ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਭ੍ਰਿਸ਼ਟਾਚਾਰ ਦੇ ਪੱਕੇ ਸਬੂਤ- ਬੀਬੀਸੀ ਦੀ ਪੜਤਾਲ

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਬਿਹਾਰ ਦੇ ਆਰਾ ਜ਼ਿਲ੍ਹੇ ਦੇ ਜਗਦੀਸ਼ਪੁਰ ਬਲਾਕ ਦੇ ਦੇਵਰਾੜ੍ਹ ਪਿੰਡ ਦੀ ਛਠੋ ਦੇਵੀ ਜਿਸ ਨੂੰ ਪੈਸੇ ਲੈਣ ਲਈ ਦੋ ਸਾਲ ਪਹਿਲਾਂ ਮਰ ਚੁੱਕੀ ਜਿਤਨਾ ਕੁੰਵਰ ਬਣਾ ਦਿੱਤਾ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਵਿੱਚ ਘੋਟਾਲੇ ਦੇ ਠੋਸ ਸਬੂਤ
  • ਸਰਕਾਰੀ ਬਾਬੂਆਂ, ਲੋਕ-ਨੁਮਾਇੰਦੇ ਅਤੇ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਦਿੱਤਾ ਜਾ ਰਿਹਾ ਹੈ ਅੰਜਾਮ
  • ਜੋ ਮਰ ਗਏ ਹਨ, ਉਨ੍ਹਾਂ ਦੇ ਨਾਮ 'ਤੇ ਵੀ ਲਏ ਜਾ ਰਹੇ ਹਨ ਪੈਸੇ
  • ਦੂਜਿਆਂ ਦੇ ਨਾਮ 'ਤੇ ਨਕਲੀ ਦਸਤਾਵੇਜ਼ ਬਣਾ ਕੇ ਕੱਢੇ ਜਾ ਰਹੇ ਹਨ ਪੈਸੇ
  • ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਅਸਲ ਲਾਭਪਾਤਰੀ ਕੋਈ ਹੋਰ ਅਤੇ ਸਰਕਾਰੀ ਦਸਤਾਵੇਜ਼ 'ਤੇ ਨਾਮ ਕਿਸੇ ਹੋਰ ਦਾ
  • ਪਿੰਡਾਂ ਵਿੱਚ ਉੱਠ ਰਹੀ ਹੈ ਜਾਂਚ ਦੀ ਮੰਗ ਪਰ ਕੋਈ ਸੁਣਵਾਈ ਨਹੀਂ
  • ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੀਪੀਐੱਲ ਪਰਿਵਾਰਾਂ ਨੂੰ ਘਰ ਬਣਾਉਣ ਲਈ ਤਿੰਨ ਕਿਸ਼ਤਾਂ ਵਿੱਚ ਇੱਕ ਲੱਖ 20 ਹਜ਼ਾਰ ਰੁਪਏ ਮਿਲਦੇ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਪ੍ਰੈਲ, 2016 ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਲਾਂਚ ਕੀਤੀ ਸੀ। ਇਸ ਯੋਜਨਾ ਦੇ ਤਹਿਤ 21 ਮਾਰਚ 2019 ਤੱਕ ਇੱਕ ਕਰੋੜ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ। ਪਰ ਬਹੁਤ ਸਾਰੀਆਂ ਥਾਵਾਂ 'ਤੇ ਇਹ ਯੋਜਨਾ ਗਰੀਬਾਂ ਦਾ ਘਰ ਬਣਾਉਣ ਤੋਂ ਪਹਿਲਾਂ ਸਰਕਾਰੀ ਬਾਬੂਆਂ ਅਤੇ ਜਨ-ਪ੍ਰਤੀਨਿਧੀਆਂ ਨੂੰ ਅਮੀਰ ਬਣਾ ਰਹੀ ਹੈ।

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸੇ ਸਾਲ ਮਾਰਚ ਮਹੀਨੇ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ 2022 ਤੱਕ ਸਾਰਿਆਂ ਲਈ ਪੱਕਾ ਘਰ ਬਣਾਉਣ ਦਾ ਟੀਚਾ ਰੱਖਿਆ ਹੈ।

ਕਾਗਜ਼ਾਂ 'ਤੇ ਭਾਵੇਂ ਮਾਰਚ 2022 ਵਿੱਚ ਇਹ ਟੀਚਾ ਪੂਰਾ ਹੋ ਵੀ ਜਾਵੇ ਤਾਂ ਵੀ ਇਸ ਦੀ ਅਸਲ ਕਹਾਣੀ ਉਨ੍ਹਾਂ ਗਰੀਬਾਂ ਦੇ ਮਨਾਂ ਅੰਦਰ ਬੈਠੀ ਰਹੇਗੀ, ਜਿਨ੍ਹਾਂ ਨੂੰ ਇਹ ਘਰ ਹੱਕ ਦੇ ਰੂਪ ਵਿੱਚ ਨਹੀਂ ਬਲਕਿ ਰਿਸ਼ਵਤ ਅਤੇ ਅਹਿਸਾਨ ਦੇ ਰੂਪ ਵਿੱਚ ਮਿਲੇ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵੱਡੇ ਭ੍ਰਿਸ਼ਟਾਚਾਰ ਦੇ ਸੰਕੇਤ ਹਨ। ਇਸ ਭ੍ਰਿਸ਼ਟਾਚਾਰ ਨੂੰ ਕਈ ਪੱਧਰਾਂ 'ਤੇ ਅੰਜਾਮ ਦਿੱਤਾ ਜਾ ਰਿਹਾ ਹੈ। ਸਰਕਾਰ ਨੂੰ ਲੱਗਦਾ ਹੈ ਕਿ ਡੀਬੀਟੀ ਭਾਵ ਡਾਇਰੇਕਟ ਬੈਨੀਫਿਟ ਟ੍ਰਾਂਸਫਰ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ ਹੈ। ਡੀਬੀਟੀ ਦੇ ਤਹਿਤ ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਗਰੀਬ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਦਾ ਹੈ।

ਇਹ ਵੀ ਪੜ੍ਹੋ:

ਪਰ ਬੀਬੀਸੀ ਹਿੰਦੀ ਦੀ ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਬੈਂਕ ਖਾਤੇ ਖੋਲ੍ਹਣ ਵਿੱਚ ਹੀ ਘਪਲਾ ਹੋ ਰਿਹਾ ਹੈ । ਬੈਂਕ ਕਰਮੀਆਂ ਦੀ ਮਿਲੀਭੁਗਤ ਨਾਲ ਲੋਕ ਨਕਲੀ ਦਸਤਾਵੇਜ਼ ਦੇ ਕੇ ਹੋਰ ਲੋਕਾਂ ਦੇ ਨਾਮ 'ਤੇ ਖਾਤੇ ਖੁਲ੍ਹਵਾ ਰਹੇ ਹਨ।

ਪੂਰੀ ਯੋਜਨਾ ਵਿੱਚ ਜਨ-ਪ੍ਰਤੀਨਿਧੀਆਂ, ਸਰਕਾਰੀ ਬਾਬੂਆਂ ਅਤੇ ਦਲਾਲਾਂ ਦੇ ਵਿਚਕਾਰ ਗੂੜ੍ਹੇ ਸਬੰਧ ਹਨ। ਆਧਾਰ ਨੰਬਰ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਇੱਕ ਹਥਿਆਰ ਵਜੋਂ ਦੇਖਿਆ ਗਿਆ ਸੀ ਪਰ ਇਸ ਵਿੱਚ ਵੀ ਨਾਮ ਅਤੇ ਫੋਟੋਆਂ ਬਦਲਣ ਦਾ ਖੇਡ ਜ਼ੋਰਾਂ 'ਤੇ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ਬਿਹਾਰ ਦੇ ਭੋਜਪੁਰ ਵਿੱਚ ਮਿਲੀਆਂ ਕੁਝ ਸ਼ਿਕਾਇਤਾਂ ਦੇ ਆਧਾਰ 'ਤੇ ਬੀਬੀਸੀ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇੱਥੇ ਤਾਂ ਪੂਰਾ ਮਾਮਲਾ ਹੀ ਗੜਬੜ ਹੈ।

ਪੀਐੱਮ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਦੀ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਾਰੇ ਲੋਕਾਂ ਨੂੰ 2022 ਤੱਕ ਪੱਕੇ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ

ਕਈ ਪੰਚਾਇਤ ਅਤੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਨਾਮ 'ਤੇ ਪੈਸਾ ਜਾਰੀ ਤਾਂ ਹੋ ਗਿਆ ਹੈ ਪਰ ਪੈਸਾ ਉਨ੍ਹਾਂ ਨੂੰ ਮਿਲਿਆ ਹੀ ਨਹੀਂ ਬਲਕਿ ਕਿਸੇ ਹੋਰ ਨੇ ਲੈ ਲਿਆ ਹੈ।

ਪਿੰਡ ਦੇ ਦਬੰਗਾਂ ਨੇ ਗਰੀਬਾਂ ਦੇ ਨਾਂ 'ਤੇ ਇਹ ਪੈਸੇ ਲੈ ਲਏ ਹਨ। ਇਨ੍ਹਾਂ ਵਿੱਚ ਦਲਿਤ ਲੋਕਾਂ ਦਾ ਹੱਕ ਸਭ ਤੋਂ ਵੱਧ ਮਾਰਿਆ ਗਿਆ ਹੈ।

ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਦੇ ਨਾਮ 'ਤੇ ਵੀ ਪੈਸੇ ਲਏ ਗਏ ਹਨ, ਜੋ ਹੁਣ ਜ਼ਿੰਦਾ ਵੀ ਨਹੀਂ ਹਨ।

ਬਹੁਤ ਸਾਰੇ ਲੋਕ ਅਜਿਹੇ ਵੀ ਮਿਲੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਨਾਮ 'ਤੇ ਇੱਕ ਲੱਖ 20 ਹਜ਼ਾਰ ਰੁਪਏ ਲਏ ਗਏ ਹਨ। ਕਈਆਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਹੱਕ ਪਿੰਡ ਦੇ ਦਬੰਗਾਂ ਨੇ ਮਾਰ ਲਿਆ ਹੈ ਪਰ ਉਹ ਡਰ ਦੇ ਮਾਰੇ ਕੁਝ ਵੀ ਨਹੀਂ ਬੋਲ ਰਹੇ।

ਮਸ਼ਹੂਰ ਅਰਥਸ਼ਾਸਤਰੀ ਅਤੇ ਕਾਰਕੁਨ ਜਿਆਂ ਦ੍ਰੇਜ਼ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਜਿੰਨਾਂ ਭ੍ਰਿਸ਼ਟਾਚਾਰ ਬਿਹਾਰ ਵਿੱਚ ਹੈ ਉਨਾਂ ਹੋਰ ਕਿਤੇ ਵੀ ਨਹੀਂ।

ਉਹ ਕਹਿੰਦੇ ਹਨ, "ਭ੍ਰਿਸ਼ਟਾਚਾਰ ਬਿਹਾਰ ਦੀ ਸਟਰਕਚਰਲ (ਢਾਂਚੇ ਵਿੱਚ) ਬਿਮਾਰੀ ਹੈ। ਮਾਮਲਾ ਸਿਰਫ਼ ਭੋਜਪੁਰ ਦਾ ਨਹੀਂ ਹੈ, ਬਲਕਿ ਇਹ ਯੋਜਨਾ ਹੀ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਬਿਹਾਰ ਦੇ ਲੋਕ ਸਰਕਾਰ ਦੀਆਂ ਯੋਜਨਾਵਾਂ ਤੋਂ ਮਿਲਣ ਵਾਲੇ ਲਾਭ ਨੂੰ ਆਪਣਾ ਹੱਕ ਨਹੀਂ ਬਲਕਿ ਅਹਿਸਾਨ ਦੇ ਤੌਰ 'ਤੇ ਵੇਖਦੇ ਹਨ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, Vishnu Narayan/BBC

ਤਸਵੀਰ ਕੈਪਸ਼ਨ, ਜਿਤਨਾ ਕੁੰਵਰ ਇਸ ਘਰ ਵਿੱਚ ਰਹਿੰਦੇ ਸੀ ਅਤੇ ਉਹ ਬੀਪੀਐੱਲ ਵੀ ਨਹੀਂ ਸੀ

ਜੇ ਉਹ ਆਪਣਾ ਅਧਿਕਾਰ ਮੰਨਦੇ ਤਾਂ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਜ਼ਰੂਰਤ ਕਿਉਂ ਪੈਂਦੀ। ਪਰ ਇਹ ਸਿਰਫ਼ ਲੋਕਾਂ ਦੇ ਪੱਧਰ 'ਤੇ ਹੀ ਨਹੀਂ ਹੈ ਬਲਕਿ ਜਿਨ੍ਹਾਂ ਉੱਤੇ ਇਸ ਯੋਜਨਾ ਨੂੰ ਡਿਲੀਵਰ ਕਰਨ ਦੀ ਜ਼ਿੰਮੇਦਾਰੀ ਹੈ, ਉਨ੍ਹਾਂ ਨੂੰ ਵੀ ਇਹੀ ਲੱਗਦਾ ਹੈ ਕਿ ਮੁਫ਼ਤ ਵਿੱਚ ਪੈਸੇ ਕਿਉਂ ਵੰਡਣੇ ਹਨ, ਇਨ੍ਹਾਂ ਨੂੰ ਆਪਣੇ ਕੋਲ ਵੀ ਰੱਖਿਆ ਜਾ ਸਕਦਾ ਹੈ।"

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਭ੍ਰਿਸ਼ਟਾਚਾਰ ਨੂੰ ਅੰਜਾਮ ਕਿਵੇਂ ਦਿੱਤਾ ਜਾ ਰਿਹਾ ਹੈ, ਇਸ ਦੇ ਲਈ ਅਸੀਂ ਚਾਰ ਕੇਸਾਂ ਦਾ ਅਧਿਐਨ ਕੀਤਾ। ਇਹ ਢੰਗ ਵਿਆਪਕ ਤੌਰ 'ਤੇ ਪੈਸੇ ਕਮਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਪੜ੍ਹੋ, ਬੀਬੀਸੀ ਪੜਤਾਲ-

ਜਿਤਨਾ ਕੁੰਵਰ ਨੂੰ ਉਸਦੀ ਮੌਤ ਤੋਂ ਬਾਅਦ ਜ਼ਿੰਦਾ ਕੀਤਾ ਗਿਆ

ਨਲਿਨ ਤਿਵਾਰੀ ਨੋਇਡਾ ਦੀ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਹਨ। ਕੋਵਿਡ ਮਹਾਂਮਾਰੀ ਦੇ ਕਾਰਨ ਲੌਕਡਾਊਨ ਲੱਗਿਆ ਤਾਂ ਕੰਪਨੀ ਨੇ ਉਨ੍ਹਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ।

ਦਿੱਲੀ ਵਿੱਚ ਰਹਿਣ ਦੀ ਬਜਾਏ, ਨਲਿਨ ਬਿਹਾਰ ਵਿੱਚ ਆਪਣੇ ਸ਼ਹਿਰ ਆਰਾ ਵਿੱਚ ਆ ਗਏ ਅਤੇ ਇੱਥੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਪਿਛਲੇ ਸਾਲ ਜੁਲਾਈ ਤੋਂ ਹੀ ਆਰਾ ਵਿੱਚ ਹਨ।

ਇਸ ਸਾਲ ਫ਼ਰਵਰੀ ਵਿੱਚ ਨਲਿਨ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਘਰ ਲਈ ਪੈਸੇ ਮਿਲਣ ਵਾਲੇ ਹਨ। ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਤਹਿਤ ਮਿਲਣ ਵਾਲੇ ਪੈਸੇ ਬਾਰੇ ਗੱਲ ਕਰ ਰਹੇ ਸਨ। ਨਲਿਨ ਤਿਵਾਰੀ ਦੇ ਕੰਨ ਖੜ੍ਹੇ ਹੋ ਗਏ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ
ਤਸਵੀਰ ਕੈਪਸ਼ਨ, ਇਹ ਪੱਤਰ ਫਰਜ਼ੀ ਬੈਂਕ ਖਾਤੇ ਬਾਰੇ ਬੈਂਕ ਨੂੰ ਭੇਜਿਆ ਗਿਆ ਸੀ

ਦਰਅਸਲ ਨਲਿਨ ਦੀ ਵੱਡੀ ਮਾਂ ਭਾਵ ਤਾਈ ਆਰਾ ਜ਼ਿਲ੍ਹੇ ਦੇ ਜਗਦੀਸ਼ਪੁਰ ਬਲਾਕ ਦੇ ਦੇਵਰਾੜ੍ਹ ਪਿੰਡ ਵਿੱਚ ਰਹਿੰਦੇ ਸਨ। ਦੇਵਰਾੜ੍ਹ ਨਲਿਨ ਦਾ ਜੱਦੀ ਪਿੰਡ ਹੈ।

ਨਲਿਨ ਦੀ ਵੱਡੀ ਮਾਂ ਦਾ ਨਾਂ ਜਿਤਨਾ ਕੁੰਵਰ ਸੀ ਜਿਨ੍ਹਾਂ ਦੀ ਮੌਤ 19 ਦਸੰਬਰ 2019 ਵਿੱਚ ਹੀ ਹੋ ਗਈ ਸੀ। ਉਨ੍ਹਾਂ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਹ ਪਿੰਡ ਵਿੱਚ ਇੱਕਲੇ ਰਹਿੰਦੇ ਸਨ। ਉਨ੍ਹਾਂ ਦੀ ਇੱਕ ਧੀ ਹੈ ਪਰ ਵਿਆਹ ਤੋਂ ਬਾਅਦ ਉਹ ਵੀ ਆਪਣੇ ਸਹੁਰੇ ਚਲੀ ਗਈ।

ਜਿਸ ਘਰ ਵਿੱਚ ਜਿਤਨਾ ਕੁੰਵਰ ਰਹਿੰਦੇ ਸਨ ਉਹ ਇੱਕ ਢਹਿ ਚੁੱਕੇ ਘਰ ਦਾ ਬਚਿਆ ਹਿੱਸਾ ਹੈ।

ਨਲਿਨ ਤਿਵਾਰੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਵੱਡੀ ਮਾਂ ਭਾਵੇਂ ਦੋ ਸਾਲ ਪਹਿਲਾਂ ਹੀ ਗੁਜ਼ਰ ਚੁੱਕੇ ਹਨ ਪਰ ਬਿਹਾਰ ਦੇ ਪ੍ਰਬੰਧ ਨੇ ਉਨ੍ਹਾਂ ਨੂੰ ਹਾਲੇ ਵੀ ਜਿਉਂਦਾ ਰੱਖਿਆ ਹੋਇਆ ਹੈ।

ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਤਨਾ ਕੁੰਵਰ ਦੀ ਆਤਮਾ ਪਿੰਡ ਦੇ ਹੀ ਵਸ਼ਿਸ਼ਟ ਯਾਦਵ ਦੀ ਪਤਨੀ ਛਠੋ ਦੇਵੀ ਅੰਦਰ ਹੈ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, VIshnu Naranan/BBC

ਪਿੰਡ ਦੇ ਮੁਖੀ ਮਹੇਸ਼ ਠਾਕੁਰ ਅਤੇ ਪੰਚਾਇਤ ਸੰਮਤੀ ਦੇ ਮੈਂਬਰ ਲਲਿਤਾ ਦੇ ਨਾਲ ਮਿਲ ਕੇ ਆਵਾਸ ਸਹਾਇਕਾ ਦੁਰਗਾ ਮਣੀ ਗੁਪਤਾ ਨੇ ਛਠੋ ਦੇਵੀ ਨੂੰ ਜਿਤਨਾ ਕੁੰਵਰ ਬਣਾ ਦਿੱਤਾ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਲਾਭ-ਪਾਤਰੀਆਂ ਦੀ ਸੂਚੀ ਆਈ ਤਾਂ ਉਸ ਵਿੱਚ ਜਿਤਨਾ ਕੁੰਵਰ ਦਾ ਨਾਮ ਵੀ ਸ਼ਾਮਲ ਸੀ।

ਨਲਿਨ ਤਿਵਾਰੀ ਕਹਿੰਦੇ ਹਨ ਕਿ ਸਰਕਾਰ ਮੇਰੀ ਵੱਡੀ ਮਾਂ ਲਈ ਸਵਰਗ ਵਿੱਚ ਘਰ ਬਣਾਉਣ ਲਈ ਉਤਸੁਕ ਸੀ।

ਛਠੋ ਦੇਵੀ ਨੂੰ ਜਿਤਨਾ ਕੁੰਵਰ ਕਿਵੇਂ ਬਣਾਇਆ ਗਿਆ

ਇਹ ਜਾਣਨਾ ਬਹੁਤ ਔਖਾ ਨਹੀਂ ਹੈ। ਪਰ ਪੇਂਡੂ ਸਮਾਜ ਲਈ ਇਹ ਸੌਖਾ ਵੀ ਨਹੀਂ ਹੈ। ਨਲਿਨ ਤਿਵਾਰੀ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੇ ਇੰਟਰਨੈਟ 'ਤੇ ਜਾਣਨਾ-ਸਮਝਣਾ ਸ਼ੁਰੂ ਕੀਤਾ ਤਾਂ ਸਾਰੀ ਧੋਖਾਧੜੀ ਖੁੱਲ੍ਹ ਕੇ ਸਾਹਮਣੇ ਆ ਗਈ।

ਇਸ ਘੋਟਾਲੇ ਨੂੰ ਸਮਝਣਾ ਚਾਹੁੰਦੇ ਹੋ, ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੀ ਵੈਬਸਾਈਟ 'ਤੇ ਜਾਓ। ਜਿਨ੍ਹਾਂ ਲੋਕਾਂ ਦੇ ਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭ-ਪਾਤਰੀਆਂ ਦੀ ਸੂਚੀ ਵਿੱਚ ਹੁੰਦੇ ਹਨ ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਹੁੰਦੇ ਹਨ।

ਉਸੇ ਰਜਿਸਟ੍ਰੇਸ਼ਨ ਨੰਬਰ ਨੂੰ ਹੋਮ ਪੇਜ ਦੇ ਸਟੇਕਹੋਲਡਰ ਵਿੱਚ IAY/PMAYG Beneficiary ਸੈਕਸ਼ਨ ਚੁਣ ਕੇ ਕਲਿੱਕ ਕਰੋ। ਕਲਿੱਕ ਕਰਨ 'ਤੇ ਇੱਕ ਬਾਕਸ ਦਿਖਾਈ ਦੇਵੇਗਾ। ਇਸ ਬਾਕਸ ਵਿੱਚ ਲਿਖਿਆ ਹੁੰਦਾ ਹੈ - ਐਂਟਰ ਰਜਿਸਟ੍ਰੇਸ਼ਨ ਨੰਬਰ (ਰਜਿਸਟ੍ਰੇਸ਼ਨ ਨੰਬਰ ਦਰਜ ਕਰੋ)।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, PMAYG

ਤਸਵੀਰ ਕੈਪਸ਼ਨ, PMYAG ਦੀ ਵੈਬਸਾਈਟ 'ਤੇ ਇਹ ਵੇਰਵਾ ਕੁੰਵਰ ਦੇ ਨਾਮ ਤੇ 'ਹੈ

ਇਸ ਬਾਕਸ ਵਿੱਚ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ। ਇਸਨੂੰ ਦਰਜ ਕਰਨ 'ਤੇ ਸਾਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ।

ਕਿਸ ਬੈਂਕ ਖਾਤੇ ਵਿੱਚ ਭੁਗਤਾਨ ਕੀਤਾ ਗਿਆ ਹੈ, ਕਿੰਨਾ ਪੈਸਾ ਮਿਲਿਆ ਹੈ ਅਤੇ ਕਿਸ ਮਿਤੀ ਨੂੰ ਪੈਸਾ ਟ੍ਰਾਂਸਫਰ ਕੀਤਾ ਗਿਆ ਹੈ, ਇਹ ਜਾਣਕਾਰੀ ਵੀ ਮੌਜੂਦ ਹੁੰਦੀ ਹੈ।

ਜਿਵੇਂ ਕਿ ਜਿਤਨਾ ਕੁੰਵਰ ਦੇ ਨਾਮ 'ਤੇ ਰਜਿਸਟ੍ਰੇਸ਼ਨ ਨੰਬਰ BH1012787 ਹੈ।

ਜੇ ਤੁਸੀਂ ਇਸ ਨੂੰ ਦਰਜ ਕਰਕੇ ਦੇਖੋਗੇ, ਤਾਂ ਤੁਹਾਨੂੰ ਪਤਾ ਚੱਲੇਗਾ ਕਿ 19 ਦਸੰਬਰ 2020 (19-12-2020) ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲੀ ਇੱਕ ਲੱਖ 20 ਹਜ਼ਾਰ ਦੀ ਰਕਮ ਵਿੱਚੋਂ ਪਹਿਲੀ ਕਿਸ਼ਤ ਦੇ 40,000 ਰੁਪਏ ਬੈਂਕ ਆਫ਼ ਬੜੌਦਾ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਨਲਿਨ ਤਿਵਾਰੀ ਲਈ ਇਹ ਸਭ ਹੈਰਾਨ ਕਰਨ ਵਾਲਾ ਸੀ।

ਜਿਤਨਾ ਕੁੰਵਰ

ਤਸਵੀਰ ਸਰੋਤ, PMAYG

ਤਸਵੀਰ ਕੈਪਸ਼ਨ, ਜਿਤਨਾ ਕੁੰਵਰ ਦੀ ਥਾਂ ਛੱਠੋ ਦੇਵੀ ਦੀ ਤਸਵੀਰ ਹੈ

ਰਜਿਸਟ੍ਰੇਸ਼ਨ ਨੰਬਰ ਦਾਖਲ ਕਰਨ ਤੋਂ ਬਾਅਦ, ਜੋ ਪੰਨਾ ਖੁੱਲ੍ਹਦਾ ਹੈ ਉਸ ਨੂੰ ਸਕ੍ਰੌਲ ਕਰਦੇ ਹੋਏ ਹੇਠਾਂ ਵੱਲ ਜਾਓਗੇ ਤਾਂ ਘਰ ਦੇ ਸਾਹਮਣੇ ਲਾਭਪਾਤਰੀ ਦੀ ਤਸਵੀਰ ਵੀ ਹੁੰਦੀ ਹੈ।

ਇਸ ਮਾਮਲੇ ਵਿੱਚ ਜਿਤਨਾ ਕੁੰਵਰ ਦੀ ਬਜਾਏ ਕਿਸੇ ਹੋਰ ਔਰਤ ਦੀ ਤਸਵੀਰ ਇੱਥੇ ਦਰਜ ਹੈ। ਉਹ ਔਰਤ ਮਿੱਟੀ ਦੇ ਬਣੇ ਇੱਕ ਘਰ ਸਾਹਮਣੇ ਖੜ੍ਹੀ ਹੈ।

ਉਸ ਔਰਤ ਦੀਆਂ ਦੋ ਫੋਟੋਆਂ ਹਨ, ਇੱਕ ਦੇ ਅੱਗੇ ਲਿਖਿਆ ਹੈ ਕਿ 'ਘਰ ਇੱਥੇ ਹੀ ਬਣਾਉਣਾ ਹੈ' ਅਤੇ ਦੂਜੀ ਦੇ ਅੱਗੇ ਲਿਖਿਆ ਹੈ - ਪੁਰਾਣਾ ਘਰ।

ਮਕਾਨ ਬਣਨ ਤੋਂ ਬਾਅਦ ਨਵੇਂ ਘਰ ਦੀ ਫੋਟੋ ਵੀ ਇੱਥੇ ਲਗਾਈ ਜਾਂਦੀ ਹੈ ਪਰ ਕਿਉਂਕਿ ਹਾਲੇ ਸਿਰਫ਼ ਇੱਕ ਕਿਸ਼ਤ ਹੀ ਮਿਲੀ ਸੀ, ਇਸ ਲਈ ਘਰ ਦੇ ਮੁਕੰਮਲ ਹੋਣ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਨਲਿਨ ਤਿਵਾਰੀ ਵੀ ਤਸਵੀਰ ਵਾਲੀ ਇਸ ਮਹਿਲਾ ਨੂੰ ਨਹੀਂ ਪਛਾਣ ਪਾ ਰਹੇ ਸਨ। ਕਿਉਂਕਿ ਉਹ ਕਦੇ ਆਪਣੇ ਉਸ ਪਿੰਡ ਵਿੱਚ ਨਹੀਂ ਗਏ ਸਨ। ਫਿਰ ਜਦੋਂ ਉਨ੍ਹਾਂ ਨੇ ਇਹ ਤਸਵੀਰ ਪਿੰਡ ਦੇ ਲੋਕਾਂ ਨੂੰ ਭੇਜੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਛਠੋ ਦੇਵੀ ਹਨ।

ਇਹ ਵੀ ਪੜ੍ਹੋ:

ਨਲਿਨ ਤਿਵਾਰੀ ਨੇ ਇਸ ਬਾਰੇ ਬਿਹਾਰ ਲੋਕ ਸ਼ਿਕਾਇਤ ਨਿਵਾਰਣ ਅਧਿਕਾਰ ਨੂੰ ਸ਼ਿਕਾਇਤ ਕੀਤੀ।

ਲੋਕ ਨਿਵਾਰਨ ਨੇ ਜਗਦੀਸ਼ਪੁਰ ਬਲਾਕ ਦੇ ਬੀਡੀਓ ਰਾਜੇਸ਼ ਕੁਮਾਰ ਤੋਂ ਇਸਦੀ ਜਾਣਕਾਰੀ ਮੰਗੀ। ਉੱਥੋਂ ਇਹ ਪਤਾ ਲੱਗਾ ਕਿ ਛਠੋ ਦੇਵੀ ਦੇ ਆਧਾਰ ਕਾਰਡ 'ਤੇ ਜਿਤਨਾ ਕੁੰਵਰ ਦਾ ਨਾਮ ਲਿਖ ਦਿੱਤਾ ਗਿਆ ਹੈ।

ਛਠੋ ਦੇਵੀ ਦੇ ਆਧਾਰ ਕਾਰਡ 'ਤੇ ਹੀ ਜਗਦੀਸ਼ਪੁਰ ਦੇ ਬੈਂਕ ਆਫ਼ ਬੜੌਦਾ ਦੇ ਸੀਐੱਸਪੀ ਤੋਂ ਜਿਤਨਾ ਕੁੰਵਰ ਦੇ ਨਾਂ 'ਤੇ ਖਾਤਾ ਖੋਲ੍ਹਿਆ ਗਿਆ ਸੀ।

ਸੀਐੱਸਪੀ ਦਾ ਮਤਲਬ ਹੁੰਦਾ ਹੈ ਕਸਟਮਰ ਸਰਵਿਸ ਪੁਆਇੰਟ ਜਾਂ ਫਿਰ ਇਨ੍ਹਾਂ ਨੂੰ ਬੈਂਕ ਮਿੱਤਰ ਦੇ ਨਾਲ ਬਿਜ਼ਨੇਸ ਕਾਰੇਸਪੌਂਡੈਂਟ ਵੀ ਕਿਹਾ ਜਾਂਦਾ ਹੈ।

ਜਿਤਨਾ ਕੁੰਵਰ

ਤਸਵੀਰ ਸਰੋਤ, NALIN Tiwari/BBC

ਤਸਵੀਰ ਕੈਪਸ਼ਨ, ਜਿਤਨਾ ਕੁੰਵਰ ਦਾ ਖਾਤਾ ਯੂਕੋ ਬੈਂਕ ਵਿੱਚ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਛਠੋ ਦੇਵੀ ਨੂੰ ਜਿਤਨਾ ਕੁੰਵਰ ਬਣਾ ਦਿੱਤਾ ਗਿਆ ਅਤੇ ਬੈਂਕ ਆਫ਼ ਬੜੌਦਾ ਵਿੱਚ ਖਾਤਾ ਖੋਲ੍ਹਿਆ ਗਿਆ

ਇੱਥੇ ਕੋਈ ਬੈਂਕ ਕਰਮੀ ਨਹੀਂ ਹੁੰਦਾ ਹੈ। ਇਸ ਵਿੱਚ ਬਾਹਰਲੇ ਲੋਕਾਂ ਨੂੰ ਕੰਮ 'ਤੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖਾਤਾ ਖੋਲ੍ਹਣ ਦੀ ਜ਼ਿੰਮੇਦਾਰੀ ਦਿੱਤੀ ਜਾਂਦੀ ਹੈ।

ਬੈਂਕ ਵਾਲੇ ਅਜਿਹਾ ਆਰਬੀਆਈ ਦੇ ਸਰਕੁਲਰ ਦੇ ਤਹਿਤ ਕਰਵਾ ਰਹੇ ਹਨ। ਪੇਂਡੂ ਖੇਤਰਾਂ ਵਿੱਚ ਸੀਐੱਸਪੀ ਸ਼ਾਖਾਵਾਂ ਕਾਫ਼ੀ ਪ੍ਰਚਲਿਤ ਹਨ ਅਤੇ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਜ਼ਿਆਦਾਤਰ ਕੰਮ ਇੱਥੋਂ ਹੀ ਹੁੰਦੇ ਹਨ।

ਜਿਸ ਸਮੇਂ ਜਿਤਨਾ ਕੁੰਵਰ ਜਿੰਦਾ ਸਨ, ਉਸ ਵੇਲੇ ਵੀ ਉਨ੍ਹਾਂ ਦਾ ਬੈਂਕ ਆਫ਼ ਬੜੌਦਾ ਵਿੱਚ ਕੋਈ ਖਾਤਾ ਨਹੀਂ ਸੀ।

ਉਨ੍ਹਾਂ ਦਾ ਖਾਤਾ ਯੂਕੋ ਬੈਂਕ ਵਿੱਚ ਸੀ। ਜਦੋਂ ਇਸ ਮਾਮਲੇ ਵਿੱਚ ਬੈਂਕ ਆਫ਼ ਬੜੌਦਾ ਦੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਬੈਂਕ ਨੇ ਖਾਤੇ ਨੂੰ ਆਪਣੇ ਅਧੀਨ ਲੈ ਲਿਆ ਹੈ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, Vishnu Narayan/BBC

ਪਰ ਨਕਲੀ ਦਸਤਾਵੇਜ਼ਾਂ ਨਾਲ ਖਾਤਾ ਕਿਵੇਂ ਖੋਲ੍ਹਿਆ ਗਿਆ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ।

ਬੈਂਕ ਆਫ਼ ਬੜੌਦਾ ਦੇ ਮੈਨੇਜਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸੀਐੱਸਪੀ ਬ੍ਰਾਂਚ ਦੇ ਬਾਰੇ ਕਿਹਾ ਕਿ ਬੈਂਕ ਮਿੱਤਰ ਜੋ ਨਵੇਂ ਖਾਤੇ ਖੋਲ੍ਹਦੇ ਹਨ, ਉਹ ਦਸਤਾਵੇਜ਼ਾਂ ਦੀ ਤਸਦੀਕ ਕਰਨ ਵਿੱਚ ਬਹੁਤ ਅਣਗਹਿਲੀ ਵਰਤਦੇ ਹਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਨਕਲੀ ਖਾਤੇ ਖੋਲ੍ਹੇ ਜਾ ਰਹੇ ਹਨ।

ਛਠੋ ਦੇਵੀ ਦਾ ਕੀ ਕਹਿਣਾ ਹੈ

ਜਦੋਂ ਛਠੋ ਦੇਵੀ ਨੂੰ ਪੁੱਛਿਆ ਗਿਆ ਕਿ ਤੁਸੀਂ ਮਰੇ ਹੋਏ ਵਿਅਕਤੀ ਦੇ ਪੈਸੇ ਕਿਉਂ ਲਏ? ਇਸ 'ਤੇ ਛਠੋ ਦੇਵੀ ਨੇ ਕਿਹਾ, "ਹਮਰਾ ਕੇ ਕੁਛ ਪਤਾ ਨਈਖੇ। ਜਈਸੇ-ਤਈਸੇ ਹਮਰਾ ਕੇ ਕਰਾਵਲ ਗਈਲ, ਹਮ ਓਹੇ ਕਈਲੇ ਬਾਨੀ। (ਮੈਨੂੰ ਕੁਝ ਵੀ ਨਹੀਂ ਪਤਾ। ਜਿਵੇਂ-ਜਿਵੇਂ ਮੈਨੂੰ ਕਰਨ ਲਈ ਕਿਹਾ ਗਿਆ ਮੈਂ ਉਹੀ ਕੀਤਾ)।" ਛਠੋ ਦੇਵੀ ਦੇ ਪੁੱਤਰ ਫਾਗੂ ਯਾਦਵ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੁਝ ਨਹੀਂ ਦੱਸਿਆ।

ਸਾਰਾ ਪਰਿਵਾਰ ਪੁੱਛਗਿੱਛ ਤੋਂ ਡਰ ਗਿਆ ਸੀ। ਫਾਗੂ ਯਾਦਵ ਨੂੰ ਮੋਬਾਈਲ ਨੰਬਰ ਦੇ ਦਿੱਤਾ ਗਿਆ ਕਿ ਜਦੋਂ ਵੀ ਉਨ੍ਹਾਂ ਨੇ ਕੁਝ ਦੱਸਣਾ ਹੋਵੇ ਤਾਂ ਉਹ ਫ਼ੋਨ ਕਰਕੇ ਦੱਸ ਦੇਣ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ
ਤਸਵੀਰ ਕੈਪਸ਼ਨ, ਬਿਹਾਰ ਲੋਕ ਨਿਵਾਰਣ ਵਿਭਾਗ ਨੇ ਵੀ ਜਾਅਲਸਾਜ਼ੀ ਹੋਣ ਦੀ ਗੱਲ ਸਵੀਕਾਰ ਕੀਤੀ ਹੈ

ਪਿਛਲੇ ਹਫ਼ਤੇ, ਸ਼ਨੀਵਾਰ ਨੂੰ ਫਾਗੂ ਯਾਦਵ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਪੰਚਾਇਤ ਮੈਂਬਰ ਲਲਿਤਾ ਦੇਵੀ ਦੇ ਦਿਓਰ ਰਮੇਸ਼ ਬੈਠਾ ਅਤੇ ਸ਼ਿਵਪੁਰ ਪੰਚਾਇਤ ਦੇ ਮੁਖੀ ਮਹੇਸ਼ ਠਾਕੁਰ ਨੇ ਸਭ ਕੁਝ ਕਰਵਾਇਆ ਹੈ।

ਦੇਵਰਾੜ੍ਹ ਪਿੰਡ ਸ਼ਿਵਪੁਰ ਪੰਚਾਇਤ ਦੇ ਅਧੀਨ ਹੀ ਆਉਂਦਾ ਹੈ। ਫਾਗੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ 40 ਹਜ਼ਾਰ ਵਿੱਚੋਂ ਸਿਰਫ਼ 20 ਹਜ਼ਾਰ ਰੁਪਏ ਹੀ ਮਿਲੇ ਸਨ, ਬਾਕੀ ਦੇ ਪੈਸੇ ਸਰਪੰਚ ਅਤੇ ਰਮੇਸ਼ ਬੈਠਾ ਨੇ ਲੈ ਲਏ।

ਜਦੋਂ ਸਰਪੰਚ ਮਹੇਸ਼ ਠਾਕੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਦਿਲਚਸਪ ਸੀ।

ਠਾਕੁਰ ਨੇ ਕਿਹਾ, "ਇਹ ਕਾਗਜ਼ ਵੇਖੋ। ਡਾਕਟਰਾਂ ਨੇ ਦੱਸਿਆ ਹੈ ਕਿ ਮੈਂ ਜਿਗਰ ਦੇ ਕੈਂਸਰ ਤੋਂ ਪੀੜਤ ਹਾਂ। ਮੈਂ ਇੱਕ ਸਾਲ ਤੋਂ ਵੱਧ ਜ਼ਿੰਦਾ ਨਹੀਂ ਰਹਿ ਸਕਾਂਗਾ। ਜੇ ਤੁਸੀਂ ਇਹ ਸਾਰੀਆਂ ਰਿਪੋਰਟਾਂ ਛਾਪਦੇ ਹੋ ਤਾਂ ਚੋਣ ਜਿੱਤਣ ਵਿੱਚ ਮੁਸ਼ਕਿਲ ਹੋਵੇਗੀ। ਵਿਰੋਧੀਆਂ ਨੂੰ ਹਥਿਆਰ ਮਿਲ ਜਾਵੇਗਾ। ਇੱਕ ਵਾਰ ਫਿਰ ਚੋਣ ਜਿੱਤ ਲੈਣ ਦਿਓ।"

ਇੱਕ ਪਾਸੇ ਤਾਂ ਮਹੇਸ਼ ਠਾਕੁਰ ਕਹਿ ਰਹੇ ਹਨ ਕਿ ਉਹ ਸਿਰਫ਼ ਇੱਕ ਸਾਲ ਤੱਕ ਹੀ ਜ਼ਿੰਦਾ ਰਹਿ ਸਕਣਗੇ ਪਰ ਦੂਜੇ ਪਾਸੇ ਉਹ ਸਰਪੰਚੀ ਲੈਣ ਲਈ ਬੇਚੈਨ ਹਨ।

ਜਿਸ ਵਿਅਕਤੀ ਦਾ ਨਾਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਆਉਂਦਾ ਹੈ, ਉਸ ਦੀ ਪਛਾਣ ਅਤੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਜ਼ਿੰਮੇਦਾਰੀ ਆਵਾਸ ਸਹਾਇਕ ਜਾਂ ਸਹਾਇਕਾ ਦੀ ਹੁੰਦੀ ਹੈ। ਸ਼ਿਵਪੁਰ ਪੰਚਾਇਤ ਵਿੱਚ ਦੁਰਗਾ ਮਣੀ ਗੁਪਤਾ ਆਵਾਸ ਸਹਾਇਕਾ ਹਨ।

ਸ਼ਿਵਪੁਰ ਪੰਚਾਇਤ ਦੇ ਮੁਖੀ ਮਹੇਸ਼ ਠਾਕੁਰ

ਤਸਵੀਰ ਸਰੋਤ, Vishnu Narayan/BBC

ਤਸਵੀਰ ਕੈਪਸ਼ਨ, ਸ਼ਿਵਪੁਰ ਦੇ ਸਰਪੰਚ ਮਹੇਸ਼ ਠਾਕੁਰ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮ੍ਰਿਤਕ ਔਰਤ ਨੂੰ ਜ਼ਿੰਦਾ ਕਿਵੇਂ ਕੀਤਾ? ਤਾਂ ਦੁਰਗਾ ਮਣੀ ਗੁਪਤਾ ਲਗਾਤਾਰ ਪਾਣੀ ਪੀਂਦੇ ਰਹੇ। ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੇ ਚਿਹਰੇ ਤੋਂ ਪਸੀਨਾ ਟਪਕਣ ਲੱਗ ਪਿਆ। ਉਹ ਕੁਝ ਕਹਿਣ ਦੀ ਸਥਿਤੀ ਵਿੱਚ ਨਹੀਂ ਸਨ।

ਪਰ ਕਿਸੇ ਤਰ੍ਹਾਂ ਖੁਦ ਨੂੰ ਸੰਭਾਲਦੇ ਹੋਏ, ਉਨ੍ਹਾਂ ਨੇ ਕਿਹਾ, "ਸਰ, ਆਧਾਰ ਕਾਰਡ 'ਤੇ ਤਸਵੀਰ ਜਿਤਨਾ ਕੁੰਵਰ ਦੀ ਹੀ ਸੀ। ਮੈਂ ਸਰਪੰਚ ਅਤੇ ਪੰਚਾਇਤ ਕਮੇਟੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਜਿਤਨਾ ਕੁੰਵਰ ਹੀ ਹਨ। ਮੈਂ ਵੀ ਮੰਨ ਲਿਆ ਕਿ ਛਠੋ ਦੇਵੀ ਹੀ ਜਿਤਨਾ ਕੁੰਵਰ ਹਨ।"

ਰਮੇਸ਼ ਬੈਠਾ, ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਨੂੰ ਮਿਲਣ ਲਈ ਕਿਹਾ ਤਾਂ ਉਹ ਹਰ ਰੋਜ਼ ਸਮਾਂ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ।

ਦੁਰਗਾ ਮਨੀ ਗੁਪਤਾ, ਸ਼ਿਵਪੁਰ ਪੰਚਾਇਤ ਦੀ ਹਾਊਸਿੰਗ ਸਹਾਇਕ
ਤਸਵੀਰ ਕੈਪਸ਼ਨ, ਦੁਰਗਾ ਮਨੀ ਗੁਪਤਾ, ਸ਼ਿਵਪੁਰ ਪੰਚਾਇਤ ਦੀ ਹਾਊਸਿੰਗ ਸਹਾਇਕ

ਰਮੇਸ਼ ਬੈਠਾ ਪੰਚਾਇਤ ਮੈਂਬਰ ਨਹੀਂ ਹਨ ਪਰ ਉਹ ਪੰਚਾਇਤ ਸੰਮਤੀ ਦਾ ਕੰਮ ਕਿਉਂ ਕਰਦੇ ਹਨ? ਇਸ ਸਵਾਲ 'ਤੇ ਰਮੇਸ਼ ਬੈਠਾ ਨੇ ਕੁਝ ਨਹੀਂ ਕਿਹਾ।

ਪਿੰਡ ਵਿੱਚ ਪਤਾ ਲੱਗਾ ਕਿ ਲਲਿਤਾ ਦੇਵੀ ਪਟਨਾ ਵਿੱਚ ਲਾਂਡਰੀ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਦਿਓਰ ਰਮੇਸ਼ ਬੈਠਾ ਪੰਚਾਇਤ ਕਮੇਟੀ ਦਾ ਕੰਮ ਕਰਦੇ ਹਨ।

ਜੋ ਜਿਉਂਦੇ ਹਨ ਉਨ੍ਹਾਂ ਨਾਲ ਵੀ ਧੋਖਾ

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਘੋਟਾਲਾ ਸਿਰਫ਼ ਮ੍ਰਿਤਕਾਂ ਦੇ ਨਾਂ 'ਤੇ ਹੀ ਨਹੀਂ ਹੋ ਰਿਹਾ, ਬਲਕਿ ਉਨ੍ਹਾਂ ਲੋਕਾਂ ਦੇ ਨਾਂ 'ਤੇ ਵੀ ਪੈਸੇ ਹੜੱਪ ਕੀਤੇ ਜਾ ਰਹੇ ਹਨ ਜੋ ਜ਼ਿੰਦਾ ਹਨ।

ਜਿਤਨਾ ਕੁੰਵਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ, ਬੀਬੀਸੀ ਨੇ ਦੇਵਰਾੜ੍ਹ ਪਿੰਡ ਵਿੱਚ ਹੀ ਪੜਤਾਲ ਸ਼ੁਰੂ ਕੀਤੀ ਅਤੇ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ।

ਇਸੇ ਪਿੰਡ ਦੇ ਰਹਿਣ ਵਾਲੇ ਕਿਸ਼ੋਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਕੋਲਕਾਤਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਕਿਸ਼ੋਰ ਸਿੰਘ ਦਾ ਵੀ ਨਾਂ ਹੈ ਪਰ ਪੈਸੇ ਨਹੀਂ ਮਿਲੇ ਹਨ।

ਕਿਸ਼ੋਰ ਸਿੰਘ ਦਾ ਭਰਾ ਸੰਜੇ ਸਿੰਘ

ਤਸਵੀਰ ਸਰੋਤ, Vishnu Narayan/BBC

ਤਸਵੀਰ ਕੈਪਸ਼ਨ, ਕਿਸ਼ੋਰ ਸਿੰਘ ਦੇ ਭਰਾ ਸੰਜੇ ਸਿੰਘ, ਕਿਸ਼ੋਰ ਸਿੰਘ ਦਾ ਪੈਸਾ ਸੁਰੇਸ਼ ਯਾਦਵ ਨੇ ਲੈ ਲਿਆ

ਜਦੋਂ ਕਿਸ਼ੋਰ ਸਿੰਘ ਦੀ ਰਜਿਸਟ੍ਰੇਸ਼ਨ ਆਈਡੀ BH6049413 ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ ਲੱਭਿਆ ਗਿਆ ਤਾਂ ਪਤਾ ਲੱਗਾ ਕਿ ਇੱਕ ਲੱਖ 20 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ। ਪਰ ਇਹ ਪੈਸਾ ਕਿਸਨੂੰ ਮਿਲਿਆ ? ਕਿਸ਼ੋਰ ਸਿੰਘ ਦੇ ਨਾਂ 'ਤੇ ਪੈਸੇ ਦਾ ਘਪਲਾ ਹੋਇਆ ਹੈ, ਇਹ ਜਾਣਕਾਰੀ PMAYG ਦੀ ਵੈਬਸਾਈਟ ਤੋਂ ਹੀ ਪਤਾ ਲੱਗ ਜਾਂਦੀ ਹੈ।

ਯੋਜਨਾ ਤਹਿਤ ਮਿਲਣ ਵਾਲੀ 1 ਲੱਖ 20 ਹਜ਼ਾਰ ਦੀ ਇਹ ਰਕਮ 40-40 ਹਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਕਿਸ਼ੋਰ ਸਿੰਘ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ।

ਪਹਿਲੀ ਅਤੇ ਦੂਜੀ ਕਿਸ਼ਤ ਪਿਛਲੇ ਸਾਲ ਅਗਸਤ ਅਤੇ ਦਸੰਬਰ ਵਿੱਚ ਅਤੇ ਤੀਜੀ ਕਿਸ਼ਤ ਇਸੇ ਸਾਲ 8 ਜਨਵਰੀ ਨੂੰ ਜਾਰੀ ਕੀਤੀ ਗਈ ਹੈ।

PMAYG ਦੀ ਵੈਬਸਾਈਟ ਦੇ ਅਨੁਸਾਰ, ਇੱਕ ਲੱਖ 20 ਹਜ਼ਾਰ ਦੀ ਰਕਮ ਕਿਸ਼ੋਰ ਸਿੰਘ ਦੇ ਯੂਕੋ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਪਰ ਸੱਚਾਈ ਇਹ ਹੈ ਕਿ ਕਿਸ਼ੋਰ ਸਿੰਘ ਨੇ ਯੂਕੋ ਬੈਂਕ ਵਿੱਚ ਕੋਈ ਖਾਤਾ ਖੁਲ੍ਹਵਾਇਆ ਹੀ ਨਹੀਂ ਸੀ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, PAMYG

ਤਸਵੀਰ ਕੈਪਸ਼ਨ, ਇੱਥੇ ਤਸਵੀਰ ਨਵੇਂ ਅਤੇ ਪੁਰਾਣੇ ਘਰ ਦੇ ਨਾਲ ਕਿਸ਼ੋਰ ਸਿੰਘ ਅਤੇ ਉਸਦੇ ਪਰਿਵਾਰ ਦੀ ਹੋਣੀ ਚਾਹੀਦੀ ਸੀ ਪਰ ਇੱਥੇ ਤਿੰਨ ਵੱਖਰੇ ਵਿਅਕਤੀ ਹਨ

ਪਰ ਕੋਈ ਵੀ ਵਿਅਕਤੀ ਕਿਸੇ ਅਜਿਹੇ ਵਿਅਕਤੀ ਦੇ ਨਾਮ 'ਤੇ ਖਾਤਾ ਕਿਵੇਂ ਖੁਲ੍ਹਵਾ ਸਕਦਾ ਹੈ ਜਿਸਦਾ ਬੈਂਕ ਵਿੱਚ ਪਹਿਲਾਂ ਕੋਈ ਖਾਤਾ ਹੈ ਹੀ ਨਹੀਂ? ਇੱਥੇ ਵੀ ਉਹੀ ਧੋਖਾਧੜੀ ਹੋਈ ਹੈ।

PMAYG ਦੀ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਆਈਡੀ BH6049413 ਦੀ ਖੋਜ ਕਰਨ 'ਤੇ ਜੋ ਜਾਣਕਾਰੀ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਕਿਸ਼ੋਰ ਸਿੰਘ ਦਾ ਪੱਕਾ ਘਰ ਬਣ ਚੁੱਕਿਆ ਹੈ।

ਵੈਬਸਾਈਟ 'ਤੇ ਕਿਸ਼ੋਰ ਸਿੰਘ ਦੀ ਆਈਡੀ ਦੇ ਪੰਨੇ 'ਤੇ ਇੱਕ ਆਦਮੀ ਦੇ ਨਾਲ ਇੱਕ ਪੁਰਾਣੇ ਘਰ ਦੀ ਤਸਵੀਰ ਪਿਛਲੇ ਸਾਲ 15 ਮਈ ਨੂੰ ਪੋਸਟ ਕੀਤੀ ਗਈ ਸੀ।

ਪਰ ਨਾ ਤਾਂ ਉਸ ਤਸਵੀਰ ਵਾਲਾ ਵਿਅਕਤੀ ਕਿਸ਼ੋਰ ਸਿੰਘ ਹੈ ਅਤੇ ਨਾ ਹੀ ਇਹ ਘਰ ਉਨ੍ਹਾਂ ਦਾ ਹੈ। ਇਸ ਵਿਅਕਤੀ ਬਾਰੇ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਹ ਦੇਵਰਾੜ੍ਹ ਪਿੰਡ ਦੇ ਹੀ ਵੀਰ ਬਹਾਦੁਰ ਸਿੰਘ ਯਾਦਵ ਹਨ ਅਤੇ ਘਰ ਵੀ ਉਨ੍ਹਾਂ ਦਾ ਹੀ ਹੈ।

ਚਿਤਰੰਜਨ ਤਿਵਾਰੀ

ਤਸਵੀਰ ਸਰੋਤ, VISHNU Narayan/BBC

ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਤਿਵਾਰੀ ਨੂੰ ਸਰਕਾਰੀ ਬਾਬੂਆਂ ਅਤੇ ਜਨ ਪ੍ਰਤੀਨਿਧੀਆਂ ਨੇ ਬਣਾਇਆ ਚਿਤਰੰਜਨ ਤਿਵਾਰੀ

ਇੱਕ ਹੋਰ ਤਸਵੀਰ, ਪਿਛਲੇ ਸਾਲ 29 ਸਤੰਬਰ ਨੂੰ ਅਪਲੋਡ ਕੀਤੀ ਗਈ ਸੀ। ਇਸ ਵਿੱਚ ਮਕਾਨ ਬਣਾਉਣ ਲਈ ਖੜ੍ਹੇ ਕੀਤੇ ਗਏ ਪਲਿੰਥ ਦੇ ਨਾਲ ਇੱਕ ਵਿਅਕਤੀ ਦੀ ਤਸਵੀਰ ਹੈ। ਇਹ ਕੋਈ ਤੀਸਰਾ ਹੀ ਵਿਅਕਤੀ ਹੈ, ਜੋ ਨਾ ਤਾਂ ਕਿਸ਼ੋਰ ਸਿੰਘ ਹੈ ਅਤੇ ਨਾ ਹੀ ਵੀਰ ਬਹਾਦੁਰ ਸਿੰਘ ਯਾਦਵ।

ਜਦੋਂ ਇਸ ਵਿਅਕਤੀ ਬਾਰੇ ਪਤਾ ਲਗਾਇਆ ਗਿਆ ਤਾਂ ਉਸ ਦੀ ਪਛਾਣ ਸੁਰੇਸ਼ ਯਾਦਵ ਵਜੋਂ ਹੋਈ। ਫਿਰ ਇਸੇ ਸਾਲ 8 ਜਨਵਰੀ ਨੂੰ ਨਵੇਂ ਮਕਾਨ ਨਾਲ ਇੱਕ ਵਿਅਕਤੀ ਦੀ ਤਸਵੀਰ ਅਪਲੋਡ ਕੀਤੀ ਗਈ ਸੀ। ਇਹ ਕੋਈ ਚੌਥਾ ਆਦਮੀ ਸੀ।

ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਦੇਵਰਾੜ੍ਹ ਪਿੰਡ ਦੇ ਹੀ ਸੰਜੇ ਸਿੰਘ ਯਾਦਵ ਹਨ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, PAYMG

PMAYG ਦੀ ਵੈਬਸਾਈਟ 'ਤੇ ਤਸਵੀਰਾਂ ਪਾਰਦਰਸ਼ਤਾ ਲਈ ਪਾਈਆਂ ਜਾਂਦੀਆਂ ਹਨ ਤਾਂ ਜੋ ਚੀਜ਼ਾਂ ਦਾ ਪਤਾ ਲੱਗ ਸਕੇ, ਪਰ ਘਰ ਅਤੇ ਵਿਅਕਤੀ ਦੋਵਾਂ ਦੀਆਂ ਫੋਟੋਆਂ ਵਿੱਚ ਘਪਲਾ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਤਿੰਨ ਵੱਖ-ਵੱਖ ਵਿਅਕਤੀਆਂ ਦੀਆਂ ਤਸਵੀਰਾਂ ਨਾਲ ਗੁੱਥੀ ਹੋਰ ਉਲਝ ਗਈ ਕਿ ਆਖਿਰ ਪੈਸੇ ਮਿਲੇ ਕਿਸਨੂੰ ਹਨ। ਇਹ ਪਤਾ ਕਰਨਾ ਔਖਾ ਹੋ ਗਿਆ ਸੀ।

PMAYG ਦੀ ਵੈਬਸਾਈਟ ਤੋਂ ਹੀ ਇਹ ਪਾਇਆ ਗਿਆ ਕਿ ਪੈਸੇ ਯੂਕੋ ਬੈਂਕ ਵਿੱਚ ਕਿਸ਼ੋਰ ਸਿੰਘ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ।

ਜਦੋਂ ਯੂਕੋ ਬੈਂਕ ਦੀ ਜਗਦੀਸ਼ਪੁਰ ਸ਼ਾਖਾ ਤੋਂ ਪੁੱਛਗਿੱਛ ਕੀਤੀ ਤਾਂ ਜਾਣਕਾਰੀ ਮਿਲੀ ਕਿ ਕਿਸ਼ੋਰ ਸਿੰਘ ਦੇ ਨਾਮ 'ਤੇ ਇੱਕ ਖਾਤਾ ਤਾਂ ਹੈ ਪਰ ਜਿਸ ਆਧਾਰ ਕਾਰਡ ਨਾਲ ਇਹ ਖਾਤਾ ਖੋਲ੍ਹਿਆ ਗਿਆ ਹੈ, ਉਹ ਸੁਰੇਸ਼ ਯਾਦਵ ਦਾ ਹੈ।

ਸੁਰੇਸ਼ ਯਾਦਵ ਦੇ ਆਧਾਰ ਕਾਰਡ 'ਤੇ ਹੀ ਨਾਮ ਬਦਲ ਕੇ ਕਿਸ਼ੋਰ ਸਿੰਘ ਕਰ ਦਿੱਤਾ ਗਿਆ ਸੀ।

ਮਤਲਬ, ਖਾਤਾ ਕਿਸ਼ੋਰ ਸਿੰਘ ਦੇ ਨਾਂ 'ਤੇ ਸੀ ਪਰ ਪੈਸੇ ਸੁਰੇਸ਼ ਯਾਦਵ ਦੇ ਖਾਤੇ ਵਿੱਚ ਚਲੇ ਗਏ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ
ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਤਿਵਾੜੀ ਦਾ ਐੱਸਬੀਆਈ ਵਿੱਚ ਕੋਈ ਖਾਤਾ ਨਹੀਂ ਹੈ ਪਰ ਇਹ ਖਾਤਾ ਉਸ ਦੇ ਨਾਂ 'ਤੇ ਪੈਸੇ ਹੜੱਪਣ ਲਈ ਖੋਲ੍ਹਿਆ ਗਿਆ ਸੀ

ਕਿਸ਼ੋਰ ਸਿੰਘ ਦਾ ਪਰਿਵਾਰ ਦੇਵਰਾੜ੍ਹ ਪਿੰਡ ਵਿੱਚ ਹੀ ਰਹਿੰਦਾ ਹੈ। ਉਨ੍ਹਾਂ ਦੇ ਭਰਾ ਪ੍ਰਮੋਦ ਸਿੰਘ ਨੇ ਦੱਸਿਆ ਕਿ ਕਿਸ਼ੋਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਮੰਜੇ ਤੋਂ ਉੱਠ ਵੀ ਨਹੀਂ ਸਕਦੇ।

ਸੰਜੇ ਸਿੰਘ ਨੇ ਕਿਹਾ ਕਿ ਉਹ ਸੁਰੇਸ਼ ਯਾਦਵ ਨੂੰ ਕੁਝ ਨਹੀਂ ਕਹਿਣਗੇ ਕਿਉਂਕਿ ਉਹ ਦਬੰਗ ਲੋਕ ਹਨ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, VIJAY TIWARI/BBC

ਉਨ੍ਹਾਂ ਕਿਹਾ ਕਿ ਉਹ ਬਲਾਕ ਵਿੱਚ ਜਾ ਕੇ ਇਸ ਬਾਰੇ ਸ਼ਿਕਾਇਤ ਜ਼ਰੂਰ ਕਰਨਗੇ। ਪ੍ਰਮੋਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਵੀ ਪੱਕੇ ਘਰ ਦਾ ਸੁਪਨਾ ਨਾਲ ਲੈ ਕੇ ਦੁਨੀਆਂ ਛੱਡ ਜਾਣਗੇ ਪਰ ਗਰੀਬਾਂ ਦੇ ਹੱਕਾਂ ਨੂੰ ਮਾਰਨ ਵਾਲਿਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

ਅਸੀਂ ਸੁਰੇਸ਼ ਯਾਦਵ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਮੁਖੀਆ, ਪੰਚਾਇਤ ਸੰਮਤੀ ਅਤੇ ਸੀਐੱਸਪੀ ਸ਼ਾਖਾ ਦੇ ਮੈਂਬਰ ਮਿਲ ਕੇ ਖਾ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਚਿਤਰੰਜਨ ਤਿਵਾਰੀ ਬਣ ਗਏ ਓਮ ਪ੍ਰਕਾਸ਼ ਤਿਵਾਰੀ

ਦੇਵਰਾੜ੍ਹ ਪਿੰਡ ਦੇ ਲੋਕ ਓਮ ਪ੍ਰਕਾਸ਼ ਤਿਵਾਰੀ ਨੂੰ ਸ਼ਰਾਬੀ ਕਹਿੰਦੇ ਹਨ। ਓਮ ਪ੍ਰਕਾਸ਼ ਤਿਵਾਰੀ ਕਿੱਥੇ ਰਹਿੰਦੇ ਹਨ, ਇਸ ਬਾਰੇ ਪਿੰਡ ਵਾਲੇ ਕੋਈ ਸਹੀ-ਸਹੀ ਜਾਣਕਾਰੀ ਨਹੀਂ ਦੇ ਸਕਦੇ।

ਪਰ ਬੀਬੀਸੀ ਦੀ ਪੜਤਾਲ ਤੋਂ ਬਾਅਦ ਇੱਕ ਵਾਰ ਫਿਰ ਓਮਪ੍ਰਕਾਸ਼ ਤਿਵਾਰੀ ਦੀ ਭਾਲ ਕੀਤੀ ਜਾ ਰਹੀ ਹੈ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, Vishnu Narayan/BBC

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਵਿੱਚ ਓਮ ਪ੍ਰਕਾਸ਼ ਤਿਵਾਰੀ ਦਾ ਨਾਂ ਵੀ ਸ਼ਾਮਲ ਹੈ। ਪਰ ਓਮ ਪ੍ਰਕਾਸ਼ ਤਿਵਾਰੀ ਪਿਛਲੇ ਕੁਝ ਸਾਲਾਂ ਤੋਂ ਪਿੰਡ ਵਿੱਚ ਹੀ ਨਹੀਂ ਹਨ।

ਓਮ ਪ੍ਰਕਾਸ਼ ਤਿਵਾਰੀ ਦੀ ਰਜਿਸਟ੍ਰੇਸ਼ਨ ਆਈਡੀ ਹੈ- BH3919682

ਜੇ ਤੁਸੀਂ ਇਸ ਨਾਲ PMAYG ਦੀ ਵੈਬਸਾਈਟ 'ਤੇ ਖੋਜ ਕਰਦੇ ਹੋ, ਤਾਂ ਓਮ ਪ੍ਰਕਾਸ਼ ਤਿਵਾਰੀ ਦੇ ਨਾਮ 'ਤੇ ਇੱਕ ਪੰਨਾ ਖੁੱਲ੍ਹਦਾ ਹੈ।

ਓਮ ਪ੍ਰਕਾਸ਼ ਤਿਵਾਰੀ ਦੇ ਪਿਤਾ ਦਾ ਨਾਂ ਮੁੰਨਾ ਤਿਵਾਰੀ ਹੈ, ਇਸ ਤੋਂ ਇਲਾਵਾ ਹੋਰ ਕੋਈ ਜਾਣਕਰੀ ਸਹੀ ਨਹੀਂ ਹੈ। ਇਸ ਵੈਬਸਾਈਟ ਦੇ ਅਨੁਸਾਰ, ਸਟੇਟ ਬੈਂਕ ਆਫ਼ ਇੰਡੀਆ ਦੀ ਜਗਦੀਸ਼ਪੁਰ ਸ਼ਾਖਾ ਵਿੱਚ ਓਮ ਪ੍ਰਕਾਸ਼ ਤਿਵਾਰੀ ਦੇ ਖਾਤੇ ਵਿੱਚ 1 ਲੱਖ, 20 ਹਜ਼ਾਰ 'ਚੋਂ ਪਹਿਲੀ ਕਿਸ਼ਤ 40 ਹਜ਼ਾਰ, ਪਿਛਲੇ ਸਾਲ 19 ਨਵੰਬਰ ਨੂੰ ਟ੍ਰਾਂਸਫਰ ਕੀਤੀ ਗਈ ਸੀ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, PMAYG

ਤਸਵੀਰ ਕੈਪਸ਼ਨ, ਪੁਰਾਣੇ ਅਤੇ ਨਵੇਂ ਘਰ ਦੇ ਨਾਲ ਓਮ ਪ੍ਰਕਾਸ਼ ਤਿਵਾੜੀ ਦੇ ਬਦਲੇ ਚਿਤਰੰਜਨ ਤਿਵਾੜੀ ਅਤੇ ਉਸਦੇ ਪਿਤਾ ਸ਼੍ਰੀਰਾਮ ਤਿਵਾੜੀ

40 ਹਜ਼ਾਰ ਦੀ ਦੂਜੀ ਕਿਸ਼ਤ ਇਸੇ ਸਾਲ 11 ਜਨਵਰੀ ਨੂੰ ਟ੍ਰਾਂਸਫਰ ਕੀਤੀ ਗਈ ਸੀ ਅਤੇ ਆਖਰੀ ਕਿਸ਼ਤ ਇਸੇ ਸਾਲ 17 ਮਾਰਚ ਨੂੰ ਟ੍ਰਾਂਸਫਰ ਹੋਈ ਸੀ।

ਪਰ ਅਸਲ ਵਿੱਚ ਓਮ ਪ੍ਰਕਾਸ਼ ਤਿਵਾਰੀ ਦਾ ਐੱਸਬੀਆਈ ਵਿੱਚ ਕੋਈ ਖਾਤਾ ਹੀ ਨਹੀਂ ਹੈ।

ਓਮ ਪ੍ਰਕਾਸ਼ ਤਿਵਾਰੀ ਦੇ ਚਾਚਾ ਮੁਰਾਰੀ ਤਿਵਾਰੀ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਹਨ।

ਉਨ੍ਹਾਂ ਨੇ ਕਿਹਾ, "ਓਮ ਪ੍ਰਕਾਸ਼ ਤਿਵਾਰੀ ਦਾ ਐੱਸਬੀਆਈ ਵਿੱਚ ਕੋਈ ਖਾਤਾ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਧੋਖਾਧੜੀ ਦਾ ਮਾਮਲਾ ਹੈ ਅਤੇ ਅਸੀਂ ਇਸ ਬਾਰੇ ਸ਼ਿਕਾਇਤ ਕਰਨ ਜਾ ਰਹੇ ਹਾਂ।"

ਪਰ 1 ਲੱਖ 20 ਹਜ਼ਾਰ ਰੁਪਏ ਕਿਸ ਦੇ ਖਾਤੇ ਵਿੱਚ ਗਏ? ਇਸਦੀ ਜਾਂਚ ਲਈ ਸਟੇਟ ਬੈਂਕ ਆਫ਼ ਇੰਡੀਆ ਨਾਲ ਸੰਪਰਕ ਕੀਤਾ ਗਿਆ। ਉੱਥੋਂ ਜੋ ਜਾਣਕਾਰੀ ਸਾਹਮਣੇ ਆਈ, ਉਸ ਵਿੱਚ ਖਾਤਾ ਧਾਰਕ ਦਾ ਨਾਮ ਓਮਪ੍ਰਕਾਸ਼ ਤਿਵਾਰੀ ਹੀ ਹੈ, ਪਰ ਜਿਸ ਮੋਬਾਇਲ ਨੰਬਰ ਨਾਲ ਖਾਤਾ ਖੁਲ੍ਹਵਾਇਆ ਗਿਆ ਹੈ, ਉਹ ਦੇਵਰਾੜ੍ਹ ਪਿੰਡ ਦੇ ਵਿਜੇ ਤਿਵਾਰੀ ਉਰਫ਼ ਚੁੰਨੂੰ ਤਿਵਾਰੀ ਦਾ ਹੈ।

ਖਾਤੇ ਵਿੱਚ ਦਿੱਤਾ ਗਿਆ ਆਧਾਰ ਨੰਬਰ ਵੀ ਓਮ ਪ੍ਰਕਾਸ਼ ਤਿਵਾਰੀ ਦਾ ਨਹੀਂ ਸਗੋਂ ਵਿਜੇ ਤਿਵਾਰੀ ਦਾ ਹੈ।

ਜਦੋਂ ਚੁਨੂੰ ਤਿਵਾਰੀ ਨੂੰ ਫ਼ੋਨ ਕਰਕੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਮੋਬਾਈਲ ਨੰਬਰ ਐੱਸਬੀਆਈ ਵਿੱਚ ਓਮ ਪ੍ਰਕਾਸ਼ ਤਿਵਾਰੀ ਦੇ ਨਾਮ 'ਤੇ ਬੈਂਕ ਖਾਤੇ ਵਿੱਚ ਕਿਉਂ ਹੈ ਤਾਂ ਚੁਨੂੰ ਤਿਵਾਰੀ ਹੈਰਾਨ ਰਹਿ ਗਏ।

ਉਨ੍ਹਾਂ ਨੇ ਕਿਹਾ, "ਮੈਨੂੰ ਕੁਝ ਨਹੀਂ ਪਤਾ। ਮੈਂ ਖੁਦ ਨਹੀਂ ਸਮਝ ਪਾ ਰਿਹਾ ਕਿ ਇਹ ਕਿਸ ਨੇ ਕੀਤਾ ਹੈ। ਹੁਣ ਮੈਨੂੰ ਸਮਝ ਆਇਆ ਕਿ ਮੇਰੇ ਮੋਬਾਈਲ 'ਤੇ ਪੈਸੇ ਕਢਵਾਉਣ ਦੇ ਮੈਸੇਜ ਕਿਉਂ ਆਉਂਦੇ ਸਨ। ਕਈ ਵਾਰ ਮੈਸੇਜ ਆਉਂਦਾ ਸੀ ਕਿ ਮੇਰੇ ਖਾਤੇ ਵਿੱਚੋਂ 40 ਹਜ਼ਾਰ ਰੁਪਏ ਕਢਵਾਏ ਗਏ ਹਨ ਅਤੇ ਕਈ ਵਾਰ 20 ਹਜ਼ਾਰ। ਮੈਨੂੰ ਸਮਝ ਨਹੀਂ ਆਉਂਦਾ ਸੀ। ਮੈਨੂੰ ਲੱਗਦਾ ਸੀ ਕਿ ਗਲਤੀ ਨਾਲ ਕੋਈ ਮੈਸੇਜ ਆਇਆ ਹੋਇਆ ਹੈ। ਮੇਰਾ ਤਾਂ ਐੱਸਬੀਆਈ ਵਿੱਚ ਕੋਈ ਖਾਤਾ ਵੀ ਨਹੀਂ ਹੈ।"

ਚੁਨੂੰ ਤਿਵਾਰੀ, ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵਾਇਰਿੰਗ ਦਾ ਕੰਮ ਕਰਦੇ ਹਨ। ਚੁਨੂੰ ਨੇ ਆਪਣੇ ਮੋਬਾਈਲ 'ਤੇ ਪੈਸੇ ਕਢਵਾਉਣ ਸਬੰਧੀ ਆਉਣ ਵਾਲੇ ਮੈਸੇਜ ਦੀ ਸ਼ਿਕਾਇਤ ਐੱਸਬੀਆਈ ਜਗਦੀਸ਼ਪੁਰ ਵਿੱਚ ਕੀਤੀ।

ਉਨ੍ਹਾਂ ਕਿਹਾ ਕਿ ਐੱਸਬੀਆਈ ਵਿੱਚ ਉਨ੍ਹਾਂ ਦਾ ਕੋਈ ਖ਼ਾਤਾ ਨਹੀਂ ਹੈ ਤਾਂ ਪੈਸੇ ਕਢਵਾਉਣ ਦਾ ਮੈਸੇਜ ਕਿਉਂ ਆ ਰਿਹਾ ਹੈ?

ਸ਼ਿਕਾਇਤ ਦੇ ਜਵਾਬ ਵਿੱਚ ਬੈਂਕ ਨੇ ਕੀ ਕਿਹਾ

ਚੁਨੂੰ ਕਹਿੰਦੇ ਹਨ, "ਸੀਐੱਸਪੀ ਬ੍ਰਾਂਚ ਵਿੱਚ ਮੇਰੇ ਆਪਣੇ ਪਿੰਡ ਦਾ ਗੁੰਜਨ ਤਿਵਾਰੀ ਕੰਮ ਕਰਦਾ ਹੈ। ਉਸ ਨੂੰ ਹੀ ਪੁੱਛਿਆ ਸੀ ਅਤੇ ਉਸਨੇ ਕਿਹਾ ਕਿ ਫਿਕਰ ਨਾ ਕਰੋ, ਕਿਸੇ ਨੇ ਗਲਤੀ ਨਾਲ ਤੁਹਾਡਾ ਨੰਬਰ ਦੇ ਦਿੱਤਾ ਹੋਣਾ। ਕੀ ਪਤਾ ਉਸਨੇ ਹੀ ਮੇਰੇ ਨੰਬਰ ਨਾਲ ਘਪਲਾ ਕੀਤਾ ਹੋਵੇ।"

ਪਰ ਖਾਤੇ ਵਿੱਚੋਂ ਪੈਸੇ ਕਢਵਾਉਂਦਾ ਕੌਣ ਸੀ? ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ, ਓਮ ਪ੍ਰਕਾਸ਼ ਤਿਵਾਰੀ ਦੀ ਰਜਿਸਟ੍ਰੇਸ਼ਨ ਆਈਡੀ ਵਾਲਾ ਪੰਨਾ ਖੋਲ੍ਹਣ ਤੋਂ ਬਾਅਦ ਅਤੇ ਹੇਠਾਂ ਵੱਲ ਸਕ੍ਰੌਲ ਕਰਨ 'ਤੇ, ਪੰਜ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ।

ਇਨ੍ਹਾਂ ਪੰਜ ਤਸਵੀਰਾਂ ਵਿੱਚ ਦੋ ਵਿਅਕਤੀ ਹਨ ਅਤੇ ਦੋਵਾਂ ਦੇ ਪੁਰਾਣੇ ਘਰ, ਅੱਧੇ ਕੁ ਬਣੇ ਘਰ ਅਤੇ ਘਰ ਬਣਨ ਦੇ ਨਾਲ ਤਸਵੀਰਾਂ ਹਨ।

ਬੀਬੀਸੀ ਦੀ ਪੜਤਾਲ ਵਿੱਚ ਪਾਇਆ ਗਿਆ ਕਿ ਜੋ ਵਿਅਕਤੀ ਪਹਿਲੀ ਫੋਟੋ ਵਿੱਚ ਹੈ - ਉਨ੍ਹਾਂ ਦਾ ਨਾਮ ਚਿਤਰੰਜਨ ਤਿਵਾਰੀ ਉਰਫ਼ ਪਿੰਟੂ ਤਿਵਾਰੀ ਹੈ।

ਇਹ ਤਸਵੀਰ ਪਿਛਲੇ ਸਾਲ 12 ਸਤੰਬਰ ਨੂੰ ਪੁਰਾਣੇ ਘਰ ਦੇ ਨਾਲ ਅਪਲੋਡ ਕੀਤੀ ਗਈ ਸੀ।

ਤੀਜੀ ਤਸਵੀਰ ਵੀ ਪਿੰਟੂ ਤਿਵਾਰੀ ਦੀ ਹੀ ਹੈ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਮਿਲੇ ਪੈਸਿਆਂ ਤੋਂ ਬਣੇ ਅਰਧ-ਉਸਾਰੇ ਘਰ ਦੇ ਨਾਲ ਹੈ।

ਚੌਥੀ ਅਤੇ ਪੰਜਵੀਂ ਤਸਵੀਰ ਘਰ ਬਣਨ ਤੋਂ ਬਾਅਦ ਦੀ ਹੈ ਅਤੇ ਘਰ ਦੇ ਸਾਹਮਣੇ ਪਿੰਟੂ ਤਿਵਾਰੀ ਦੇ ਪਿਤਾ ਸ਼੍ਰੀਰਾਮ ਤਿਵਾਰੀ ਖੜ੍ਹੇ ਹਨ।

ਹੁਣ ਪਿੰਟੂ ਤਿਵਾਰੀ ਦੇ ਘਰ ਜਾ ਕੇ ਜਾਂਚ-ਪੜਤਾਲ ਕਰਨ ਦੀ ਵਾਰੀ ਸੀ। ਘਰ ਦਾ ਦਰਵਾਜ਼ਾ ਪਿੰਟੂ ਤਿਵਾਰੀ ਨੇ ਹੀ ਖੋਲ੍ਹਿਆ।

ਦਰਵਾਜ਼ਾ ਖੋਲ੍ਹਦੇ ਹੀ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਕਿਉਂ ਆਏ ਹੋ? ਪਛਾਣ ਦੱਸਣ 'ਤੇ ਜਿਵੇਂ ਉਹ ਥੋੜ੍ਹਾ ਜਿਹਾ ਸਹਿਮ ਗਏ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ ਜੋ ਤਸਵੀਰ ਹੈ ਉਸ ਵਿੱਚ ਬਿਲਕੁਲ ਇਹੀ ਘਰ ਹੈ ਇਸੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਦੋਵੇਂ ਪਿਤਾ-ਪੁੱਤਰ ਨੇ ਤਸਵੀਰ ਖਿਚਵਾਈ ਸੀ।

ਕੁਝ ਮਿੰਟਾਂ ਵਿੱਚ ਪਿੰਟੂ ਤਿਵਾਰੀ ਦੇ ਪਿਤਾ ਸ਼੍ਰੀਰਾਮ ਤਿਵਾਰੀ ਵੀ ਆ ਗਏ। ਮਾਮਲੇ ਨੂੰ ਸਮਝਦਿਆਂ ਹੀ ਸ਼੍ਰੀਰਾਮ ਤਿਵਾਰੀ ਘਬਰਾ ਗਏ।

ਉਨ੍ਹਾਂ ਦੇ ਲਈ ਬਾਹਰ ਇੱਕ ਮੰਜਾ ਲਿਆਂਦਾ ਗਿਆ। ਦੋਵੇਂ ਪਿਤਾ-ਪੁੱਤਰ ਨੂੰ ਪੁੱਛਿਆ ਗਿਆ ਕਿ ਓਮ ਪ੍ਰਕਾਸ਼ ਤਿਵਾਰੀ ਦੀ ਜਗ੍ਹਾ ਉਨ੍ਹਾਂ ਦੀ ਤਸਵੀਰ ਕਿਉਂ ਹੈ?

ਪਿੰਟੂ ਤਿਵਾਰੀ ਨੇ ਪਹਿਲਾਂ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਉਨ੍ਹਾਂ ਦੀ ਕੋਈ ਤਸਵੀਰ ਨਹੀਂ ਹੋਵੇਗੀ। ਜਦੋਂ ਤਸਵੀਰ ਦਿਖਾਈ ਗਈ, ਤਾਂ ਉਹ ਮੰਨ ਗਏ ਕਿ ਹਾਂ, ਉਨ੍ਹਾਂ ਦੀ ਹੀ ਤਸਵੀਰ ਹੈ। ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਸਨੂੰ ਕਦੋਂ ਖਿੱਚਿਆ ਗਿਆ ਸੀ। ਘਰ ਵੀ ਪਿੰਟੂ ਤਿਵਾਰੀ ਦਾ, ਫੋਟੋ ਵੀ ਪਿਉ-ਪੁੱਤਰ ਦੋਵਾਂ ਦੀ, ਫਿਰ ਵੀ ਉਨ੍ਹਾਂ ਨੂੰ ਯਾਦ ਨਹੀਂ?

ਸਵਾਲਾਂ ਨਾਲ ਪਿੰਟੂ ਤਿਵਾਰੀ ਦੀ ਹਾਲਤ ਖਰਾਬ ਹੋਣ ਲੱਗੀ ਸੀ। ਪਿੰਟੂ ਤਿਵਾਰੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।

ਹਾਲਾਂਕਿ, ਜਿਨ੍ਹਾਂ ਦੇ ਜ਼ਰੀਏ ਅਸੀਂ ਪਿੰਟੂ ਤਿਵਾਰੀ ਦੇ ਘਰ ਪਹੁੰਚੇ ਸੀ, ਉਨ੍ਹਾਂ ਨੇ ਦੱਸਿਆ ਕਿ ਪਿੰਟੂ ਨੇ ਫੋਨ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਪੇਸ਼ਕਸ਼ ਦਿੱਤੀ ਹੈ। ਪਰ ਇਸ ਵਿੱਚ ਪਿੰਟੂ ਤਿਵਾਰੀ ਪੈਸੇ ਦੀ ਹੇਰਾਫੇਰੀ ਕਰਨ ਦਾ ਸਿਰਫ਼ ਇੱਕ ਮਾਧਿਅਮ ਹੈ।

ਪੈਸੇ ਉਨ੍ਹਾਂ ਨੂੰ ਵੀ ਮਿਲੇ ਪਰ ਪਿੰਡ ਦੇ ਲੋਕ ਮੁਖੀਆ, ਪੰਚਾਇਤ ਸੰਮਤੀ ਅਤੇ ਬੀਡੀਓ ਦੀ ਸ਼ਮੂਲੀਅਤ ਦੀ ਗੱਲ ਵੀ ਕਰਦੇ ਹਨ।

ਗੁੱਡੂ ਬਿੰਦ ਅਤੇ ਲੱਲਨ ਯਾਦਵ ਦੀ ਬੁਝਾਰਤ

ਜਦੋਂ ਦੇਵਰਾੜ੍ਹ ਪਿੰਡ ਵਿੱਚ ਜਾਂਚ ਕਰ ਰਿਹਾ ਸੀ, ਗੁੱਡੂ ਬਿੰਦ ਦੇ ਪਿਤਾ ਅਸ਼ੋਕ ਬਿੰਦ, ਜੋ ਕਿ ਪਿੰਡ ਵਿੱਚ ਝਮੋਟ ਦੇ ਨਾਂ ਨਾਲ ਜਾਣੇ ਜਾਂਦੇ ਹਨ, ਝੋਨੇ ਦੇ ਖੇਤ ਤੋਂ ਨਦੀਨਾਂ ਨੂੰ ਹਟਾਉਣ ਲਈ ਕੰਮ ਛੱਡ ਕੇ ਭੱਜੇ ਆਏ।

ਝਮੋਟ ਨੇ ਹੱਸਦਿਆਂ ਕਿਹਾ, "ਸਰ, ਮੇਰੇ ਪੁੱਤ ਦੇ ਨਾਂ 'ਤੇ ਵੀ ਘਪਲਾ ਹੋਇਆ ਹੈ। ਮੇਰੇ ਪੁੱਤ ਗੁੱਡੂ ਬਿੰਦ ਦਾ ਨਾਂ ਸੂਚੀ ਵਿੱਚ ਹੈ ਕਿ ਉਸ ਨੂੰ ਘਰ ਲਈ ਪੈਸੇ ਮਿਲੇ ਹਨ ਪਰ ਸਾਨੂੰ ਕੁਝ ਨਹੀਂ ਮਿਲਿਆ ਹੈ। ਕੁਝ ਲੋਕਾਂ ਨੇ ਮੈਨੂੰ ਇਸ ਬਾਰੇ ਦੱਸਿਆ, ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ।"

ਗੁੱਡੂ ਦੇ ਪਿਤਾ ਅਸ਼ੋਕ

ਤਸਵੀਰ ਸਰੋਤ, VIshnu Narayan

ਤਸਵੀਰ ਕੈਪਸ਼ਨ, ਗੁੱਡੂ ਦੇ ਪਿਤਾ ਅਸ਼ੋਕ

ਝਮੋਟ ਨੇ ਲਾਭਪਾਤਰੀਆਂ ਦੀ ਸੂਚੀ ਵਿੱਚ ਆਪਣੇ ਪੁੱਤਰ ਦਾ ਨਾਂ ਵੀ ਦਿਖਾਇਆ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ ਗੁੱਡੂ ਬਿੰਦ ਦੀ ਰਜਿਸਟ੍ਰੇਸ਼ਨ ਆਈਡੀ BH2972167 ਪਾ ਕੇ, ਇੱਕ ਪੰਨਾ ਖੁੱਲ੍ਹਿਆ।

ਇਸ ਵਿੱਚ ਦਰਜ ਜਾਣਕਾਰੀ ਅਨੁਸਾਰ ਗੁੱਡੂ ਬਿੰਦ ਨੂੰ 40-40 ਹਜ਼ਾਰ ਦੀਆਂ ਤਿੰਨ ਕਿਸ਼ਤਾਂ ਮਿਲੀਆਂ ਹਨ।

ਪਹਿਲੀ ਕਿਸ਼ਤ ਪਿਛਲੇ ਸਾਲ 19 ਦਸੰਬਰ ਨੂੰ, ਦੂਜੀ ਇਸ ਸਾਲ 11 ਜਨਵਰੀ ਨੂੰ ਅਤੇ ਤੀਜੀ 19 ਮਾਰਚ ਨੂੰ ਮਿਲੀ ਸੀ। ਪਰ ਗੁੱਡੂ ਬਿੰਦ ਨੂੰ ਇਨ੍ਹਾਂ ਤਿੰਨਾਂ ਕਿਸ਼ਤਾਂ ਵਿੱਚੋਂ ਇੱਕ ਪੈਸਾ ਵੀ ਨਹੀਂ ਮਿਲਿਆ।

ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਹਨ। ਇਸ ਵੈਬਸਾਈਟ ਦੀ ਜਾਣਕਾਰੀ ਅਨੁਸਾਰ ਜਗਦੀਸ਼ਪੁਰ ਦੇ ਬੈਂਕ ਆਫ਼ ਬੜੌਦਾ ਵਿੱਚ ਗੁੱਡੂ ਬਿੰਦ ਨਾਂ ਦੇ ਖ਼ਾਤੇ ਵਿੱਚ ਇੱਕ ਲੱਖ, 20 ਹਜ਼ਾਰ ਰੁਪਏ ਟਰਾਂਸਫ਼ਰ ਕੀਤੇ ਗਏ ਹਨ।

ਪਰ ਬੈਂਕ ਆਫ਼ ਬੜੌਦਾ ਦੀ ਜਗਦੀਸ਼ਪੁਰ ਸ਼ਾਖਾ ਦਾ ਜੋ ਆਈਐੱਫ਼ਐੱਸਸੀ ਕੋਡ ਦਿੱਤਾ ਗਿਆ ਹੈ ਉਹ ਗਲਤ ਹੈ।

ਜਗਦੀਸ਼ਪੁਰ ਦੀ ਜਿਸ ਬੈਂਕ ਆਫ਼ ਬੜੌਦਾ ਦੀ ਸ਼ਾਖਾ ਵਿੱਚ ਗੁੱਡੂ ਬਿੰਦ ਦੇ ਨਾਮ ਤੋਂ ਖਾਤੇ ਦਾ ਜ਼ਿਕਰ ਕੀਤਾ ਗਿਆ ਹੈ ਉਸ ਦਾ ਆਈਐੱਫ਼ਐੱਸਸੀ ਕੋਡ ਦਿੱਤਾ ਹੈ - BARBOJAAGDS ਦਿੱਤਾ ਗਿਆ ਹੈ, ਜੋ ਕਿ ਗਲਤ ਹੈ। ਜਗਦੀਸ਼ਪੁਰ ਸ਼ਾਖਾ ਦਾ ਸਹੀ ਆਈਐੱਫ਼ਐੱਸਸੀ ਕੋਡ ਹੈ- BARBOJAFDIS ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, Vishnu Narayan/BBC

ਤਸਵੀਰ ਕੈਪਸ਼ਨ, ਲੱਲਨ ਯਾਦਵ (ਲੇਟੇ ਹੋਏ)

ਜਗਦੀਸ਼ਪੁਰ ਦੀ ਬੈਂਕ ਆਫ਼ ਬੜੌਦਾ ਬ੍ਰਾਂਚ ਵਿੱਚ ਪਤਾ ਕੀਤਾ ਕਿ ਕੀ ਗੁੱਡੂ ਬਿੰਦ ਦੇ ਨਾਮ 'ਤੇ ਕਿਸੇ ਦਾ ਖਾਤਾ ਹੈ ਤਾਂ ਕੋਈ ਖ਼ਾਤਾ ਨਹੀਂ ਮਿਲਿਆ। ਇਸ ਸ਼ਾਖਾ ਵਿੱਚ ਗੁੱਡੂ ਕੁਮਾਰ ਦੇ ਨਾਮ ਤੋਂ ਇੱਕ ਖ਼ਾਤਾ ਮਿਲਿਆ ਪਰ ਉਸ ਵਿਅਕਤੀ ਦੇ ਪਤੇ ਵਿੱਚ ਪਿੰਡ ਦਾ ਨਾਮ ਕੇਸ਼ੋਪੁਰ ਲਿਖਿਆ ਹੋਇਆ ਹੈ।

ਪਰ ਪੈਸੇ ਕਿਸ ਖਾਤੇ ਵਿੱਚ ਗਏ ? ਗੁੱਡੂ ਬਿੰਦ ਦੇ ਆਧਾਰ ਕਾਰਡ 'ਤੇ ਨਾਮ ਗੁੱਡੂ ਚੌਧਰੀ ਹੈ ਜਦੋਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ ਨਾਮ ਗੁੱਡੂ ਬਿੰਦ ਹੈ।

ਬਿਹਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ

ਤਸਵੀਰ ਸਰੋਤ, PMAYG

ਤਸਵੀਰ ਕੈਪਸ਼ਨ, PMAYG ਦੀ ਵੈਬਸਾਈਟ ਤੇ ਗੁੱਡੂ ਬਿੰਦ ਦੇ ਨਾਮ 'ਤੇ ਇਹ ਵੇਰਵੇ ਹਨ

ਗੁੱਡੂ ਬਿੰਦ ਦੇ ਪਿਤਾ ਦਾ ਨਾਮ ਵੀ ਇੱਥੇ ਅਸ਼ੋਕ ਬਿੰਦ ਲਿਖਿਆ ਗਿਆ ਹੈ ਜਦੋਂਕਿ ਆਧਾਰ ਕਾਰਡ ਉੱਤੇ ਉਨ੍ਹਾਂ ਦਾ ਨਾਮ ਅਸ਼ੋਕ ਚੌਧਰੀ ਲਿਖਿਆ ਹੋਇਆ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੈਬਸਾਈਟ 'ਤੇ ਗੁੱਡੂ ਬਿੰਦ ਦੀ ਰਜਿਸਟ੍ਰੇਸ਼ਨ ਆਈਡੀ BH2972167 ਨਾਲ ਖੁੱਲ੍ਹਣ ਵਾਲੇ ਪੰਨੇ 'ਤੇ ਵੀ ਪੰਜ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ। ਪਹਿਲੀਆਂ ਦੋ ਤਸਵੀਰਾਂ ਛੇ ਦਸੰਬਰ, 2019 ਨੂੰ ਪੁਰਾਣੇ ਘਰ ਦੇ ਸਾਹਮਣੇ ਖੜ੍ਹੇ ਗੁੱਡੂ ਬਿੰਦ ਦੀਆਂ ਅਪਲੋਡ ਕੀਤੀਆਂ ਗਈਆਂ ਹਨ, ਜਦੋਂਕਿ ਆਖਰੀ ਦੋ ਤਸਵੀਰਾਂ ਨਵੇਂ ਘਰ ਦੇ ਨਾਲ ਪਿੰਡ ਦੇ ਲਲਨ ਯਾਦਵ ਦੀਆਂ ਹਨ।

ਪੁਰਾਣਾ ਘਰ ਗੁੱਡੂ ਬਿੰਦ ਦਾ ਹੀ ਹੈ ਅਤੇ ਨਵਾਂ ਘਰ ਲੱਲਨ ਯਾਦਵ ਦਾ ਹੈ। ਗੁੱਡੂ ਬਿੰਦ ਦਾ ਪੈਸਾ ਕਿਸ ਨੂੰ ਮਿਲਿਆ ਇਸ ਦੀ ਪੜਤਾਲ ਕਰਨ ਲਈ ਲੱਲਨ ਯਾਦਵ ਨੂੰ ਮਿਲਣ ਪਹੁੰਚਿਆ।

ਲੱਲਨ ਯਾਦਵ ਕਈ ਲੋਕਾਂ ਨਾਲ ਤਾਸ਼ ਖੇਡ ਰਿਹਾ ਸੀ। ਉਹ ਵਿਅਕਤੀ ਜੋ ਸਾਨੂੰ ਲੱਲਨ ਯਾਦਵ ਕੋਲ ਲੈ ਗਿਆ ਸੀ, ਉਸ ਨੇ ਦੱਸਿਆ ਕਿ ਇਹ ਲੱਲਨ ਯਾਦਵ ਹੈ।

ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਘਰ ਕਿੱਥੇ ਹੈ? ਲੱਲਨ ਯਾਦਵ ਨੇ ਤੁਰੰਤ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਦੁਬਾਰਾ ਤਾਸ਼ ਖੇਡਣਾ ਸ਼ੁਰੂ ਕਰ ਦਿੱਤਾ।

ਗੁੱਡੂ ਬਿੰਦ ਦੇ ਨਾਂ 'ਤੇ ਘਰ ਅਤੇ ਨਵੇਂ ਘਰ ਦੇ ਸਾਹਮਣੇ ਲਲਨ ਯਾਦਵ ਦੀ ਤਸਵੀਰ

ਤਸਵੀਰ ਸਰੋਤ, PMAYC

ਤਸਵੀਰ ਕੈਪਸ਼ਨ, ਗੁੱਡੂ ਬਿੰਦ ਦੇ ਨਾਂ 'ਤੇ ਘਰ ਅਤੇ ਨਵੇਂ ਘਰ ਦੇ ਸਾਹਮਣੇ ਲਲਨ ਯਾਦਵ ਦੀ ਤਸਵੀਰ

ਲੱਲਨ ਯਾਦਵ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਗੁੱਡੂ ਬਿੰਦ ਦਾ ਘਰ ਮਿਲਿਆ ਹੈ? ਇਹ ਸਵਾਲ ਸੁਣ ਕੇ ਜਿਵੇਂ ਉਸਨੂੰ ਸੱਪ ਹੀ ਸੁੰਘ ਗਿਆ ਹੋਵੇ। ਲੱਲਨ ਯਾਦਵ ਨੇ ਗੁੱਸੇ ਵਿੱਚ ਕਿਹਾ, "ਇੱਥੋਂ ਚਲੇ ਜਾਓ। ਸਾਨੂੰ ਪਰੇਸ਼ਾਨ ਨਾ ਕਰੋ। ਮਿਲਿਆ ਜਾਂ ਨਹੀਂ ਮਿਲਿਆ, ਮੈਂ ਤੁਹਾਨੂੰ ਕਿਉਂ ਦੱਸਾਂ । ਹੁਣ ਜ਼ਿਆਦਾ ਬਹਿਸ ਨਾ ਕਰੋ। ਚਲੇ ਜਾਓ।"

ਲੱਲਨ ਯਾਦਵ ਨੂੰ ਪਿੰਡ ਦੇ ਲੋਕਾਂ 'ਤੇ ਗੁੱਸਾ ਆਇਆ ਜੋ ਸਾਨੂੰ ਉੱਥੇ ਲੈ ਕੇ ਆਏ ਸਨ ਅਤੇ ਕਿਹਾ ਕਿ ਤੁਹਾਨੂੰ ਡੰਡਿਆਂ ਨਾਲ ਕੁੱਟਿਆ ਜਾਵੇਗਾ। ਕੀ ਸਭ ਨੂੰ ਮੇਰੀ ਪਛਾਣ ਦੱਸੋਗੇ?

ਅਸੀਂ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲਿਆ ਪਰ ਲੱਲਨ ਯਾਦਵ ਨੇ ਸਪਸ਼ਟ ਤੌਰ 'ਤੇ ਕੁਝ ਵੀ ਨਹੀਂ ਕਿਹਾ। ਪਿੰਡ ਦੇ ਕਈ ਲੋਕਾਂ ਨੇ ਕਿਹਾ ਕਿ ਗੁੱਡੂ ਬਿੰਦ ਦੇ ਪੈਸੇ ਪੰਚਾਇਤ ਸਮਿਤੀ ਲਲਿਤਾ ਦੇਵੀ ਦੇ ਦਿਓਰ ਰਮੇਸ਼ ਬੈਠਾ ਅਤੇ ਮੁਖੀਆ ਮਹੇਸ਼ ਠਾਕੁਰ ਨੇ ਲੱਲਨ ਯਾਦਵ ਨੂੰ ਦਿੱਤੇ ਹਨ ਅਤੇ ਇਸ ਵਿੱਚ ਆਪਣਾ ਹਿੱਸਾ ਲੈ ਲਿਆ ਹੈ।

ਝਮੋਟ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਂ 'ਤੇ ਮਕਾਨ ਮਿਲਿਆ, ਉਸ ਵਿੱਚ ਵੀ ਇੱਕ ਲੱਖ 20 ਹਜ਼ਾਰ ਦੀ ਬਜਾਏ ਸਿਰਫ਼ ਇੱਕ ਲੱਖ ਹੀ ਮਿਲੇ ਅਤੇ 20 ਹਜ਼ਾਰ ਰੁਪਏ ਪੰਚਾਇਤ ਸੰਮਤੀ ਨੇ ਰਿਸ਼ਵਤ ਲਈ।

ਗਰੀਬਾਂ ਦੇ ਹੱਕ ਮਾਰਨ ਜਾਂ ਭ੍ਰਿਸ਼ਟਾਚਾਰ ਦੀ ਕਹਾਣੀ ਦੂਜਿਆਂ ਦੇ ਪੈਸੇ ਲੈਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਜਿਨ੍ਹਾਂ ਨੂੰ ਪੈਸੇ ਮਿਲ ਰਹੇ ਹਨ, ਉਨ੍ਹਾਂ ਨੂੰ ਇੱਕ ਲੱਖ 20 ਹਜ਼ਾਰ ਦੀ ਬਜਾਏ ਸਿਰਫ਼ ਇੱਕ ਲੱਖ ਹੀ ਮਿਲ ਰਿਹਾ ਹੈ। ਭੋਜਪੁਰ ਦੇ ਇਲਾਕੇ।

ਕਿਸੇ ਵਿਅਕਤੀ ਨੇ ਇਹ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਪੂਰੀ ਰਕਮ ਇੱਕ ਲੱਖ, 20 ਹਜ਼ਾਰ ਮਿਲੀ ਹੈ।

ਭੋਜਪੁਰ ਤੋਂ ਡੀਡੀਸੀ ਯਾਨੀ ਉਪ ਵਿਕਾਸ ਕਮਿਸ਼ਨਰ ਹਰੀ ਨਰਾਇਣ ਪਾਸਵਾਨ

ਤਸਵੀਰ ਸਰੋਤ, VIshnu Narayan/BBC

ਤਸਵੀਰ ਕੈਪਸ਼ਨ, ਭੋਜਪੁਰ ਤੋਂ ਡੀਡੀਸੀ ਯਾਨੀ ਉਪ ਵਿਕਾਸ ਕਮਿਸ਼ਨਰ ਹਰੀ ਨਰਾਇਣ ਪਾਸਵਾਨ

ਲੋਕਾਂ ਨੇ ਦੱਸਿਆ ਕਿ 20 ਹਜ਼ਾਰ ਮੁਖੀਆ, ਪੰਚਾਇਤ ਸੰਮਤੀ ਅਤੇ ਬੀਡੀਓ ਮਿਲ ਕੇ ਖਾ ਰਹੇ ਹਨ। ਦੇਵਰਾੜ੍ਹ ਪਿੰਡ ਦੀਆਂ ਕੁਝ ਔਰਤਾਂ ਨੇ ਦੱਸਿਆ ਕਿ ਜਦੋਂ ਉਹ ਮੁਖਿਆ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੂੰ ਇੱਕ ਲੱਖ, 20 ਹਜ਼ਾਰ ਦੀ ਬਜਾਏ ਸਿਰਫ਼ ਇੱਕ ਲੱਖ ਹੀ ਕਿਉਂ ਮਿਲਿਆ, ਤਾਂ ਜਵਾਬ ਆਇਆ, 'ਕਣਕ ਵੇਚ ਰਹੇ ਹੋ? ਜੋ ਮਿਲ ਰਿਹਾ ਹੈ, ਉਹੀ ਰੱਖ ਲਓ ਨਹੀਂ ਤਾਂ ਇਹ ਵੀ ਨਹੀਂ ਮਿਲੇਗਾ।'

ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਬੀਬੀਸੀ ਦੇ ਲੋਕ ਭੋਜਪੁਰ ਵਿੱਚ ਇਸ ਦੀ ਪੜਤਾਲ ਕਰ ਰਹੇ ਹਨ ਤਾਂ ਹਰ ਰੋਜ਼ ਕਈ ਫੋਨ ਆਉਣ ਲੱਗੇ। ਅੱਜ ਤੱਕ ਲੋਕ ਫ਼ੋਨ ਕਰਕੇ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਨਾਂ 'ਤੇ ਪੈਸੇ ਜਾਰੀ ਹੋਏ ਸਨ ਪਰ ਪੈਸੇ ਨਹੀਂ ਮਿਲੇ।

ਸਰਕਾਰ ਅਤੇ ਪ੍ਰਸ਼ਾਸਨ ਦਾ ਕੀ ਕਹਿਣ ਹੈ

ਸਾਰੇ ਸਬੂਤਾਂ ਦੇ ਨਾਲ ਜਗਦੀਸ਼ਪੁਰ ਦੇ ਬਲਾਕ ਵਿਕਾਸ ਅਧਿਕਾਰੀ (ਬੀਡੀਓ) ਰਾਜੇਸ਼ ਕੁਮਾਰ ਦੇ ਕੋਲ ਪਹੁੰਚਿਆ।

ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਵਿਭਾਗ ਨੂੰ ਹੁਣ ਬੀਡੀਓ ਦੇ ਅਧਿਕਾਰ ਖੇਤਰ ਤੋਂ ਵਾਪਸ ਲੈ ਲਿਆ ਗਿਆ ਹੈ। ਪਰ ਕੀ ਪੇਂਡੂ ਵਿਕਾਸ ਵਿਭਾਗ ਬੀਡੀਓ ਕੋਲ ਹੈ?

ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਵਿੱਚ ਪ੍ਰਧਾਨ ਹੀ ਗ੍ਰਾਮ ਸਭਾ ਲਾ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਲੋਕਾਂ ਦੀ ਚੋਣ ਕਰਦਾ ਹੈ ਅਤੇ ਲੋਕਾਂ ਨੇ ਮੁਖੀ ਦੀ ਚੋਣ ਕੀਤੀ ਹੈ।

ਰਾਜੇਸ਼ ਕੁਮਾਰ ਨੇ ਕਿਹਾ, "ਨਿਯਮ ਤਾਂ ਇਹ ਹੈ ਕਿ ਗ੍ਰਾਮ ਸਭਾ ਦੀ ਫੁਟੇਜ ਭੇਜੀ ਜਾਣੀ ਚਾਹੀਦੀ ਹੈ। ਮੁਖਿਆ ਨੂੰ ਬੀਡੀਓ ਕੰਟਰੋਲ ਨਹੀਂ ਕਰ ਸਕਦਾ। ਇਸਦੇ ਲਈ ਤੁਹਾਨੂੰ ਡੀਡੀਸੀ ਕੋਲ ਜਾਣਾ ਪਵੇਗਾ। ਮੈਂ ਤੁਹਾਡੀ ਸ਼ਿਕਾਇਤ ਡੀਡੀਸੀ ਨੂੰ ਭੇਜਾਂਗਾ।"

ਭੋਜਪੁਰ ਦੇ ਡੀਡੀਸੀ ਸਾਰੇ ਸਬੂਤਾਂ ਦੇ ਨਾਲ ਹਰੀ ਨਰਾਇਣ ਪਾਸਵਾਨ ਕੋਲ ਪਹੁੰਚੇ। ਉਸ ਨੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਕਿਹਾ ਕਿ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ ਹੈ।

ਭੋਜਪੁਰ ਦੇ ਉਪ ਵਿਕਾਸ ਕਮਿਸ਼ਨਰ ਹਰੀ ਨਰਾਇਣ ਪਾਸਵਾਨ ਨੇ ਉਨ੍ਹਾਂ ਦੇ ਸਟੈਨੋ ਨਿਸ਼ਾਂਤ ਨੂੰ ਬੁਲਾਇਆ ਅਤੇ ਕਿਹਾ ਕਿ ਪਹਿਲਾਂ ਸ਼ਿਵਪੁਰ ਪੰਚਾਇਤ ਦੇ ਹਾਊਸਿੰਗ ਸਹਾਇਕ ਦੁਰਗਾ ਮਨੀ ਗੁਪਤਾ ਨੂੰ ਤੁਰੰਤ ਬਰਖਾਸਤ ਕਰੋ।

ਪਾਸਵਾਨ ਨੇ ਕਿਹਾ ਕਿ ਮੁਖੀ ਅਤੇ ਬੀਡੀਓ ਦੀ ਭੂਮਿਕਾ ਦੀ ਵੀ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।

ਹਰੀ ਨਰਾਇਣ ਪਾਸਵਾਨ ਨੇ ਕਿਹਾ, "ਘੱਟੋ-ਘੱਟ ਮੈਂ ਅਜਿਹਾ ਕਰਾਂਗਾ ਤਾਂ ਕਿ ਮੁਖੀ ਦੁਬਾਰਾ ਚੋਣ ਨਾ ਲੜ ਸਕੇ। ਬੀਡੀਓ ਦੇ ਖਿਲਾਫ਼ ਵੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ ਇਹ ਘੁਟਾਲਾ ਪਹਿਲਾਂ ਦੇ ਬੀਡੀਓ ਦੇ ਕਾਰਜਕਾਲ ਦੌਰਾਨ ਹੋਈ ਹੈ।"

ਹਰੀ ਨਰਾਇਣ ਪਾਸਵਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭੋਜਪੁਰ ਵਿੱਚ ਪਹਿਲਾਂ ਵੀ ਲਗਭਗ 80 ਹਾਊਸਿੰਗ ਸਹਾਇਕਾਂ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ।

ਬੀਬੀਸੀ ਨੇ ਇਹ ਸਾਰੇ ਸਵਾਲ ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਸਮਰਾਟ ਚੌਧਰੀ ਦੇ ਸਾਹਮਣੇ ਰੱਖੇ।

ਜਗਦੀਸ਼ਪੁਰ ਬਲਾਕ ਦੇ ਬੀਡੀਓ ਰਾਜੇਸ਼ ਕੁਮਾਰ

ਤਸਵੀਰ ਸਰੋਤ, Vishnu Narayan/BBC

ਤਸਵੀਰ ਕੈਪਸ਼ਨ, ਜਗਦੀਸ਼ਪੁਰ ਬਲਾਕ ਦੇ ਬੀਡੀਓ ਰਾਜੇਸ਼ ਕੁਮਾਰ

ਸਮਰਾਟ ਚੌਧਰੀ ਨੇ ਕਿਹਾ ਕਿ ਇਹ ਮਾਮਲਾ ਪੇਂਡੂ ਵਿਕਾਸ ਵਿਭਾਗ ਦਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਸ਼ਰਵਣ ਕੁਮਾਰ ਦੀ ਹੈ।

ਚੌਧਰੀ ਨੇ ਕਿਹਾ ਕਿ ਜੇਕਰ ਸ਼ਰਵਨ ਕੁਮਾਰ ਭ੍ਰਿਸ਼ਟਾਚਾਰ ਸਬੰਧੀ ਕਿਸੇ ਕਾਰਵਾਈ ਦੀ ਸਿਫਾਰਿਸ਼ ਭੇਜਦੇ ਹਨ ਤਾਂ ਉਹ ਜ਼ਰੂਰ ਕਾਰਵਾਈ ਕਰਨਗੇ।

ਸ਼ਰਵਨ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਪਰ ਬਿਹਾਰ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੇ ਮੁੱਖ ਸਕੱਤਰ ਅਰਵਿੰਦ ਕੁਮਾਰ ਚੌਧਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਜ਼ਰੂਰ ਕਰਨਗੇ।

ਅਰਵਿੰਦ ਕੁਮਾਰ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਤਾਂ ਭ੍ਰਿਸ਼ਟਾਚਾਰ ਤੋਂ ਬਚਣ ਲਈ ਹੀ ਲੋਕਾਂ ਦੇ ਖਾਤਿਆਂ ਵਿੱਚ ਸਿੱਧਾ ਪੈਸਾ ਪਾਉਣ ਦਾ ਪ੍ਰਬੰਧ ਕੀਤਾ ਸੀ, ਪਰ ਇੱਥੇ ਵੀ ਲੋਕ ਧਾਂਦਲੀ ਤੋਂ ਬਾਜ਼ ਨਹੀਂ ਆ ਰਹੇ।

ਜਦੋਂ ਮੁਖੀਆ ਮਹੇਸ਼ ਠਾਕੁਰ ਤੋਂ ਪੁੱਛਿਆ ਗਿਆ ਕਿ ਉਹ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।

ਮੁਖਿਆ ਨੇ ਇੱਥੋਂ ਤੱਕ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਦਾ ਨਾਂ ਸੂਚੀ ਵਿੱਚੋਂ ਹਟਾ ਦਿੱਤਾ ਗਿਆ, ਜਦੋਂ ਕਿ ਸਾਡੀ ਜਾਂਚ ਵਿੱਚ ਇਹ ਗੱਲ ਪੂਰੀ ਤਰ੍ਹਾਂ ਝੂਠੀ ਨਿਕਲੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)