eRUPI : ਈ-ਰੂਪੀ ਕੀ ਹੈ ਤੇ ਇਸ ਨਾਲ ਕੀ ਲਾਭ ਮਿਲਣਗੇ , ਨਰਿੰਦਰ ਮੋਦੀ ਨੇ ਅੱਜ ਲਾਂਚ ਕੀਤਾ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਕਰੰਸੀ ਅਤੇ ਭੁਗਤਾਨ ਦਾ ਭਵਿੱਖ ਡਿਜੀਟਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ-ਰੂਪੀ ਨੂੰ ਲਾਂਚ ਕਰ ਦਿੱਤਾ ਹੈ।

ਡਿਜੀਟਲ ਭੁਗਤਾਨ ਪ੍ਰਣਾਲੀ ਦੀ ਦਿਸ਼ਾ ਵਿੱਚ ਇਸ ਨੂੰ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਇਹ ਪ੍ਰਣਾਲੀ ਪੈਸਾ ਭੇਜਣ ਵਾਲੇ ਅਤੇ ਪੈਸਾ ਵਸੂਲ ਕਰਨ ਵਾਲੇ ਵਿਚਾਲੇ 'ਐਂਡ ਟੂ ਐਂਡ ਇਨਕ੍ਰਿਪਟੇਡ' ਹੈ, ਕਹਿਣ ਤੋਂ ਭਾਵ ਇਹ ਕਿ ਦੋਵਾਂ ਪਾਰਟੀਆਂ ਵਿਚਾਲੇ ਕਿਸੇ ਤੀਜੇ ਦਾ ਇਸ 'ਚ ਕੋਈ ਦਖ਼ਲ ਨਹੀਂ ਹੈ।

ਇਸ ਨੂੰ ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਵਿਕਸਤ ਕੀਤਾ ਹੈ।

ਇਹ ਭਾਰਤੀ ਰਿਜ਼ਰਵ ਬੈਂਕ (RBI) ਅਤੇ ਭਾਰਤੀ ਬੈਂਕ ਸੰਘ (IBA) ਦੀ ਇੱਕ ਪਹਿਲ ਹੈ।

ਇਹ ਵੀ ਪੜ੍ਹੋ:

ਈ ਰੂਪੀ ਕੀ ਹੈ?

NPCI ਮੁਤਾਬਕ ਈ-ਰੂਪੀ ਡਿਜੀਟਲ ਪੇਮੇਂਟ ਲਈ ਇੱਕ ਕੈਸ਼ਲੈਸ ਅਤੇ ਕੰਟੈਕਟ ਲੈੱਸ ਪਲੇਟਫਾਰਮ ਹੈ।

ਇਹ QR ਕੋਡ ਜਾਂ SMS ਦੇ ਆਧਾਰ 'ਤੇ ਈ-ਵਾਉਚਰ ਦੇ ਰੂਪ 'ਚ ਕੰਮ ਕਰਦਾ ਹੈ।

NPCI ਮੁਤਾਬਕ ਲੋਕ ਇਸ ਨਾਲ ਇੱਕਮੁਸ਼ਤ ਭੁਗਤਾਨ ਦੇ ਯੂਜ਼ਰਜ਼ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸੇਸ ਦੇ ਬਿਨਾਂ ਈ-ਰੂਪੀ ਵਾਉਚਰ ਨੂੰ ਵਰਤਣ ਦੇ ਯੋਗ ਹੋਣਗੇ।

ਇਸ ਈ-ਰੂਪੀ ਨੂੰ ਸੌਖੇ ਤੇ ਸੁਰੱਖਿਅਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਲਾਭਪਾਤਰੀ ਦੇ ਵੇਰਵੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਾ ਹੈ।

ਇਸ ਵਾਉਚਰ ਦੇ ਮਾਧਿਅਮ ਨਾਲ ਪੂਰੀ ਲੈਣ-ਦੇਣ ਪ੍ਰਕਿਰਿਆ ਤੇਜ਼ ਅਤੇ ਨਾਲ ਹੀ ਵਿਸ਼ਵਾਸ ਭਰਭੂਰ ਮੰਨੀ ਜਾਂਦੀ ਹੈ, ਕਿਉਂਕਿ ਵਾਉਚਰ 'ਚ ਜ਼ਰੂਰੀ ਰਾਸ਼ੀ ਪਹਿਲਾਂ ਤੋਂ ਹੀ ਹੁੰਦੀ ਹੈ।

ਈ-ਰੂਪੀ ਦੇ ਫ਼ਾਇਦੇ

ਸਰਕਾਰ ਆਪਣੀਆਂ ਕਈ ਯੋਜਨਾਵਾਂ ਤਹਿਤ ਗਰੀਬਾਂ ਅਤੇ ਕਿਸਾਨਾਂ ਨੂੰ ਸਹਾਇਤਾ ਦੇ ਰੂਪ 'ਚ ਕੈਸ਼ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫ਼ਰ ਕਰਦੀ ਰਹੀ ਹੈ ਜਿਵੇਂ ਕਿ ਕੋਰੋਨਾ ਕਾਲ 'ਚ ਦਿਖਿਆ।

ਇਸ ਸਿਸਟਮ 'ਚ ਸਰਕਾਰੀ ਕਰਮਚਾਰੀਆਂ ਦਾ ਕਾਫ਼ੀ ਦਖ਼ਲ ਹੁੰਦਾ ਹੈ। ਕਈ ਵਾਰ ਲੋਕਾਂ ਨੂੰ ਇਸ 'ਚ ਕਾਫ਼ੀ ਪਰੇਸ਼ਾਨੀ ਵੀ ਹੁੰਦੀ ਹੈ। ਇਲਜ਼ਾਮ ਇਹ ਵੀ ਲਗਦੇ ਹਨ ਕਿ ਸਰਕਾਰੀ ਕਰਮਚਾਰੀ ਰਿਸ਼ਵਤ ਵੀ ਲੈਂਦੇ ਹਨ।

ਈ-ਰੂਪੀ ਦੇ ਇਸਤੇਮਾਲ ਨਾਲ ਇਸ ਦਾ ਖ਼ਤਰਾ ਘੱਟ ਹੋ ਜਾਂਦਾ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਭੁਗਤਾਨ ਪ੍ਰਣਾਲੀ ''ਯਕੀਨੀ ਬਣਾਉਦੀ ਹੈ ਕਿ ਲਾਭ ਬਿਨਾ ਕਿਸੇ ਪਰੇਸ਼ਾਨੀ ਦੇ ਲਾਭਪਾਤਰੀ ਤੱਕ ਪਹੁੰਚੇ।''

ਈ-ਰੂਪੀ ਦਾ ਇਸਤੇਮਾਲ ਸਰਕਾਰ ਦੀ ਵਿਸ਼ੇਸ਼ ਕਰੰਸੀ ਮਦਦ ਦੌਰਾਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਨਿੱਜੀ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਦੇ ਲਈ ਇਸਤੇਮਾਲ ਕਰ ਸਕਦੀਆਂ ਹਨ।

ਮਿਸਾਲ ਦੇ ਤੌਰ 'ਤੇ ਜੇ ਤੁਹਾਡੀ ਕੰਪਨੀ ਨੇ ਤੁਹਾਡੀ ਤਨਖ਼ਾਹ ਤੋਂ ਇਲਾਵਾ ਸਤੰਬਰ ਦੇ ਮਹੀਨੇ 'ਚ 500 ਰੂਪਏ ਪ੍ਰਤੀ ਕਰਮਚਾਰੀ ਵਾਧੂ ਪੇਮੇਂਟ ਦੇ ਤੌਰ ਤੇ ਦੇਣ ਦਾ ਫ਼ੈਸਲਾ ਕੀਤਾ, ਤਾਂ ਈ-ਰੂਪੀ ਵਾਉਚਰ ਦੇ ਜ਼ਰੀਏ ਕੀਤਾ ਜਾ ਸਕਦਾ ਹੈ, ਜਿਸ ਅਧੀਨ ਕੰਪਨੀ ਤੁਹਾਡੇ ਮੋਬਾਈਲ ਫ਼ੋਨ 'ਤੇ ਮੈਸੇਜ ਜਾਂ QR ਕੋਡ ਦੀ ਸ਼ਕਲ ਵਿੱਚ ਭੇਜ ਸਕਦੀ ਹੈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਇਸ 'ਚ ਵਾਉਚਰ ਦੀ ਵਰਤੋਂ ਹੋਈ ਜਾਂ ਨਹੀਂ, ਇਹ ਵੀ ਟ੍ਰੈਕ ਕੀਤਾ ਜਾ ਸਕੇਗਾ।

ਪੀਐਮ ਮੋਦੀ ਡਿਜੀਟਲ ਵਾਲੇਟ ਅਤੇ ਡਿਜੀਟਲ ਪੇਮੇਂਟ ਸਿਸਟਮ ਦੇ ਇੱਕ ਵੱਡੇ ਅਤੇ ਉਤਸਾਹੀ ਸਮਰਥਕ ਰਹੇ ਹਨ।

ਕੈਸ਼ਲੈਸ ਸਮਾਜ

ਪੀਐਮ ਨੇ 2016 ਵਿੱਚ ਨੋਟਬੰਦੀ ਲਾਗੂ ਕਰਕੇ ਅਵੈਧ ਕੈਸ਼ ਨੂੰ ਖ਼ਤਮ ਕਰਨ ਅਤੇ ਭਾਰਤ ਨੂੰ ਇੱਕ ਕੈਸ਼ਲੈਸ ਸਮਾਜ ਬਣਾਉਣ ਦਾ ਦਾਅਵਾ ਕੀਤਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਘੱਟ ਕੈਸ਼ ਵਾਲੇ ਸਮਾਜ ਅਤੇ ਸਿਸਟਮ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਮੇਸ਼ਾ ਡਿਜੀਟਲ ਵਾਲੇਟ ਨੂੰ ਹੁੰਗਾਰਾ ਦਿੱਤਾ ਹੈ।

ਪਰ ਡੇਲਾਇਟ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, 2020 ਵਿੱਚ ਭਾਰਤ ਦੇ ਕੁੱਲ ਟ੍ਰਾਂਜੈਕਸ਼ਨ ਦਾ 89 ਫੀਸਦੀ ਕੈਸ਼ ਵਿੱਚ ਹੋਇਆ, ਜਦਕਿ ਚੀਨ 'ਚ 44 ਫੀਸਦੀ ਟ੍ਰਾਂਜੈਕਸ਼ਨ ਕੈਸ਼ ਵਿੱਚ ਹੋਇਆ। ਪ੍ਰਧਾਨ ਮੰਤਰੀ ਦਾ ਡਿਜੀਟਲ ਪੁਸ਼ ਹੁਣ ਤੱਕ ਬਹੁਤਾ ਕਾਮਯਾਬ ਨਹੀਂ ਰਿਹਾ ਹੈ, ਪਰ ਵਿੱਤੀ ਮਾਹਿਰ ਕਹਿੰਦੇ ਹਨ ਕਿ ਈ-ਰੂਪੀ ਇਸ ਦਿਸ਼ਾ 'ਚ ਇੱਕ ਸਕਾਰਾਤਮਕ ਕਦਮ ਹੈ।

ਸਰਕਾਰ ਦਾ ਅੰਦਾਜ਼ ਇਹ ਹੈ ਕਿ ਜਿਵੇਂ-ਜਿਵੇਂ ਸਸਤੇ ਰੇਟ ਵਾਲੇ ਸਮਾਰਟਫੋਨ ਦਾ ਇਸਤੇਮਾਲ ਵਧੇਗਾ, ਦੇਸ਼ ਵਿੱਚ ਡਿਜੀਟਲ ਵਾਲੇਟ ਦੀ ਵਰਤੋਂ ਵਧੇਗੀ।

ਫ਼ਿਲਹਾਲ ਦੇਸ਼ ਦੇ ਪ੍ਰਸਿਧ ਡਿਜੀਟਲ ਵਾਲੇਟ 'ਚ ਪੇ ਟੀਏਮ, ਫੋਨ ਪੇਅ, ਅਮੇਜ਼ਨ ਪੇਅ, ਏਅਰਟੈਲ ਮਨੀ ਅਤੇ ਗੂਗਲ ਪੇਅ ਵਰਗੇ ਪਲੇਟਫਾਰਮ ਜ਼ਿਆਦਾ ਵਰਤੋਂ ਵਿੱਚ ਹਨ।

ਡਿਜੀਟਲ ਕਰੰਸੀ ਇੱਕ ਆਲਮੀ ਰੁਝਾਨ

ਈ-ਰੂਪੀ ਦੇ ਡਿਜੀਟਲ ਰੂਪ ਨੂੰ ਲੌਂਚ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਰੂਪ 'ਚ ਵੀ ਦੇਖਿਆ ਜਾ ਰਿਹਾ ਹੈ, ਜਿਸ ਨੂੰ ਪਹਿਲਾਂ ਲਕਸ਼ਮੀ ਕਿਹਾ ਜਾਂਦਾ ਹੈ। ਚੀਨ ਨੇ ਵੀ ਇਸ 'ਚ ਪਹਿਲ ਕੀਤੀ ਹੈ ਅਤੇ ਆਪਣੀ ਕਰੰਸੀ ਯੁਆਨ ਨੂੰ ਡਿਜੀਟਲ ਸ਼ਕਲ 'ਚ ਕਈ ਸ਼ਹਿਰਾਂ ਵਿੱਚ ਲੌਂਚ ਕੀਤਾ ਹੈ।

ਇਸ 'ਚ ਈ-ਆਰਐਮਬੀ ਨਾਮ ਦੀ ਆਪਣੀ ਡਿਜੀਟਲ ਯੁਆਨ ਕਰੰਸੀ ਨੂੰ 2022 ਬੀਜਿੰਗ ਵਿੰਟਰ ਓਲੰਪਿਕ ਦੇ ਸਮੇਂ ਦੇਸ਼ ਭਰ ਵਿੱਚ ਲੌਂਚ ਕਰਨ ਦਾ ਟੀਚਾ ਰੱਖਿਆ ਹੈ।

ਨਿੱਜੀ ਖ਼ੇਤਰ 'ਚ ਬਿਟਕੁਆਇਨ ਇਸ ਵੇਲੇ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ। ਆਰਬੀਆਈ ਦੀ ਲਕਸ਼ਮੀ ਅਤੇ ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀ 'ਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਲਕਸ਼ਮੀ ਸਰਕਾਰੀ ਕੰਟਰੋਲ 'ਚ ਹੋਵੇਗੀ ਜਦਕਿ ਬਿਟਕੁਆਇਨ ਵਰਗੀ ਕ੍ਰਿਪਟੋ ਕਰੰਸੀਆਂ ਸਰਕਾਰੀ ਕੰਟਰੋਲ ਤੋਂ ਬਾਹਰ ਰਹਿੰਦੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)