ਅਫ਼ਗਾਨਿਸਤਾਨ ਵਿੱਚ ਫ਼ਸੇ ਹਿੰਦੂ ਤੇ ਸਿੱਖਾਂ ਲਈ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Bhas Solanki / BBC
ਭਾਰਤੀ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ, "ਭਾਰਤ ਅਫ਼ਗਾਨਿਸਤਾਨ ਵਿੱਚ ਬਣ ਰਹੀ ਸਥਿਤੀ ਉੱਪਰ ਨਿਗ੍ਹਾ ਰੱਖ ਰਿਹਾ ਹੈ।"
ਦਿ ਹਿੰਦੂ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸਪਸ਼ਟ ਕੀਤਾ ਕਿ ਅਫ਼ਗਾਨਿਤਾਨ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਬੰਦ ਹੋਣ ਬਾਰੇ ਆ ਰਹੀਆਂ ਰਿਪੋਰਟਾਂ ਗ਼ਲਤ ਹਨ।
ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਾਡਾ ਮਿਸ਼ਨ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਕੀਤੀ ਜਾਵੇਗੀ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਪਕੜ ਵਧਦੀ ਜਾ ਰਹੀ ਹੈ ਅਤੇ ਉਹ ਰਾਜਧਾਨੀ ਕਾਬੁਲ ਨੂੰ ਘੇਰ ਰਹੇ ਹਨ ਜਿੱਥੇ ਕਿ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਵਸੋਂ ਹੈ।
ਇਹ ਵੀ ਪੜ੍ਹੋ:
ਹੰਗਾਮਾਕਾਰੀ ਰਾਜਸਭਾ ਮੈਂਬਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਹੋਵੇ- ਸਰਕਾਰ
ਮੌਨਸੂਨ ਸੈਸ਼ਨ ਦੌਰਾਨ ਦੂਜੇ ਦਿਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਉੱਪਰ ਸਰਕਾਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਮੁੱਖ ਕੇਂਦਰੀ ਮੰਤਰੀਆਂ ਨੇ ਹੰਗਾਮਾ ਕਰਨ ਵਾਲੇ ਮੈਂਬਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਅਤੇ ਕਿਹਾ ਹੈ ਕਿ ਸਦਨ ਦੀ ਕਾਰਵਾਈ ਲਈ ਮੌਜੂਦਾ ਨਿਯਮ- ਕਾਨੂੰਨ ਕਾਫ਼ੀ ਨਹੀਂ ਹਨ।
ਮੰਗਲਵਾਰ ਨੂੰ ਰਾਜ ਸਭਾ ਦੀ ਕਾਰਵਾਈ ਦੌਰਾਨ ਕਾਂਗਰਸੀ ਐੱਮਪੀ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਵੱਲ ਫਾਇਲ ਸੁੱਟੀ ਸੀ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਰਾਜ ਸਭਾ ਵਿੱਚ ਬਾਊਂਸਰ ਲਿਆਏ ਗਏ ਸਨ।
ਵਿਰੋਧੀ ਧਿਰ ਵੱਲੋਂ ਇਸ ਬਾਬਤ ਮਾਰਚ ਵੀ ਕੱਢਿਆ ਗਿਆ ਸੀ।
ਸਰਕਾਰ ਨੇ ਕਿਹਾ ਹੈ ਕਿ ਰਾਜ ਸਭਾ ਵਿੱਚ ਜੋ ਕੁਝ ਚਾਰ, ਅੱਠ ਅਤੇ ਗਿਆਰਾਂ ਅਗਸਤ ਨੂੰ ਹੋਇਆ ਉਸ ਦੇ ਗੰਭੀਰ ਮਾਅਨੇ ਹਨ। ਮੈਂਬਰ ਜਿਸ ਨੇ ਰੂਲ ਬੁੱਕ ਚੇਅਰ ਵੱਲ ਵਗਾਹ ਕੇ ਮਾਰੀ ਉਹ ਚੇਅਰ ’ਤੇ ਬੈਠੇ ਵਿਅਕਤੀ ਲਈ ਕਤਲ ਦੀ ਕੋਸ਼ਿਸ਼ ਹੋ ਸਕਦੀ ਸੀ।
ਸਰਕਾਰ ਨੇ ਰਾਜ ਸਭਾ ਮੁਖੀ ਨੂੰ ਅਪੀਲ ਕੀਤੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾ ਕੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸਰਕਾਰ ਨੇ ਕਿਹਾ ਕਿ ਮੈਂਬਰ ਇਸ ਤਰ੍ਹਾਂ ਵਰਤਾਵ ਕਰ ਰਹੇ ਸਨ ਜਿਵੇਂ ਇਸ ਦੇਸ਼ ਵਿੱਚ ਸਿਰਫ਼ ਉਨ੍ਹਾਂ ਕੋਲ ਹੀ ਹੱਕ ਹੋਣ।
ਵਿਰੋਧੀ ਧਿਰ ਵਿੱਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਸਾਰਾ ਹੰਗਾਮਾ ਹੋਇਆ।
‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਉਣ ਲਈ ‘ਜਬਰਦਸਤੀ’

ਤਸਵੀਰ ਸਰੋਤ, Getty Images
ਪੁਲਿਸ ਮੁਤਾਬਕ ਯੂਪੀ ਦੇ ਕਾਨਪੁਰ ਵਿੱਚ ਇੱਕ ਮੁਸਲਮਾਨ ਵਿਅਕਤੀ ਨੂੰ ਕਥਿਤ ਤੌਰ ’ਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਲਈ ਕਿਹਾ ਗਿਆ ਅਤੇ ਜਦੋਂ ਉਸ ਦੀ ਨਾਬਾਲਗ ਬੇਟੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮਾਰ-ਕੁੱਟਿਆ ਗਿਆ।
ਪੀਟੀਆਈ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਇੱਕ ਮਿੰਟ ਦੀ ਵੀਡੀਓ ਵਿੱਚ ਕਿ ਇੱਕ 45 ਸਾਲਾ ਵਿਅਕਤੀ ਉੱਪਰ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਅਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਲਈ ਕਿਹਾ ਗਿਆ।
ਵੀਡੀਓ ਵਿੱਚ ਮੁਸਲਮਾਨ ਵਿਅਕਤੀ ਦੀ ਬੇਟੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰੋਂਦੇ ਹੋਏ ਹਮਲਾਵਰਾਂ ਨੂੰ ਅਪੀਲ ਕਰ ਰਹੀ ਹੈ ਕਿ ਉਸ ਦੇ ਪਿਤਾ ਨੂੰ ਨਾ ਮਾਰਨ। ਬਾਅਦ ਵਿੱਚ ਕੁਝ ਪੁਲਿਸ ਵਾਲੇ ਆਪਣੀ ਜੀਪ ਵੱਲ ਲੈ ਗਏ।
ਪੁਲਿਸ ਨੇ ਮੁਸਲਮਾਨ ਵਿਅਕਤੀ ਦੀ ਸ਼ਿਕਾਇਤ ਉੱਪਰ ਐੱਫ਼ਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਦੇਸ਼ ਟੀਕਾਕਰਨ ਸਰਟੀਫਿਕੇਟ ਸਮਝਣ ਨਾ ਕਿ ਟੀਕੇ’

ਤਸਵੀਰ ਸਰੋਤ, TWITTER/DR. S. JAISHANKAR
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਮੁਲਕਾਂ ਨੂੰ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟਾਂ ਬਾਰੇ ਨੀਤੀ ਬਣਾਉਣ ਦੀ ਲੋੜ ਹੈ ਨਾ ਕਿ ਟੀਕੇ ਵਿਸ਼ੇਸ਼ਾਂ ਬਾਰੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਿਹਾ ਕਿ ਹਾਲਾਂਕਿ ਇਹ ਇੱਕ ਚੁਣੌਤੀ ਹੋਵੇਗੀ ਕਿਉਂਕਿ ਕੁਝ ਦੇਸ਼ ਕਹਿਣਗੇ ਕਿ ਉਨ੍ਹਾਂ ਦੀ ਵੈਕਸੀਨ ਲਾਜ਼ਮੀ ਹੈ।
ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਕੋਵੈਕਸੀਨ ਨੂੰ ਪ੍ਰਮਾਣਿਤ ਕਰਨ ਬਾਰੇ ਸ਼ਾਇਦ ਸਤੰਬਰ ਵਿੱਚ ਕੋਈ ਸੰਕੇਤ ਦੇ ਸਕਦਾ ਹੈ।
ਜੈਸ਼ੰਕਰ ਨੇ ਕਿਹਾ ਕਿ ਦੁਨੀਆਂ ਭਾਰਤ ਨਾਲ ਦੂਜੀ ਲਹਿਰ ਦੌਰਾਨ ਇਸ ਲਈ ਖੜ੍ਹੀ ਹੋਈ ਕਿਉਂਕਿ ਭਾਰਤ ਨੇ ਦੂਜੇ ਦੇਸ਼ਾਂ ਦੀ ਮਦਦ ਕੀਤੀ ਸੀ।
ਵਿਦੇਸ਼ ਸਫ਼ਰ ਲਈ ਵਿਸ਼ਵੀ ਵੈਕਸੀਨ ਪਾਸਪੋਰਟਾਂ ਦੀ ਲੋੜ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਮਹਿਜ਼ ਦਾਅਵੇ ਹਨ ਅਤੇ ਜ਼ਮੀਨੀ ਪੱਧਰ ’ਤੇ ਅਜਿਹਾ ਕੁਝ ਨਹੀਂ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













