You’re viewing a text-only version of this website that uses less data. View the main version of the website including all images and videos.
ਜਲ੍ਹਿਆਂਵਾਲਾ ਬਾਗ ਯਾਦਗਾਰ: ਧਾਰਾ 144 ਲਾਉਣ ਦੇ ਵਿਸ਼ੇਸ਼ ਹੁਕਮ ਵਾਪਸ ਲਏ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਲਈ
ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਚੁਗਿਰਦੇ ਵਿਚ ਜਿਲ੍ਹਾ ਪ੍ਰਸਾਸ਼ਨ ਵਲੋਂ ਲਾਈ ਗਈ ਧਾਰਾ 144 ਦੇ ਹੁਕਮ ਵਾਪਸ ਲੈ ਲਏ ਗਏ ਹਨ।
ਬੁੱਧਵਾਰ ਸ਼ਾਮ ਨੂੰ ਜਿਲ੍ਹਾ ਪ੍ਰਸਾਸ਼ਨ ਨੇ ਜਲ੍ਹਿਆਂਵਾਲਾ ਬਾਗ ਦੇ ਚੁਗਿਰਦੇ ਵਿਚ ਵਿਸੇਸ਼ ਹੁਕਮ ਜਾਰੀ ਕਰਕੇ ਧਾਰਾ 144 ਲਾਈ ਸੀ, ਜਿਸ ਨੂੰ ਹੁਣ ਇੱਕ ਦਿਨ ਬਾਅਦ ਹੀ ਵਾਪਸ ਲੈ ਲਿਆ ਗਿਆ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਮੁਤਾਬਕ ਪ੍ਰਸਾਸ਼ਨ ਨੂੰ ਧਾਰਾ 144 ਲਾਉਣ ਦੇ ਹੁਕਮ ਵਾਪਸ ਲੈਣ ਲਈ ਕਿਹਾ ਗਿਆ ਹੈ।
ਵੀਰਵਾਰ ਦੇਰ ਸ਼ਾਮ ਬੀਬੀਸੀ ਨਾਲ ਗੱਲ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ, ''ਇਸ ਇਲਾਕੇ ਦੇ ਆਸ ਪਾਸ ਕਿਸੇ ਵੀ ਤਰੀਕੇ ਦੀ ਗੈਰਕਾਨੂੰਨੀ ਘਟਨਾ ਨੂੰ ਰੋਕਣ ਲਈ ਧਾਰਾ 144 ਲੱਗੀ ਹੀ ਰਹਿੰਦੀ ਹੈ, ਸੋ ਇਸ ਕਰਕੇ ਇਸ ਜਗ੍ਹਾ ਤੇ ਇਨ੍ਹਾਂ ਵਿਸ਼ੇਸ਼ ਹੁਕਮਾਂ ਦੀ ਜ਼ਰੂਰਤ ਨਹੀਂ ਸੀ।''
ਦੁੱਗਲ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਆਦੇਸ਼ਾਂ ਨੂੰ ਪ੍ਰਸਾਸ਼ਨ ਵਾਪਸ ਲੈ ਰਿਹਾ ਹੈ।
ਸ਼ਹਿਰ ਦੇ ਡਿਪਟੀ ਪੁਲਿਸ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਾਂ ਵਿਚ ਪਹਿਲਾਂ ਜਲ੍ਹਿਆਂਵਾਲਾ ਬਾਗ ਦੇ ਚੁਗਿਰਦੇ ਵਿਚ ਕਿਸੇ ਕਿਸਮ ਦਾ ਇਕੱਠ, ਰੋਸ ਮੁਜ਼ਾਹਰਾ ਜਾਂ ਨਾਅਰੇਬਾਜ਼ੀ ਕਰਨ ਉੱਤੇ ਪਾਬੰਦੀ ਲਾਈ ਗਈ ਸੀ।
ਇਹ ਵੀ ਪੜ੍ਹੋ:
ਕਿਉਂ ਲਾਈ ਗਈ ਸੀ ਧਾਰਾ 144
ਅੰਮ੍ਰਿਤਸਰ ਪੁਲਿਸ ਨੇ ਜਲ੍ਹਿਆਂਵਾਲਾ ਬਾਗ ਵਿੱਚ ਕਿਸੇ ਵੀ ਤਰ੍ਹਾਂ ਦੇ ਧਰਨਿਆਂ, ਰੈਲੀਆਂ, ਆਦਿ ਨੂੰ ਰੋਕਣ ਲਈ ਕੱਲ੍ਹ ਸ਼ਾਮ ਬੁੱਧਵਾਰ ਨੂੰ ਧਾਰਾ 144 ਲਾਗੂ ਕਰ ਦਿੱਤੀ ਸੀ।
ਕਾਰਜਕਾਰੀ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਕਿ ਸੀ, ''ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਸੰਗਠਨ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ, ਰੈਲੀਆਂ ਅਤੇ ਧਰਨੇ ਦੇਣ ਦੀ ਯੋਜਨਾ ਬਣਾ ਰਹੇ ਹਨ ਜੋ ਕਿ ਸਹੀ ਨਹੀਂ ਸੀ।''
ਉਨ੍ਹਾਂ ਹੁਕਮਾਂ ਵਿਚ ਕਿਹਾ ਸੀ ਕਿ ਰੋਸ ਧਰਨਿਆਂ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ। ਇਹ ਹੁਕਮ 6 ਨਵੰਬਰ ਤੱਕ ਲਾਗੂ ਰਹਿਣਗੇ।
ਜਲ੍ਹਿਆਂਵਾਲਾ ਬਾਗ ਕਾਂਡ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਦੀਆਂ ਦੋ ਸੰਸਥਾਵਾਂ ਜਿਵੇਂ ਕਿ ਜਲਿਆਂਵਾਲਾ ਬਾਗ ਸ਼ਹੀਦ ਪਰਿਵਾਰ ਸੰਮਤੀ (ਜੇਬੀਐਸਪੀਐਸ) ਅਤੇ ਜਲਿਆਂਵਾਲਾ ਬਾਗ ਫਰੀਡਮ ਫਾਈਟਰ ਫੈਡਰੇਸ਼ਨ (ਜੇਬੀਐਫਐਫਐਫ) ਜਲ੍ਹਿਆਂਵਾਲਾ ਬਾਗ ਵਿੱਚ ਕੀਤੇ ਗਏ ਨਵੀਨੀਕਰਨ ਬਾਰੇ ਵੱਖੋ ਵੱਖਰੇ ਵਿਚਾਰ ਰੱਖਦੇ ਹਨ।
ਇਨ੍ਹਾਂ ਸੰਸਥਾਵਾਂ ਦਾ ਇਲਜ਼ਾਮ ਹੈ ਕਿ ਨਵੀਨੀਕਰਨ ਦੇ ਨਾਂ ਹੇਠ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਜਲ੍ਹਿਆਂਵਾਲਾ ਬਾਗ ਦੇ ਰੰਗ-ਰੋਗਨ , ਵਿਕਾਸ ਕਾਰਜ ਦੌਰਾਨ ਵਿਰਾਸਤ ਨੂੰ ਢਾਹ ਲੱਗਣ ਦੇ ਇਲਜ਼ਾਮਾਂ ਕਾਰਨ ਰੋਸ ਮੁਜ਼ਾਹਰੇ ਹੋ ਰਹੇ ਹਨ।
ਜਲ੍ਹਿਆਂਵਾਲਾ ਬਾਗ਼ ਯਾਦਗਾਰ: ਤਾਜ਼ਾ ਰੌਲਾ ਕਿਉਂ ਪਿਆ ਹੈ
ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮਗਰੋਂ ਇਸ ਦੀ ਪੁਰਾਣੀ ਦਿੱਖ ਬਦਲ ਗਈ ਹੈ ਜਾਂ ਨਹੀਂ, ਇਸ ਮੁੱਦੇ 'ਤੇ ਲਗਾਤਾਰ ਚਰਚਾ ਅਤੇ ਬਹਿਸ ਹੋ ਰਹੀ ਹੈ।
28 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਇਸਦਾ ਉਦਘਾਟਨ ਕੀਤਾ ਸੀ। ਆਓ ਦੇਖਦੇ ਹਾਂ ਆਖਿਰ ਪਹਿਲਾਂ ਕਿਵੇਂ ਦਾ ਦਿਖਦਾ ਸੀ ਜਲ੍ਹਿਆਂਵਾਲਾ ਬਾਗ ਅਤੇ ਹੁਣ ਕੀ ਬਦਲਾਅ ਆਏ ਹਨ।
ਭਾਰਤ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸਕਾਰ ਅਤੇ ਪ੍ਰੋਫੈਸਰ ਚਮਨ ਲਾਲ ਕਹਿੰਦੇ ਹਨ, "ਜਲ੍ਹਿਆਂਵਾਲਾ ਬਾਗ਼ ਵਿੱਚ ਆਉਣ ਵਾਲੇ ਲੋਕਾਂ ਨੂੰ ਦਰਦ ਅਤੇ ਦੁਖ ਦੀ ਭਾਵਨਾ ਨਾਲ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹੁਣ ਇਸ ਨੂੰ ਇੱਕ ਸੁੰਦਰ ਬਾਗ਼ ਵਾਲੀ ਅਤੇ ਅਨੰਦ ਲੈਣ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਸੁੰਦਰ ਬਾਗ਼ ਨਹੀਂ ਸੀ।"
ਇਹ ਵੀ ਪੜ੍ਹੋ: