ਅਖਿਲੇਸ਼ ਯਾਦਵ ਆਉਂਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਨੂੰ ਤਿਆਰ, ਕੀ ਹੈ ਰਣਨੀਤੀ

    • ਲੇਖਕ, ਮੁਕੇਸ਼ ਸ਼ਰਮਾ
    • ਰੋਲ, ਇੰਡੀਆ ਡਿਜਟਲ ਐਡੀਟਰ, ਬੀਬੀਸੀ

ਸਮਾਜਵਾਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੀ ਸ਼ਿਵਪਾਲ ਸਿੰਘ ਯਾਦਵ ਦੀ ਪਾਰਟੀ ਦੇ ਨਾਲ ਗਠਜੋੜ ਕਰਨ ਨੂੰ ਤਿਆਰ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਇਹ ਵੀ ਸੰਕੇਤ ਦਿੱਤੇ ਹਨ ਕਿ ਉਹ ਕਿਸਾਨਾਂ ਲਈ ਮੁਫ਼ਤ ਬਿਜਲੀ ਵਰਗੀ ਯੋਜਨਾ ਲਿਆ ਸਕਦੇ ਹਨ।

ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਹੈ ਕਿ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸੇ ਇੱਤੇਹਾਦੁਲ ਮੁਸਿਲਮੀਨ (ਏਆਈਐੱਮਆਈਐੱਮ) ਦੇ ਉੱਤਰ ਪ੍ਰਦੇਸ਼ ਵਿੱਚ ਚੋਣ ਲੜਨ ਦੀ ਯੋਜਨਾ ਨਾਲ ਉਨ੍ਹਾਂ ਦੇ ਘੱਟ-ਗਿਣਤੀਆਂ ਦੇ ਵੋਟ ਵਿੱਚ ਫਰਕ ਨਹੀਂ ਪਵੇਗਾ।

ਮੌਜੂਦਾ ਭਾਜਪਾ ਸਰਕਾਰ ਨੂੰ ਨਾਕਾਮ ਦੱਸਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਕੋਲ ਆਪਣਾ ਕੋਈ ਅਜਿਹਾ ਵੋਟ ਨਹੀਂ ਹੈ ਜਿਸ ਦੇ ਸਹਾਰੇ ਉਹ ਇੱਥੇ ਇੱਕ ਮਜ਼ਬੂਤ ਤਾਕਤ ਵਜੋਂ ਉਭਰ ਸਕਣ।

ਇਹ ਵੀ ਪੜ੍ਹੋ:

ਅਖਿਲੇਸ਼ ਯਾਦਵ ਨਾਲ ਗੱਲਬਾਤ ਦੀਆਂ ਮੁੱਖ ਗੱਲਾਂ:

1.ਵੱਡੀਆਂ ਪਾਰਟੀਆਂ ਦੇ ਨਾਲ ਸਮਾਜਵਾਦੀ ਪਾਰਟੀ ਦਾ ਤਜਰਬਾ ਚੰਗਾ ਨਹੀਂ ਰਿਹਾ ਹੈ ਇਸ ਲਈ ਹੁਣ ਉਹ ਛੋਟੀਆਂ ਪਾਰਟੀਆਂ ਦੇ ਨਾਲ ਚੋਣ ਲੜੇਗੀ।

ਜੇ ਛੋਟੀਆਂ ਪਾਰਟੀਆਂ ਨੂੰ ਨਾਲ ਲਵਾਂਗੇ ਤਾਂ ਉਨ੍ਹਾਂ ਨੂੰ ਸੀਟਾਂ ਘੱਟ ਦੇਣੀਆਂ ਪੈਣਗੀਆਂ। ਵੱਡੀਆਂ ਪਾਰਟੀਆਂ ਜ਼ਿਆਦਾ ਸੀਟਾਂ ਮੰਗਦੀਆਂ ਹਨ ਤੇ ਹਾਰਦੀਆਂ ਵੀ ਵੱਧ ਹਨ।

ਛੋਟੀਆਂ ਪਾਰਟੀਆਂ ਨੂੰ ਵੱਡੀ ਤਾਕਤ ਬਣਾ ਕੇ ਸਮਾਜਵਾਦੀ ਪਾਰਟੀ ਆਉਣ ਵਾਲੇ ਵਕਤ ਵਿੱਚ 350 ਸੀਟਾਂ ਜਿੱਤੇਗੀ।

2. ਆਮ ਆਦਮੀ ਪਾਰਟੀ ਜੇ ਨਾਲ ਆਉਣਾ ਚਾਹੁੰਦੀ ਹੈ ਤਾਂ ਸੀਟਾਂ ਅਤੇ ਉਮੀਦਵਾਰਾਂ 'ਤੇ ਵਿਚਾਰ ਕਰਾਂਗੇ। ਚਾਚਾ (ਸ਼ਿਵਪਾਲ ਯਾਦਵ) ਦੀ ਇੱਕ ਪਾਰਟੀ ਹੈ, ਉਨ੍ਹਾਂ ਨਾਲ ਵੀ ਪਾਰਟੀ ਗੱਲ ਕਰੇਗੀ।

ਉਨ੍ਹਾਂ ਦੀ ਆਪਣੀ ਜਸਵੰਤ ਨਗਰ ਦੀ ਸੀਟ 'ਤੇ ਪਾਰਟੀ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰੇਗੀ।

3. ਭਾਜਪਾ ਚੋਣਾਂ ਹਾਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਚੋਣ ਮੈਨੀਫੈਸਟੋ ਕੂੜੇ ਵਿੱਚ ਸੁੱਟ ਦਿੱਤਾ। ਉਸ ਮੈਨੀਫੈਸਟੋ ਵਿੱਚ ਤਾਂ ਮੁੱਖ ਮੰਤਰੀ ਯੋਗੀ ਜੀ ਦੀ ਤਸਵੀਰ ਵੀ ਨਹੀਂ ਸੀ।

ਮੇਰਾ ਇਸ ਸਰਕਾਰ ਨੂੰ ਇੱਕ ਹੀ ਸਵਾਲ ਹੈ ਕਿ ਹੁਣ ਕਿਸਾਨ ਦੀ ਆਮਦਨ ਕਿੰਨੀ ਹੈ ਅਤੇ ਉਨ੍ਹਾਂ ਦੀ ਆਮਦਨ ਦੁਗਣੀ ਕਦੋਂ ਤੱਕ ਕੀਤੀ ਜਾਵੇਗੀ।

ਭਾਜਪਾ ਵਾਲੇ ਗਰੀਬਾਂ ਤੋਂ ਵੋਟ ਲੈਂਦੇ ਹਨ, ਅਮੀਰਾਂ ਅਤੇ ਉਦਯੋਗਪਤੀਆਂ ਤੋਂ ਨੋਟ ਲੈਂਦੇ ਹਨ ਅਤੇ ਸਰਕਾਰੀ ਕੰਪਨੀਆਂ ਨੂੰ ਵੇਚ ਦਿੰਦੇ ਹਨ।

4. ਕੋਵਿਡ ਦੇ ਸਮੇਂ ਭਾਵੇਂ ਕੰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਆਦਿੱਤਿਆਨਾਥ ਦੀ ਤਾਰੀਫ਼ ਕਰ ਰਹੇ ਹੋਣ ਪਰ ਕੋਵਿਡ ਵਿੱਚ ਸਰਕਾਰ ਫੇਲ੍ਹ ਰਹੀ ਹੈ।

ਸਾਡੇ 'ਤੇ ਬਾਹਰ ਨਾ ਨਿਕਲਣ ਦਾ ਇਲਜ਼ਾਮ ਪਤਾ ਨਹੀਂ ਕੌਣ ਲਗਾ ਰਹੇ ਹਨ ਕਿਉਂਕਿ ਸਮਾਜਵਾਦੀ ਪਾਰਟੀ ਨੇ ਵੀ ਕਾਫੀ ਕੰਮ ਕੀਤਾ ਹੈ।

ਅਸੀਂ ਆਕਸੀਜਨ, ਦਵਾਈਆਂ ਅਤੇ ਪੈਸੇ ਤੱਕ ਨਾਲ ਮਦਦ ਕੀਤੀ ਹੈ।

5. ਇਸ ਸਰਕਾਰ ਨੇ ਬਿਜਲੀ ਬਣਾਈ ਨਹੀਂ ਹੈ ਬਲਕਿ ਬਿਜਲੀ ਮਹਿੰਗੀ ਕੀਤੀ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਵਰਗੀ ਸਹੂਲਤ ਦਿੱਤੀ ਜਾਵੇਗੀ ਤਾਂ ਅਰਥਵਿਵਸਥਾ ਆਪਣੇ ਆਪ ਅੱਗੇ ਵਧੇਗੀ।

ਇਸੇ ਤਰ੍ਹਾਂ ਕਈ ਸਰਕਾਰੀ ਅਸਾਮੀਆਂ ਖਾਲੀ ਹਨ। ਉਨ੍ਹਾਂ 'ਤੇ ਜੇ ਭਰਤੀ ਹੋਵੇ ਤਾਂ 10 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ।

ਇਹ ਵੀ ਪੜ੍ਹੋ:

6. ਸਮਾਜਵਾਦੀ ਸਰਕਾਰ ਨੂੰ ਦਿੱਤੇ 20 ਲੱਖ ਲੈਪਟੌਪ ਅੱਜ ਲੌਕਡਾਊਨ ਦੇ ਸਮੇਂ ਵਿਦਿਆਰਥੀਆਂ ਦੇ ਕੰਮ ਆਏ ਹਨ।

ਇਸ ਵਾਰ ਚੋਣਾਂ ਵਿੱਚ ਕਿਹੜਾ ਨਵਾਂ ਐਲਾਨ ਹੋਵੇਗਾ, ਇਹ ਅਜੇ ਨਹੀਂ ਦੱਸ ਸਕਾਂਗੇ, ਨਹੀਂ ਤਾਂ ਭਾਜਪਾ ਉਸ ਦੀ ਨਕਲ ਕਰ ਲਵੇਗੀ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਤੰਤਰ ਕਾਫੀ ਤੇਜ਼ ਹੈ ਅਤੇ ਉਹ ਉਸ 'ਤੇ ਆਪਣਾ ਨਾ ਲਗਾ ਦੇਵੇਗੀ।

7.ਅਸਦੁਦੀਨ ਓਵੈਸੀ ਦੇ ਆਉਣ ਨਾਲ ਮੁਸਲਮਾਨਾਂ ਦੇ ਵੋਟਾਂ 'ਤੇ ਫਰਕ ਨਹੀਂ ਪਵੇਗਾ।

ਯੂਪੀ ਵਿੱਚ ਅਜਿਹੀਆਂ ਪਾਰਟੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ ਪਰ ਘੱਟ-ਗਿਣਤੀਆਂ ਦਾ ਸਾਡੀ ਪਾਰਟੀ ਉੱਤੇ ਭਰੋਸਾ ਹੈ।

ਸਮਾਜਵਾਦੀ ਪਾਰਟੀ ਨੇ ਉਨ੍ਹਾਂ ਲਈ ਕੰਮ ਕੀਤਾ ਹੈ। ਬੰਗਾਲ ਵਿੱਚ ਜਿਵੇਂ ਅਸਰ ਨਹੀਂ ਪਿਆ, ਉਂਝ ਹੀ ਇੱਥੇ ਹੋਵੇਗਾ ਕਿਉਂਕਿ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੀ ਸਿੱਧੀ ਲੜਾਈ ਹੈ।

8. ਬਹੁਜਨ ਸਮਾਜਵਾਦੀ ਪਾਰਟੀ ਦੀ ਨੇਤਾ ਮਾਇਆਵਤੀ ਦਾ ਜਿੱਥੇ ਤੱਕ ਨਰਾਜ਼ ਹੋਣ ਦਾ ਸਵਾਲ ਹੈ ਤਾਂ ਨਰਾਜ਼ ਤਾਂ ਸਾਨੂੰ ਹੋਣਾ ਚਾਹੀਦਾ ਹੈ।

ਮਾਇਆਵਤੀ ਦੀ ਪਾਰਟੀ ਤੋਂ ਸਾਡੇ ਘਰ ਦੇ ਲੋਕ ਲੋਕਸਭਾ ਵਿੱਚ ਚੋਣਾਂ ਹਾਰ ਗਏ ਅਤੇ ਬਸਪਾ ਜ਼ੀਰੋ ਤੋਂ 10 'ਤੇ ਆ ਗਈ ਪਰ ਪੁਰਾਣੀਆਂ ਗੱਲਾਂ ਕਰਨਾ ਠੀਕ ਨਹੀਂ ਹੈ।

ਅਗਲੇ ਸਾਲ ਯਾਨਿ ਕਿ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)