੀ ਦੇ ਵੱਕਾਰ ਦਾ ਸਵਾਲ ਸੀ ਨਾ ਕਿ ਕੋਈ ਨਿੱਜੀ ਵਿਰੋਧ।

ਇਹ ਵੀ ਪੜ੍ਹੋ:

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਪਿਛਲੀ ਸਰਕਾਰ ਨੂੰ ਲੋਕਾਂ ਨੇ ਗੱਦੀ ਤੋਂ ਉਤਾਰਿਆ ਸੀ। ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨੂੰ ਵੀ ਇਨ੍ਹਾਂ ਕਾਰਨਾਂ ਕਰਕੇ ਹੀ ਬਦਲਿਆ ਗਿਆ ਸੀ। ਪਰ ਇਹ ਦੋਵੇਂ ਮੁੱਦੇ ਅੱਜ ਵੀ ਉੱਥੇ ਹੀ ਖੜ੍ਹੇ ਹਨ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧੇ।ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਦੌਰਾਨ ਸਿੱਧੂ ਬਾਰੇ ਕੈਪਟਨ ਦੇ ਬਿਆਨਾਂ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਕੀਤਾ।

'ਪੰਜਾਬ ਦੇ ਲੋਕਾਂ ਅਤੇ ਮੁੱਦਿਆਂ ਦੀ ਲੜਾਈ'

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਲਈ ਹਮੇਸ਼ਾਂ ਖੜ੍ਹੇ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਥਿਤ ਟਕਰਾਅ ਬਾਰੇ ਸਿੱਧੂ ਨੇ ਕਿਹਾ ਕਿ ਅਜਿਹਾ ਨਹੀਂ ਹੈ। ਮੈਂ ਪਿਛਲੇ ਇੱਕ ਮਹੀਨੇ ਤੋਂ ਗੱਲ ਕਰ ਰਿਹਾ ਹਾਂ। 90 ਦਿਨਾਂ ਦੀ ਸਰਕਾਰ ਹੈ ਅਤੇ 50 ਦਿਨ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਮੁੱਦੇ ਉੱਪਰ ਚੰਗਾ ਫ਼ੈਸਲਾ ਹੋਇਆ ਹੈ।

ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ 'ਲੌਲੀਪੌਪ' ਵਾਲੇ ਬਿਆਨ ਉੱਪਰ ਸਵਾਲ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ 26 ਲੱਖ ਨੌਕਰੀਆਂ ਦੇਣ ਦਾ ਵਾਅਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਦਾ ਇਹ ਬਿਆਨ ਕੇਜਰੀਵਾਲ ਬਾਰੇ ਸੀ।

ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਨਾਲ ਸਬੰਧਤ ਐਸਆਈਟੀ ਅਤੇ ਨਸ਼ਿਆਂ ਬਾਰੇ ਵੀ ਕਈ ਸਵਾਲ ਚੁੱਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)