ਓਲੰਪਿਕ ਖੇਡਾਂ ਟੋਕੀਓ 2020: ਮਹਿਲਾ ਹਾਕੀ ਟੀਮ ਦੀ ਗੁਰਜੀਤ ਦੇ ਗੋਲ ਸਦਕਾ ਭਾਰਤ ਨੇ ਰਚਿਆ ਇਤਿਹਾਸ

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਉਪਰ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ਭਾਰਤ ਵੱਲੋਂ ਗੁਰਜੀਤ ਕੌਰ ਨੇ ਗੋਲ ਕੀਤਾ ਹੈ। ਪਹਿਲੀ ਵਾਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਖੇਡੀ ਹੈ।

ਪਹਿਲੇ ਅੱਧ ਤੱਕ ਭਾਰਤ ਨੇ ਆਸਟ੍ਰੇਲੀਆ 'ਤੇ 1-0 ਦੀ ਬੜ੍ਹਤ ਬਣਾਈ ਹੋਈ ਸੀ।

ਇਸ ਤੋਂ ਪਹਿਲਾਂ ਟੀਮ ਨੇ ਦੋ ਮੁਕਾਬਲੇ ਜਿੱਤੇ ਸਨ। ਇੱਕ ਅਰਜਨਟੀਨਾ ਅਤੇ ਦੂਜਾ ਦੱਖਣੀ ਅਫਰੀਕਾ ਖ਼ਿਲਾਫ। ਸ਼ੁਰੂਆਤ ਵਿੱਚ ਟੀਮ ਦਾ ਪ੍ਰਦਰਸ਼ਨ ਮਾੜਾ ਜ਼ਰੂਰ ਸੀ ਪਰ ਹੁਣ ਲਗਾਤਾਰ ਤਿੰਨ ਮੁਕਾਬਲਿਆਂ ਵਿੱਚ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ:

ਟੀਮ ਦੀ ਜਿੱਤ ਬਾਰੇ ਕਿਸ ਨੇ ਕੀ ਕਿਹਾ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦਿਆਂ ਆਖਿਆ ਹੈ ਭਾਰਤੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਪੁੱਜ ਕੇ ਇਤਿਹਾਸ ਬਣਾਇਆ ਹੈ ਤੇ ਭਾਰਤ ਦੇ 130 ਕਰੋੜ ਲੋਕ ਤੁਹਾਡੇ ਨਾਲ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਖਿਡਾਰਨਾਂ ਤੇ ਮਾਣ ਹੈ ਅਤੇ ਨਾਲ ਹੀ ਉਨ੍ਹਾਂ ਨੇ ਗੁਰਜੀਤ ਕੌਰ ਸਣੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵਿਰੇਨ ਨੇ ਵੀ ਇਸ ਜਿੱਤ ਨੂੰ ਇਤਿਹਾਸਕ ਅਤੇ ਵੱਡਾ ਉਲਟਫੇਰ ਕਰਾਰ ਦਿੱਤਾ ਹੈ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪੰਜਾਬ ਦੀ ਗੁਰਜੀਤ ਕੌਰ ਨੇ ਭਾਰਤ ਲਈ ਗੋਲ ਕੀਤਾ ਹੈ।

ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲਿਖਿਆ, ''ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੀ ਗੁਰਜੀਤ ਕੌਰ ਉੱਤੇ ਮਾਣ ਹੈ।''

ਭਾਰਤ ਵੱਲੋਂ ਗੋਲ ਕਰਨ ਵਾਲੀ ਗੁਰਜੀਤ ਕੌਰ ਬਾਰੇ ਜਾਣੋ

ਟੋਕੀਓ ਓਲੰਪਿਕਸ ਗੁਰਜੀਤ ਕੌਰ ਦੇ ਪਹਿਲੇ ਓਲੰਪਿਕਸ ਹਨ।

ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ ਤੇ ਉਹ ਦੋ ਭੂਮਿਕਾਵਾਂ ਨਿਭਾਉਂਦੇ ਹਨ।

1980 ਵਿੱਚ ਓਲੰਪਿਕਸ ਨੇ ਮਹਿਲਾਵਾਂ ਦੀ ਹਾਕੀ ਦੀ ਸ਼ੁਰੂਆਤ ਕੀਤੀ ਸੀ ਅਤੇ 2016 ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਸੀ।

ਪਾਕਿਸਤਾਨ ਅਤੇ ਭਾਰਤ ਦੇ ਸਰਹੱਦ ਨਾਲ ਲੱਗਦੇ ਪਿੰਡ ਵਿੱਚ ਜੰਮੇ ਗੁਰਜੀਤ ਕੌਰ ਦਾ ਹਾਕੀ ਨਾਲ ਸਕੂਲ ਵੇਲੇ ਹੀ ਮੋਹ ਪੈ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਖੇਡ ਵਿੱਚ ਆਨੰਦ ਆਉਣ ਲੱਗਿਆ।

ਸ਼ੁਰੂਆਤ ਵਿੱਚ ਉਨ੍ਹਾਂ ਨੂੰ ਡ੍ਰੈਗ ਫਲਿੱਕਰ ਬਾਰੇ ਬਹੁਤਾ ਨਹੀਂ ਸੀ ਪਤਾ ਪਰ ਅਭਿਆਸ ਅਤੇ ਸੇਧ ਸਦਕਾ ਹੁਣ ਮਹਿਲਾਵਾਂ ਵਿੱਚੋਂ ਬਿਹਤਰੀਨ ਡਰੈਗ ਫਲਿੱਕਰ ਵਜੋਂ ਇੱਕ ਗਿਣੇ ਜਾਂਦੇ ਹਨ।

2019 ਵਿੱਚ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ ਜਿਸ ਵਿੱਚ ਗੁਰਜੀਤ ਕੌਰ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਇਹ ਮੁਕਾਬਲਾ ਜਾਪਾਨ ਵਿਖੇ ਹੋਇਆ ਸੀ।

ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਿਕ ਪਲ ਹੋਵੇਗਾ ਅਤੇ ਉਭਰਦੇ ਖਿਡਾਰੀਆਂ ਲਈ ਇੱਕ ਵਧੀਆ ਮੌਕਾ ਹੋਵੇਗਾ ਜੇਕਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਵਿਖੇ ਮੈਡਲ ਜਿੱਤਦੀ ਹੈ।"

ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਵੀ ਚਾਰ ਦਹਾਕਿਆਂ ਬਾਅਦ ਸੈਮੀਫਾਈਨਲ ਵਿੱਚ ਪਹੁੰਚੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)