ਕੋਰੋਨਾਵਾਇਰਸ: ਪੰਜਾਬ ਆਉਣ ਵਾਲਿਆਂ ਲਈ ਹਦਾਇਤਾਂ, ਨਿਊਜ਼ੀਲੈਂਡ ਸਣੇ 7 ਹੋਰ ਮੁਲਕਾਂ ਤੋਂ ਭਾਰਤ ਆਉਣ ਵਾਲਿਆਂ ਦਾ ਟੈਸਟ ਲਾਜ਼ਮੀ-ਪ੍ਰੈੱਸ ਰਿਵੀਊ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਵੀਰਵਾਰ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤ ਸਰਕਾਰ ਵੱਲੋਂ ਵੀ ਦੇਸ਼ ਦੀ ਕੋਵਿਡ ਸਥਿਤੀ ਬਾਰੇ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਬਾਰੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਤਿਉਹਾਰ ਪਿਛਲੇ ਸਾਲ ਵਾਂਗ ਘਰਾਂ ਵਿੱਚ ਪਰਿਵਾਰ ਨਾਲ਼ ਹੀ ਮਨਾਉਣ ਦੀ ਅਪੀਲ ਕੀਤੀ ਗਈ ਹੈ।

ਇਕਨੋਮਿਕਸ ਟਾਈਮਜ਼ ਮੁਤਾਬਕ ਨਵੀਆਂ ਹਦਾਇਤਾਂ ਮੁਤਾਬਕ ਬਾਹਰਲੇ ਸੂਬਿਆਂ ਤੋਂ ਹਵਾਈ ਅਤੇ ਸੜਕੀ ਮਾਰਗ ਰਾਹੀਂ ਦਾਖ਼ਲ ਹੋਣ ਵਾਲਿਆਂ ਲਈ ਆਰਟੀਪੀਸੀਆਰ ਟੈਸਟ ਜਾਂ ਮੁਕੰਮਲ ਟੀਕਾਕਰਨ ਲਾਜ਼ਮੀ ਹੋਵੇਗਾ।

ਬੰਦ ਥਾਵਾਂ 'ਤੇ ਹੋਣ ਵਾਲ਼ੇ ਸਮਾਗਮਾਂ ਲਈ 150 ਅਤੇ ਖੁੱਲ੍ਹੀਆਂ ਥਾਵਾਂ ਉੱਪਰ 300 ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਤੈਅ ਕੀਤੀ ਗਈ ਹੈ।

ਜਿੰਮ, ਸਿਨੇਮਾ, ਰੈਸਟੋਰੈਂਟ ਅੱਧੀ ਸਮਰੱਥਾ ਉੱਪਰ ਹੀ ਕੰਮ ਕਰਨਗੇ।

ਪੰਜਾਬ ਵਿੱਚ ਬੁੱਧਵਾਰ ਨੂੰ 38 ਨਵੇਂ ਕੇਸ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਸੂਬੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 6,00,651 ਅਤੇ ਮੌਤਾਂ ਦੀ ਗਿਣਤੀ 16,434 ਹੋ ਗਈ ਹੈ।

ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਕੋਵਿਡ ਦੀ ਦੂਜੀ ਲਹਿਰ ਅਜੇ ਮੁੱਕੀ ਨਹੀਂ ਹੈ ਇਸ ਲਈ ਅਸੀਂ ਅਵੇਸਲੇ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲ਼ੇ ਤਿਉਹਾਰਾਂ ਦੇ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

ਸਰਕਾਰੀ ਡੇਟਾ ਮੁਤਾਬਕ ਭਾਰਤ ਵਿੱਚ ਕੋਵਿਡ-19 ਦੇ ਮੌਜੂਦਾ ਕੁੱਲ ਕੇਸਾਂ ਵਿੱਚੋਂ ਤਿੰਨ ਚੌਥਾਈ ਸਿਰਫ਼ ਦੋ ਸੂਬਿਆਂ ਕੇਰਲ ਅਤੇ ਮਹਾਰਾਸ਼ਟਰ ਵਿੱਚ ਹਨ।

ਸਰਕਾਰ ਨੇ ਗਰਭਵਤੀ ਔਰਤਾਂ ਲਈ ਵੀ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖ਼ੁਰਾਕਾਂ ਲੈਣੀਆਂ ਲਾਜ਼ਮੀ ਕੀਤੀਆਂ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਭੂਸ਼ਣ ਨੇ ਵੀਰਵਾਰ ਨੂੰ ਕਿਹਾ ਕਿ SARS-CoV-2 ਵਾਇਰਸ ਦੇ ਨਵੇਂ ਰੂਪਾਂ ਦੇ ਮਾਮਲਿਆਂ ਦਾ ਵਧਣਾ ਚਿੰਤਾਜਨਕ ਹੈ। ਜਿਸ ਨੂੰ ਦੇਖਦੇ ਹੋਏ ਦੱਖਣੀ ਅਫ਼ਰੀਕਾ, ਬੰਗਲਾਦੇਸ਼, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਬੋਟਸਵਾਨਾ ਤੇ ਜ਼ਿੰਮਬਾਬਵੇ ਤੋਂ ਆਉਣ ਵਾਲ਼ੇ ਯਾਤਰੀਆਂ ਲਈ ਆਰਟੀਪੀਸੀਆਰ ਟੈਸਟ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ:

ਅਮਰੀਕਾ ਦੇ ਕਈ ਇਲਾਕਿਆਂ ਵਿੱਚ ਆਇਡਾ ਦਾ ਕਹਿਰ

ਅਮਰੀਕਾ ਦੇ ਨਿਊ ਯਾਰਕ ਅਤੇ ਨਿਊ ਜਰਸੀ ਵਿੱਚ ਆਇਡਾ ਤੂਫ਼ਾਨ ਕਾਰਨ ਦਰਜਣ ਤੋਂ ਜ਼ਿਆਦਾ ਜਾਨਾਂ ਚਲੀਆਂ ਗਈਆਂ ਹਨ।

ਨਿਊ ਯਾਰਕ ਦੇ ਮੇਅਰ ਦਾ ਕਹਿਣਾ ਹੈ ਕਿ ਇਸ "ਇਤਿਹਾਸਿਕ ਮੌਸਮੀ ਵਰਤਾਰੇ" ਕਾਰਨ ਐਮਰਜੈਂਸੀ ਲਗਾ ਦਿੱਤੀ ਗਈ ਹੈ ਤੇ ਰੇਲਾਂ ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਨਿਊ ਯਾਰਕ ਦੇ ਸੈਂਟਰਲ ਪਾਰਕ ਵਿੱਚ ਇੱਕ ਘੰਟੇ ਦੌਰਾਨ ਅੱਠ ਸੈਂਟੀਮੀਟਰ ਵਰਖਾ ਰਿਕਾਰਡ ਕੀਤੀ ਗਈ। ਉੱਤਰੀ ਤੇ ਪੂਰਬੀ ਸੂਬਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਵਾਤਾਵਰਨ ਦੇ ਇਸ ਸੰਕਟ ਨਾਲ ਨਜਿੱਠਣ ਲਈ 'ਇਤਿਹਾਸਕ ਨਿਵੇਸ਼' ਦੀ ਲੋੜ ਹੈ।

'ਯੂਟਿਊਬ ਚੈਨਲਾਂ ਦੀ ਕੋਈ ਭਰੋਸੇਯੋਗਤਾ ਨਹੀਂ'

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਲੋਕਤੰਤਰ ਵਿੱਚ ਅਜ਼ਾਦ ਪ੍ਰੈੱਸ ਦੀ ਭੂਮਿਕਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਆਗਾਹ ਕੀਤਾ ਕਿ ਬੋਲਣ ਦੀ ਅਜ਼ਾਦੀ ਦਾ ਖੁੰਭਾਂ ਵਾਂਗ ਉੱਗ ਰਹੇ ਯੂਟਿਊਬ ਚੈਨਲਾਂ ਵੱਲੋਂ ਝੂਠੀਆਂ ਅਤੇ ਜਾਣ ਬੁੱਝ ਕੇ ਫਿਰਕੂ ਰੰਗ ਵਿੱਚ ਰੰਗੀਆਂ ਖ਼ਬਰਾਂ ਫੈਲਾਉਣ ਲਈ ਕੀਤੀ ਜਾ ਰਹੀ ਦੁਰਵਤੋਂ ਤੋਂ ਸਾਵਧਾਨ ਕੀਤਾ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ "ਅਖ਼ੀਰ ਨੂੰ ਇਸ ਨਾਲ ਦੇਸ਼ ਦੀ ਬਦਨਾਮੀ ਹੀ ਹੋਵੇਗੀ।"

ਚੀਫ਼ ਜਸਟਿਸ ਰਮੰਨਾ ਨੇ ਕਿਹਾ,"ਪਰਿੰਟ ਅਤੇ ਟੈਲੀਵਿਜ਼ਨ ਆਮ ਤੌਰ ਤੇ ਜ਼ਿੰਮੇਵਾਰ ਹੁੰਦੇ ਹਨ ਅਤੇ ਉਨ੍ਹਾਂ ਦਾ ਰੈਗੂਲੇਟਰੀ ਢਾਂਚਾ ਹੈ। ਜਦਕਿ ਮੀਡੀਆ ਦੇ ਇੱਕ ਹਿੱਸੇ, ਖ਼ਾਸ ਕਰ ਵੈੱਬ-ਬੇਸਡ (ਇੰਟਰਨੈਟ ਅਧਾਰਤ), ਉੱਪਰ ਜੋ ਵੀ ਦਿਖਾਇਆ ਜਾ ਰਿਹਾ ਹੈ ਵਿੱਚ ਬਹੁਤ ਜ਼ਿਆਦਾ ਫਿਰਕੂ ਰੰਗਤ ਹੁੰਦੀ ਹੈ। ਕੋਈ ਕੰਟਰੋਲ ਹੀ ਨਹੀਂ ਹੈ।"

'ਸਾਡੀ ਸਰਕਾਰ ਦੇ ਡਰ ਕਾਰਨ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ'

ਭਾਜਪਾ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ,"ਇਹ ਸਰਕਾਰ ਦਹਿਸ਼ਤਗਰਦ ਮਨਸੂਬਿਆਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗੀ। ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਜੰਮੂ-ਕਸ਼ਮੀਰ ਨੂੰ ਤਾਂ ਭੁੱਲ ਹੀ ਜਾਓ ਦੇਸ਼ ਵਿੱਚ ਦੂਰ-ਦੁਰਾਡੇ ਵੀ ਕੋਈ ਵੱਡਾ ਦਹਿਸ਼ਤਗਰਦੀ ਹਮਲਾ ਨਹੀਂ ਹੋਇਆ।"

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਸਰਹੱਦ ਤੋਂ ਪਾਰ ਜਾ ਕੇ ਕੀਤੇ ਗਏ ਸਰਜੀਲ ਸਟਰਾਈਕ ਕਾਰਨ "(ਭਾਰਤ) ਸਰਕਾਰ ਦਾ ਭੈਅ" ਸਰਹੱਦ ਤੋਂ ਪਾਰ ਦੇ ਦਹਿਸ਼ਤਗਰਦਾਂ ਦੇ ਕੈਂਪਾਂ ਤੱਕ ਪਹੁੰਚ ਗਿਆ ਹੈ।

ਰੱਖਿਆ ਮੰਤਰੀ ਭਾਜਪਾ ਦੀ ਗੁਜਰਾਤ ਇਕਾਈ ਨੂੰ ਸੰਬੋਧਨ ਕਰਨ ਸਟੈਚੂ ਆਫ਼ ਲਿਬਰਟੀ ਕੋਲ ਵਰਕਰਾਂ ਦੀ ਟੈਂਟ ਸਿਟੀ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)