You’re viewing a text-only version of this website that uses less data. View the main version of the website including all images and videos.
ਕੈਪਟਨ ਅਮਰਿੰਦਰ ਨੇ ਕਿਹਾ ਨਵੀਂ ਪਾਰਟੀ 'ਚ ਕਈ ਕਾਂਗਰਸੀ ਆਗੂ ਵੀ ਹੋਣਗੇ, ਨਵਜੋਤ ਸਿੱਧੂ ਨੇ ਦੱਸਿਆ ਪੰਜਾਬ ਦਾ 'ਜੈ ਚੰਦ'
ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਬਣਾਉਣ ਵੀ ਗੱਲਬਾਤ ਕੀਤੀ ਤੇ ਖੇਤੀ ਕਾਨੂੰਨਾਂ 'ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਆਖੀ।
ਕੈਪਟਨ ਨੇ ਪ੍ਰੈੱਸ ਕਾਨਫਰੰਸ ਦੇ ਸ਼ੁਰੂ ਵਿੱਚ ਪੱਤਰਕਾਰਾਂ ਨਾਲ ਇੱਕ ਦਸਤਾਵੇਜ਼ ਸਾਂਝਾ ਕੀਤਾ।
ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਤੁਲਨਾ ਵਿੱਚ ਕੀ ਕੁਝ ਹਾਸਲ ਕੀਤਾ ਅਤੇ ਉਸ ਤੋਂ ਇਲਾਵਾ ਹੋਰ ਕੀ ਕੁਝ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਅਰਸੇ ਦੌਰਾਨ ਚੋਣ ਮਨੋਰਥ ਪੱਤਰ ਦੇ 70 ਫ਼ੀਸਦੀ ਵਾਅਦੇ ਪੂਰੇ ਕੀਤੇ।
18 ਨੁਕਾਤੀ ਪ੍ਰੋਗਰਾਮ ਬਾਰੇ ਉਨਾਂ ਨੇ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਵਿੱਚੋਂ ਹੀ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਖੜਗੇ ਕਮੇਟੀ ਨੂੰ ਵੀ ਦਿਖਾਇਆ ਸੀ ਕਿ ਇਹ ਤਾਂ ਹੋ ਚੁੱਕੇ ਹਨ।
ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਦੇ ਹੀ ਕੈਪਟਨ ਦਾ ਰੁੱਖ ਪਾਰਟੀ ਪ੍ਰਤੀ ਹਮਲਾਵਰ ਰਿਹਾ ਹੈ।
ਇਹ ਵੀ ਪੜ੍ਹੋ:
ਸਕਿਊਰਿਟੀ ਨੂੰ ਲੈ ਕੇ ਉੱਠੇ ਸਵਾਲਾਂ 'ਤੇ ਕੀ ਕਿਹਾ
ਰੱਖਿਆ ਮਸਲਿਆਂ ਬਾਰੇ ਆਪਣੇ ਉੱਪਰ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਕਿਹਾ, ''ਮੇਰੀ ਮੁਢਲੀ ਸਿਖਲਾਈ ਇੱਕ ਫ਼ੌਜੀ ਦੀ ਰਹੀ ਹੈ।''
ਮੈਂ ਸਾਢੇ ਨੌਂ ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਕੋਈ ਵਿਅਕਤੀ ਜੋ ਇੱਕ ਮਹੀਨੇ ਤੋਂ ਗ੍ਰਹਿ ਮੰਤਰੀ ਹੈ ਕਹਿ ਰਿਹਾ ਹੈ ਕਿ ਉਸ ਨੂੰ ਮੇਰੇ ਨਾਲ਼ੋਂ ਜ਼ਿਆਦਾ ਪਤਾ ਹੈ।
ਪੰਜਾਬ ਦਾ ਮੁੱਖ ਮੰਤਰੀ ਹੁੰਦਿਆ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਭਾਰਤ ਸਰਕਾਰ ਨਾਲ ਮਸਲੇ ਵਿਚਾਰਾਂ।
ਸਾਡੀ ਸਰਕਾਰ ਤੋਂ ਪਹਿਲਾਂ ਤਾਰ ਦੇ ਥੱਲੇ ਦੀ ਸੁਰੰਗ ਰਾਹੀਂ ਜਾਂ ਨਦੀਆਂ ਰਾਹੀਂ ਹਥਿਆਰ ਅਤੇ ਹੈਰੋਇਨ ਇੱਧਰ ਪਹੁੰਚਾਏ ਜਾਂਦੇ ਸਨ।
ਫਿਰ ਬਾਅਦ ਵਿੱਚ ਡਰੋਨ ਦੀ ਵਰਤੋਂ ਸ਼ੁਰੂ ਹੋਈ।
ਤਕਨੀਕ ਦੇ ਵਿਕਾਸ ਨਾਲ ਡਰੋਨ ਦੀ ਸਮਰੱਥਾ ਵਧ ਰਹੀ ਹੈ ਕੀ ਪਤਾ ਕੱਲ ਨੂੰ ਇਹ ਚੰਡੀਗੜ੍ਹ ਪਹੁੰਚ ਜਾਣ।
ਸ਼ੁਰੂ ਵਿੱਚ ਡਰੋਨ ਏਕੇ-47, ਲਾਈਟ ਮਸ਼ੀਨ ਗੰਨ, ਹੈਰੋਇਨ, ਹੈਂਡਗਰੇਨੇਡ ਤੇ ਨਗਦੀ ਵਗੈਰਾ ਲੈ ਕੇ ਆਉਂਦੇ ਸਨ।
ਜੋ ਕੁਝ ਅਸੀਂ ਫੜ ਸਕੇ ਉਹ ਤਾਂ ਠੀਕ ਹੈ ਪਰ ਮੈਨੂੰ ਫਿਕਰ ਹੈ ਕਿ ਜੋ ਨਹੀਂ ਫੜੇ ਗਏ ਉਹ ਕਿੱਥੇ ਹਨ ਅਤੇ ਉਨ੍ਹਾਂ ਨਾਲ ਕੀ ਕੀਤਾ ਜਾਣਾ ਹੈ।
ਉਨ੍ਹਾਂ ਨੇ ਕਿਹਾ ਕਿ ਬੀਐੱਸੈਫ਼ ਪੰਜਾਬ ਵਿੱਚ ਸਾਡੇ ਤੋਂ ਪ੍ਰਸ਼ਾਸਨ ਖੋਹਣ ਨਹੀਂ ਆਈ ਸਗੋਂ ਮਦਦ ਲਈ ਆਈ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਡਰੋਨ 31 ਕਿੱਲੋਮੀਟਰ ਤੱਕ ਅੰਦਰ ਆ ਰਹੇ ਹਨ। ਇਸੇ ਦੇ ਮੱਦੇਨਜ਼ਰ ਬੀਐੱਸਐੱਫ਼ ਦਾ ਕਾਰਜਖੇਤਰ ਪੰਜਾਬ ਵਿੱਚ 50 ਕਿੱਲੋਮੀਟਰ ਵਧਾਇਆ ਗਿਆ ਹੈ।
ਨਵੀਂ ਪਾਰਟੀ ਬਣਾਉਣ ਬਾਰੇ ਕੀ ਬੋਲੇ
ਆਪਣੀ ਸਿਆਸੀ ਪਾਰਟੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਚੋਣ ਕਮਿਸ਼ਨ ਨਾਲ ਸਪੰਰਕ ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਸਭ ਕੁਝ ਤੈਅ ਹੋ ਜਾਵੇਗਾ ਤਾਂ ਉਹ ਪਾਰਟੀ ਦੇ ਨਾਮ ਅਤੇ ਚਿੰਨ੍ਹ ਬਾਰੇ ਐਲਾਨ ਕੀਤਾ ਜਾਵੇਗਾ।
ਭਾਜਪਾ ਨਾਲ ਗਠਜੋੜ ਕਰਨ ਦੀ ਗੱਲ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਨਾਲ ਸੀਟ ਸ਼ੇਅਰ ਕਰਨਗੇ, ਪਰ ਗਠਜੋੜ ਨਹੀਂ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਡੀ ਪਾਰਟੀ ਸਾਰੀਆਂ 117 ਸੀਟਾਂ ਉੱਪਰ ਚੋਣਾਂ ਲੜੇਗੀ। ਉਹ ਭਾਵੇਂ ਅਸੀਂ ਸੀਟਾਂ ਦੀ ਵੰਡ ਨਾਲ ਲੜੀਏ ਜਾਂ ਇੱਕਲੇ ਪਰ ਅਸੀਂ ਲੜਾਂਗੇ।
ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਆਗੂ ਵੀ ਉਨ੍ਹਾਂ ਦੇ ਨਾਲ ਆਉਣਗੇ। ਇਸੇ ਕਾਰਨ ਰਾਹੁਲ ਗਾਂਧੀ ਮੇਰੇ ਵੱਲੋਂ ਪਾਰਟੀ ਬਣਾਏ ਜਾਣ ਦੇ ਐਲਾਨ ਮਗਰੋਂ ਇੱਕ ਤੋਂ ਬਾਅਦ ਇੱਕ ਬੈਠਕਾਂ ਕਰ ਰਹੇ ਹਨ।
ਸਿੱਧੂ ਨੇ ਸਾਧਿਆ ਨਿਸ਼ਾਨਾ
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਦੁਹਰਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਵੀ ਸੀਟ ਤੋਂ ਲੜਨਗੇ, ਉਹ ਉਨ੍ਹਾਂ ਖ਼ਿਲਾਫ਼ ਉਮੀਦਵਾਰ ਖੜ੍ਹਾ ਕਰਨਗੇ।
ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੀ ਨਵੀਂ ਪਾਰਟੀ ਦੇ ਫੈਸਲੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, " ਮੈਂ ਸੱਚ ਬੋਲ ਰਿਹਾ ਸੀ, ਲੋਕਾਂ ਦੀ ਆਵਾਜ਼ ਚੁੱਕ ਰਿਹਾ ਸੀ ਤੇ ਤੁਸੀਂ ਮੇਰੇ ਸਾਰੇ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ। ਪਿਛਲੇ ਵਾਰ ਤੁਸੀਂ ਆਪਣੀ ਪਾਰਟੀ ਬਣਾਈ ਤਾਂ 856 ਵੋਟ ਮਿਲੇ ਸਨ। ਪੰਜਾਬ ਦੇ ਲੋਕ ਇੱਕ ਵਾਰ ਮੁੜ ਤੁਹਾਨੂੰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ।''
ਸਿੱਧੂ ਨੇ ਕੈਪਟਨ 'ਤੇ ਹਮਲਾ ਜਾਰੀ ਰਖਦੇ ਹੋਏ ਇੱਕ ਹੋਰ ਟਵੀਟ ਵਿੱਚ ਪੰਜਾਬ ਦੇ ਸਿਆਸੀ ਇਤਿਹਾਸ ਦਾ ਜਯਚੰਦ ਕਰਾਰ ਦੇ ਦਿੱਤਾ।
ਸਿੱਧੂ ਨੇ ਲਿਖਿਆ,'' ਤੁਹਾਨੂੰ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਜੈ ਚੰਦ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ, ਤੁਸੀਂ ਇੱਕ ਦਾਗੇ ਹੋਏ ਕਾਰਤੂਸ ਹੋ।''
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ 'ਤੇ ਉੱਠਦੇ ਸਵਾਲਾਂ ਦੇ ਦਿੱਤੇ ਜਵਾਬ
ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮਿਲਣਾ ਮੇਰੀ ਇੱਕ ਡਿਊਟੀ ਹੈ।
ਸੂਬੇ ਦੇ ਵਿੱਤ ਮੰਤਰੀ ਕੇਂਦਰੀ ਵਿੱਤ ਮੰਤਰੀ ਨੂੰ ਕਿੰਨੀ ਵਾਰ ਮਿਲੇ ਹਨ, ਖੁਰਾਕ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨੂੰ ਕਿੰਨੀ ਵਾਰ ਮਿਲ ਚੁੱਕੇ ਹਨ ਹਨ।
ਤਾਂ ਕੀ ਇਸਦਾ ਮਤਲਬ ਹੈ ਮੈਂ ਉਨ੍ਹਾਂ ਨਾਲ ਮਿਲਿਆ ਹੋਇਆ ਹਾਂ।
ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਝੋਨੇ ਦੀ ਖ਼ਰੀਦ ਲਈ 4500 ਕਰੋੜ ਰੁਪਏ ਚਾਹੀਦੇ ਹਨ ਜੋ ਕਿ ਕੇਂਦਰੀ ਵਿੱਤ ਮੰਤਰਾਲੇ ਰਾਹੀਂ ਆਉਣੇ ਹਨ।
ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਮੇਰੇ ਮਨ ਵਿੱਚ ਕੋਈ ਸਿਆਸੀ ਵਿਚਾਰ ਨਹੀਂ ਸੀ।
ਬੀਜੇਪੀ ਦੀ ਲੀਡਰਸ਼ਿਪ ਨਾਲ ਅਜੇ ਵੀ ਮੇਰੀ ਕੋਈ ਗੱਲ ਨਹੀਂ ਹੋਈ ਹੈ। ਨਾ ਹੀ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 28 ਅਕਤੂਬਰ ਨੂੰ 20-25 ਲੋਕਾਂ ਨਾਲ ਮਿਲ ਕੇ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤਿੰਨ ਖੇਤੀ ਕਾਨੂੰਨਾਂ 'ਤੇ ਗੱਲਬਾਤ ਕਰਨਗੇ।
ਕੈਪਟਨ ਵੱਲੋਂ ਦਿੱਤੇ ਗਏ ਸੀ ਸੰਕੇਤ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਹਮਾਇਤੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕੈਪਟਨ ਨੇ ਸੰਕੇਤ ਦਿੱਤੇ ਸਨ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲਈ ਨਵੀਂ ਪਾਰਟੀ ਬਣਾਉਣਗੇ।
ਉਨ੍ਹਾਂ ਨੇ ਕਿਹਾ ਸੀ ਕਿ ਉਹ ਹਮਖ਼ਿਆਲ ਅਕਾਲੀਆਂ ਅਤੇ ਜੇ ਕਿਸਾਨ ਅੰਦੋਲਨ ਦਾ ਅੰਜਾਮ ਕਿਸਾਨਾਂ ਦੇ ਪੱਖ ਵਿੱਚ ਹੁੰਦਾ ਹੈ ਤਾਂ ਉਹ ਭਾਜਪਾ ਨਾਲ ਵੀ ਹੱਥ ਮਿਲਾ ਸਕਦੇ ਹਨ।
ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਕੈਪਟਨ ਦੇ ਕਾਰਜਕਾਲ ਦੌਰਾਨ ਸਿੱਧੂ ਲਗਾਤਾਰ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਆਏ ਹਨ। ਕੈਪਟਨ ਵੱਲੋਂ ਲਾਈਆਂ ਸ਼ਿਕਾਇਤਾਂ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਦਾ ਸਿੱਧੂ ਨੂੰ ਥਾਪੜਾ ਰਿਹਾ ਅਤੇ ਆਖ਼ਰ ਸਿੱਧੂ ਨੂੰ ਕੈਪਟਨ ਦੇ ਮਰਜ਼ੀ ਦੇ ਉਲਟ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਫਿਰ ਉਹੀ ਹੋਇਆ ਜੋ ਕਾਂਗਰਸ ਵਿੱਚ ਸੋਚਿਆ ਨਹੀਂ ਸੀ ਜਾ ਸਕਦਾ, ਸਿੱਧੂ ਨੈ ਕੈਪਟਨ ਦਾ ਤਖ਼ਤਾ ਪਲਟ ਦਿੱਤਾ।
ਬੈਠਕਾਂ ਤੋਂ ਬਾਅਦ ਆਖ਼ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁਕਾਈ ਗਈ।
ਕੈਪਟਨ ਦੀ ਨਵੀਂ ਸਿਆਸੀ ਪਾਰਟੀ ਦਾ ਭਵਿੱਖ ਤਾਂ ਭਵਿੱਖ ਦੱਸੇਗਾ ਪਰ ਇਸ ਐਲਾਨ ਤੋਂ ਬਾਅਦ ਆਉਣ ਵਾਲੇ ਸਿਆਸੀ ਪ੍ਰਤੀਕਰਮਾਂ ਨੂੰ ਦੇਖਣਾ ਵੀ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ:
ਇਹ ਵੀ ਵੇਖੋ: