ਪੰਜਾਬ ਦੀ ਸਿਆਸਤ ਵਿੱਚ ਫਸੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਕੌਣ ਹੈ

ਤਸਵੀਰ ਸਰੋਤ, Captain Amrinder Singh FB
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਹਿਲਾ ਪੱਤਰਕਾਰ ਅਰੂਸਾ ਆਲਮ ਦੇ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ।
ਉਨ੍ਹਾਂ ਨੇ ਇਸ ਸਤੰਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ, ਪੱਤਰਕਾਰ ਅਰੂਸਾ ਆਲਮ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਨਾਲ ਸਬੰਧ ਹੋਣ ਦਾ ਦਾਅਵਾ ਕਰ ਰਹੇ ਹਨ।
ਤਾਂ ਉੱਥੇ ਹੀ ਸਾਬਕਾ ਮੁੱਖ ਮੰਤਰੀ ਨੇ ਆਪਣੇ ਫੇਸਬੱਕ ਪੰਨੇ 'ਤੇ ਭਾਰਤੀ ਅਹੁਦੇਦਾਰਾਂ ਦੇ ਨਾਲ ਅਰੂਸਾ ਆਲਮ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
ਇਸ ਵਿਚਾਲੇ ਅਰੂਸਾ ਆਲਮ ਨੇ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅਮਰਿੰਦਰ ਨੇ ਇੰਨੀ ਵੱਡੀ ਦੁਨੀਆਂ ਵਿੱਚ ਮੈਨੂੰ ਆਪਣਾ ਦੋਸਤ ਚੁਣਿਆ... ਸਾਡਾ ਮੈਂਟਲ ਅਤੇ ਆਈਕਿਊ ਲੇਵਲ ਇੱਕ ਬਰਾਬਰ ਹੈ।
ਦਰਅਸਲ, ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਸਬੰਧਾਂ ਨੂੰ ਲੈ ਕੇ ਜਾਂਚ ਦੇ ਹੁਕਮ ਦੇਣ ਦੀ ਖ਼ਬਰ ਆਈ ਸੀ। ਇਸ ਤੋਂ ਬਾਅਦ ਟਵਿੱਟਰ 'ਤੇ ਬਹਿਸ ਵੀ ਛਿੜ ਗਈ ਸੀ।

ਤਸਵੀਰ ਸਰੋਤ, Captain Amrinder Singh FB
ਅਮਰਿੰਦਰ ਸਿੰਘ ਨੇ ਇਸ ਤੋਂ ਬਾਅਦ ਕਿਹਾ ਸੀ, "ਮੇਰੀ ਕੈਬਨਿਟ ਵਿੱਚ ਤੁਸੀਂ ਮੰਤਰੀ ਸੀ। ਤੁਸੀਂ ਕਦੇ ਅਰੂਸਾ ਆਲਮ ਨੂੰ ਲੈ ਕੇ ਸ਼ਿਕਾਇਤ ਨਹੀਂ ਕੀਤੀ। ਉਹ 16 ਸਾਲ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਲੈ ਕੇ ਆ ਰਹੀ ਹੈ।"
ਇੰਟਰਵਿਊ ਵਿੱਚ ਕੀ ਕਿਹਾ ਅਰੂਸਾ ਆਲਮ ਨੇ ?
ਆਪਣੇ ਇੰਟਰਵਿਊ ਵਿੱਚ ਅਰੂਸਾ ਨੇ ਕਾਂਗਰਸ ਨੇ ਸਿਆਸੀ ਆਗੂਆਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਬਿਆਨ ਨਾਲ ਬਹੁਤ ਦੁਖੀ ਅਤੇ ਨਿਰਾਸ਼ ਹਨ ਅਤੇ ਕਦੇ ਭਾਰਤ ਨਹੀਂ ਆਉਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ, "ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਇੰਨਾ ਹੇਠਾ ਡਿੱਗ ਸਕਦੇ ਹਨ। ਸੁਖਜਿੰਦਰ ਸਿੰਘ ਰੰਧਾਵਾ, ਪੀਪੀਸੀਸੀ ਚੀਫ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ (ਨਵਜੋਤ ਕੌਰ ਸਿੱਧੂ) ਲੱਕੜਬੱਘੇ ਹਨ।"
"ਉਹ ਕੈਪਟਨ ਨੂੰ ਸ਼ਰਮਿੰਦਾ ਕਰਨ ਲਈ ਮੇਰੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਕੋਲ ਮੁੱਦਿਆਂ ਦੀ ਕਮੀ ਹੋ ਗਈ ਹੈ ਕਿ ਕੀ ਉਹ ਮੇਰਾ ਸਹਾਰਾ ਲੈ ਕੇ ਸਿਆਸੀ ਮਕਸਦ ਸਾਧ ਰਹੇ ਹਨ?"

ਤਸਵੀਰ ਸਰੋਤ, Captain Amrinder Singh FB
ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਦੋਸਤੀ 'ਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਆਗੂਆਂ ਨੂੰ ਜਵਾਬ ਦਿੰਦਿਆਂ ਹੋਇਆ ਉਨ੍ਹਾਂ ਨੇ ਕਿਹਾ, "ਮੇਰਾ ਉਨ੍ਹਾਂ ਲਈ ਸੰਦੇਸ਼ ਹੈ। ਪਲੀਜ਼ ਥੋੜ੍ਹੇ ਵੱਡੇ ਹੋ ਜਾਓ ਅਤੇ ਆਪਣੇ ਘਰ ਨੂੰ ਠੀਕ ਕਰੋ।"
"ਕਾਂਗਰਸ ਨੇ ਪੰਜਾਬ ਵਿੱਚ ਆਪਣੀ ਜ਼ਮੀਨ ਗੁਆ ਦਿੱਤੀ ਹੈ। ਜੰਗ ਦੇ ਵਿਚਾਲੇ ਕੌਣ ਆਪਣੇ ਜਨਰਲ ਨੂੰ ਬਦਲਦਾ ਹੈ। ਕਾਂਗਰਸ ਦਿਸ਼ਾਹੀਨ ਹੈ ਅਤੇ ਡੂੰਘਾਈ ਨਾਲ ਵੰਡੀ ਹੋਈ ਹੈ।"
ਆਈਐੱਸਆਈ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਨੂੰ ਖਾਰਿਜ ਕਰਦਿਆਂ ਹੋਇਆ ਅਰੂਸਾ ਆਲਮ ਨੇ ਇੰਟਰਵਿਊ ਵਿੱਚ ਕਿਹਾ, "ਮੈਂ ਦੋ ਦਹਾਕਿਆਂ ਤੋਂ ਭਾਰਤ ਆ ਰਹੀ ਹਾਂ, ਕੈਪਟਨ ਦੇ ਸੱਦੇ 'ਤੇ ਪਿਛਲੇ 16 ਸਾਲ ਅਤੇ ਉਸ ਤੋਂ ਪਹਿਲਾਂ ਇੱਕ ਪੱਤਰਕਾਰ ਹੋਣ ਦੇ ਨਾਤੇ ਤੇ ਵਫ਼ਦ ਦੇ ਨਾਲ ਵੀ ਆਈ ਹਾਂ। ਕੀ ਉਹ ਮੇਰੇ ਲਿੰਕਸ ਨੂੰ ਲੈ ਕੇ ਅਚਾਨਕ ਜਾਗੇ ਹਨ।"
ਅਰੂਸਾ ਆਲਮ ਆਪਣੇ ਪਾਕਿਸਤਾਨ ਦੌਰੇ ਅਤੇ ਵੀਜ਼ਾ 'ਤੇ ਉਠਣ ਵਾਲੇ ਸਵਾਲਾਂ 'ਤੇ ਕਹਿੰਦੀ ਹੈ ਕਿ ਜਦੋਂ ਕੋਈ ਪਾਕਿਸਤਾਨ ਤੋਂ ਭਾਰਤ ਆਉਂਦਾ ਹੈ ਤਾਂ ਉਸ ਨੂੰ ਬੜੀ ਗੁੰਝਲਦਾਰ ਕਲੀਅਰੈਂਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।
ਕਿਸੇ ਵੀ ਪ੍ਰਕਿਰਿਆ ਨੂੰ ਬਾਈਪਾਸ ਨਹੀਂ ਕੀਤਾ ਗਿਆ ਹੈ। ਜੋ ਸਕ੍ਰੀਨਿੰਗ ਹੁੰਦੀ ਹੈ ਉਹੀ ਕੀਤੀ ਗਈ ਹੈ।
ਇਹ ਵੀ ਪੜ੍ਹੋ-
ਇਹ ਕਲੀਅਰੈਂਸ ਆਰ ਐਂਡ ਐਡਬਲਿਊ (R&AW), ਆਈਬੀ, ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਤੋਂ ਲੈਣਾ ਹੁੰਦਾ ਹੈ।
ਉਹ ਆਨਲਾਈਨ ਵੀਜ਼ਾ ਫਾਰਮ ਵੀ ਨਹੀਂ ਭਰਨ ਦਿੰਦੇ ਹਨ। ਇਹ ਲੋਕ ਸੋਚਦੇ ਹਨ ਕਿ ਇਹ ਸਾਰੀਆਂ ਏਜੰਸੀਆਂ ਕੀ ਮੈਨੂੰ ਬਸ ਐਵੇਂ ਹੀ ਆਗਿਆ ਦੇ ਰਹੀਆਂ ਸਨ।
ਅਰੂਸਾ ਆਲਮ ਅਤੇ ਸਿਆਸਤ
ਪੰਜਾਬ ਦੀ ਸਿਆਸਤ ਨੂੰ ਕਰੀਬ ਤੋਂ ਜਾਨਣ ਵਾਲੇ ਮਾਹਿਰ ਮੰਨਦੇ ਹਨ ਕਿ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਸਾਲ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਇਸ ਮਾਮਲੇ ਨੂੰ ਹਵਾ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਅਮਰਿੰਦਰ ਸਿੰਘ ਦੇ ਫੇਸਬੁੱਕ 'ਤੇ ਅਰੂਸਾ ਆਲਮ ਦੀ ਭਾਰਤੀ ਵਫ਼ਦ ਨਾਲ ਫੋਟੋ ਸ਼ੇਅਰ ਕਰਨਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਭਾਰਤ ਦੌਰੇ ਕੋਈ ਰਹੱਸ ਨਹੀਂ ਸਨ ਅਤੇ ਜਿਨ੍ਹਾਂ ਦਾ ਨਾਲ ਉਹ ਮਿਲਦੀ ਸੀ ਕੀ ਉਹ ਵੀ ਆਈਐੱਸਆਈ ਦੇ ਏਜੰਟ ਹਨ?
ਸਿਆਸੀ ਵਿਸ਼ਲੇਸ਼ਕ ਵਿਪਿਨ ਪੱਬੀ ਬੀਬੀਸੀ ਨਾਲ ਗੱਲ ਕਰਦਿਆਂ ਕਹਿੰਦੇ ਹਨ, "ਅੱਜ ਸਿੱਧੂ, ਰੰਧਾਵਾ ਜੋ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਤੋਂ ਕੈਪਟਨ ਅਤੇ ਅਰੂਸਾ ਦੀ ਦੋਸਤੀ ਨੂੰ ਜਾਣਦੇ ਸਨ।
"ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਉਹ ਕੈਪਟਨ ਦੇ ਘਰ ਹੀ ਰਹਿੰਦੀ ਹੈ। ਉਨ੍ਹਾਂ ਉਦੋਂ ਕਿਉਂ ਨਹੀਂ ਸਵਾਲ ਚੁੱਕੇ?"
"ਹੁਣ ਜਦੋਂ ਉਹ (ਕੈਪਟਨ) ਮੁੱਖ ਮੰਤਰੀ ਦੇ ਅਹੁਦੇ 'ਤੇ ਨਹੀਂ ਰਹੇ, ਉਨ੍ਹਾਂ ਦੇ ਵਿਰੋਧੀ ਪਾਵਰ ਵਿੱਚ ਆ ਗਏ ਹਨ ਤਾਂ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਹੈ।"

ਤਸਵੀਰ ਸਰੋਤ, Captain Amrinder Singh FB
"ਤਾਂ ਜੋ ਅਮਰਿੰਦਰ ਸਿੰਘ ਨੂੰ ਬਦਨਾਮ ਕੀਤਾ ਜਾਵੇ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਕਹਿ ਰਹੇ ਹਨ ਮੈਂ ਵੱਖਰੀ ਪਾਰਟੀ ਬਣਾਵਾਂਗਾ ਅਤੇ ਕਾਂਗਰਸ ਤੇ ਸਿੱਧੂ ਦਾ ਵਿਰੋਧ ਕਰਾਂਗਾ। ਹਾਲਾਂਕਿ, ਇਸ ਨਾਲ ਕੋਈ ਅਸਰ ਨਹੀਂ ਹੋਵੇਗਾ।"
ਪੰਜਾਬ ਦੀ ਰਣਨੀਤੀ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਰਿਸ਼ਤੇ ਕਿਸੇ ਤੋਂ ਲੁਕੇ ਨਹੀਂ ਹਨ।

ਤਸਵੀਰ ਸਰੋਤ, Ani
ਵਿਪਿਨ ਪੱਬੀ ਮੰਨਦੇ ਹਨ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਿਰੋਧੀਆਂ ਦੀ ਅਮਰਿੰਦਰ ਸਿੰਘ ਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਹੈ, ਪਰ ਇਸ ਦਾ ਅਸਰ ਨਹੀਂ ਪਵੇਗਾ।
ਪਰ ਉਹ ਇਹ ਵੀ ਦੱਸਦੇ ਹਨ ਕਿ ਵਿਰੋਧੀਆਂ ਦੇ ਇਹ ਇਲਜ਼ਾਮ ਹਨ ਕਿ ਅਰੂਸਾ ਆਲਮ ਅਮਰਿੰਦਰ ਸਿੰਘ ਦੇ ਨਾਲ ਬੈਠਕਾਂ ਵਿੱਚ ਹਿੱਸਾ ਲੈਂਦੀ ਸੀ ਅਤੇ ਕਈ ਫ਼ੈਸਲਿਆਂ ਵਿੱਚ ਉਨ੍ਹਾਂ ਦਾ ਅਸਰ ਰਹਿੰਦਾ ਸੀ, ਹੁਣ ਇਹ ਗੱਲਾਂ ਮੌਖਿਕ ਤੌਰ 'ਤੇ ਕਹੀਆਂ ਜਾਣ ਲੱਗੀਆਂ ਹਨ।
ਹਾਲਾਂਕਿ, ਅਰੂਸਾ ਆਲਮ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਪਰ ਆਮ ਲੋਕਾਂ ਵਿੱਚ ਇਹ ਭਾਵਨਾ ਰਹੀ ਹੈ।
ਕੌਣ ਹੈ ਅਰੂਸਾ ਆਲਮ
ਬੀਬੀਸੀ ਉਰਦੂ ਦੀ ਸਹਿਯੋਗੀ ਹੁਦਾ ਇਕਰਮ ਦੱਸਦੀ ਹੈ ਕਿ ਅਰੂਸਾ ਆਲਮ ਨੇ ਪੱਤਰਕਾਰਿਤਾ ਦੀ ਸ਼ੁਰੂਆਤ 80 ਦੇ ਮੱਧ ਵਿੱਚ ਕੀਤੀ ਸੀ ਅਤੇ ਉਹ ਰੱਖਿਆ ਮਾਮਲਿਆਂ 'ਤੇ ਰਿਪੋਰਟਿੰਗ ਕਰਦੀ ਹੈ।
ਉਨ੍ਹਾਂ ਨੇ ਅਗਸਤਾ-90 ਬੀ ਪਡੁੱਬੀ ਸੌਦੇ 'ਤੇ ਰਿਪੋਰਟਿੰਗ ਕੀਤੀ ਸੀ ਅਤੇ ਘੁਟਾਲੇ ਨੂੰ ਉਜਾਗਰ ਕੀਤਾ ਸੀ।
ਇਹ ਸੌਦਾ ਫਰਾਂਸ ਅਤੇ ਪਾਕਿਸਤਾਨ ਵਿਚਾਲੇ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਰਿਪੋਰਟਿੰਗ ਕਾਰਨ ਪਾਕਿਸਤਾਨ ਦੇ ਤਤਕਾਲੀ ਨੌਸੈਨਾ ਮੁਖੀ ਮੰਮਰੂਲ ਹਕ ਦੀ ਗ੍ਰਿਫ਼ਤਾਰੀ ਹੋਈ ਸੀ।
ਉਹ ਅਕਲੀਮ ਅਖ਼ਤਰ ਦੀ ਬੇਟੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਮਾਂ ਤਤਕਾਲੀ ਰਾਸ਼ਟਰਪਤੀ ਯਾਹਿਆ ਖ਼ਾਨ ਦੀ ਕਰੀਬੀ ਦੋਸਤ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੰਨਿਆ ਜਾਂਦਾ ਹੈ ਕਿ ਅਰੂਸਾ ਆਲਮ ਦੀ ਮਾਂ ਦੀ ਕਾਫੀ ਜਾਣ-ਪਛਾਣ ਸੀ ਅਤੇ ਉਹ ਪ੍ਰਭਾਵਸ਼ਾਲੀ ਵੀ ਮੰਨੀ ਜਾਂਦੀ ਸੀ ਅਤੇ ਇਸੇ ਕਾਰਨ ਉਨ੍ਹਾਂ ਨੂੰ 'ਜਨਰਲ ਰਾਣੀ' ਕਹਿ ਕੇ ਵੀ ਬੁਲਾਇਆ ਜਾਂਦਾ ਸੀ।
ਉਹ ਦੱਖਣੀ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਉਨ੍ਹਾਂ ਦੇ ਦੋ ਬੇਟੇ ਹਨ। ਇੱਕ ਬੇਟਾ ਅਦਾਕਾਰ ਹੈ ਤਾਂ ਦੂਜਾ ਬੇਟਾ ਵਕੀਲ ਹੈ।

ਤਸਵੀਰ ਸਰੋਤ, Getty Images
ਅਮਰਿੰਦਰ ਸਿੰਘ ਜਦੋਂ ਸਾਲ 2004 ਵਿੱਚ ਪਾਕਿਸਤਾਨ ਦੌਰੇ 'ਤੇ ਗਏ ਸਨ ਉਸ ਵੇਲੇ ਉਨ੍ਹਾਂ ਦੀ ਮੁਲਾਕਾਤ ਲਾਹੌਰ ਵਿੱਚ ਅਰੂਸਾ ਆਲਮ ਨਾਲ ਹੋਈ ਸੀ।
ਸਾਲ 2017 ਵਿੱਚ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਉਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਿਲ ਹੋਈ ਸੀ, ਇਸ ਦੇ ਨਾਲ ਹੀ ਉਨ੍ਹਾਂ ਦੀ ਬਾਓਗ੍ਰਾਫੀ 'ਦਿ ਪੀਪਲਸ ਮਹਾਰਾਜ' ਦੀ ਰਿਲੀਜ਼ ਵਿੱਚ ਵੀ ਅਰੂਸਾ ਆਲਮ ਨੇ ਹਿੱਸਾ ਲਿਆ ਸੀ।
ਅਮਰਿੰਦਰ ਸਿੰਘ ਦੀ ਕਿਤਾਬ ਵਿੱਚ ਵੀ ਅਰੂਸਾ ਆਲਮ ਦੀ ਜ਼ਿਕਰ ਮਿਲਦਾ ਹੈ।
ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਅਮਰਿੰਦਰ ਸਿੰਘ ਛੇਤੀ ਹੀ ਆਪਣੀ ਪਾਰਟੀ ਦਾ ਐਲਾਨ ਕਰਨ ਵਾਲੇ ਹਨ ਅਤੇ ਕੁਝ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ।
ਅਜਿਹੇ ਵਿੱਚ ਕਾਂਗਰਸ ਪਾਰਟੀ ਵਿੱਚ ਕਿਤੇ ਨਾ ਕਿਤੇ ਇਹ ਡਰ ਹੋਵੇਗਾ ਕਿ ਕਿਤੇ ਉਹ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾ ਦੇਣ, ਇਸ ਲਈ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













