You’re viewing a text-only version of this website that uses less data. View the main version of the website including all images and videos.
ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਤੇ ਆਰਐੱਸਐੱਸ ਮੁਖੀ ਦੀ ਤੁਲਨਾ ਔਰਤਾਂ ਦੇ ਹਵਾਲੇ ਨਾਲ ਇੰਝ ਕੀਤੀ
ਕਾਂਗਰਸ ਆਗੂ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਟਵਿੱਟਰ ਉੱਤੇ ਟਰੈਂਡ ਕਰ ਰਹੇ ਹਨ। ਇਸ ਦਾ ਕਾਰਨ ਹੈ ਉਨ੍ਹਾਂ ਦੇ ਕੁਝ ਬਿਆਨ ਜੋ ਉਨ੍ਹਾਂ ਨੇ ਅਖਿਲ ਭਾਰਤੀ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਕਹੇ ਹਨ।
ਰਾਹੁਲ ਗਾਂਧੀ ਨੇ ਕਿਹਾ, "ਅੱਜ ਦੇਸ ਵਿੱਚ ਆਰਐੱਸਐੱਸ-ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਦੀ ਜੋ ਵਿਚਾਰਧਾਰਾ ਹੈ ਜੋ ਸਾਡੀ ਵਿਚਾਰਧਾਰਾ ਨਾਲੋਂ ਵੱਖਰੀ ਹੈ। ਕਾਂਗਰਸ ਦਾ ਵਰਕਰ ਹੋਣ ਦੇ ਨਾਤੇ ਮੈਂ ਬਾਕੀ ਵਿਚਾਰਧਾਰਾ ਨਾਲ ਸਮਝੌਤਾ ਕਰ ਸਕਦਾ ਹਾਂ ਪਰ ਭਾਜਪਾ ਦੀ ਵਿਚਾਰਧਾਰਾ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ।"
"ਕਾਂਗਰਸ ਦੀ ਵਿਚਾਰਧਾਰਾ, ਗਾਂਧੀ ਦੀ ਵਿਚਾਰਧਾਰਾ, ਗੋਡਸੇ ਦੀ ਵਿਚਾਰਧਾਰਾ, ਸਾਵਰਕਰ ਦੀ ਵਿਚਾਰਧਾਰਾ ਵਿੱਚ ਕੀ ਫਰਕ ਹੈ ਇਹ ਸਾਡੇ ਸਭ ਲਈ ਜ਼ਰੂਰੀ ਸਵਾਲ ਹੈ, ਡੂੰਘਾ ਸਵਾਲ ਹੈ। ਭਾਜਪਾ ਦੇ ਲੋਕ, ਆਰਐੱਸਐਸ ਦੇ ਲੋਕ ਕਹਿੰਦੇ ਹਨ ਕਿ ਉਹ ਹਿੰਦੂ ਪਾਰਟੀ ਹੈ।"
ਉਨ੍ਹਾਂ ਮੋਹਨਦਾਸ ਕਰਮਚੰਦ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਹਿੰਦੂ ਸਨ। ਪਿਛਲੇ 100-200 ਸਾਲਾਂ ਵਿੱਚ ਕਿਸੇ ਨੇ ਹਿੰਦੂ ਧਰਮ ਨੂੰ ਸਮਝਿਆ ਹੋਵੇ ਤੇ ਉਸ ਨੂੰ ਆਪਣੀ ਪ੍ਰੈਕਟਿਸ ਬਣਾਇਆ ਹੋਵੇ ਤਾਂ ਉਹ ਮਹਾਤਮਾ ਗਾਂਧੀ ਹਨ। ਇਸ ਨੂੰ ਭਾਜਪਾ ਅਤੇ ਆਰਐੱਸਐੱਸ ਦੇ ਲੋਕ ਵੀ ਮੰਨਦੇ ਹਨ।"
ਇਹ ਵੀ ਪੜ੍ਹੋ:
"ਜੇ ਮਹਾਤਮਾ ਗਾਂਧੀ ਨੇ ਹਿੰਦੂ ਧਰਮ ਨੂੰ ਸਮਝਿਆ ਤੇ ਉਸ ਨੂੰ ਸਮਝਣ ਲਈ ਪੂਰੀ ਉਮਰ ਲਾ ਦਿੱਤੀ ਤਾਂ ਆਰਐੱਸਐੱਸ ਦੀ ਵਿਚਾਰਧਾਰਾ ਨੇ ਉਸ ਹਿੰਦੂ ਦੀ ਛਾਤੀ ਵਿੱਚ ਤਿੰਨ ਗੋਲੀਆਂ ਕਿਉਂ ਮਾਰੀਆਂ।"
"ਜਿਸ ਨੂੰ ਪੂਰੀ ਦੁਨੀਆਂ ਇੱਕ ਉਦਾਹਰਣ ਮੰਨਦੀ ਹੈ, ਮੰਡੇਲਾ ਤੋਂ ਲੈ ਕੇ ਮਾਰਟਿਨ ਲੂਥਰ ਕਿੰਗ ਕਹਿੰਦੇ ਹਨ ਮਹਾਤਮਾ ਗਾਂਧੀ ਇੱਕ ਉਦਾਹਰਣ ਸਨ। ਮਹਾਤਮਾ ਗਾਂਧੀ ਨੇ ਅਹਿੰਸਾ ਨੂੰ ਸਮਝਿਆ ਅਤੇ ਸਮਝਾਇਆ। ਅਹਿੰਸਾ ਹਿੰਦੂ ਧਰਮ ਦਾ ਫਾਊਂਡੇਸ਼ਨ ਹੈ ਤਾਂ ਆਰਐੱਸਐੱਸ, ਸਾਵਰਕਰ ਦੀ ਵਿਚਾਰਧਾਰਾ। ਫਿਰ ਗੋਡਸੇ ਨੇ ਛਾਤੀ ਵਿੱਚ ਗੋਲੀ ਕਿਉਂ ਮਾਰੀ, ਇਹ ਵਿਰੋਧਾਭਾਸੀ ਹੈ।"
ਇਸ ਤੋਂ ਇਲਾਵਾ ਉਨ੍ਹਾਂ ਦਾ ਦੁਰਗਾ ਅਤੇ ਲਕਸ਼ਮੀ ਮਾਤਾ ਬਾਰੇ ਬਿਆਨ ਵੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਮੰਚ ਤੋਂ ਸੰਬੋਧਨ ਕਰਦਿਆਂ ਪੁੱਛਿਆ, "ਲਕਸ਼ਮੀ ਮਾਤਾ ਕੌਣ ਹੈ?"
ਦਰਸ਼ਕਾਂ ਵਿੱਚ ਬੈਠੀਆਂ ਕਈ ਔਰਤਾਂ ਨੇ ਜਵਾਬ ਵੀ ਦਿੱਤਾ।
ਰਾਹੁਲ ਗਾਂਧੀ ਬੋਲੇ, "ਕਿਸੇ ਨੇ ਕਿਹਾ ਲਕਸ਼ਮੀ ਉਹ ਸ਼ਕਤੀ ਹੈ, ਜੋ ਘਰ ਵਿੱਚ ਪੈਸਾ ਲਿਆਉਂਦੀ ਹੈ।"
"ਲਕਸ਼ਮੀ ਸ਼ਬਦ ਲਕਸ਼ ਤੋਂ ਆਉਂਦਾ ਹੈ। ਕਿਸੇ ਵੀ ਲਕਸ਼ ਨੂੰ, ਜੋ ਸ਼ਕਤੀ ਪੂਰਾ ਕਰਦੀ ਹੈ, ਜਿਵੇਂ ਕਿ ਤੁਹਾਡਾ ਕੋਈ ਟੀਚਾ ਹੋਵੇ, ਕੋਈ ਪੈਸਾ ਬਣਾਉਣਾ ਚਾਹੁੰਦਾ ਹੈ, ਫੁੱਟਬਾਲ ਖੇਡਣਾ ਚਾਹੁੰਦਾ ਹੈ, ਜੋ ਤੁਹਾਡੇ ਦਿਲ ਵਿੱਚ ਲਕਸ਼ ਹੈ, ਉਹ ਲਕਸ਼ ਪੂਰਾ ਕਰਦੀ ਹੈ, ਉਹ ਲਕਸ਼ਮੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਫਿਰ ਰਾਹੁਲ ਗਾਂਧੀ ਨੇ ਪੁੱਛਿਆ, "ਦੁਰਗਾ ਕੌਣ ਹੈ। ਦੁਰਗਾ ਸ਼ਕਤੀ ਹੈ। ਇਹ ਦੁਰਗ ਸ਼ਬਦ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਕਿਲਾ। ਯਾਨਿ ਕਿ ਉਹ ਸ਼ਕਤੀ ਜੋ ਰੱਖਿਆ ਕਰਦੀ ਹੈ।"
ਰਾਹੁਲ ਗਾਂਧੀ ਨੇ ਕਿਹਾ, "ਰਾਜਨੇਤਾ ਦਾ ਕੰਮ ਇਸ ਸ਼ਕਤੀ ਨੂੰ ਹਰ ਵਿਅਕਤੀ ਤੱਕ ਬਿਨਾ ਵਿਤਕਰੇ ਦੇ ਪਹੁੰਚਾਉਣਾ ਹੁੰਦਾ ਹੈ।"
ਮੋਦੀ ਸਰਕਾਰ 'ਤੇ ਟਿਪਣੀ ਕਰਦਿਆਂ ਰਾਹੁਲ ਗਾਂਧੀ ਨੇ ਅੱਗੇ ਕਿਹਾ, "ਇਹ ਲੋਕ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ ਪਰ ਹਿੰਦੂ ਨਹੀਂ ਹਨ।"
ਉਨ੍ਹਾਂ ਨੇ ਇੱਕ ਵਾਰ ਫਿਰ ਮੋਹਨਦਾਸ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ, "ਗਾਂਧੀ ਜੀ ਦੀ ਜੇ ਤੁਸੀਂ ਕੋਈ ਤਸਵੀਰ ਦੇਖੋ ਤਾਂ ਉਨ੍ਹਾਂ ਦੇ ਨਾਲ ਤੁਹਾਨੂੰ ਤਿੰਨ-ਚਾਰ ਔਰਤਾਂ ਨਜ਼ਰ ਆਉਣਗੀਆਂ ਹੀ। ਮੋਹਨ ਭਾਗਵਤ ਨਾਲ ਤੁਸੀਂ ਕਿਸੇ ਔਰਤ ਦੀ ਤਸਵੀਰ ਦੇਖੀ ਹੈ? ਹੋ ਹੀ ਨਹੀਂ ਸਕਦਾ ਕਿਉਂਕਿ ਉਨ੍ਹਾਂ ਦਾ ਸੰਗਠਨ ਮਹਿਲਾ ਸ਼ਕਤੀ ਨੂੰ ਦਬਾਉਂਦਾ ਹੈ।"
"ਜਦੋਂਕਿ ਸਾਡਾ ਸੰਗਠਨ ਮਹਿਲਾ ਸ਼ਕਤੀ ਨੂੰ ਇੱਕ ਪਲੇਟਫਾਰਮ ਦਿੰਦਾ ਹੈ। ਨਰਿੰਦਰ ਮੋਦੀ ਦੇ ਆਰਐੱਸਐੱਸ ਨੇ ਮਹਿਲਾਵਾਂ ਨੂੰ ਹਿੰਦੁਸਤਾਨ ਦਾ ਪੀਐੱਮ ਨਹੀਂ ਬਣਾਇਆ, ਕਾਂਗਰਸ ਪਾਰਟੀ ਨੇ ਬਣਾਇਆ ਹੈ।"
"ਸਾਡੇ ਲਈ ਚਾਹੇ ਉਹ ਮਹਿਲਾ ਹੋਵੇ, ਮਰਦ ਹੋਵੇ, ਦਲਿਤ ਜਾਂ ਆਦਿਵਾਸੀ ਹੋਵੇ, ਬੰਗਾਲ, ਪੰਜਾਬ ਜਾਂ ਹਰਿਆਣਾ ਦਾ ਹੋਵੇ ਸਾਡੇ ਲਈ ਸਭ ਇੱਕ ਹਨ। ਅਸੀਂ ਸਿਰਫ਼ ਇੱਕ ਚੀਜ਼ ਦੇਖਦੇ ਹਾਂ ਡਰਿਆ ਜਾਂ ਨਹੀਂ। ਨਹੀਂ ਡਰਿਆ ਤਾਂ ਕਾਂਗਰਸੀ ਹੈ, ਡਰ ਗਿਆ ਤਾਂ ਕਾਂਗਰਸੀ ਬਣਾਉਣਾ ਹੈ।"
ਇਹ ਵੀ ਪੜ੍ਹੋ:
ਰਾਹੁਲ ਗਾਂਧੀ ਦੇ ਬਿਆਨ 'ਤੇ ਪ੍ਰਤੀਕਰਮ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, "ਰਾਹੁਲ ਗਾਂਧੀ ਇੱਕ ਇੱਛਾਧਾਰੀ ਹਿੰਦੂ ਹਨ, ਉਹ ਅਸਾਨੀ ਨਾਲ ਟੋਪੀ ਅਤੇ ਟੀਕਾ ਲਾਉਂਦੇ ਹਨ, ਧਾਰਮਿਕ ਯਾਤਰਾਵਾਂ 'ਤੇ ਜਾਂਦੇ ਹਨ ਅਤੇ ਧਾਰਮਿਕ ਯਾਤਰਾਵਾਂ 'ਤੇ ਜਾਣ ਤੋਂ ਬਾਅਦ ਉਹ ਇਸ ਤਰ੍ਹਾਂ ਗੱਲ ਕਰਦੇ ਹਨ।"
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, "ਨਾ ਹੀ ਦੁਰਗਾ ਮਾਂ ਅਤੇ ਨਾ ਹੀ ਲਕਸ਼ਮੀ ਮਾਂ ਦੀਆਂ ਸ਼ਕਤੀਆਂ ਘਟੀਆਂ ਹਨ.. ਹਾਂ ਆਪਣੇ ਪੁੱਤਰ ਦੀਆਂ ਨਾਸਮਝੀਆਂ ਕਾਰਨ ਕਿਸੇ ਦੀ ਸ਼ਕਤੀ ਘਟੀ ਹੈ ਤਾਂ ਉਹ ਹੈ "ਸੋਨੀਆ ਮਾਤਾ"।"
ਕੁਝ ਹੋਰ ਲੋਕ ਵੀ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ ਦਿੰਦੇ ਨਜ਼ਰ ਆਏ।
ਵਿਜੇ ਕੁਮਾਰ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਤੁਸੀਂ ਮਹਾਤਮਾ ਗਾਂਧੀ ਬਾਰੇ ਗੱਲ ਕਰ ਰਹੇ ਹੋ ਪਰ ਪਾਲਣਾ ਨਹੀਂ ਕਰਦੇ। ਗਾਂਧੀ ਜੀ ਵਰਗੀ ਸੋਚ ਕਦੇ ਆਲੋਚਨਾ ਨਹੀਂ ਕਰਦੀ ਪਰ ਤੁਸੀਂ ਕਈ ਦਿਨਾਂ ਤੋਂ ਘੱਟੋ-ਘੱਟ 90 ਵਾਰ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋ ਜਿਵੇਂ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਕਦੇ ਨਹੀਂ ਮਿਲਣੀ।"
ਸੰਜੀਵ ਨਾਮ ਦੇ ਯੂਜ਼ਰ ਨੇ ਲਿਖਿਆ, "ਸਮਝਣ ਲਈ, ਤੁਹਾਨੂੰ ਇਤਿਹਾਸ ਪੜ੍ਹਨਾ ਪਵੇਗਾ ਅਤੇ ਤੁਹਾਡੀ ਅਤੇ ਤੁਹਾਡੀ ਪਾਰਟੀ ਦਾ ਪੜ੍ਹਾਈ-ਲਿਖਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ... ਪਿਛੇ ਨਾ ਜਾਓ, ਸਿਰਫ਼ ਅੰਬੇਦਕਰ ਜੀ ਨੂੰ ਪੜ੍ਹ ਲਓ ... ਤੁਸੀਂ ਗਾਂਧੀ ਜੀ ਦੀ ਵਿਚਾਰਧਾਰਾ ਨੂੰ ਸਮਝ ਸਕੋਗੇ।"
ਸਾਧਨਾ ਨਾਮ ਦੀ ਯੂਜ਼ਰ ਨੇ ਲਿਖਿਆ, "ਹਿੰਦੂ ਧਰਮ ਨੂੰ ਸਮਝਣਾ ਇੱਕ ਚੀਜ਼ ਹੈ ਅਤੇ ਮੁਸਲਿਮ ਤੁਸ਼ਟੀਕਰਨ ਬਿਲਕੁਲ ਵੱਖਰਾ ਹੈ! ਜੇ ਤੁਸੀਂ ਇਹ ਗੱਲ ਸਮਝਦੇ ਤਾਂ ਇਹ ਸਵਾਲ ਨਾ ਉੱਠਦਾ।"
ਮਨੋਰੰਜਨ ਸ਼ਾਹੂ ਨੇ ਟਵੀਟ ਕੀਤਾ, "ਰਾਹੁਲ ਗਾਂਧੀ ਨੇ ਕਿਹਾ, ਜਦੋਂ ਤੁਸੀਂ (ਮਹਾਤਮਾ) ਗਾਂਧੀ ਦੀ ਤਸਵੀਰ ਦੇਖੋਗੇ, ਤੁਹਾਨੂੰ ਉਨ੍ਹਾਂ ਦੇ ਦੁਆਲੇ 2-3 ਔਰਤਾਂ ਨਜ਼ਰ ਆਉਣਗੀਆਂ। ਕੀ ਤੁਸੀਂ ਕਿਸੇ ਔਰਤ ਨਾਲ ਮੋਹਨ ਭਾਗਵਤ ਦੀ ਤਸਵੀਰ ਦੇਖੀ ਹੈ?
- ਉਹ ਅਸਲ ਵਿੱਚ ਮਹਾਤਮਾ ਜਾਂ ਫਿਰ ਮੋਹਨ ਭਾਗਵਤ ਦੀ ਸ਼ਲਾਘਾ ਕਰ ਰਹੇ ਹਨ?"
ਇਹ ਵੀ ਪੜ੍ਹੋ: