ਰਾਕੇਸ਼ ਟਿਕੈਤ ਦੇ ਕਿਸਾਨ ਮਹਾਪੰਚਾਇਤ ਦੇ ਮੰਚ ਤੋਂ ਲਗਾਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਦਾ ਪੂਰਾ ਮਾਮਲਾ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਮੁਜ਼ੱਫ਼ਰਨਗਰ ਤੋਂ ਬੀਬੀਸੀ ਲਈ

ਉੱਤਰ ਪ੍ਰਦੇਸ਼ 'ਚ ਮੁਜ਼ੱਫ਼ਰਨਗਰ ਦੇ ਸਰਕਾਰੀ ਇੰਟਰ ਕਾਲਜ ਦੇ ਮੈਦਾਨ 'ਚ ਪੰਜ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਹੋਈ ਮਹਾਪੰਚਾਇਤ 'ਚ ਕਿਸਾਨਾਂ ਦੀ ਭੀੜ ਤੋਂ ਇਲਾਵਾ ਜਿਸ ਇੱਕ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਭਾਸ਼ਣ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਹਨ।

ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਸਮੇਂ ਵੀ ਅਜਿਹੇ ਨਾਅਰੇ ਲਗਾਏ ਜਾਂਦੇ ਸੀ ਅਤੇ ਇਹ ਹੁਣ ਵੀ ਲਗਾਏ ਜਾਣਗੇ।

ਰਾਕੇਸ਼ ਟਿਕੈਤ ਨੇ ਮੰਚ ਤੋਂ ਕਿਹਾ, ''ਅੱਲ੍ਹਾ ਹੂ ਅਕਬਰ'' ਅਤੇ ਹੇਠਿਓਂ ਆਵਾਜ਼ ਆਈ - ''ਹਰ ਹਰ ਮਹਾਦੇਵ''। ਇਹ ਸਿਲਸਿਲਾ ਵਾਰ-ਵਾਰ ਦੋਹਰਾਇਆ ਗਿਆ।

ਇਹ ਵੀ ਪੜ੍ਹੋ:

ਮਹਾਪੰਚਾਇਤ ਖ਼ਤਮ ਹੋਣ ਦੇ ਬਾਅਦ ਤੋਂ ਹੀ ਰਾਕੇਸ਼ ਟਿਕੈਤ ਦੇ ਇਸ ਨਾਅਰੇ ਦੀ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ 'ਚ ਉਨ੍ਹਾਂ ਦੀ ਮਹਿਜ਼ ਕੁਝ ਸਕਿੰਟਾਂ ਦੀ ਇਸੇ ਕਲਿਪ ਨੂੰ ਸਾਂਝਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਰਾਕੇਸ਼ ਟਿਕੈਤ ''ਅੱਲ੍ਹਾ ਹੂ ਅਕਬਰ'' ਕਹਿ ਰਹੇ ਹਨ।

ਇਸ ਨਾਅਰੇ ਨੂੰ ਲੈ ਕੇ ਰਾਕੇਸ਼ ਟਿਕੈਤ ਦੀ ਆਲੋਚਨਾ ਕਰਨ ਵਾਲੇ ਸਿਰਫ਼ ਇਸੇ ਕਲਿਪ ਨੂੰ ਚਲਾ ਰਹੇ ਹਨ, ਜਦਕਿ ਉਨ੍ਹਾਂ ਦੇ ਸਮਰਥਕ ਅਜਿਹੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਭਾਸ਼ਣ ਦਾ ਪੂਰਾ ਵੀਡੀਓ ਦੇਖਣ ਦੀ ਸਲਾਹ ਦੇ ਰਹੇ ਹਨ।

ਇਹੀ ਨਹੀਂ, ਟਵਿੱਟਰ ਉੱਤੇ #AllahuAkbar ਵੀ ਟ੍ਰੈਂਡ ਕਰਨ ਲੱਗਿਆ ਅਤੇ ਕਈ ਲੋਕ ਇਸ 'ਤੇ ਚਰਚਾ ਕਰਨ ਲੱਗੇ।

ਹਾਲਾਂਕਿ ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋਏ ਰਾਕੇਸ਼ ਟਿਕੈਤ ਦੇ ਇਸ ਭਾਸ਼ਣ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਵੀ ਕਈ ਲੋਕ ਗੱਲ ਕਰ ਰਹੇ ਹਨ।

ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਵੀ ਇਸ ਦਾ ਸਮਰਥਨ ਕਰਦੇ ਹੋਏ ਦੋ ਟਵੀਟ ਕੀਤੇ ਹਨ ਅਤੇ ਭਾਜਪਾ ਤੇ ਸਮਾਜਵਾਦੀ ਪਾਰਟੀ ਦੇ ਕਥਿਤ ਤੌਰ 'ਤੇ ਫ਼ਿਰਕੂ ਹਿੰਸਾ ਫ਼ੈਲਾਉਣ ਲਈ ਟਿੱਪਣੀ ਕੀਤੀ ਹੈ।

ਦਰਅਸਲ, ਰਾਕੇਸ਼ ਟਿਕੈਤ ਨੇ ਲਗਭਗ 20 ਮਿੰਟ ਦੇ ਭਾਸ਼ਣ ਵਿੱਚ ਉਸ ਵੇਲੇ ਇਸ ਨਾਅਰੇ ਦੀ ਚਰਚਾ ਕੀਤੀ, ਜਦੋਂ ਉਹ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਹਮਲਾਵਰ ਸਨ ਅਤੇ ਇਲਜ਼ਾਮ ਲਗਾ ਰਹੇ ਸਨ ਕਿ ਸਰਕਾਰ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਵੇਚ ਰਹੀ ਹੈ।

ਉਨ੍ਹਾਂ ਨੇ ਕਿਹਾ, ''ਜਦੋਂ ਤੱਕ ਇਨ੍ਹਾਂ ਨੂੰ ਵੋਟ ਦੀ ਚੋਟ ਨਹੀਂ ਦੇਵੇਗੋ ਇਹ ਦੋਵੇਂ ਬਾਹਰੀ ਲੋਕ ਹਨ, ਇਨ੍ਹਾਂ ਨੂੰ ਇੱਥੋਂ ਜਾਣਾ ਹੋਵੇਗਾ। ਇਹ ਦੰਗਾ ਕਰਵਾਉਣ ਵਾਲੇ ਲੋਕ ਹਨ। ਇੱਥੋਂ ਦੀ ਜਨਤਾ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗੀ।''

'...ਉਸ ਰਾਤ ਅੰਦੋਲਨ ਖ਼ਤਮ ਹੋ ਜਾਂਦਾ'

ਭਾਸ਼ਣ ਦੇ ਲਗਭਗ 13ਵੇਂ ਮਿੰਟ 'ਚ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ 28 ਜਨਵਰੀ ਦੀ ਯਾਦ ਦਿਵਾਈ ਜਦੋਂ ਗ਼ਾਜ਼ੀਪੁਰ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਤਾਇਨਾਤ ਕਰਕੇ ਧਰਨਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਟਿਕੈਤ ਦਾ ਕਹਿਣਾ ਸੀ, ''ਉਹ 29 ਤਾਰੀਖ਼ ਦੀ ਰਾਤ ਵੀ ਚੇਤੇ ਕਰ ਲਿਓ। ਉੱਥੇ ਨਾ ਤਾਂ ਮੁਸਲਮਾਨ ਬਚਣਾ ਸੀ, ਨਾ ਸਰਦਾਰ ਭਰਾ ਬਚਣਾ ਸੀ ਅਤੇ ਨਾ ਹੀ ਦੇਸ਼ ਦਾ ਕਿਸਾਨੀ ਝੰਡਾ ਬਚਣਾ ਸੀ। ਉਸ ਰਾਤ ਦੇਸ਼ 'ਚ ਅੰਦੋਲਨ ਦਾ ਕਤਲ-ਏ-ਆਮ ਹੁੰਦਾ। ਉਸ ਤੋਂ ਬਾਅਦ ਦੇਸ਼ 'ਚ ਕੋਈ ਅੰਦੋਲਨ ਨਹੀਂ ਹੋ ਸਕਦਾ ਸੀ।''

ਰਾਕੇਸ਼ ਟਿਕੈਤ ਨੇ ਅੱਗੇ ਕਿਹਾ, ''ਇਸ ਤਰ੍ਹਾਂ ਦੀਆਂ ਸਰਕਾਰਾਂ ਜੇ ਦੇਸ਼ ਵਿੱਚ ਹੋਣਗੀਆਂ ਤਾਂ ਇਹ ਦੰਗੇ ਕਰਵਾਉਣ ਦਾ ਕੰਮ ਕਰਣਗੀਆਂ। ਪਹਿਲਾਂ ਵੀ ਨਾਅਰੇ ਲਗਦੇ ਸੀ ਜਦੋਂ ਟਿਕੈਤ ਸਾਹਿਬ ਸਨ। ਅੱਲ੍ਹਾ ਹੂ ਅਕਬਰ...''

ਰਾਕੇਸ਼ ਟਿਕੈਤ ਦੇ ਇਸ ਨਾਅਰੇ ਦੇ ਜਵਾਬ ਵਿੱਚ ਹੇਠਾਂ ਬੈਠੇ ਲੋਕਾਂ ਤੋਂ ਆਵਾਜ਼ ਆਈ, ''ਹਰ ਹਰ ਮਹਾਦੇਵ।''

ਇਹ ਨਾਅਰਾ ਕਈ ਵਾਰ ਗੂੰਜਿਆ। ਰਾਕੇਸ਼ ਟਿਕੈਤ ਨੇ ''ਅੱਲ੍ਹਾ ਹੂ ਅਕਬਰ'' ਕਿਹਾ ਅਤੇ ਭੀੜ ਨੇ ''ਹਰ ਹਰ ਮਹਾਦੇਵ।''

ਇਸ ਤੋਂ ਬਾਅਦ ਟਿਕੈਤ ਬੋਲੇ, ''ਇਹ ਨਾਅਰੇ ਲਗਦੇ ਸੀ। ਹਰ ਹਰ ਮਹਾਦੇਵ ਅਤੇ ਅੱਲ੍ਹਾ ਹੂ ਅਕਬਰ ਦੇ ਨਾਅਰੇ ਇਸੇ ਧਰਤੀ 'ਤੇ ਲਗਦੇ ਸੀ। ਇਹ ਨਾਅਰੇ ਹਮੇਸ਼ਾ ਲਗਦੇ ਰਹਿਣਗੇ। ਦੰਗਾ ਇੱਥੇ ਨਹੀਂ ਹੋਵੇਗਾ। ਇਹ ਤੋੜਣ ਦਾ ਕੰਮ ਕਰਣਗੇ, ਅਸੀਂ ਜੋੜਣ ਦਾ ਕੰਮ ਕਰਾਂਗੇ। ਕਿਸੇ ਗ਼ਲਤਫਹਿਮੀ ਵਿੱਚ ਨਾ ਰਹਿਣਾ।''

ਭਾਸ਼ਣ ਦਾ ਪੂਰਾ ਸੰਦਰਭ ਇਹ ਸੀ, ਪਰ ਰਾਕੇਸ਼ ਟਿਕੈਤ ਦੀ ਉਸੇ ਛੇ ਸਕਿੰਟਾਂ ਦੀ ਕਲਿੱਪ ਨੂੰ ਉਨ੍ਹਾਂ ਦੇ ਆਲੋਚਕ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ 'ਚ ਉਹ ''ਅੱਲ੍ਹਾ ਹੂ ਅਕਬਰ'' ਬੋਲ ਰਹੇ ਹਨ।

ਆਪਣੇ ਆਪ ਨੂੰ ਭਾਜਪਾ ਵਰਕਰ ਕਹਿਣ ਵਾਲੀ ਪ੍ਰੀਤੀ ਗਾਂਧੀ ਨੇ ਜਦੋਂ ਰਾਕੇਸ਼ ਟਿਕੈਤ ਦਾ ਕਲਿਪ ਸ਼ੇਅਰ ਕੀਤਾ, ਤਾਂ ਲੋਕਾਂ ਨੇ ਉਸ ਦੇ ਜਵਾਬ ਵਿੱਚ ਉਨ੍ਹਾਂ ਨੂੰ ਪੂਰਾ ਕਲਿਪ ਸ਼ੇਅਰ ਕਰਨ ਦੀ ਸਲਾਹ ਦੇ ਦਿੱਤੀ।

ਪਾਂਚਜਨਿਆ ਨੇ ਵੀ ਅੱਲ੍ਹਾ ਹੂ ਅਕਬਰ ਨਾਅਰੇ ਬਾਰੇ ਟਵੀਟ ਕੀਤਾ ਹੈ। ਪਰ ਇਸ 'ਚ ਪੂਰਾ ਬਿਓਰਾ ਨਹੀਂ ਦਿੱਤਾ ਗਿਆ ਹੈ।

ਦੂਜੇ ਪਾਸੇ ਸ਼ੇਫ਼ਾਲੀ ਵੈਦਿਆ ਨੇ ਰਾਕੇਸ਼ ਟਿਕੈਤ ਦੀ ਤੁਲਨਾ ਤਾਲਿਬਾਨ ਨਾਲ ਕਰ ਦਿੱਤੀ।

ਪੱਛਮੀ ਉੱਤਰ ਪ੍ਰਦੇਸ਼ ਅਤੇ ਕਿਸਾਨ ਅੰਦੋਲਨ ਦੀ ਸਿਆਸਤ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਇਹ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਚੌਧਰੀ ਮਹੇਂਦਰ ਸਿੰਘ ਟਿਕੈਤ ਦੇ ਸਮੇਂ ਇਹ ਆਮ ਰਵਾਇਤ ਸੀ।

ਹਵਨ ਅਤੇ ਨਮਾਜ਼ ਦੀ ਰਵਾਇਤ

ਸੀਨੀਅਰ ਪੱਤਰਕਾਰ ਅਤੇ ਕਿਸਾਨ ਮਹਾਪੰਚਾਇਤ ਵਿੱਚ ਮੌਜੂਦ ਰਹੇ ਡਾਕਟਰ ਅਨਿਲ ਚੌਧਰੀ ਲੰਘੇ ਕਈ ਸਾਲਾਂ ਤੋਂ ਕਿਸਾਨ ਅੰਦੋਲਨ ਅਤੇ ਸਿਆਸਤ ਨੂੰ ਕਵਰ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਦੇ ਬੋਟ ਕਲੱਬ 'ਚ ਹੋਈ ਇਤਿਹਾਸਿਕ ਰੈਲੀ ਤੋਂ ਇਲਾਵਾ ਮੁਜ਼ੱਫ਼ਰਨਗਰ 'ਚ ਹੋਈ ਹੋਰ ਕਿਸਾਨ ਪੰਚਾਇਤਾਂ ਨੂੰ ਵੀ ਕਵਰ ਕੀਤਾ ਹੈ।

ਅਨਿਲ ਚੌਧਰੀ ਕਹਿੰਦੇ ਹਨ, ''ਪੰਚਾਇਤਾਂ 'ਚ ਇਹ ਨਾਅਰਾ ਮੁੱਖ ਤੌਰ 'ਤੇ ਲਗਦਾ ਰਿਹਾ ਹੈ। ਪੂਜਾ-ਪਾਠ, ਹਵਨ ਅਤੇ ਨਮਾਜ਼ ਵੀ ਹੁੰਦੀ ਸੀ। ਜਾਮਾ ਮਸਜਿਦ ਦੇ ਇਮਾਮ ਅਬਦੁੱਲ੍ਹਾ ਬੁਖ਼ਾਰੀ ਟਿਕੈਤ ਸਾਹਿਬ ਦੇ ਮਿੱਤਰਾਂ ਵਿੱਚੋਂ ਸਨ ਅਤੇ ਕਿਸਾਨ ਪੰਚਾਇਤਾਂ ਦੌਰਾਨ ਕਈ ਵਾਰ ਮੰਚ 'ਤੇ ਵੀ ਰਹਿੰਦੇ ਸਨ। ਪੰਚਾਇਤਾਂ ਦਾ ਸੰਚਾਲਨ ਗ਼ੁਲਾਮ ਮੁਹੰਮਦ ਜੌਲਾ ਕਰਦੇ ਸਨ ਜੋ ਮਹੇਂਦਰ ਸਿੰਘ ਟਿਕੈਤ ਦੇ ਦੋਸਤ ਸਨ।''

ਗ਼ੁਲਾਮ ਮੁਹੰਮਦ ਜੌਲਾ ਪੰਜ ਸਤੰਬਰ ਦੀ ਮਹਾਪੰਚਾਇਤ 'ਚ ਵੀ ਮੌਜੂਦ ਸਨ ਅਤੇ ਇਸ ਤੋਂ ਪਹਿਲਾਂ 29 ਜਨਵਰੀ ਨੂੰ ਹੋਈ ਪੰਚਾਇਤ ਵਿੱਚ ਵੀ ਹਾਜ਼ਿਰ ਸਨ ਜੋ ਗ਼ਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਨੂੰ ਧਰਨੇ ਤੋਂ ਹਟਾਉਣ ਦੀ ਕਥਿਤ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਆਯੋਜਿਤ ਹੋਈ ਸੀ।

ਘੱਟ ਹੋਣਗੀਆਂ ਦੂਰੀਆਂ?

ਜਾਣਕਾਰਾਂ ਮੁਤਾਬਕ, ਪੱਛਮੀ ਉੱਤਰੀ ਪ੍ਰਦੇਸ਼ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਇੰਨੀ ਦੂਰੀਆਂ ਪਹਿਲਾਂ ਨਹੀਂ ਸਨ, ਪਰ ਸਾਲ 2013 ਵਿੱਚ ਮੁਜ਼ੱਫ਼ਰਨਗਰ 'ਚ ਹੋਏ ਫ਼ਿਰਕੂ ਦੰਗਿਆਂ ਤੋਂ ਬਾਅਦ ਸਮਾਜਿਕ ਸਦਭਾਵ ਬਿਲਕੁਲ ਬਦਲ ਗਿਆ।

ਦੰਗਿਆਂ 'ਚ ਮੁੱਖ ਤੌਰ 'ਤੇ ਜਾਟਾਂ ਅਤੇ ਮੁਸਲਮਾਨਾਂ ਵਿਚਾਲੇ ਖ਼ੂਨੀ ਸੰਘਰਸ਼ ਹੋਇਆ, ਜਿਸ 'ਚ ਕੋਈ ਲੋਕਾਂ ਦੀ ਜਾਨ ਚਲੀ ਗਈ।

ਇਸ ਦਾ ਅਸਰ ਸਿਆਸਤ 'ਚ ਵੀ ਦੇਖਣ ਨੂੰ ਮਿਲਿਆ ਅਤੇ ਭਾਰਤੀ ਜਨਤਾ ਪਾਰਟੀ ਨੂੰ ਸਾਲ 2014 ਅਤੇ 2019 ਦੀਆਂ ਲੋਕਸਭਾ ਚੋਣਾਂ ਤੋਂ ਇਲਾਵਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਜ਼ਬਰਦਸਤ ਸਫ਼ਲਤਾ ਮਿਲੀ।

ਪਰ ਕਿਸਾਨ ਅੰਦੋਲਨ ਅਤੇ ਖ਼ਾਸ ਤੌਰ 'ਤੇ 28 ਜਨਵਰੀ ਨੂੰ ਗ਼ਾਜ਼ੀਪੁਰ 'ਚ ਹੋਈ ਘਟਨਾ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਗਏ।

ਕਿਸਾਨ ਅੰਦੋਲਨ 'ਚ ਪੱਛਮੀ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਨੇ ਜਿੱਥੇ ਗ਼ਾਜ਼ੀਪੁਰ ਬਾਰਡਰ ਉੱਤੇ ਧਰਨੇ 'ਤੇ ਬੈਠੇ ਰਾਕੇਸ਼ ਟਿਕੈਤ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਅਤੇ 29 ਜਨਵਰੀ ਨੂੰ ਮੁਜ਼ੱਫ਼ਰਨਗਰ ਵਿੱਚ ਹੋਈ ਪੰਚਾਇਤ 'ਚ ਗ਼ੁਲਾਮ ਮੁਹੰਮਦ ਜੌਲਾ ਵਰਗੇ ਪੁਰਾਣੇ ਲੋਕਾਂ ਦੀ ਮੌਜੂਦਗੀ ਨਾਲ ਭਾਰਤੀ ਕਿਸਾਨ ਯੂਨੀਅਨ 'ਚ ਹਿੰਦੂ-ਮੁਸਲਿਮ ਏਕਤਾ ਮੁੜ ਦੇਖਣ ਨੂੰ ਮਿਲੀ।

ਪੰਜ ਸਤੰਬਰ ਨੂੰ ਹੋਈ ਪੰਚਾਇਤ 'ਚ ਵੀ ਮੁਸਲਿਮ ਭਾਈਚਾਰੇ ਦੇ ਲੋਕ ਨਾ ਸਿਰਫ਼ ਵੱਡੀ ਗਿਣਤੀ 'ਚ ਮੌਜੂਦ ਰਹੇ, ਸਗੋਂ ਮਹਾਪੰਚਾਇਤ ਨੂੰ ਸਫ਼ਲ ਬਣਾਉਣ 'ਚ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)