ਤ੍ਰਿਪਤ ਬਾਜਵਾ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਬਦਲਣ ਦੀ ਕੀਤੀ ਮੰਗ, ਸਿੱਧੂ ਨੂੰ ਮਿਲਣ ਪਹੁੰਚੇ

ਪੰਜਾਬ ਦੇ ਦੋ ਸੀਨੀਅਰ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਪਣੀਆਂ ਹੋਰ ਮੰਗਾਂ ਮੰਨਵਾਉਣ ਲਈ ਦਿੱਲੀ ਹਾਈ ਕਮਾਨ ਨੂੰ ਮਿਲਣ ਪਹੁੰਚੇ ਹਨ।

ਇਸਦੇ ਨਾਲ ਹੀ ਇੱਕ ਵਾਰ ਫਿਰ ਪੰਜਾਬ ਦੇ ਮੰਤਰੀਆਂ ਅਤੇ ਦੋ ਦਰਜਨ ਤੋਂ ਵੱਧ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਖੁੱਲ੍ਹ ਕੇ ਬਗ਼ਾਵਤ ਕਰ ਦਿੱਤੀ ਹੈ।

ਵਿਦਰੋਹ ਦਾ ਕਾਰਨ ਉਹੀ ਮਸਲੇ ਹਨ ਜਿਨ੍ਹਾਂ ਨੂੰ ਲੈ ਕੇ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ ਹੋਏ ਸਨ।

ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਵਿੱਚ ਵਿਰੋਧੀ ਸੁਰ ਉੱਠਦੇ ਰਹੇ ਹਨ। ਪਰ ਹੁਣ ਵਿਧਾਇਕ ਖੁੱਲ੍ਹੇਆਮ ਸਾਹਮਣੇ ਆ ਕੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ-

ਮੰਤਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਿੱਚ ਭਰੋਸਾ ਨਾ ਹੋਣ ਦਾ ਐਲਾਨ

ਮੰਗਲਵਾਰ ਨੂੰ ਅਚਾਨਕ ਪੰਜਾਬ ਦੇ ਮੰਤਰੀ ਅਤੇ ਕੁਝ ਵਿਧਾਇਕ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਦੇ ਘਰ ਮੀਟਿੰਗ ਲਈ ਇਕੱਠੇ ਹੋਏ।

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚ ਭਰੋਸਾ ਨਾ ਹੋਣ ਦਾ ਐਲਾਨ ਕਰਦੇ ਹੋਏ ਹਾਈ ਕਮਾਨ ਤੋਂ ਉਨ੍ਹਾਂ ਨੂੰ ਬਦਲਣ ਦੀ ਮੰਗ ਕੀਤੀ।

ਇਸ ਮਸਲੇ ਉੱਤੇ ਇਨ੍ਹਾਂ ਕਾਂਗਰਸੀਆਂ ਨੇ ਹਾਈ ਕਮਾਨ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਸ਼ਾਮਲ ਹਨ।

ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਸਨ।

ਹਾਲਾਂਕਿ, ਮੰਤਰੀ ਅਤੇ ਵਿਧਾਇਕ ਇਕੱਠੇ ਹੋ ਕੇ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ।

ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਬਾਜਵਾ ਦਾ ਫੋਨ ਆਇਆ, ਜਿਨ੍ਹਾਂ ਨੇ ਐਮਰਜੈਂਸੀ ਮੀਟਿੰਗ ਦੀ ਗੱਲ ਆਖੀ। ਮੈਂ ਉਨ੍ਹਾਂ ਨਾਲ ਪੀਪੀਸੀਸੀ ਦੇ ਦਫ਼ਤਰ ਵਿੱਚ ਹੋਰਨਾਂ ਸਹਿਯੋਗੀਆਂ ਸਣੇ ਮੁਲਾਕਾਤ ਕੀਤੀ।"

"ਹਾਈਕਮਾਨ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਜਾਵੇਗਾ।"

ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਬਹੁਤ ਸਾਰੇ ਵਾਅਦੇ ਕਾਂਗਰਸ ਪਾਰਟੀ ਨੇ ਪੂਰੇ ਕੀਤੇ ਹਨ ਪਰ ਜਿਹੜੇ ਵਾਅਦਿਆਂ ਵਿੱਚ ਵਿਰੋਧੀ ਪਾਰਟੀ ਨਾਲ ਟਕਰਾਅ ਹੁੰਦਾ ਹੈ, ਉਹ ਉਸ ਤਰ੍ਹਾਂ ਦੀ ਖੜ੍ਹੇ ਹਨ।"

ਉਨ੍ਹਾਂ ਆਖਿਆ ਕਿ ਬਰਗਾੜੀ, ਨਸ਼ਿਆਂ ਅਤੇ ਨਸ਼ਿਆਂ ਦੇ ਸੌਦਾਗਰਾਂ, ਬਿਜਲੀ ਸਮਝੌਤਿਆਂ, ਕੇਬਲ ਨੈੱਟਵਰਕ ਦਾ ਮਸਲਾ, ਰੇਤ ਦਾ ਮਸਲਾ ਅਤੇ ਦਲਿਤ ਮੁੱਦਿਆਂ ਉੱਤੇ ਕਾਰਵਾਈ ਨਹੀਂ ਹੋ ਰਹੀ।

ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ, "ਮੇਰੇ ਖ਼ਿਆਲ ਨਾਲ ਮੁੱਖ ਮੰਤਰੀ ਨੂੰ ਬਦਲਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਨਹੀਂ ਬਚ ਸਕੇਗੀ।"

"ਅਸੀਂ ਅੱਜ ਦਿੱਲੀ ਵਿੱਚ ਸੋਨੀਆ ਗਾਂਧੀ ਨਾਲ ਇਸ ਮੁੱਦੇ 'ਤੇ ਗੱਲ ਕਰਨ ਜਾ ਰਹੇ ਹਾਂ।"

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ, "ਨਾ ਸਾਨੂੰ ਸਾਡਾ ਅਹੁਦਾ ਜਾਣ ਦਾ ਡਰ ਹੈ ਅਤੇ ਨਾ ਸਾਨੂੰ ਅਹੁਦੇ ਦਾ ਲਾਲਚ ਹੈ।"

"ਅਸੀਂ ਅੱਜ ਹੀ ਦਿੱਲੀ ਜਾ ਰਹੇ ਹਾਂ ਸਾਰੀ ਗੱਲ ਕਾਂਗਰਸ ਹਾਈ ਕਮਾਨ ਅੱਗੇ ਰੱਖੀ ਜਾਵੇਗੀ।"

ਹਾਲਾਂਕਿ, ਕਾਂਗਰਸ ਦਫ਼ਤਰ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਸੋਨੀਆ ਗਾਂਧੀ ਇਨ੍ਹਾਂ ਮੰਤਰੀਆਂ ਨੂੰ ਮਿਲਣਗੇ ਜਾਂ ਨਹੀਂ।

ਇਹ ਵੀ ਪੜ੍ਹੋ-

ਕਰੀਬ ਦੋ ਦਰਜਨ ਵਿਧਾਇਕਾਂ ਨੇ ਕੀਤਾ ਖ਼ੁਦ ਨੂੰ ਵੱਖ

ਪੰਜਾਬ ਕਾਂਗਰਸ ਦੇ ਕੁਝ ਵਿਧਾਇਕਾਂ ਅਤੇ ਸਾਬਕਾਂ ਵਿਧਾਇਕਾਂ, ਜਿੰਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਮੰਗ ਦੇ ਹਮਾਇਤੀ ਦੱਸਿਆ ਜਾ ਰਿਹਾ ਸੀ, ਉਨ੍ਹਾਂ ਨੇ ਆਪਣੇ ਆਪ ਨੂੰ ਇਸ ਮੰਗ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ।

ਇਨ੍ਹਾਂ ਸਾਰੇ ਵਿਧਾਇਕ ਮੁੱਖ ਮੰਤਰੀ ਦੇ ਹੱਕ ਵਿੱਚ ਭੁਗਤੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਅਗਵਾਈ 'ਤੇ ਪੂਰਾ ਭਰੋਸਾ ਜਤਾਇਆ ਹੈ।

ਸਿੱਧੂ ਦੇ ਸਲਾਹਕਾਰਾਂ'ਤੇ ਸ਼ਬਦੀ ਹਮਲਾ

ਪੰਜਾਬ ਕਾਂਗਰਸ ਵਿੱਚ ਕਲੇਸ਼ ਕੁਝ ਦਿਨਾਂ ਤੋਂ ਵੱਧ ਰਿਹਾ ਹੈ, ਇਸ ਤੋਂ ਪਹਿਲਾਂ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਮਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ ਵੱਲੋਂ ਕਸ਼ਮੀਰ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ 'ਤੇ ਇਤਰਾਜ਼ ਜਤਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੇ ਜੋ ਬਿਆਨ ਦਿੱਤਾ ਹੈ ਉਹ ਕਾਂਗਰਸ ਪਾਰਟੀ ਦਾ ਨਹੀਂ ਹੈ।

ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਵੀ ਸਿੱਧੂ ਦੇ ਦੋ ਨਵੇਂ ਸਲਾਹਕਾਰਾਂ 'ਤੇ ਤਿੱਖਾ ਹਮਲਾ ਕੀਤਾ ਸੀ, ਮਸਲਾ ਸਿੱਧੂ ਦੇ ਸਾਲਕਾਰ ਦੇ ਬਿਆਨ ਦਾ ਸੀ।

ਦਰਅਸਲ ਨਵਜੋਤ ਸਿੰਘ ਸਿੱਧੂ ਦੇ ਦੋ ਨਵੇਂ ਬਣੇ ਸਲਾਹਾਕਾਰਾਂ ਵਿੱਚੋਂ ਇੱਕ ਮਲਵਿੰਦਰ ਸਿੰਘ ਮਾਲੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਸ਼ਮੀਰ ਨੂੰ ਕਸ਼ਮੀਰੀਆਂ ਦਾ ਵੱਖਰਾ ਮੁਲਕ ਦੱਸਦੇ ਹੋਏ ਧਾਰਾ 370 ਬਾਰੇ ਟਿੱਪਣੀ ਕੀਤੀ ਸੀ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਇੱਕ ਹੋਰ ਸਮੂਹ ਨੇ ਨਵਜੋਤ ਸਿੰਧੂ ਦੇ ਸਲਾਹਕਾਰਾਂ ਦੇ ਬਿਆਨਾਂ ਦੀ ਨਿੰਦਾ ਕੀਤੀ ਹੈ।

ਮੰਤਰੀ ਬ੍ਰਹਿਮ ਮੋਹਿੰਦਰਾ, ਵਿਜੇਇੰਦਰ ਸਿੰਗਲਾ, ਭਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਰਾਜ ਕੁਮਾਰ ਵੇਰਕਾ ਨੇ ਇਸ ਨੂੰ ਭਾਰਤ ਦੇ ਹਿੱਤਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਖ਼ਿਲਾਫ਼ ਦੱਸਿਆ ਹੈ।

ਉਨ੍ਹਾਂ ਇਸ ਸਬੰਧੀ ਸਖ਼ਤ ਇਤਰਾਜ਼ ਜਤਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਜੇਪੀ ਨੱਢਾ ਨੇ ਮੰਗਿਆ ਕਾਂਗਰਸ ਕੋਲੋਂ ਜਵਾਬ

ਭਾਜਪਾ ਆਗੂ ਜੇਪੀ ਨੱਢਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰਦਿਆਂ ਲਿਖਿਆ ਹੈ ਕਿ ਉਹ ਕਾਂਗਰਸ ਦੇ ਕੌਮੀ ਮੋਹਰੀ ਆਗੂਆਂ ਨੂੰ ਇਹ ਦੱਸਣ ਲਈ ਅਪੀਲ ਕਰਦੇ ਹਨ ਕਿ ਕੀ ਉਹ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਕੀਤੀ ਟਿੱਪਣੀ ਦਾ ਸਮਰਥਨ ਕਰਦੇ ਹਨ ਜਾਂ ਨਹੀਂ?

ਉਨ੍ਹਾਂ ਨੇ ਅੱਗੇ ਕਿਹਾ, "ਮਾਮਲੇ 'ਤੇ ਚੁੱਪੀ ਨੂੰ ਅਜਿਹੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਹੱਕ ਵਿੱਚ ਸਮਝਿਆ ਜਾਵੇਗਾ।"

ਵਿਰੋਧੀ ਧਿਰ ਦੀ ਪ੍ਰਤੀਕਿਰਿਆ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸਾਂਧਵਾਂ ਦਾ ਕਹਿਣਾ ਹੈ, "ਨਾ ਇਨ੍ਹਾਂ ਨੇ ਚਿੱਟਾ ਬੰਦ ਕੀਤਾ, ਬੇਅਦਬੀ ਲਈ ਇਨ੍ਹਾਂ ਨੇ ਕੋਈ ਹੱਲ ਨਹੀਂ ਕੀਤਾ, ਸਿਰਫ਼ ਤੇ ਸਿਰਫ਼ ਇਨ੍ਹਾਂ ਨੇ ਸਿਆਸਤ ਕੀਤੀ, ਨੌਕਰੀ ਕਿਸੇ ਨੂੰ ਦਿੱਤੀ ਨਹੀਂ ਤੇ ਤਨਖ਼ਾਹਾਂ ਵੀ ਸਗੋਂ ਘਟਾ ਦਿੱਤੀਆਂ।"

ਉਨ੍ਹਾਂ ਨੇ ਅੱਗੇ ਕਿਹਾ, "ਮੁਲਾਜ਼ਮਾਂ ਦੇ ਏਰੀਅਰ ਨਹੀਂ ਦਿੱਤੇ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਹੈ, ਬਿਜਲੀ ਹੋਰ ਮਹਿੰਗੀ ਕਰ ਦਿੱਤੀ। ਇਨ੍ਹਾਂ ਦੀ ਨਾ-ਕਾਬਲੀਅਤ ਕਰਕੇ ਬਿਜਲੀ ਦਾ ਉਤਪਾਦਨ ਘਟ ਗਿਆ, ਬਿਜਲੀ ਦੇ ਸਮਝੌਤੇ ਇਨ੍ਹਾਂ ਨੇ ਰੱਦ ਨਹੀਂ ਕੀਤੇ ਅਤੇ ਭ੍ਰਿਸ਼ਟਾਚਾਰ ਦਾ ਸਾਰੇ ਪਾਸੇ ਬੋਲਬਾਲਾ ਹੈ।"

"ਉਦੋਂ ਨਾ ਕੋਈ ਮੰਤਰੀ ਬੋਲਿਆ ਕਿਉਂਕਿ ਨਾਲ ਰਲੇ ਹੋਏ ਸਨ, ਨਾ ਵਿਧਾਇਕ ਬੋਲੇ, ਅੱਜ ਜਦੋਂ ਇਨ੍ਹਾਂ ਨੂੰ ਅੱਗਾ ਨਜ਼ਰ ਆਉਂਦਾ ਹੈ ਕਿ ਸਾਨੂੰ ਲੋਕ ਪਿੰਡਾਂ ਵਿੱਚ ਨਹੀਂ ਵੜ੍ਹਨ ਦੇਣਗੇ। ਹੁਣ ਇਹ ਕਹਿਣ ਲੱਗ ਗਏ ਸਾਨੂੰ ਕੈਪਟਨ ਅਮਰਿੰਦਰ ਸਿੰਘ ਮਨਜ਼ੂਰ ਨਹੀਂ, ਉਨ੍ਹਾਂ ਦੀ ਕਾਰਗੁਜ਼ਾਰੀ ਠੀਕ ਨਹੀਂ, ਅਸਤੀਫ਼ਾ ਦਿਓ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)