You’re viewing a text-only version of this website that uses less data. View the main version of the website including all images and videos.
ਗੁਰਦੁਆਰਾ ਬੰਗਲਾ ਸਾਹਿਬ ਸ਼ਰਧਾਲੂਆਂ ਲਈ ਬੰਦ ਕਰਨ ਦੇ ਕਿਉਂ ਦਿੱਤੇ ਗਏ ਹੁਕਮ -ਪ੍ਰੈਸ ਰੀਵਿਊ
ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਨੂੰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫ਼ੈਸਲਾ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਕਥਿਤ ਉਲੰਘਣਾ ਕਾਰਨ ਦਿੱਤਾ ਗਿਆ ਹੈ।
'ਪੰਜਾਬੀ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕਾਰਜਕਾਰੀ ਮੈਜਿਸਟ੍ਰੇਟ (ਚਾਣਕਿਆਪੁਰੀ)ਦੀ ਰਿਪੋਰਟ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਅੰਦਰ ਜਾਣ ਅਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਗਈ।
ਨਵੇਂ ਹੁਕਮਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਗੁਰਦੁਆਰੇ ਨੂੰ ਸ਼ਰਧਾਲੂਆਂ ਲਈ ਬੰਦ ਕਰਨ ਦੇ ਨਿਰਦੇਸ਼ ਹਨ।
ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਕਾਰਕੁਨ ਵੱਡੀ ਗਿਣਤੀ ਵਿਚ ਬੰਗਲਾ ਸਾਹਿਬ ਪਹੁੰਚੇ ਸਨ। ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਸਾਲ ਪੂਰਾ ਹੋਣ ਉੱਤੇ ਸੰਸਦ ਭਵਨ ਵੱਲ ਮਾਰਚ ਕੀਤਾ ਸੀ।
ਇਹ ਵੀ ਪੜ੍ਹੋ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਹੁਕਮ ਰੱਦ ਕਰਨ ਅਤੇ ਜ਼ਿਲ੍ਹਾ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਆਖਿਆ ਹੈ।
ਸਿਰਸਾ ਨੇ ਆਖਿਆ ਕਿ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ. ਅਸੀਂ ਦਿੱਲੀ ਸਰਕਾਰ ਦੀ ਇਸ ਮਾਨਸਿਕਤਾ ਦੀ ਨਿੰਦਿਆ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਹਾਂ ਕਿ ਸਬੰਧਿਤ ਡੀਸੀ ਅਤੇ ਐਸਡੀਐਮ ਵਿਰੁੱਧ ਕਾਰਵਾਈ ਕਰਨ।
ਸੋਨੂੰ ਸੂਦ ਉੱਤੇ 20 ਕਰੋੜ ਦੀ ਟੈਕਸ ਚੋਰੀ ਦਾ ਇਲਜ਼ਾਮ
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਨੇ ਅੱਜ ਆਖਿਆ ਕਿ ਅਦਾਕਾਰ ਸੋਨੂ ਸੂਦ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 20 ਕਰੋੜ ਤੋਂ ਵੱਧ ਦੀ ਟੈਕਸ ਚੋਰੀ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਵਿੱਚ ਛਪੀ ਖ਼ਬਰ ਮੁਤਾਬਕ ਸੋਨੂੰ ਸੂਦ ਦੇ ਘਰ ਅਤੇ ਲਖਨਊ ਦੇ ਇਕ ਸਮੂਹ ਉੱਪਰ ਛਾਪੇਮਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ।
ਵਿਭਾਗ ਅਨੁਸਾਰ ਵਿਦੇਸ਼ਾਂ ਤੋਂ ਮਿਲਣ ਵਾਲੇ ਫੰਡ ਵਿੱਚ ਵੀ ਚੋਰੀ ਹੋਈ ਹੈ ਅਤੇ ਇਹ ਰਕਮ ਦੋ ਕਰੋੜ ਤੋਂ ਵੱਧ ਹੈ।
ਦੋ ਦਿਨਾਂ ਵਿੱਚ ਮੁੰਬਈ ,ਲਖਨਊ, ਕਾਨਪੁਰ ਜੈਪੁਰ, ਦਿੱਲੀ ਅਤੇ ਗੁਰੂਗ੍ਰਾਮ ਵਿੱਚ ਕਈ ਜਗ੍ਹਾ ਤਲਾਸ਼ੀ ਲਈ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੇ ਪੰਜ ਕਾਰਨ
ਪੰਜਾਬ ਕਾਂਗਰਸ ਦੀ ਆਪਸੀ ਖਿੱਚੋਤਾਣ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਖ਼ਬਰ ਨੇ ਇਸ ਸਿਹਤ ਦੇ ਕੁਝ ਕਾਰਨਾਂ ਉੱਪਰ ਚਾਨਣਾ ਪਾਇਆ ਹੈ।
ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਪ੍ਰਚਾਰ ਦੌਰਾਨ ਬੇਅਦਬੀ ਅਤੇ ਨਸ਼ਿਆਂ ਸਬੰਧੀ ਸਖ਼ਤ ਕਾਰਵਾਈ ਦੀ ਗੱਲ ਆਖੀ ਗਈ ਸੀ ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤਣ ਤੇ ਵੀ ਇਸ ਬਾਰੇ ਕੋਈ ਠੋਸ ਕਾਰਵਾਈ ਨਾ ਹੋ ਸਕੀ।
ਵਿਧਾਇਕਾਂ ਅਤੇ ਪਾਰਟੀ ਦੇ ਆਗੂਆਂ ਦਾ ਕੈਪਟਨ ਨੂੰ ਮਿਲਣਾ ਔਖਾ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫਾਰਮ ਹਾਊਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਸਿਵਲ ਸਕੱਤਰੇਤ ਵੀ ਘੱਟ ਹੀ ਜਾਂਦੇ ਸਨ। ਇਸ ਦੂਰੀ ਕਾਰਨ ਕਈ ਵਿਧਾਇਕ ਨਾਰਾਜ਼ ਸਨ।
ਅਫ਼ਸਰਸ਼ਾਹੀ ਨੂੰ ਵੀ ਅਸੀਂ ਹੈ ਦਾ ਇੱਕ ਕਾਰਨ ਮੰਨਿਆ ਗਿਆ ਹੈ। ਖ਼ਬਰ ਮੁਤਾਬਕ ਕਾਂਗਰਸੀ ਵਿਧਾਇਕ ਸ਼ਿਕਾਇਤ ਕਰਦੇ ਸਨ ਕਿ ਸਰਕਾਰ ਨੂੰ ਅਫ਼ਸਰ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ।
ਕਾਂਗਰਸ ਪਾਰਟੀ ਵੱਲੋਂ ਕਈ ਬਾਹਰੀ ਏਜੰਸੀਆਂ ਦੁਆਰਾ ਕਰਵਾਏ ਸਰਵੇ ਵਿੱਚ ਪਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੋਕਪ੍ਰਿਅਤਾ ਘਟੀ ਹੈ ਅਤੇ 2022 ਵਿੱਚ ਉਨ੍ਹਾਂ ਦੀ ਅਗਵਾਈ ਤੇ ਸਵਾਲ ਵੀ ਉੱਠੇ।
40 ਤੋਂ ਵੱਧ ਵਿਧਾਇਕਾਂ ਦੁਆਰਾ ਹਾਈਕਮਾਨ ਨੂੰ ਲਿਖੀ ਗਈ ਚਿੱਠੀ ਵੀ ਕਾਰਨ ਹੈ ਜਿਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਸੱਦੀ ਗਈ ਸੀ। ਨਵਜੋਤ ਸਿੰਘ ਸਿੱਧੂ,ਸੁਖਜਿੰਦਰ ਰੰਧਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਾਰਾਜ਼ ਵਿਧਾਇਕਾਂ ਨੂੰ ਇਕੱਠਾ ਕੀਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਧਰ ਕੈਪਟਨ ਅਮਰਿੰਦਰ ਦੇ ਅਸਤੀਫ਼ੇ ਤੇ ਕਿਸਾਨ ਆਗੂਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਕਿਸਾਨ ਪਿਛਲੇ ਇਕ ਸਾਲ ਤੋਂ ਸੜਕਾਂ 'ਤੇ ਸੌਂ ਰਹੇ ਹਨ।ਕਿਸੇ ਪਾਰਟੀ ਦੀ ਆਪਸ ਦੇ ਕਲੇਸ਼ ਦਾ ਕਿਸਾਨਾਂ ਉੱਪਰ ਕੋਈ ਅਸਰ ਨਹੀਂ ਹੈ।
ਉਨ੍ਹਾਂ ਆਖਿਆ ਕਿ ਖੇਤੀਬਾੜੀ ਸੂਬੇ ਦਾ ਮੁੱਦਾ ਹੈ ਅਤੇ ਪੰਜਾਬ ਸਰਕਾਰ ਨੇ ਸਿਰਫ਼ ਇਨ੍ਹਾਂ ਕਾਨੂੰਨਾਂ ਚ ਬਦਲਾਅ ਕੀਤਾ ਸੀ ਪਰ ਪਰ ਕੇਂਦਰ ਦੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕੋਈ ਲੜਾਈ ਨਹੀਂ ਕੀਤੀ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਗਮੋਹਨ ਸਿੰਘ ਨੇ ਆਖਿਆ ਕਿ ਕਿਸਾਨ ਸੜਕਾਂ ਤੇ ਹਨ ਅਤੇ ਸੱਤਾਧਾਰੀ ਕਾਂਗਰਸ ਸੂਬੇ ਵਿੱਚ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਾ ਰਹੀ ਹੈ।
ਉਨ੍ਹਾਂ ਆਖਿਆ ਕਿ ਇਹ ਸਾਰਾ ਮੁੱਦਾ ਜਮਹੂਰੀ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਸੀ। ਇਸ ਸਾਰੇ ਘਟਨਾਕ੍ਰਮ ਦੌਰਾਨ ਸੂਬੇ ਵਿੱਚ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ, ਜੋ ਕਿਸਾਨ ਅੰਦੋਲਨ ਲਈ ਠੀਕ ਨਹੀਂ ਹੋਵੇਗਾ।
ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਧਰਨਾ ਪ੍ਰਦਰਸ਼ਨ ਦੀ ਜਗ੍ਹਾ ਵਿੱਚ ਵੀ ਹੋਏ ਬਦਲਾਅ
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੱਚੇ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਆਪਣੇ ਧਰਨੇ ਦੀ ਜਗ੍ਹਾ ਬਦਲ ਦਿੱਤੀ ਗਈ ਹੈ।
'ਪੰਜਾਬੀ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕੱਚੇ ਠੇਕੇ ਅਤੇ ਮਾਣ ਭੱਤੇ ਵਿੱਚ ਕਾਰਜਸ਼ੀਲ ਮੁਲਾਜ਼ਮਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਮੋਤੀ ਮਹਿਲ ਦਾ ਘੇਰਾਓ ਕਰਨਾ ਸੀ। ਕੈਪਟਨ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਇਹ ਘਿਰਾਓ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਹੋਵੇਗਾ।
ਤਿੰਨ ਦਿਨਾ ਇਸ ਧਰਨੇ ਦਾ ਅੰਤਿਮ ਦਿਨ ਸੋਮਵਾਰ ਨੂੰ ਹੈ ਜਿਸ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਸ਼ਾਮਲ ਹੋਣਗੇ।
ਪਟਿਆਲਾ ਵਿਖੇ ਧਰਨਾ ਦੇ ਰਹੇ ਇਨ੍ਹਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਮਾਣ ਭੱਤੇ ਵਾਲੇ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਯਕੀਨੀ ਬਣਾਇਆ ਜਾਵੇ।
ਕਾਨੂੰਨ ਪ੍ਰਣਾਲੀ ਦਾ ਭਾਰਤੀਕਰਨ ਮੌਜੂਦਾ ਸਮੇਂ ਦੀ ਜ਼ਰੂਰਤ:ਚੀਫ ਜਸਟਿਸ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨਵੀ ਰਮੰਨਾ ਨੇ ਆਖਿਆ ਕਿ ਕਾਨੂੰਨ ਪ੍ਰਣਾਲੀ ਦਾ ਭਾਰਤੀਕਰਨ ਕਰਨਾ ਸਮੇਂ ਦੀ ਜ਼ਰੂਰਤ ਹੈ ਅਤੇ ਨਿਆਂ ਪ੍ਰਣਾਲੀ ਨੂੰ ਢੁੱਕਵਾਂ ਅਤੇ ਅਸਰ ਬਣਾਉਣ ਅਸਰਦਾਰ ਬਣਾਉਣਾ ਵੀ ਜ਼ਰੂਰੀ ਹੈ।
ਅੰਗਰੇਜ਼ੀ ਅਖ਼ਬਾਰ 'ਟਾਈਮਜ਼ ਆਫ਼ ਇੰਡੀਆ' ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਖਿਆ ਕਿ ਕਾਨੂੰਨ ਪ੍ਰਣਾਲੀ ਕਈ ਵਾਰ ਆਮ ਆਦਮੀ ਵਾਸਤੇ ਅੜਿੱਕੇ ਖੜ੍ਹੇ ਕਰ ਦਿੰਦੀ ਹੈ ਅਤੇ ਅਦਾਲਤ ਦੇ ਕੰਮਕਾਰ ਅਤੇ ਕਾਰਜਸ਼ੈਲੀ ਭਾਰਤ ਦੀਆਂ ਗੁੰਝਲਾਂ ਨਾਲ ਮੇਲ ਨਹੀਂ ਖਾਂਦੇ।
ਉਨ੍ਹਾਂ ਨੇ ਕਿਹਾ ਕਿ ਭਾਰਤੀਕਰਨ ਤੋਂ ਮੇਰਾ ਮਤਲਬ ਹੈ ਕਿ ਸਾਡੇ ਸਮਾਜ ਦੀ ਹਕੀਕਤ ਨੂੰ ਸਵੀਕਾਰ ਕਰਨਾ ਅਤੇ ਨਿਆਂ ਦੇਣ ਦੀ ਪ੍ਰਣਾਲੀ ਨੂੰ ਸਥਾਨਕ ਬਣਾਉਣ ਦੀ ਜ਼ਰੂਰਤ।
ਬੰਗਲੌਰ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਆਖਿਆ ਕੀ ਅੱਜਕੱਲ੍ਹ ਫ਼ੈਸਲੇ ਲੰਬੇ ਹੋ ਗਏ ਹਨ ਜਿਸ ਕਾਰਨ ਕੇਸ ਕਰਨ ਵਾਲਿਆਂ ਦੀ ਹਾਲਤ ਵਿਗੜ ਜਾਂਦੀ ਹੈ।
ਇਹ ਵੀ ਪੜ੍ਹੋ: