1971 ਦੀ ਜੰਗ ਦੌਰਾਨ ਜਦੋਂ ਤਲਾਅ ਹੇਠਾਂ ਪਾਈਪ ਤੋਂ ਸਾਹ ਲੈ ਕੇ ਬਚੇ ਭਾਰਤੀ ਪਾਇਲਟ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
4 ਦਸੰਬਰ, 1971 ਦੀ ਸਵੇਰ ਨੂੰ ਦਮਦਮ ਏਅਰਬੇਸ ਤੋਂ 14 ਸਕੌਡਰਨ ਦੇ ਦੋ ਹੰਟਰ ਜਹਾਜ਼ ਉੱਡੇ ਅਤੇ ਢਾਕਾ ਦੇ ਤੇਜਗਾਓਂ ਏਅਰਪੋਰਟ ਉੱਤੇ ਹਮਲਾ ਕਰ ਦਿੱਤਾ।
ਇੱਕ ਹੰਟਰ ਜਹਾਜ਼ ਵਿੱਚ ਸਵਾਰ ਸਨ - ਸਕੌਡਰਨ ਲੀਡਰ ਕੰਵਲਦੀਪ ਮਹਿਰਾ ਅਤੇ ਦੂਜੇ ਹੰਟਰ ਨੂੰ ਉਡਾ ਰਹੇ ਸੀ ਉਨ੍ਹਾਂ ਦੇ ਨੰਬਰ ਦੋ ਫ਼ਲਾਈਟ ਲੈਫਟੀਨੈਂਟ ਸੰਤੋਸ਼ ਮੋਨੇ।
ਜਦੋਂ ਉਹ ਤੇਜਗਾਓਂ ਹਵਾਈ ਅੱਡੇ ਉੱਤੋਂ ਉੱਡੇ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਨਜ਼ਰ ਹੀ ਨਹੀਂ ਆਏ ਕਿਉਂਕਿ ਪਾਕਿਸਤਾਨੀਆਂ ਨੇ ਉਨ੍ਹਾਂ ਨੂੰ ਚਾਰੇ ਪਾਸੇ ਖਿਲਾਰ ਦਿੱਤਾ ਸੀ।
ਜਦੋਂ ਮਹਿਰਾ ਅਤੇ ਮੋਨੇ ਕੁਝ ਹੋਰ ਟਿਕਾਣਿਆਂ 'ਤੇ ਬੰਬ ਸੁੱਟਣ ਤੋਂ ਬਾਅਦ ਵਾਪਸ ਆਉਣ ਲੱਗੇ, ਤਾਂ ਉਹ ਇੱਕ ਦੂਜੇ ਤੋਂ ਵੱਖ ਹੋ ਗਏ।
ਸਭ ਤੋਂ ਪਹਿਲਾਂ ਮੋਨੇ ਦੀ ਨਜ਼ਰ ਦੂਰੋਂ ਪਾਕਿਸਤਾਨ ਦੇ ਦੋ ਸੇਬਰ ਜੈੱਟ ਉਡਾਣਾਂ 'ਤੇ ਪਈ।
ਕੁਝ ਸਕਿੰਟਾਂ ਦੇ ਅੰਦਰ ਦੋਵੇਂ ਸੇਬਰ ਜੈੱਟ ਜਹਾਜ਼ ਭਾਰਤੀ ਹੰਟਰ ਜਹਾਜ਼ਾਂ ਦੇ ਪਿੱਛੇ ਪੈ ਗਏ। ਅਚਾਨਕ ਮਹਿਰਾ ਨੂੰ ਅਹਿਸਾਸ ਹੋਇਆ ਕਿ ਇੱਕ ਸੇਬਰ ਜੈੱਟ ਜਹਾਜ਼ ਉਨ੍ਹਾਂ ਦੇ ਪਿੱਛੇ ਆ ਰਿਹਾ ਹੈ।

ਤਸਵੀਰ ਸਰੋਤ, Asia@War
ਮਹਿਰਾ ਨੇ ਖੱਬੇ ਪਾਸੇ ਮੁੜ ਕੇ ਮੋਨੇ ਨੂੰ ਉਨ੍ਹਾਂ ਦੀ ਸਥਿਤੀ ਬਾਰੇ ਪੁੱਛਿਆ। ਉਨ੍ਹਾਂ ਨੂੰ ਮੋਨੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਸੇਬਰ ਨੇ ਮਹਿਰਾ ਦੇ ਹੰਟਰ 'ਤੇ ਲਗਾਤਾਰ ਕਈ ਗੋਲੀਆਂ ਚਲਾਈਆਂ। ਮਹਿਰਾ ਨੇ ਮੋਨੇ ਨੂੰ ਪਿੱਛੇ ਤੋਂ ਸੇਬਰ 'ਤੇ ਗੋਲੀ ਚਲਾਉਣ ਲਈ ਕਿਹਾ ਤਾਂ ਜੋ ਉਸ ਤੋਂ ਉਨ੍ਹਾਂ ਦਾ ਪਿੱਛੇ ਛੁੱਟੇ।
ਪਰ ਮਹਿਰਾ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਮੋਨੇ ਦੇ ਹੰਟਰ ਦੇ ਪਿੱਛੇ ਇੱਕ ਹੋਰ ਸੇਬਰ ਲੱਗਿਆ ਹੋਇਆ ਸੀ।
ਕੌਕਪਿਟ ਵਿੱਚ ਧੂੰਆ ਭਰਿਆ
ਉਸ ਸਮੇਂ ਮੋਨੇ ਹੰਟਰ ਦੀ ਸਪੀਡ 360 ਨੌਟਸ ਯਾਨੀ ਕਿ 414 ਕਿਲੋਮੀਟਰ ਪ੍ਰਤੀ ਘੰਟਾ ਸੀ। ਮੋਨੇ ਆਪਣਾ ਜਹਾਜ਼ ਬਹੁਤ ਹੈਠਾ ਲੈ ਆਏ ਅਤੇ ਪੂਰੇ ਜ਼ੋਰ ਨਾਲ ਉੱਡਣ ਲੱਗੇ। ਪਾਕਿਸਤਾਨੀ ਪਾਇਲਟ ਉਨ੍ਹਾਂ 'ਤੇ ਲਗਾਤਾਰ ਗੋਲੀਬਾਰੀ ਕਰਦਾ ਰਿਹਾ ਪਰ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਿਆ।
ਹਾਲਾਂਕਿ ਕੰਵਲਦੀਪ ਮਹਿਰਾ ਇੰਨੇ ਖੁਸ਼ਕਿਸਮਤ ਨਹੀਂ ਸੀ। ਉਨ੍ਹਾਂ ਦੇ ਹੰਟਰ 'ਤੇ ਫਲਾਇੰਗ ਅਫ਼ਸਰ ਸ਼ਮਸੁਲ ਹੱਕ ਦੀਆਂ ਲਗਾਤਾਰ ਗੋਲੀਆਂ ਲਗ ਰਹੀਆਂ ਸੀ। ਉਹ 100 ਫੁੱਟ ਦੀ ਉਚਾਈ 'ਤੇ ਉੱਡ ਰਹੇ ਸੀ ਅਤੇ ਉਨ੍ਹਾਂ ਦੇ ਜਹਾਜ਼ ਨੂੰ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ:
ਫਿਰ ਪਿੱਛੋਂ ਆਉਣ ਵਾਲੇ ਸੇਬਰ ਮਹਿਰਾ ਦੇ ਹੰਟਰ ਨੂੰ ਪਛਾੜਦਾ (ਓਵਰਸ਼ੌਟ ਕਰਦਾ) ਹੋਇਆ ਅੱਗੇ ਨਿਕਲ ਗਿਆ।
ਮਹਿਰਾ ਉਸ ਉੱਤੇ ਨਿਸ਼ਾਨਾ ਲਾਉਣਾ ਚਾਹੁੰਦੇ ਸੀ ਪਰ ਲਗਾ ਨਹੀਂ ਸਕੇ ਕਿਉਂਕਿ ਉਨ੍ਹਾਂ ਦੇ ਕੌਕਪਿਟ ਵਿੱਚ ਧੂੰਆਂ ਭਰ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਹੌਲੀ-ਹੌਲੀ ਅੱਗ ਉਨ੍ਹਾਂ ਦੇ ਕੌਕਪਿਟ ਤੱਕ ਪਹੁੰਚਣ ਲੱਗੀ।
ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਆਪਣੀ ਕਿਤਾਬ 'ਈਗਲਜ਼ ਓਵਰ ਬੰਗਲਾਦੇਸ਼' ਵਿੱਚ ਲਿਖਦੇ ਹਨ, "ਮਹਿਰਾ ਨੇ ਬਿਨਾਂ ਦੇਰ ਕੀਤੇ ਆਪਣੀਆਂ ਲੱਤਾਂ ਦੇ ਵਿਚਕਾਰ ਇਜੈਕਸ਼ਨ ਬਟਨ ਦਬਾਇਆ। ਪਰ ਇੱਕ ਮਾਈਕ੍ਰੋਸਕਿੰਟ ਵਿੱਚ ਖੁੱਲ੍ਹਣ ਵਾਲਾ ਪੈਰਾਸ਼ੂਟ ਖੁੱਲ੍ਹਿਆ ਹੀ ਨਹੀਂ।''
''ਜਹਾਜ਼ ਦੇ ਉੱਪਰ ਲੱਗਣ ਵਾਲੀ ਛਤਰੀ (ਕੈਨੋਪੀ) ਜ਼ਰੂਰ ਵੱਖ ਹੋ ਗਈ। ਨਤੀਜਾ ਇਹ ਹੋਇਆ ਕਿ ਹਵਾ ਦਾ ਤੇਜ਼ ਝੱਖੜ ਇੰਨੀ ਤੇਜ਼ੀ ਨਾਲ ਆਇਆ ਕਿ ਮਹਿਰਾ ਦੇ ਦਸਤਾਨੇ ਅਤੇ ਘੜੀ ਟੁੱਟ ਗਈ ਅਤੇ ਹਵਾ ਵਿੱਚ ਉੱਡ ਗਏ। ਇੰਨਾ ਹੀ ਨਹੀਂ ਉਨ੍ਹਾਂ ਦਾ ਸੱਜਾ ਹਿੱਸਾ ਇੰਨੀ ਤੇਜ਼ੀ ਨਾਲ ਪਿੱਛੇ ਮੁੜਿਆ ਕਿ ਉਨ੍ਹਾਂ ਦਾ ਮੋਢਾ ਟੁੱਟ ਗਿਆ।''

ਤਸਵੀਰ ਸਰੋਤ, Getty Images
ਜਗਨਮੋਹਨ ਅਤੇ ਚੋਪੜਾ ਆਪਣੀ ਕਿਤਾਬ ਵਿੱਚ ਅੱਗੇ ਲਿਖਦੇ ਹਨ, "ਕਿਸੇ ਤਰ੍ਹਾਂ ਮਹਿਰਾ ਨੇ ਪੈਰਾਸ਼ੂਟ ਦਾ ਲੀਵਰ ਆਪਣੇ ਖੱਬੇ ਹੱਥ ਨਾਲ ਫਿਰ ਦਬਾ ਦਿੱਤਾ। ਇਸ ਵਾਰ ਪੈਰਾਸ਼ੂਟ ਖੁੱਲ੍ਹ ਗਿਆ ਅਤੇ ਮਹਿਰਾ ਹਵਾ ਵਿੱਚ ਉੱਡਦੇ ਚਲੇ ਗਏ। ਮਹਿਰਾ ਦੇ ਹੇਠਾਂ ਡਿੱਗਦੇ ਹੀ ਬੰਗਾਲੀ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।''
''ਸ਼ੁਕਰ ਇਹ ਰਿਹਾ ਕਿ ਦੋ ਲੋਕਾਂ ਨੇ ਭੀੜ ਨੂੰ ਰੋਕ ਕੇ ਮਹਿਰਾ ਤੋਂ ਉਨ੍ਹਾਂ ਦੀ ਪਛਾਣ ਪੁੱਛੀ। ਮਹਿਰਾ ਦੀ ਸਿਗਰਟ ਅਤੇ ਪਛਾਣ ਪੱਤਰ ਤੋਂ ਪਤਾ ਚੱਲਿਆ ਕਿ ਉਹ ਭਾਰਤੀ ਹਨ। ਮਹਿਰਾ ਖੁਸ਼ਕਿਸਮਤ ਸੀ ਕਿ ਉਹ ਮੁਕਤੀ ਬਾਹਿਨੀ ਦੇ ਲੜਾਕਿਆਂ ਵਿੱਚ ਡਿੱਗੇ ਸੀ।"
ਮਹਿਰਾ 'ਮਿਸਿੰਗ ਇੰਨ ਐਕਸ਼ਨ' ਐਲਾਨੇ ਗਏ
ਪਿੰਡ ਵਾਲਿਆਂ ਨੇ ਮਹਿਰਾ ਨੂੰ ਚੁੱਕ ਲਿਆ। ਉਨ੍ਹਾਂ ਦੇ ਕੱਪੜੇ ਬਦਲ ਕੇ ਉਨ੍ਹਾਂ ਨੂੰ ਲੂੰਗੀ ਪਾਉਣ ਲਈ ਦਿੱਤੀ। ਇੱਕ ਮੁਕਤੀ ਬਾਹਿਨੀ ਯੋਧੇ ਨੇ ਉਨ੍ਹਾਂ ਕੋਲੋਂ ਆਪਣੀ ਪਿਸਤੌਲ ਲੈ ਲਈ। ਇਹ ਸ਼ਾਇਦ ਬਾਅਦ ਵਿੱਚ ਕਿਤੇ ਵਰਤੀ ਗਈ ਸੀ।
ਮਹਿਰਾ ਇੰਨੇ ਜ਼ਖਮੀ ਹੋ ਗਏ ਸੀ ਕਿ ਉਹ ਆਪਣੇ ਪੈਰਾਂ 'ਤੇ ਨਹੀਂ ਚੱਲ ਸਕਦੇ ਸੀ। ਉਨ੍ਹਾਂ ਨੂੰ ਸਟਰੈਚਰ 'ਤੇ ਬਿਠਾ ਕੇ ਨੇੜਲੇ ਪਿੰਡ ਲੈ ਗਏ। ਪਰ ਰਸਤੇ ਵਿੱਚ ਮਹਿਰਾ ਫਿਰ ਬੇਹੋਸ਼ ਹੋ ਗਏ।
ਪਿੰਡ ਪਹੁੰਚ ਕੇ ਪਿੰਡ ਵਾਸੀਆਂ ਨੇ ਮਹਿਰਾ ਨੂੰ ਨਾਸ਼ਤਾ ਦਿੱਤਾ।
ਇਹ ਉਨ੍ਹਾਂ ਦੇ ਦਿਨ ਦਾ ਪਹਿਲਾ ਭੋਜਨ ਸੀ ਕਿਉਂਕਿ ਮਹਿਰਾ ਸਵੇਰੇ ਹੀ ਹਮਲਾ ਕਰਨ ਲਈ ਆਪਣੇ ਜਹਾਜ਼ ਤੋਂ ਰਵਾਨਾ ਹੋ ਗਏ ਸੀ।
ਜਦੋਂ ਕੁਝ ਦਿਨਾਂ ਤੱਕ ਭਾਰਤੀ ਹਵਾਈ ਫ਼ੌਜ ਨੂੰ ਮਹਿਰਾ ਦੀ ਖ਼ਬਰ ਨਾ ਮਿਲੀ ਤਾਂ ਉਨ੍ਹਾਂ ਨੂੰ 'ਮਿਸਿੰਗ ਇਨ ਐਕਸ਼ਨ' ਐਲਾਨ ਦਿੱਤਾ ਗਿਆ।

ਤਸਵੀਰ ਸਰੋਤ, Asia@War/BBC
ਬਾਅਦ ਵਿੱਚ ਪਾਕਿਸਤਾਨੀ ਫ਼ਲਾਇੰਗ ਅਫ਼ਸਰ ਸ਼ਮਸੁਲ ਹੱਕ ਨੇ ਇਸ ਲੜਾਈ ਦਾ ਵੇਰਵਾ ਦਿੰਦਿਆਂ ਪਾਕਿਸਤਾਨੀ ਹਵਾਈ ਫ਼ੌਜ ਦੀ ਮੈਗਜ਼ੀਨ ਸ਼ਾਹੀਨ ਵਿੱਚ 'ਐਨ ਅਨਮੈਚਡ ਫੀਟ ਇਨ ਦਿ ਏਅਰ' ਲਿਖਿਆ।
ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਕੌਡਰਨ ਲੀਡਰ ਕੇਡੀ ਮਹਿਰਾ ਦਾ ਹੰਟਰ ਮਾਰ ਸੁੱਟਿਆ ਸੀ।
ਢਾਕਾ ਦੇ ਨੇੜੇ ਹੀ ਉਹ ਆਪਣੇ ਜਹਾਜ਼ ਤੋਂ ਇਜੈਕਟ ਹੋਏ ਸੀ। ਮੁਕਤੀ ਬਾਹਿਨੀ ਦੀ ਮਦਦ ਮਿਲਣ ਦੇ ਚੱਲਦੇ ਪਾਕਿਸਤਾਨੀ ਜਵਾਨ ਉਨ੍ਹਾਂ ਨੂੰ ਫੜ੍ਹ ਨਹੀਂ ਸਕੇ ਅਤੇ ਉਹ ਬਾਅਦ ਵਿੱਚ ਸੁਰੱਖਿਅਤ ਭਾਰਤ ਵਾਪਸ ਆ ਗਏ।
ਜ਼ਖਮੀ ਮਹਿਰਾ ਅਗਰਤਲਾ ਦੇ ਨੇੜੇ ਭਾਰਤੀ ਹੈਲੀਪੈਡ ਤੱਕ ਪਹੁੰਚੇ
ਇਸ ਘਟਨਾ ਦੇ ਨੌਂ ਦਿਨਾਂ ਬਾਅਦ ਭਾਰਤੀ ਹੈਲੀਕਾਪਟਰ ਅਗਰਤਲਾ ਖੇਤਰ ਦੇ ਸਰਹੱਦੀ ਖੇਤਰ ਵਿੱਚ ਇੱਕ ਹੈਲੀਪੈਡ ਉੱਤੇ ਉਤਰਿਆ।
ਉਸ ਹੈਲੀਕਾਪਟਰ ਵਿੱਚ ਭਾਰਤੀ ਫ਼ੌਜ ਦੇ ਇੱਕ ਜਨਰਲ ਬੈਠੇ। ਹੈਲੀਕਾਪਟਰ ਤੋਂ ਜਨਰਲ ਦੇ ਉਤਰਨ ਤੋਂ ਬਾਅਦ, ਸਥਾਨਕ ਏਅਰਮੈਨ ਉਸ ਹੈਲੀਕਾਪਟਰ ਦੀ ਸਰਵਿਸ ਕਰ ਰਹੇ ਸੀ ਜਦੋਂਕਿ ਉਸ ਦੇ ਪਾਇਲਟ ਆਪਸ ਵਿੱਚ ਗੱਲ ਕਰ ਰਹੇ ਸਨ।

ਤਸਵੀਰ ਸਰੋਤ, Pakistan Airforce
ਉੱਥੇ ਕਿਸੇ ਦਾ ਧਿਆਨ ਉਸ ਵੱਲ ਨਹੀਂ ਗਿਆ ਕਿ ਓਥੇ ਇੱਕ ਕਮੀਜ਼ ਅਤੇ ਲੂੰਗੀ ਪਾਏ ਹੋਏ ਇੱਕ ਪਤਲਾ ਜਿਹਾ ਵਿਅਕਤੀ ਆਇਆ ਹੈ।
ਉਨ੍ਹਾਂ ਦਾ ਸੱਜਾ ਹੱਥ ਇੱਕ ਸਲਿੰਗ ਵਿੱਚ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੀ ਦਾੜ੍ਹੀ ਵਧੀ ਹੋਈ ਸੀ ਅਤੇ ਉਨ੍ਹਾਂ ਦੇ ਸਾਰੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੀ ਬਾਂਹ ਨੀਲੀ ਹੋ ਗਈ ਸੀ ਅਤੇ ਉਸ ਵਿੱਚ ਗੈਂਗਰੀਨ ਸ਼ੁਰੂ ਹੋ ਗਈ ਸੀ।
ਇੱਕ ਨਜ਼ਰ ਵਿੱਚ ਉਹ ਸ਼ਖ਼ਸ ਉਨ੍ਹਾਂ ਸ਼ਰਨਾਰਥੀਆਂ ਵਰਗਾ ਲਗਦਾ ਸੀ ਜੋ ਉਨ੍ਹਾਂ ਦਿਨਾਂ ਵਿੱਚ ਅਗਰਤਲਾ ਵਿੱਚ ਫੈਲੇ ਹੋਏ ਸਨ।

ਤਸਵੀਰ ਸਰੋਤ, Bharatrakshak.com
ਹਵਾਈ ਫ਼ੌਜ ਦੇ ਪਾਇਲਟਾਂ ਨੂੰ ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਵਿਅਕਤੀ ਨੇ ਜ਼ੋਰ ਨਾਲ ਕਿਹਾ 'ਮਾਮਾ'। ਉਨ੍ਹਾਂ ਵਿੱਚੋਂ ਇੱਕ ਦਾ ਉਪਨਾਮ ਅਸਲ ਵਿੱਚ 'ਮਾਮਾ' ਸੀ।
ਪਰ ਭਾਰਤ ਦੇ ਕਈ ਇਲਾਕਿਆਂ ਵਿੱਚ ਲੋਕ ਇਸ ਸ਼ਬਦ ਦੀ ਇੱਕ ਸੰਬੋਧਨ ਵਜੋਂ ਵੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕੋਈ ਉਨ੍ਹਾਂ ਨੂੰ ਉਸੇ ਤਰੀਕੇ ਨਾਲ ਬੁਲਾ ਰਿਹਾ ਹੈ। ਵੈਸੇ ਵੀ ਉਹ ਨਹੀਂ ਚਾਹੁੰਦੇ ਸੀ ਕਿ ਯੁੱਧ ਦੌਰਾਨ ਕੋਈ ਭਿਖਾਰੀ ਉਨ੍ਹਾਂ ਨੂੰ ਪ੍ਰੇਸ਼ਾਨ ਕਰੇ। ਇਸ ਲਈ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੇ ਬਹੁਤ ਹੀ ਰੁੱਖੇਪਣ ਨਾਲ ਪੁੱਛਿਆ, 'ਕੀ ਹੈ?'
ਮਹਿਰਾ ਨੇ 100 ਮੀਲ ਦਾ ਰਾਹ ਪਾਰ ਕੀਤਾ
ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਉਸ ਵਿਅਕਤੀ ਨੇ ਪਾਇਲਟ ਦਾ ਹੱਥ ਫੜ੍ਹ ਕੇ ਕਿਹਾ, 'ਅਰੇ, ਥੋੜ੍ਹਾ ਤਾਂ ਪਛਾਣੋ।'
ਪਾਇਲਟ ਨੇ ਅਸ਼ਿਸ਼ਟਤਾ ਨਾਲ ਆਪਣਾ ਹੱਥ ਖਿੱਚ ਕੇ ਕਿਹਾ, 'ਮੈਨੂੰ ਨਾ ਛੂਹੋ'।
ਫਿਰ ਉਸ ਅਜਨਬੀ ਨੇ ਪੁੱਛਿਆ 'ਕੀ ਤੁਹਾਡਾ ਕੋਈ ਦੋਸਤ ਹੈ ਜਿਸਦਾ ਨਾਂ ਕੇਡੀ ਹੈ?'
ਪਾਇਲਟ ਨੇ ਜਵਾਬ ਦਿੱਤਾ 'ਹਾਂ ਸਕੌਡਰਨ ਲੀਡਰ ਕੇਡੀ ਮਹਿਰਾ। ਪਰ ਉਹ ਤਾਂ ਮਰ ਗਏ ਹਨ।'
ਵਿਅਕਤੀ ਨੇ ਜਵਾਬ ਦਿੱਤਾ, 'ਨਹੀਂ, ਉਹ ਮੈਂ ਹਾਂ।'
ਉਦੋਂ ਪਾਇਲਟ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਸਾਹਮਣੇ ਭਿਖਾਰੀ ਵਰਗਾ ਦਿਖਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਬਲਕਿ ਸਕੌਡਰਨ ਲੀਡਰ ਕੇਡੀ ਮਹਿਰਾ ਹੈ ਜਿਨ੍ਹਾਂ ਦੇ ਜਹਾਜ਼ ਨੂੰ ਅੱਠ ਦਿਨ ਪਹਿਲਾਂ ਢਾਕਾ ਨੇੜੇ ਮਾਰ ਸੁੱਟਿਆ ਗਿਆ ਸੀ।

ਤਸਵੀਰ ਸਰੋਤ, HARPER COLLINS/BBC
ਕੇਡੀ ਮਹਿਰਾ 'ਮਿਸਿੰਗ ਇਨ ਐਕਸ਼ਨ' ਸਨ ਅਤੇ ਉਨ੍ਹਾਂ ਨੂੰ ਮ੍ਰਿਤਕ ਮੰਨ ਲਿਆ ਗਿਆ ਸੀ। ਮੁਕਤੀ ਬਾਹਿਨੀ ਦੀ ਮਦਦ ਨਾਲ ਮਹਿਰਾ ਲਗਭਗ 100 ਮੀਲ ਦਾ ਰਸਤਾ ਚੱਲਦੇ ਹੋਏ ਉਸ ਥਾਂ 'ਤੇ ਪਹੁੰਚੇ ਸਨ।"
4 ਦਸੰਬਰ ਨੂੰ ਮਹਿਰਾ ਦਾ ਜਹਾਜ਼ ਡਿੱਗਣ ਤੋਂ ਬਾਅਦ ਮੁਕਤੀ ਬਾਹਿਨੀ ਦੇ ਲੜਾਕਿਆਂ ਨੇ ਮਹਿਰਾ ਦੀ ਦੇਖਭਾਲ ਕੀਤੀ। ਉਨ੍ਹਾਂ ਨੂੰ ਭੋਜਨ ਦਿੱਤਾ ਸੀ।
ਉਨ੍ਹਾਂ ਦੀ ਸੱਟ 'ਤੇ ਪੱਟੀ ਬੰਨ੍ਹੀ ਅਤੇ ਉਨ੍ਹਾਂ ਦੀ ਪੂਰੀ ਦੇਖਭਾਲ ਕੀਤੀ ਗਈ ਸੀ। ਮੁਕਤੀ ਬਾਹਿਨੀ ਦੇ ਇੱਕ ਨੌਜਵਾਨ ਸਿਪਾਹੀ ਸ਼ੁਏਬ ਨੇ ਮਹਿਰਾ ਨੂੰ ਲੂੰਗੀ ਅਤੇ ਕਮੀਜ਼ ਪਹਿਨਾ ਕੇ ਭਾਰਤੀ ਠਿਕਾਣਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਫਲਾਇੰਗ ਸੂਟ ਅਤੇ ਆਈਏਐੱਫ਼ ਦੇ ਪਛਾਣ ਪੱਤਰ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਹਿਰਾ ਨੂੰ ਤਲਾਅ ਦੇ ਪਾਣੀ ਹੇਠਾਂ ਰੱਖਿਆ ਗਿਆ
ਵਿੰਗ ਕਮਾਂਡਰ ਐੱਮਐੱਲ ਬਾਲਾ ਆਪਣੀ ਕਿਤਾਬ 'ਇਲੈਕਟ੍ਰੌਨਿਕ ਵਾਰਫੇਅਰ ਆਫ਼ ਦਿ ਅਨਟੋਲਡ ਸਟੋਰੀ ਆਫ਼ 1971' ਵਿੱਚ ਲਿਖਦੇ ਹਨ, '' ਮਹਿਰਾ ਦੇ ਮੁਕਤੀ ਬਾਹਿਨੀ ਦੇ ਨਾਲ ਰਹਿਣ ਦੀ ਖ਼ਬਰ ਭਾਰਤੀ ਫੌਜ ਨੂੰ ਦਿੱਤੀ ਗਈ ਸੀ ਪਰ ਇਸ ਡਰ ਕਾਰਨ ਇਸ ਦਾ ਬਹੁਤਾ ਪ੍ਰਚਾਰ ਨਹੀਂ ਗਿਆ ਸੀ ਕਿ ਕਿਤੇ ਪਾਕਿਸਤਾਨੀ ਉਨ੍ਹਾਂ ਦੀ ਖੋਜ ਨਾ ਸ਼ੁਰੂ ਕਰ ਦੇਣ।''
''ਮਹਿਰਾ ਦੇ 14 ਸਕੌਡਰਨ ਨੂੰ ਦੋ ਦਿਨਾਂ ਬਾਅਦ ਪਤਾ ਲੱਗਾ ਕਿ ਬਚਾਏ ਗਏ ਪਾਇਲਟ ਸ਼ਾਇਦ ਕੇਡੀ ਮਹਿਰਾ ਸਨ।"
ਐੱਮਐੱਲ ਬਾਲਾ ਲਿਖਦੇ ਹਨ, "ਮਹਿਰਾ ਨੂੰ ਉਸ ਪਿੰਡ ਵਿੱਚ ਥੋੜ੍ਹੀ ਹੀ ਦੇਰ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਦਾ ਜਹਾਜ਼ ਡਿੱਗਿਆ ਸੀ। ਫਿਰ ਉਨ੍ਹਾਂ ਨੂੰ ਝੌਂਪੜੀ 'ਚੋਂ ਕੱਢ ਕੇ ਇੱਕ ਤਲਾਅ ਵਿੱਚ ਪਾਣੀ ਦੇ ਹੇਠਾਂ ਲੁਕੋ ਦਿੱਤਾ ਗਿਆ। ਉਨ੍ਹਾਂ ਨੂੰ ਇੱਕ ਪਾਈਪ ਦਿੱਤੀ ਗਈ ਸੀ ਤਾਂ ਜੋ ਉਹ ਸਾਹ ਲੈ ਸਕਣ। ਮਹਿਰਾ ਨੇ ਸਾਰੀ ਦੁਪਹਿਰ ਤਲਾਅ ਦੇ ਹੇਠਾਂ ਪਾਣੀ ਵਿੱਚ ਬਿਤਾਈ।"

ਤਸਵੀਰ ਸਰੋਤ, Getty Images
"ਜਦੋਂ ਸ਼ਾਮ ਨੂੰ ਹਨੇਰਾ ਹੋ ਗਿਆ ਤਾਂ ਪਿੰਡ ਵਾਲਿਆਂ ਨੇ ਆ ਕੇ ਉਨ੍ਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਮਹਿਰਾ ਨੂੰ ਲੱਭਣ ਲਈ ਨਿਕਲੇ ਪਾਕਿਸਤਾਨੀ ਜਵਾਨ ਨੇ ਉਸ ਪੂਰੇ ਪਿੰਡ ਨੂੰ ਸਾੜ ਦਿੱਤਾ ਪਰ ਕਿਸੇ ਵੀ ਵਿਅਕਤੀ ਨੇ ਮਹਿਰਾ ਦੀ ਮੁਖ਼ਬਰੀ ਨਹੀਂ ਕੀਤੀ।''
''ਪਾਕਿਸਤਾਨੀ ਜਵਾਨਾਂ ਦੇ ਤਸ਼ਦੱਦ ਨੂੰ ਸਹਿੰਦੇ ਹੋਏ, ਪਿੰਡ ਵਾਸੀਆਂ ਨੇ ਮਹਿਰਾ ਨੂੰ ਆਪਣੇ ਕੋਲ ਪੰਜ ਦਿਨਾਂ ਤੱਕ ਸੁਰੱਖਿਅਤ ਰੱਖਿਆ।"
ਭਾਰਤੀ ਜਹਾਜ਼ਾਂ ਨੂੰ ਪਾਕਿਸਤਾਨੀ ਗਨਬੋਟ ਤੋਂ ਬਚਾਇਆ ਗਿਆ
ਕੇਡੀ ਮਹਿਰਾ ਨੇ ਢਾਕਾ ਦੇ ਪੱਛਮ ਵਿੱਚ ਪੈਰਾਸ਼ੂਟ ਤੋਂ ਛਾਲ ਮਾਰ ਦਿੱਤੀ ਸੀ। ਮੁੱਕਤੀ ਬਾਹਿਨੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਲਈ ਸਭ ਤੋਂ ਚੰਗਾ ਇਹੀ ਹੋਵੇਗਾ ਕਿ ਪੂਰਬ ਵੱਲ ਅਗਰਤਲਾ ਵੱਲ ਚਲੇ ਜਾਣ।
ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਸ਼ੁਏਬ ਦੇ ਨਾਲ ਮਹਿਰਾ ਨੇ ਇੱਕ ਮਛੇਰੇ ਦੀ ਕਿਸ਼ਤੀ ਵਿੱਚ ਮੇਘਨਾ ਨਦੀ ਪਾਰ ਕੀਤੀ। ਉਦੋਂ ਉਨ੍ਹਾਂ ਦੇ ਨਾਲ ਮੁਕਤੀ ਬਾਹਿਨੀ ਦਾ ਇੱਕ ਹੋਰ ਯੋਧਾ ਸਰਵਰ ਵੀ ਆ ਗਿਆ।''
''ਨਦੀ ਪਾਰ ਕਰਨ ਵੇਲੇ ਵੱਡਾ ਖ਼ਤਰਾ ਉਦੋਂ ਆਇਆ ਜਦੋਂ ਪਾਕਿਸਤਾਨ ਦਾ ਇੱਕ ਗਨਬੋਟ ਕਾਫ਼ਲਾ ਉਨ੍ਹਾਂ ਨੂੰ ਆਉਂਦਾ ਨਜ਼ਰ ਆਇਆ। ਮਹਿਰਾ ਅਤੇ ਉਨ੍ਹਾਂ ਦੇ ਰੱਖਿਅਕਾਂ ਦੀ ਪੂਰੀ ਕੋਸ਼ਿਸ਼ ਸੀ ਕਿ ਉਹ ਪਾਕਿਸਤਾਨੀ ਗਨਬੋਟਸ ਤੋਂ ਦੂਰ ਰਹਿਣ। ਜੇ ਪਾਕਿਸਤਾਨੀ ਕਿਸ਼ਤੀ ਉਨ੍ਹਾਂ ਨੂੰ ਫੜ ਲੈਂਦੀ ਤਾਂ ਉਨ੍ਹਾਂ ਦੀ ਮੌਤ ਯਕੀਨੀ ਸੀ।''

ਤਸਵੀਰ ਸਰੋਤ, Asia@War
ਉਹ ਅੱਗੇ ਲਿਖਦੇ ਹਨ, "ਪਾਕਿਸਤਾਨੀ ਕਿਸ਼ਤੀ ਨੇੜੇ ਆਉਂਦੇ ਹੀ ਚਲੀ ਜਾ ਰਹੀ ਸੀ ਅਤੇ ਮਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਾੜੇ ਤੋਂ ਮਾੜੇ ਹਾਲਾਤ ਲਈ ਖੁਦ ਨੂੰ ਤਿਆਰ ਕਰ ਲਿਆ ਸੀ। ਫਿਰ ਅਚਾਨਕ ਭਾਰਤੀ ਹਵਾਈ ਸੈਨਾ ਦੇ ਚਾਰ ਜਹਾਜ਼ਾਂ ਦੇ ਹੇਠਾਂ ਆ ਕੇ ਪਾਕਿਸਤਾਨੀ ਗਨਬੋਟ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੁਆਰਾ ਸੁੱਟੇ ਗਏ ਬੰਬਾਂ ਕਾਰਨ ਕਿਸ਼ਤੀ ਵਿੱਚ ਅੱਗ ਲਗ ਗਈ।''
''ਮਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਾਨ ਵਿੱਚ ਜਾਨ ਆਈ ਅਤੇ ਉਨ੍ਹਾਂ ਨੇ ਪੂਰਬ ਵੱਲ ਵਧਣਾ ਜਾਰੀ ਰੱਖਿਆ। ਕੁਝ ਦੇਰ ਬਾਅਦ ਉਨ੍ਹਾਂ ਨੂੰ ਇੱਕ ਹੋਰ ਪਾਕਿਸਤਾਨੀ ਕਿਸ਼ਤੀ ਨਜ਼ਰ ਆਈ। ਪਰ ਇਨ੍ਹਾਂ ਲੋਕਾਂ ਨੇ ਤੁਰੰਤ ਕੰਢੇ 'ਤੇ ਪਹੁੰਚ 'ਤੇ ਉੱਚੇ ਘਾਹ ਦਾ ਓਹਲਾ ਲੈ ਲਿਆ, ਜਿਸ ਕਾਰਨ ਪਾਕਿਸਤਾਨੀ ਉਨ੍ਹਾਂ ਨੂੰ ਨਹੀਂ ਲੱਭ ਸਕੇ।"
ਹਵਾਈ ਫ਼ੌਜ ਦੇ ਹੈੱਡਕੁਆਰਟਰ ਨੂੰ ਮੈਸੇਜ
ਮੇਘਨਾ ਦੇ ਪੂਰਬੀ ਕੰਢੇ 'ਤੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਅਗਰਤਲਾ ਤੱਕ ਤੀਹ ਮੀਲ ਦਾ ਰਾਹ ਪੈਦਲ ਹੀ ਕਵਰ ਕੀਤਾ। ਸੱਟ ਅਤੇ ਦਰਦ ਦੇ ਬਾਵਜੂਦ ਮਹਿਰਾ ਘੰਟਿਆਂ ਬੱਧੀ ਚੱਲਦੇ ਰਹੇ।
ਅਖੀਰ ਉਹ ਉਸ ਸੜਕ 'ਤੇ ਪਹੁੰਚ ਗਏ ਜਿਸ ਉੱਤੇ ਭਾਰਤੀ ਫੌਜ ਦੇ ਵਾਹਨ ਚੱਲ ਰਹੇ ਸਨ। ਉਨ੍ਹਾਂ ਨੇ ਹੱਥ ਦੇ ਕੇ ਇੱਕ ਜੀਪ ਰੋਕ ਲਈ। ਮਹਿਰਾ ਭਾਰਤੀ ਜਵਾਨਾਂ ਨੂੰ ਹੱਡਬੀਤੀ ਦੱਸਣ ਵਿੱਚ ਕਾਮਯਾਬ ਹੋ ਗਏ।

ਤਸਵੀਰ ਸਰੋਤ, Getty Images
ਉਨ੍ਹਾਂ ਤਿੰਨਾਂ ਨੂੰ ਇੱਕ ਫ਼ੌਜੀ ਜੀਪ ਵਿੱਚ ਲੱਦ ਕੇ ਫ਼ੌਜੀ ਕੈਂਪ ਵਿੱਚ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਸਖ਼ਤ ਪੁੱਛਗਿੱਛ ਕੀਤੀ ਗਈ।
ਮਹਿਰਾ ਦੇ ਜ਼ੋਰ ਪਾਉਣ 'ਤੇ ਏਅਰ ਫੋਰਸ ਹੈੱਡਕੁਆਰਟਰ ਨੂੰ ਸੁਨੇਹਾ ਭੇਜਿਆ ਗਿਆ ਅਤੇ ਫਿਰ ਉੱਥੋਂ ਜਾਣਕਾਰੀ ਮਿਲੀ ਕਿ ਮਹਿਰਾ ਨੂੰ ਚੁੱਕਣ ਲਈ ਹੈਲੀਕਾਪਟਰ ਭੇਜਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤੀ ਫੌਜ ਦੇ ਇੱਕ ਡਾਕਟਰ ਨੇ ਮਹਿਰਾ ਨੂੰ ਖਾਣ ਲਈ ਦਰਦ ਦੀ ਦਵਾਈ ਦਿੱਤੀ।
ਮਹਿਰਾ ਨੇ ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, "ਉਸ ਰਾਤ ਮੈਂ ਪਹਿਲੀ ਵਾਰ ਸ਼ਾਂਤੀ ਨਾਲ ਸੌਂ ਸਕਿਆ ਕਿਉਂਕਿ ਮੈਂ ਪਿਛਲੇ ਅੱਠ ਦਿਨਾਂ ਵਿੱਚ ਪਹਿਲੀ ਵਾਰ ਸੁਰੱਖਿਅਤ ਮਹਿਸੂਸ ਕੀਤਾ। ਮੈਂ ਇਨ੍ਹਾਂ ਸਾਰੇ ਦਿਨਾਂ ਲਈ ਕਦੇ ਵੀ ਸਹਿਜ ਨਹੀਂ ਹੋ ਸਕਦਾ ਕਿਉਂਕਿ ਮੈਂ ਇੱਕ ਅਜਿਹੇ ਖੇਤਰ ਵਿੱਚ ਰਹਿ ਰਿਹਾ ਸੀ ਜਿਸ 'ਤੇ ਹਾਲੇ ਵੀ ਪਾਕਿਸਤਾਨ ਦਾ ਕੰਟਰੋਲ ਸੀ।''

ਤਸਵੀਰ ਸਰੋਤ, Getty Images
12 ਦਸੰਬਰ ਨੂੰ ਫ਼ੌਜ ਦੇ ਕਮਾਂਡਿੰਗ ਅਫ਼ਸਰ ਨੇ ਮਹਿਰਾ ਨੂੰ ਦੱਸਿਆ ਕਿ ਇੱਕ ਜਨਰਲ ਨੂੰ ਲੈ ਕੇ ਹੈਲੀਕਾਪਟਰ ਉੱਥੇ ਪਹੁੰਚਣ ਵਾਲਾ ਸੀ।
ਮਹਿਰਾ ਮੁਕਤੀ ਬਾਹਿਨੀ ਦੇ ਜਵਾਨ ਸ਼ੁਏਬ ਦੇ ਨਾਲ ਇੱਕ ਸਕੂਟਰ 'ਤੇ ਸਵਾਰ ਹੋ ਕੇ ਉਸ ਹੈਲੀਪੈਡ 'ਤੇ ਪਹੁੰਚੇ। ਜਦੋਂ ਮਹਿਰਾ ਨੇ ਹੈਲੀਕਾਪਟਰ ਅਤੇ ਪਾਇਲਟਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਜੂਨੀਅਰ 'ਮਾਮਾ' ਨਿਕਨੇਮ ਵਾਲੇ ਪਾਇਲਟ ਨੂੰ ਤੁਰੰਤ ਪਛਾਣ ਲਿਆ।
ਮਹਿਰਾ ਨੇ ਹਵਾਈ ਫ਼ੌਜ ਤੋਂ ਸਮੇਂ ਤੋਂ ਪਹਿਲਾਂ ਛੁੱਟੀ ਲੈ ਲਈ
ਕੇਡੀ ਮਹਿਰਾ ਨੂੰ ਉਸ ਹੈਲੀਪੈਡ ਤੋਂ ਪਹਿਲਾਂ ਅਗਰਤਲਾ ਲੈ ਜਾਇਆ ਗਿਆ ਅਤੇ ਫਿਰ ਉੱਥੋਂ ਸ਼ਿਲਾਂਗ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਕੀਤਾ ਗਿਆ।
ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਇੱਕ ਡਕੋਟਾ ਜਹਾਜ਼ ਵਿੱਚ ਬੈਠਾ ਕੇ ਦਿੱਲੀ ਲਿਆਂਦਾ ਗਿਆ। ਮਹਿਰਾ ਦਾ ਇਲਾਜ ਕਈ ਮਹੀਨਿਆਂ ਤੱਕ ਜਾਰੀ ਰਿਹਾ।
ਇੱਕ ਸਮੇਂ ਤਾਂ ਉਨ੍ਹਾਂ ਦਾ ਹੱਥ ਕੱਟਣ ਤੱਕ ਦੀ ਹਾਲਤ ਹੋ ਗਈ ਸੀ। ਬਾਅਦ ਵਿੱਚ ਉਨ੍ਹਾਂ ਦਾ ਹੱਥ ਤਾਂ ਬਚ ਗਿਆ ਪਰ ਹੋਰ ਸਿਹਤ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਦੇ ਉੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ।
ਯੁੱਧ ਖ਼ਤਮ ਹੋਣ ਦੇ ਪੰਜ ਸਾਲਾਂ ਬਾਅਦ ਹਵਾਈ ਫ਼ੌਜ ਤੋਂ ਸਮੇਂ ਤੋਂ ਪਹਿਲਾਂ ਹੀ ਛੁੱਟੀ ਲੈ ਲਈ। 4 ਸਤੰਬਰ 2012 ਨੂੰ ਸਕੌਡਰਨ ਲੀਡਰ ਕੰਵਲਦੀਪ ਮਹਿਰਾ ਨੇ 73 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












