ਕੈਪਟਨ ਅਮਰਿੰਦਰ ਸਿੰਘ ਮਿਲਖਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ, ਕੀਤਾ ਇਹ ਐਲਾਨ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦਿਨ ਭਰ ਵਿੱਚ ਵਾਪਰ ਰਹੀਆਂ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦਿੰਦੇ ਰਹਾਂਗੇ।

ਸਾਬਕਾ ਐਥਲੀਟ ਮਿਲਖਾ ਨੂੰ ਰਾਜਸੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੰਦਿਆਂ ਉਨ੍ਹਾਂ ਦਾ ਚੰਡੀਗੜ੍ਹ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਮਿਲਖਾ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾ ਲਈ ਰੱਖਿਆ ਗਿਆ ਸੀ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਰਾਜਸੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, "ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਨ ਅਤੇ ਅਸੀਂ ਸਪੋਰਟ ਯੂਨੀਵਰਸਿਟੀ, ਪਟਿਆਲਾ ਵਿੱਚ ਮਿਲਖਾ ਸਿੰਘ ਨਾਮ ਦੀ ਚੇਅਰ ਸਥਾਪਿਤ ਕਰਨ ਜਾ ਰਹੇ ਹਾਂ।"

ਇਹ ਵੀ ਪੜ੍ਹੋ:

ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, "ਮਿਲਖਾ ਸਿੰਘ ਜਿਨ੍ਹਾਂ ਨੂੰ ਦੁਨੀਆਂ ਵਿੱਚ ਫਲਾਇੰਗ ਸਿੱਖ ਵਜੋਂ ਜਾਣਿਆ ਜਾਂਦਾ ਸੀ ਅਤੇ ਜਿਨ੍ਹਾਂ ਦੀ ਖੇਡ ਜਗਤ ਨੂੰ ਵੱਡੀ ਦੇਣ ਹੈ। ਸਿੱਖ ਜਗਤ ਲਈ ਬਹੁਤ ਵੱਡਾ ਮਾਣ ਸਨ ਅਤੇ ਸਾਰੀ ਉਮਰ ਉਨ੍ਹਾਂ ਦੀ ਖੇਡ ਨੂੰ ਸਮਰਪਿਤ ਰਹੀ ਹੈ। ਉਹ ਵੱਡਾ ਇੱਕ ਪ੍ਰੇਰਣਾ ਦਾ ਸਰੋਤ ਸਨ। ਉਨ੍ਹਾਂ ਦਾ ਚਲਾ ਜਾਣਾ ਦੇਸ਼, ਪੰਜਾਬ ਅਤੇ ਕੌਮ ਵਾਸਤੇ ਬਹੁਤ ਵੱਡਾ ਘਾਟਾ ਹੈ।"

ਉਨ੍ਹਾਂ ਨੇ ਕਿਹਾ ਕਿ, "ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ, ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।"

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਆਈਕਨ, ਪ੍ਰੇਰਣਾ ਸਰੋਤ, ਚਾਨਣ ਮੁਨਾਰਾ ਮਿਲਖਾ ਸਿੰਘ ਦੀ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਘਰ ਵਿੱਚ ਉਨ੍ਹਾਂ ਦੀ ਚਰਚਾ ਚਲਦੀ ਸੀ।

"ਇੰਨੀ ਮਹਾਨ ਸ਼ਖ਼ਸੀਅਤ, ਜਿਨ੍ਹਾਂ ਦੇ ਪੰਜਾਬੀਆਂ ਦਾ ਪੂਰੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਰੌਸ਼ਨ ਕੀਤਾ ਹੋਵੇ ਅਤੇ 90 ਸਾਲ ਦੀ ਉਮਰ ਵਿੱਚ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਫਿਟ ਰੱਖਦੇ ਸਨ, ਖੇਡ ਪ੍ਰਤੀ ਲੋਕਾਂ ਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਸਨ। ਇਸ ਮਹਾਂਮਾਰੀ ਦੌਰਾਨ ਪਹਿਲਾਂ ਦੀ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਦਾ ਸਾਡੇ ਕੋਲੋਂ ਸਦੀਵੀਂ ਵਿਛੜ ਜਾਣਾ ਅਤੇ ਅੱਜ ਉਨ੍ਹਾਂ ਦਾ ਚਲਾ ਜਾਣਾ ਸਮੁੱਚੇ ਪੰਜਾਬੀ ਜਗਤ ਅਤੇ ਦੁਨੀਆਂ ਲਈ ਸਦਮਾ ਹੈ।"

ਵਰਲਡ ਟੈਸਟ ਚੈਂਪੀਅਨਸ਼ਿਪ: ਟੀਮ ਇੰਡੀਆ ਨੇ ਬਾਂਹ ਕਾਲੀ ਪੱਟੀ ਕੀਤਾ ਮਿਲਖਾ ਸਿੰਘ ਨੂੰ ਯਾਦ

ਇੰਗਲੈਂਡ ਦੇ ਸਾਊਥੈਂਪਟਨ ਵਿੱਚ ਹੋਣ ਵਾਲੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੌਲਿੰਗ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਦੌਰਾਨ ਬੀਸੀਸੀਆਈ ਨੇ ਟਵੀਟ ਕਰਕੇ ਦੱਸਿਆ ਹੈ ਕਿ ਟੀਮ ਇੰਡੀਆ ਨੇ ਮਿਲਖਾ ਸਿੰਘ ਦੀ ਯਾਦ ਵਿੱਚ ਬਾਂਹ 'ਤੇ ਕਾਲੀਆ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਜਿਨ੍ਹਾਂ ਦਾ ਕੋਵਿਡ-19 ਕਰ ਕੇ ਦੇਹਾਂਤ ਹੋ ਗਿਆ ਹੈ।

ਹਾਲਾਂਕਿ, ਪਹਿਲੇ ਦਿਨ ਦਾ ਮੈਚ ਦਾ ਬਾਰਿਸ਼ ਕਾਰਨ ਨਹੀਂ ਹੋ ਸਕਿਆ ਸੀ ਪਰ ਅੱਜ ਮੌਸਮ ਸਾਫ਼ ਹੈ।

ਭਾਰਤ ਦੀ ਟੀਮ ਵਿੱਚ ਵਿਰਾਟ ਕੋਹਲੀ (ਕੈਪਟਨ), ਰਿਸ਼ਭ ਪੰਤ (ਵਿਕੇਟ ਕੀਪਰ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਹਨ।

ਉਧਰ ਨਿਊਜ਼ੀਲੈਂਡ ਦੀ ਟੀਮ ਵਿੱਚ ਕੇਨ ਵਿਲਿਅਮਸਨ (ਕੈਪਟਨ), ਬੀਜੇ ਵਾਲਿੰਗ (ਵਿਕੇਟ ਕੀਪਰ), ਟੌਸ ਲਾਥਮ, ਡੇਵਨ ਕਾਨਵੇ, ਰੌਸ ਟੇਲਰ, ਹੇਨਰੀ ਨਿਕੋਲਸ, ਕੌਲਿਨ ਡੀ ਗ੍ਰੈਂਡਹੋਮ, ਕਾਇਲੀ ਜੈਮਿਸਨ, ਨੀਲ ਵੈਗਨਰ, ਟਿਮ ਸਾਊਦੀ ਅਤੇ ਟ੍ਰੈਂਟ ਬੋਲਟ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ ਵਿੱਚ ਕਦੋਂ ਆਵੇਗੀ ਤੀਜੀ ਲਹਿਰ ਅਤੇ ਖ਼ਤਰਾ ਕਿੰਨਾ ਗੰਭੀਰ

ਖ਼ਬਰ ਏਜੰਸੀ ਰੌਇਟਰਜ ਨੇ ਸਿਹਤ ਮਾਹਰਾਂ ਦਾ ਇੱਕ ਪੋਲ ਕੀਤਾ ਹੈ ਜਿਸ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਦਾ ਤੀਜਾ ਉਬਾਲ ਅਕਤੂਬਰ ਵਿੱਚ ਆ ਸਕਦਾ ਹੈ।

ਹਾਲਾਂਕਿ ਅਜਿਹਾ ਮੰਨਿਆ ਗਿਆ ਹੈ ਕਿ ਇਸ ਵਾਰ ਇਸ ਨੂੰ ਚੰਗੀ ਤਰ੍ਹਾਂ ਕਾਬੂ ਕਰ ਲਿਆ ਜਾਵੇਗਾ ਅਤੇ ਮਹਾਮਾਰੀ ਇੱਕ ਹੋਰ ਸਾਲ ਲਈ ਜਨਤਕ ਸਿਹਤ ਲਈ ਖ਼ਤਰਾ ਬਣੀ ਰਹੇਗੀ।

40 ਮਾਹਰਾਂ ਉੱਪਰ ਤਿੰਨ ਤੋਂ 17 ਜੂਨ ਦੌਰਾਨ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਟੀਕਾਕਰਨ ਕਾਰਨ ਤੀਜੀ ਲਹਿਰ ਵਿੱਚ ਕੁਝ ਬਚਾਅ ਰਹੇਗਾ।

ਸਰਵੇਖਣ ਵਿੱਚ ਸ਼ਾਮਲ 85% ਮਾਹਰਾਂ ਦੀ ਰਾਇ ਹੈ ਕਿ ਅਗਲੀ ਲਹਿਰ ਅਕਤੂਬਰ ਵਿੱਚ ਆਵੇਗਾ ਜਦਕਿ ਤਿੰਨ ਜਣਿਆਂ ਦਾ ਕਹਿਣਾ ਹੈ ਕਿ ਇਹ ਅਗਸਤ ਦੀ ਸ਼ੁਰੂਆਤ ਅਤੇ ਸਤੰਬਰ ਦੇ ਮੱਧ ਵਿੱਚ ਸ਼ੁਰੂ ਹੋ ਸਕਦੀ ਹੈ।

ਬਾਕੀ ਤਿੰਨ ਜਣਿਆਂ ਦਾ ਮੰਨਣਾ ਹੈ ਕਿ ਇਹ ਨਵੰਬਰ ਤੋਂ ਫਰਵਰੀ ਦੇ ਦਰਮਿਆਨ ਆ ਸਕਦੀ ਹੈ।

70 ਫ਼ੀਸਦੀ ਮਾਹਰਾਂ ਦਾ ਕਹਿਣਾ ਹੈ ਕਿ ਕੋਈ ਵੀ ਲਹਿਰ ਪਿਛਲੀ ਨਾਲੋਂ ਜ਼ਿਆਦਾ ਕਾਬੂ ਵਿੱਚ ਰਹੇਗੀ।

ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ, "ਇਹ ਬਹੁਤ ਕੰਟਰੋਲ ਵਿੱਚ ਹੋਵੇਗੀ ਅਤੇ ਮਾਮਲੇ ਬਹੁਤ ਥੋੜ੍ਹੇ ਹੋਣਗੇ ਕਿਉਂਕਿ ਬਹੁਤ ਹੱਦ ਤੱਕ ਟੀਕਾਕਰਨ ਹੋ ਚੁੱਕਿਆ ਹੋਵੇਗਾ ਅਤੇ ਦੂਜੀ ਲਹਿਰ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਕੁਦਰਤੀ ਤਾਕਤ ਵੀ ਆ ਚੁੱਕੀ ਹੋਵੇਗੀ।"

ਸਰਵੇਖਣ ਵਿੱਚ ਇੱਕ ਸਵਾਲ ਇਹ ਵੀ ਸੀ ਕਿ 18 ਸਾਲ ਤੋਂ ਘੱਟ ਜਾਂ ਉਸ ਤੋਂ ਛੋਟੀ ਉਮਰ ਦੇ ਬੱਚਿਆਂ ਉੱਪਰ ਇਸ ਦਾ ਕੀ ਅਸਰ ਹੋਵੇਗਾ। ਇਸ ਸੰਬੰਧ ਵਿੱਚ ਲਗਭਗ ਦੋ ਤਿਹਾਈ ਮਾਹਰਾਂ ਦੀ ਰਾਇ ਸੀ ਕਿ ਇਸ ਦਾ ਬੱਚਿਆਂ ਉੱਪਰ ਅਸਰ ਪਵੇਗਾ ਜਦਕਿ 14 ਜਣਿਆਂ ਦੀ ਰਾਇ ਸੀ ਕਿ ਬੱਚਿਆਂ ਨੂੰ ਤੀਜੀ ਲਹਿਰ ਦੌਰਾਨ ਖ਼ਤਰਾ ਨਹੀਂ ਹੋਵੇਗਾ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸਿਹਤ ਮੰਤਰਾਲਾ ਦੇ ਇੱਕ ਸੀਨੀਅਰ ਅਫ਼ਸਰ ਨੇ ਕਿਹਾ ਸੀ ਕਿ ਬੱਚਿਆਂ ਵਿੱਚ ਲਾਗ ਦਾ ਖ਼ਤਰਾ ਹੈ ਪਰ ਵਿਸ਼ਲੇਸ਼ਣ ਦਸਦਾ ਹੈ ਕਿ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਘੱਟ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)