You’re viewing a text-only version of this website that uses less data. View the main version of the website including all images and videos.
ਜੈਪਾਲ ਭੁੱਲਰ ਦੇ ਪਿਤਾ: 'ਮੈਂ ਐਨਕਾਊਂਟਰ ਦੀ CBI ਜਾਂਚ ਨਹੀਂ ਮੰਗ ਰਿਹਾ, ਮੈਂ ਜਾਣਦਾ ਹਾਂ ਮੇਰੇ ਪੁੱਤਰ ਦਾ ਕਤਲ ਹੋਇਆ’
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੇ ਪੁੱਤਰ ਦਾ ਕਤਲ ਹੋਇਆ ਹੈ। ਜਦੋਂ ਅਸੀਂ ਜੈਪਾਲ ਦੇ ਅੰਤਮ ਸੰਸਕਾਰ ਦੀ ਤਿਆਰੀ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਜੈਪਾਲ ਦੀਆਂ ਬਾਹਾਂ ਤੇ ਹੋਰ ਹੱਡੀਆਂ ਟੁੱਟੀਆਂ ਹੋਈਆਂ ਸਨ।''
ਉਸ ਦੇ ਸਰੀਰ ਦਾ ਹਰ ਅੰਗ ਇੰਝ ਲੱਗ ਰਿਹਾ ਸੀ ਜਿਵੇਂ ਉਸ 'ਤੇ ਭਾਰੀ ਤਸ਼ੱਦਦ ਢਾਹਿਆ ਗਿਆ ਹੋਵੇ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ 'ਬੀਬੀਸੀ ਪੰਜਾਬੀ' ਨਾਲ ਗੱਲ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਉਹ ਖੁਦ ਇੱਕ ਪੁਲਿਸ ਅਫ਼ਸਰ ਰਹੇ ਹਨ ਤੇ ਉਨਾਂ ਨੇ ਆਪਣੇ ਸੇਵਾ-ਕਾਲ ਦੌਰਾਨ ਕਈ ਸਨਸਨੀਖੇਜ਼ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ।
''ਇਸੇ ਲਈ ਉਹ ਜੈਪਾਲ ਭੁੱਲਰ ਦੀ ਮੌਤ 'ਤੇ ਸਵਾਲ ਚੁੱਕ ਰਹੇ ਹਨ।''
ਉਨ੍ਹਾਂ ਨੇ ਕਿਹਾ, "ਅਸੀਂ ਅੰਤਮ ਸੰਸਕਾਰ ਰੋਕ ਦਿੱਤਾ ਤੇ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਨ ਦੀ ਮੰਗ ਰੱਖੀ ਸੀ।"
ਇਹ ਵੀ ਪੜ੍ਹੋ-
ਕੋਲਕੱਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਨਾਮੀਂ ਗੈਂਗਸਟਰ ਜੈਪਾਲ ਭੁੱਲਰ ਦੇ ਅੰਤਮ ਸੰਸਕਾਰ ਨੂੰ ਲੈ ਕੇ ਸਥਿਤੀ ਹਾਲੇ ਵੀ 'ਜੱਕੋ-ਤੱਕੀ' ਵਾਲੀ ਬਣੀ ਹੋਈ ਹੈ।
ਜੈਪਾਲ ਭੁੱਲਰ ਦੇ ਪਰਿਵਾਰ ਦੀ ਮੰਗ ਹੈ ਕਿ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਜੈਪਾਲ ਦੀ ਮੌਤ ਦੇ ਅਸਲ ਕਾਰਨ ਉਜਾਗਰ ਹੋ ਸਕਣ।
ਇਸੇ ਮੰਗ ਨੂੰ ਲੈ ਕੇ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਰੱਦ ਹੋਣ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਜੈਪਾਲ ਭੁੱਲਰ ਦੀ ਲਾਸ਼ ਦੇ ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ 21 ਜੂਨ ਨੂੰ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਨੇ ਕੀ ਕਿਹਾ
ਦਰਅਸਲ ਸੁਪਰੀਮ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਪਾਈ ਗਈ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਆਦੇਸ਼ ਨੂੰ ਖਾਰਜ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਜਸਟਿਸ ਇੰਦਰਾ ਬੈਨਰਜੀ ਅਤੇ ਐੱਮਆਰ ਸ਼ਾਹ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਲਾਸ਼ ਨੂੰ ਸਹੀ ਤਰੀਕੇ ਨਾਲ ਸਾਂਭ ਕੇ ਰੱਖਣ ਦੀ ਵਿਵਸਥਾ ਕਰਨ ਦਾ ਆਦੇਸ਼ ਵੀ ਦਿੱਤਾ ਹੈ।
ਏਜੰਸੀ ਮੁਤਾਬਕ ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ, "ਮੈਂ ਮੁਠਭੇੜ ਦੀ ਸੀਬੀਆਈ ਜਾਂਚ ਦੀ ਮੰਗ ਨਹੀਂ ਕਰ ਰਿਹਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਇਹ ਪਤਾ ਲਗਾਉਣ ਲਈ ਦੂਜਾ ਪੋਸਟਮਾਰਟਮ ਕੀਤਾ ਜਾਵੇ ਕਿ ਉਸ ਦੀ ਹਿਰਾਸਤ ਵਿੱਚ ਤਸੀਹੇ ਦੇਣ ਨਾਲ ਮੌਤ ਹੋਈ ਹੈ ਜਾਂ ਨਹੀਂ।"
"ਮੈਨੂੰ ਸੰਵਿਧਾਨ ਦੇ ਆਰਟੀਕਲ 21 ਦੇ ਤਹਿਤ ਇਹ ਜਾਨਣ ਦਾ ਅਧਿਕਾਰ ਹੈ ਕਿ ਮੇਰੇ ਬੇਟੇ ਦਾ ਕਤਲ ਕਿਵੇਂ ਹੋਇਆ।"
ਬੈਂਚ ਨੇ ਆਪਣੇ ਆਦੇਸ਼ ਵਿੱਚ ਵਕੀਲ ਦੀ ਦਲੀਲ 'ਤੇ ਗ਼ੌਰ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
"ਪੰਜਾਬ ਪੁਲਿਸ 'ਤੇ ਕਥਿਤ ਮੁਠਭੇੜ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ, ਜਿਸ ਵਿੱਚ ਪਟੀਸ਼ਨਕਰਤਾ ਦਾ ਬੇਟਾ ਮਾਰਿਆ ਗਿਆ।''
''ਪਟੀਸ਼ਨਕਰਤਾ ਦੇ ਬੇਟੇ ਦੀ ਲਾਸ਼ ਪੰਜਾਬ ਲਿਆਂਦੀ ਗਈ ਅਤੇ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਵਿੱਚ ਹੇਰਾਫੇਰੀ ਕੀਤੀ ਹੈ।"
ਐਨ ਮੌਕੇ 'ਤੇ ਅੰਤਮ ਸੰਸਕਾਰ ਦੀ ਰਸਮ ਟਲੀ
ਪੰਜਾਬ ਪੁਲਿਸ ਨੂੰ ਲੋੜੀਂਦੇ ਨਸ਼ਾ ਸਮਗਲਰ ਤੇ 'ਏ-ਕੈਟਾਗਿਰੀ' ਦਾ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਇੱਕ ਸਾਥੀ ਜਸਪ੍ਰੀਤ ਸਿੰਘ ਜੱਸੀ ਨੂੰ ਪੱਛਮੀ ਬੰਗਾਲ ਦੀ ਐਸਟੀਐਫ ਨੇ 9 ਜੂਨ ਨੂੰ ਇੱਕ ਐਨਕਾਊਂਟਰ 'ਚ ਮਾਰ ਮੁਕਾਇਆ ਸੀ।
ਇਸ ਮਗਰੋਂ ਪੱਛਮੀ ਬੰਗਾਲ ਦੀ ਪੁਲਿਸ ਨੇ ਜੈਪਾਲ ਭੁੱਲਰ ਦੀ ਲਾਸ਼ ਦਾ ਪੋਸਟਮਾਰਟਮ ਕਰਨ ਮਗਰੋਂ ਲਾਸ਼ ਨੂੰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੇ ਸਪੁਰਦ ਕਰ ਦਿੱਤਾ ਸੀ।
ਜੈਪਾਲ ਭੁੱਲਰ ਦੇ ਪਰਿਵਾਰਕ ਮੈਂਬਰਾਂ ਨੇ 13 ਜੂਨ ਵਾਲੇ ਦਿਨ ਇਹ ਕਹਿ ਕੇ ਲਾਸ਼ ਦਾ ਅੰਤਮ ਸੰਸਕਾਰ ਕਰਨ ਤੋਂ ਜਵਾਬ ਦੇ ਦਿੱਤਾ ਸੀ ਕਿ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
ਅਸਲ ਵਿੱਚ 13 ਜੂਨ ਨੂੰ ਜੈਪਾਲ ਦੇ ਅੰਤਮ ਸੰਸਕਾਰ ਲਈ ਪ੍ਰਸਾਸ਼ਨਿਕ ਪੱਧਰ 'ਤੇ ਵੀ ਤਿਆਰੀ ਹੋ ਚੁੱਕੀ ਸੀ ਤੇ ਜੈਪਾਲ ਭੁੱਲਰ ਦੇ ਬਠਿੰਡਾ ਜੇਲ੍ਹ ਵਿੰਚ ਬੰਦ ਛੋਟੇ ਭਰਾ ਅਮ੍ਰਿਤਪਾਲ ਸਿੰਘ ਨੂੰ ਵੀ ਪੁਲਿਸ ਭਾਰੀ ਸੁਰੱਖਿਆ ਹੇਠ ਫਿਰੋਜ਼ਪੁਰ ਲੈ ਕੇ ਆਈ ਸੀ ਪਰ ਐਨ ਮੌਕੇ 'ਤੇ ਅੰਤਮ ਸੰਸਕਾਰ ਦੀ ਰਸਮ ਟਲ ਗਈ।
ਜੈਪਾਲ ਭੁੱਲਰ ਪੰਜਾਬ ਦੇ ਸਰਹੱਦੀ ਜ਼ਿਲੇ ਫਿਰੋਜਪੁਰ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲਿਸ ਨੇ ਉਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ:
ਭਾਵੇਂ ਜੈਪਾਲ ਭੁੱਲਰ ਨੂੰ ਪੰਜਾਬ ਪੁਲਿਸ ਨੇ ਕਈ ਵੱਖੋ-ਵੱਖਰੇ ਕੇਸਾਂ 'ਚ ਨਾਮਜ਼ਦ ਕੀਤਾ ਹੋਇਆ ਸੀ ਪਰ ਉਹ ਵੱਡੀਆਂ ਸੁਰਖ਼ੀਆਂ ਵਿੱਚ ਉਸ ਵੇਲੇ ਆਇਆ ਜਦੋਂ ਉਸ ਦਾ ਨਾਂ ਪੰਜਾਬ ਪੁਲਿਸ ਦੇ ਦੋ ਅਫ਼ਸਰਾਂ ਨੂੰ ਕਤਲ ਕਰਨ ਦੀ ਘਟਨਾ ਨਾਲ ਜੁੜਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪੁਲਿਸ ਨੇ ਜੈਪਾਲ ਭੁੱਲਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਉਂ ਵਿਖੇ 15 ਮਈ ਨੂੰ ਪੰਜਾਬ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੇ ਕਤਲਾਂ ਵਿੱਚ ਨਾਮਜ਼ਦ ਕੀਤਾ ਸੀ।
ਇਸ ਮਗਰੋਂ ਹੀ ਪੰਜਾਬ ਪੁਲਿਸ ਨੇ ਜੈਪਾਲ ਭੁੱਲਰ ਦਾ ਖੁਰਾ-ਖੋਜ ਨੱਪਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਸੀ।
ਉੱਧਰ, ਜੈਪਾਲ ਭੁੱਲਰ ਦੀ ਲਾਸ਼ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੇ ਘਰ ਵਿੱਚ ਹੀ ਰੱਖਿਆ ਹੋਇਆ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲਾਸ਼ ਨੂੰ ਸੰਭਾਲਣ ਲਈ ਪਰਿਵਾਰ ਨੇ ਲਾਸ਼ ਨੂੰ ਇੱਕ ਮ੍ਰਿਤਕ ਦੇਹ ਸੰਭਾਲ ਫਰੀਜ਼ਰ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ।
ਭੁਪਿੰਦਰ ਸਿੰਘ ਭੁੱਲਰ ਦਾ ਤਰਕ ਹੈ ਕਿ, ''ਉਹ ਜੈਪਾਲ ਭੁੱਲਰ ਦੀ ਲਾਸ਼ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਸ਼ਾਸਨ ਦੇ ਹੱਥਾਂ ਵਿੱਚ ਨਹੀਂ ਦੇ ਸਕਦੇ ਕਿਉਂਕਿ ਉਨਾਂ ਨੂੰ ਖਦਸ਼ਾ ਹੈ ਕਿ ਲਾਸ਼ 'ਤੇ ਪਏ ਨਿਸ਼ਾਨ ਵਗੈਰਾ ਮਿਟਾਉਣ ਦੀ ਚਾਲ ਚੱਲੀ ਜਾ ਸਕਦੀ ਹੈ।"
ਐਸਡੀਐਮ ਅਮਿਤ ਗੁਪਤਾ ਦਾ ਕਹਿਣਾ ਹੈ, ''ਅੰਤਮ ਸੰਸਕਾਰ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ ਪਰ ਪਰਿਵਾਰ ਨੇ ਦੁਬਾਰਾ ਪੋਸਟਮਾਰਟਮ ਦੀ ਜਿਹੜੀ ਮੰਗ ਰੱਖ ਦਿੱਤੀ, ਉਹ ਸਥਾਨਕ ਪ੍ਰਸਾਸ਼ਨ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ, ਫਿਰ ਵੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ।''
ਉਨਾਂ ਕਿਹਾ ਕਿ ਪ੍ਰਸਾਸ਼ਨ ਇਸ ਮਾਮਲੇ ਵਿੱਚ ਬਕਾਇਦਾ ਤੌਰ 'ਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: