You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਭਾਰਤ ਵਿੱਚ ਤੀਜੀ ਲਹਿਰ ਦੀ ਚੇਤਾਵਨੀ, ਡੈਲਟਾ ਵੇਰੀਐਂਟ ਵਧਾ ਸਕਦਾ ਹੈ ਖ਼ਤਰਾ - ਪ੍ਰੈੱਸ ਰਿਵੀਊ
ਸਭ ਤੋਂ ਪਹਿਲਾਂ ਭਾਰਤ ਵਿੱਚ ਰਿਪੋਰਟ ਹੋਏ ਡੈਲਟਾ ਵੇਰੀਐਂਟ (B.1.617.2) ਦੇ ਰੂਪ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਬ੍ਰਿਟੇਨ ਵਿੱਚ ਆ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦੇ ਗਿਆਰਾਂ ਹਜ਼ਾਰ ਤੋਂ ਉੱਪਰ ਮਾਮਲੇ ਰਿਪੋਰਟ ਕੀਤੇ ਗਏ।
ਵਿਸ਼ਵ ਸਿਹਤ ਸੰਗਠਨ ਦੇ ਮੁੱਖ ਵਗਿਆਨੀ ਮੁਤਾਬਕ ਡੈਲਟਾ ਵੇਰੀਐਂਟ ਹੁਣ ਵਿਸ਼ਵ ਪੱਧਰ 'ਤੇ ਗੰਭੀਰ ਸੰਕਟ ਬਣ ਰਿਹਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ,"ਡੈਲਟਾ ਵੇਰੀਐਂਟ ਆਪਣੀ ਵਧੀ ਹੋਈ ਲਾਗਸ਼ੀਲਤਾ ਕਾਰਨ ਵਿਸ਼ਵ ਪੱਧਰ 'ਤੇ ਇੱਕ ਪ੍ਰਭਾਵੀ ਵੇਰੀਐਂਟ ਬਣਨ ਦੀ ਰਾਹ ਤੇ ਹੈ।"
ਅਖ਼ਬਾਰ ਮੁਤਾਬਕ ਏਮਜ਼ ਦੇ ਮੁਖੀ ਡਾ਼ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਕੌਮੀ ਪੱਧਰ ਦਾ ਲੌਕਡਾਊਨ ਕੋਈ ਹੱਲ ਨਹੀਂ ਹੋ ਸਕਦਾ ਕਿਉਂਕਿ ਇਹ ਆਰਥਿਕਤਾ ਉੱਪਰ ਵਿਨਾਸ਼ਕਾਰੀ ਅਸਰ ਪਾਉਂਦਾ ਹੈ।
ਉਨ੍ਹਾਂ ਨੇ ਸੁਚੇਤ ਕੀਤਾ ਕਿ ਜੇ ਲੋਕਾਂ ਨੇ ਸਾਵਾਧਾਨੀ ਕਰਨੀ ਛੱਡੀ ਤਾਂ ਛੇ ਤੋਂ ਅੱਠ ਹਫ਼ਤਿਆਂ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਆਉਣੀ ਅਟੱਲ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇੱਕ ਚੋਖੀ ਵਸੋਂ ਦਾ ਟੀਕਾਕਰਨ ਨਹੀਂ ਹੋ ਜਾਂਦਾ ਲੋਕਾਂ ਨੂੰ ਸਰੀਰਕ ਦੂਰੀ ਅਤੇ ਫੇਸ ਮਾਸਕ ਦੀ ਪਾਲਣਾ ਕਰਨੀ ਚਾਹੀਦੀ ਹੈ।
ਭਾਰਤ ਦੇ ਆਈਟੀ ਨਿਯਮਾਂ 'ਤੇ ਯੂਐੱਨ ਨੇ ਚੁੱਕਿਆ ਸਵਾਲ
ਸੰਯੁਕਤ ਰਾਸ਼ਟਰ ਦੇ ਖ਼ਾਸ ਰਿਪੋਰਟੀਅਰਾਂ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਮੌਜੂਦਾ ਰੂਪ ਵਿੱਚ ਦੇਸ਼ ਦੇ ਸੂਚਨਾ ਤਕਨੀਕੀ ਨਿਯਮ-2021, ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਨਿਯਮਾਂ 'ਤੇ ਖਰੇ ਨਹੀਂ ਉੱਤਰਦੇ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਰਿਪੋਰਟੀਅਰਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਬਹੁ-ਪਾਰਟੀ ਲੋਕਤੰਤਰ, ਲੋਕਤੰਤਰੀ ਸਿਧਾਂਤਾਂ ਅਤੇ ਮਨੁੱਖੀ ਹੱਕਾਂ 'ਤੇ ਰੋਕ ਲਾਉਣ ਲਈ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਕਦੇ ਵੀ ਪਾਬੰਦੀਆਂ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ।
ਰਿਪੋਰਟੀਅਰਾਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਸਰਕਾਰ ਨੂੰ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤਾਂ ਜੋ ਨਿਯਮਾਂ ਦਾ ਆਖ਼ਰੀ ਖਰੜਾ ਭਾਰਤ ਦੀਆਂ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਦੇ ਅਨੁਰੂਪ ਹੋਵੇ।
ਤਾਲਿਬਾਨ ਨੇ ਭਾਰਤ ਨੂੰ ਕਿਹਾ, 'ਕੋਈ ਆਪਣੇ ਗੁਆਂਢੀ ਨਹੀਂ ਬਦਲ ਸਕਦਾ'
ਜਦੋਂ ਇੱਕ ਪਾਸੇ ਅਮਰੀਕਾ ਤੇ ਮਿੱਤਰ ਦੇਸ਼ ਅਫ਼ਗਾਨਿਸਤਾਨ ਵਿੱਚੋਂ ਫ਼ੌਜਾਂ ਹਟਾ ਰਹੇ ਹਨ ਅਤੇ ਉੱਥੋਂ ਦੀ ਜ਼ਮੀਨੀ ਸਥਿਤੀ ਤਾਲਿਬਾਨ ਦੇ ਪੱਖ ਵਿੱਚ ਭੁਗਤਦੀ ਨਜ਼ਰ ਆਉਂਦੀ ਦੇਖ ਕੇ ਭਾਰਤ ਦੇ ਵੀ ਸੁਰ ਤਾਲਿਬਾਨ ਪ੍ਰਤੀ ਬਦਲੇ ਹਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਜਿਹੇ ਸੂਰਤੇ ਹਾਲ ਵਿੱਚ ਤਾਲਿਬਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਹ ਆਪਣੇ ਗੁਆਂਢੀਆਂ ਨਾਲ ਅਮਨਪੂਰਬਕ ਸਹਿ-ਹੋਂਦ ਵਿੱਚ ਯਕੀਨ ਰੱਖਦੇ ਹਨ।
ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ, "ਪਾਕਿਸਤਾਨ ਸਾਡਾ ਗੁਆਂਢ ਹੈ, ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਹੈ। ਭਾਰਤ ਵੀ ਸਾਡਾ ਖੇਤਰੀ ਦੇਸ਼ ਹੈ। ਕੋਈ ਵੀ ਖਿੱਤੇ ਵਿੱਚ ਆਪਣੇ ਗੁਆਂਢੀ ਨਹੀਂ ਬਦਲ ਸਕਦਾ। ਸਾਨੂੰ ਇਹ ਸਚਾਈ ਮੰਨ ਕੇ ਅਮਨੋ-ਅਮਾਨ ਨਾਲ ਸਹਿ-ਹੋਂਦ ਰੱਖਣੀ ਹੋਵੇਗੀ। ਇਸੇ ਵਿੱਚ ਸਾਰਿਆਂ ਦਾ ਹਿੱਤ ਹੈ।"
ਇਹ ਵੀ ਪੜ੍ਹੋ: