You’re viewing a text-only version of this website that uses less data. View the main version of the website including all images and videos.
ਪੀਐੱਮ ਨਰਿੰਦਰ ਮੋਦੀ ਜਿਸ ਈ-ਰੁਪੀ ਦੀ ਸ਼ੁਰੂਆਤ ਕਰਨ ਜਾ ਰਹੇ, ਉਹ ਕਿਵੇਂ ਕਰੇਗੀ ਕੰਮ- ਪ੍ਰੈੱਸ ਰਿਵੀਊ
ਪ੍ਰਧਾਨਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ 'ਈ- ਰੁਪੀ' ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਡਿਜੀਟਲ ਤਰੀਕੇ ਨਾਲ ਪੈਸੇ ਦਾ ਲੈਣ- ਦੇਣ ਹੈ ਜਿਸ ਵਿੱਚ ਨਗਦੀ ਦੀ ਜ਼ਰੂਰਤ ਨਹੀਂ ਹੋਵੇਗੀ।
ਇਸਦਾ ਲਾਭ ਕਿਊਆਰ ਕੋਡ ਜਾਂ ਮੈਸੇਜ ਰਾਹੀਂ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਭਾਰਤ ਦੇ ਵਿੱਤ ਮੰਤਰਾਲੇ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸਹਿਯੋਗ ਨਾਲ ਇਸ ਨੂੰ ਬਣਾਇਆ ਗਿਆ ਹੈ।
ਇਸ ਦਾ ਲਾਭ ਲੈਣ ਲਈ ਕੋਈ ਕ੍ਰੈਡਿਟ ਡੈਬਿਟ ਕਾਰਡ, ਮੋਬਾਇਲ ਐਪ, ਇੰਟਰਨੈੱਟ ਬੈਂਕਿੰਗ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ:
ਭਾਰਤ ਸਰਕਾਰ ਵੱਲੋਂ ਇਸ ਦਾ ਇਸਤੇਮਾਲ ਆਪਣੀਆਂ ਕਈ ਸਾਰੀਆਂ ਸਮਾਜ ਕਲਿਆਣ ਦੀਆਂ ਯੋਜਨਾਵਾਂ ਲਈ ਕੀਤੇ ਜਾਣ ਦੀ ਤਜਵੀਜ਼ ਹੈ।
ਇਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਲੈ ਕੇ ਯੋਜਨਾਵਾ, ਟੀਬੀ ਮੁਕਤ ਭਾਰਤ ਯੋਜਨਾਵਾਂ, ਆਯੁਸ਼ਮਾਨ ਭਾਰਤ ਅਤੇ ਕਿਸਾਨਾਂ ਨੂੰ ਖਾਦ ਆਦਿ ਵਿੱਚ ਮਿਲਣ ਵਾਲੀ ਸਬਸਿਡੀ ਦਾ ਭੁਗਤਾਨ ਵੀ ਇਸ ਨਾਲ ਕਰਨ ਦੀ ਯੋਜਨਾ ਹੈ।
'ਈ ਰੁਪੀ' ਲਈ ਲਾਭਪਾਤਰੀ ਦੇ ਸਿਰਫ਼ ਮੋਬਾਈਲ ਨੰਬਰ ਦੀ ਜ਼ਰੂਰਤ ਹੋਵੇਗੀ ਅਤੇ ਬਾਕੀ ਕਈ ਯੋਜਨਾਵਾਂ ਵਾਂਗ ਬੈਂਕ ਖਾਤੇ ਦੀ ਜ਼ਰੂਰਤ ਨਹੀਂ ਪਵੇਗੀ।
ਗੁਰੂ ਰਾਮਦਾਸ ਸਰਾਏ ਨੂੰ ਨਾ ਢਾਹੁਣ ਦੀ ਕਾਰਕੁਨਾਂ ਨੇ ਕੀਤੀ ਮੰਗ
ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਸਰਾਏ ਦੇ ਕੁਝ ਹਿੱਸੇ ਨੂੰ ਢਾਹ ਕੇ ਨਵੀਨੀਕਰਨ ਦੀ ਤਜਵੀਜ਼ ਉੱਪਰ ਕੁਝ ਕਾਰਕੁਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਪੁਰਾਤੱਤਵ ਵਿਭਾਗ ਵਿੱਚ ਰਹੇ ਰਾਜਿੰਦਰ ਸਿੰਘ ਬਾਠ ਅਨੁਸਾਰ ਪੁਰਾਣੀ ਇਮਾਰਤ ਦੀ ਸਾਂਭ ਸੰਭਾਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਦਰਬਾਰ ਸਾਹਿਬ ਵਿੱਚ ਸੰਗਤ ਦੀ ਵੱਧ ਰਹੀ ਆਮਦ ਕਰਕੇ ਨਵੇਂ ਕਮਰਿਆਂ ਦੀ ਜ਼ਰੂਰਤ ਹੈ ਪਰ ਪੁਰਾਣੇ ਕਮਰਿਆਂ ਨੂੰ ਬਚਾਉਣਾ ਤੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ।
ਸ੍ਰੀ ਗੁਰੂ ਰਾਮ ਦਾਸ ਨਿਵਾਸ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਅਤੇ ਇਸ ਦਾ ਨੀਂਹ ਪੱਥਰ 1931 ਵਿੱਚ ਰੱਖਿਆ ਗਿਆ ਸੀ। ਇਸ ਵਿੱਚ 228 ਕਮਰੇ ਅਤੇ 18 ਹਾਲ ਹਨ। 1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਸਮੇਂ ਇਹ ਇਮਾਰਤ ਮੌਜੂਦ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਮੁਤਾਬਕ ਫਿਲਹਾਲ ਯਾਤਰੀਆਂ ਲਈ ਸਿਰਫ਼ 125 ਕਮਰੇ ਹਨ ਅਤੇ ਕਈ ਹਾਲ ਅਤੇ ਕਮਰਿਆਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ।
ਸਰਾਂ ਢਾਹ ਕੇ 800 ਨਵੇਂ ਕਮਰੇ ਬਣਾਉਣ ਦੀ ਤਿਆਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।
ਯੂ ਟਿਊਬ ਨੇ ਆਸਟ੍ਰੇਲੀਆ ਦੇ ਸਕਾਈ ਨਿਊਜ਼ ਨੂੰ ਇੱਕ ਹਫ਼ਤੇ ਲਈ ਕੀਤਾ ਬੈਨ
ਸਕਾਈ ਨਿਊਜ਼ ਆਸਟ੍ਰੇਲੀਆ ਨੂੰ ਯੂ ਟਿਊਬ ਨੇ ਇੱਕ ਹਫ਼ਤੇ ਲਈ ਬੈਨ ਕਰ ਦਿੱਤਾ ਹੈ। ਯੂ -ਟਿਊਬ ਦਾ ਕਹਿਣਾ ਹੈ ਕਿ ਚੈਨਲ ਵੱਲੋਂ ਮਹਾਂਮਾਰੀ ਸਬੰਧੀ ਗ਼ਲਤ ਜਾਣਕਾਰੀ ਫੈਲਾਈ ਗਈ ਹੈ।
ਸਕਾਈ ਨਿਊਜ਼ ਆਸਟ੍ਰੇਲੀਆ ਦੇ ਯੂ ਟਿਊਬ ਦੇ ਅਠਾਰਾਂ ਲੱਖ ਸਬਸਕ੍ਰਾਈਬਰ ਹਨ ਅਤੇ ਇਸ ਬੈਨ ਨਾਲ ਸਕਾਈ ਨਿਊਜ਼ ਦੇ ਗੂਗਲ ਰਾਹੀਂ ਆਉਂਦੇ ਮਾਲੀਏ ਉੱਪਰ ਅਸਰ ਪੈ ਸਕਦਾ ਹੈ।
'ਗਾਰਡੀਅਨ 'ਨੂੰ ਸਕਾਈ ਨਿਊਜ਼ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਪ੍ਰਕਾਸ਼ਿਤ ਨਹੀਂ ਕੀਤਾ ਜੋ ਮਹਾਂਮਾਰੀ ਦੀ ਹੋਂਦ ਅਤੇ ਕਾਰਨਾਂ ਬਾਰੇ ਗ਼ਲਤ ਜਾਣਕਾਰੀ ਦੇਵੇ ਅਤੇ ਲੋਕਾਂ ਨੂੰ ਅਜਿਹੀਆਂ ਦਵਾਈਆਂ ਵਰਤਣ ਦੀ ਸਲਾਹ ਦੇਵੇ ਜਿਸ ਬਾਰੇ ਕੋਈ ਵਿਗਿਆਨਕ ਤੱਥ ਮੌਜੂਦ ਨਾ ਹੋਣ।
12 ਜੁਲਾਈ ਨੂੰ ਇੱਕ ਪ੍ਰੋਗਰਾਮ ਵਿੱਚ ਚੈਨਲ ਦੇ ਨੁਮਾਇੰਦੇ ਅਤੇ ਸਾਂਸਦ ਵੱਲੋਂ ਆਖਿਆ ਗਿਆ ਸੀ ਕਿ ਡੈਲਟਾ ਵੇਰੀਐਂਟ ਖ਼ਤਰਨਾਕ ਨਹੀਂ ਹੈ ਅਤੇ ਟੀਕਿਆਂ ਨਾਲ ਕੋਈ ਫ਼ਰਕ ਨਹੀਂ ਪਵੇਗਾ। ਸਕਾਈ ਨਿਊਜ਼ ਵੈੱਬਸਾਈਟ ਨੇ ਬਾਅਦ ਵਿੱਚ ਇਸ ਸਬੰਧੀ ਮਾਫੀਨਾਮਾ ਵੀ ਜਾਰੀ ਕੀਤਾ ਸੀ।
ਪਿਛਲੇ ਦੋ ਸਾਲਾਂ ਵਿੱਚ ਆਸਟ੍ਰੇਲੀਆ 'ਚ ਯੂ-ਟਿਊਬ ਨੇ ਦਰਜਨਾਂ ਬੈਨ ਲਗਾਏ ਹਨ ਜਿਨ੍ਹਾਂ ਵਿੱਚੋਂ ਕਈ ਮਹਾਂਮਾਰੀ ਬਾਰੇ ਗ਼ਲਤ ਜਾਣਕਾਰੀ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ: