ਰਵਨੀਤ ਬਿੱਟੂ ਦੇ ਅਕਾਲੀ-ਬਸਪਾ ਗਠਜੋੜ ਬਾਰੇ ਦਿੱਤੇ ਬਿਆਨ ’ਤੇ ਕੀ ਵਿਵਾਦ ਹੋਇਆ ਤੇ ਬਿੱਟੂ ਨੇ ਸਫ਼ਾਈ ’ਚ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ 12 ਜੂਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ।

ਇਸ ਪੋਸਟ 'ਚ ਰਵਨੀਤ ਬਿੱਟੂ ਨੇ ਕਿਹਾ ਸੀ, "ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਪਰ ਗਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ 'ਪਵਿਤਰ' ਸੀਟਾਂ ਬੀਐਸਪੀ ਨੂੰ ਦੇ ਦਿੱਤੀਆਂ।"

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ।

ਇਹ ਵੀ ਪੜ੍ਹੋ

ਉਨ੍ਹਾਂ ਕਿਹਾ, "ਇਹ ਗੁੰਮਰਾਹ ਕਰਨ ਵਾਲੇ ਜਮਾਨੇ ਚਲੇ ਗਏ। ਸਭ ਤੋਂ ਪਾਪ ਵਾਲਾ ਅਤੇ ਮਾੜਾ ਪਾਰਟੀਆਂ ਦਾ ਗਠਜੋੜ ਹੋਇਆ ਹੈ।"

ਅਕਾਲੀ ਦਲ ਨੇ ਐੱਸਸੀ/ਐੱਸਟੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ

ਇਸ ਤੋਂ ਬਾਅਦ ਨੈਸ਼ਨਲ ਸ਼ਡਿਊਲਡ ਕਾਸਟਸ ਸ਼ਡਿਊਲਡ ਕਬੀਲਿਆਂ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੱਤਰ ਲਿਖਿਆ।

ਉਨ੍ਹਾਂ ਲਿਖਿਆ, "ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਇੱਕ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਬਿਆਨ ਵਿੱਚ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗਏ ਚੁਣਾਵੀ ਗਠਜੋੜ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਬਹੁਜਨ ਸਮਾਜ ਪਾਰਟੀ ਨੂੰ ਦੇਣ ਦਾ ਫੈਸਲਾ ਕੀਤਾ ਹੈ।"

"ਬਿੱਟੂ ਨੇ ਕਿਹਾ ਹੈ ਕਿ ਇਹ ਅਤਿ ਪਵਿੱਤਰ ਸਥਾਨਾਂ ਦੀਆਂ ਸੀਟਾਂ ਦਲਿਤਾਂ ਨੂੰ ਦੇਕੇ ਅਕਾਲੀ ਦਲ ਨੇ ਬਹੁਤ ਗਲਤ ਫੈਸਲਾ ਲਿਆ ਹੈ।"

ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ ਬਿੱਟੂ ਨੇ ਦਲਿਤ ਸਮਾਜ ਨੂੰ ਬਹੁਤ ਨੀਵਾਂ ਕਹਿ ਕੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚਾਈ ਹੈ।

ਉਨ੍ਹਾਂ ਮੰਗ ਕੀਤੀ ਕਿ ਰਵਨੀਤ ਸਿੰਘ ਬਿੱਟੂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੀ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

ਅਕਾਲੀ ਦਲ ਦੇ ਵਫ਼ਦ ਨੇ ਕੀਤੀ ਐਸਸੀ ਕਮਿਸ਼ਨ ਨਾਲ ਮੁਲਾਕਾਤ

ਇਸ ਤੋਂ ਬਾਅਦ ਅਕਾਲੀ ਦਲ ਦੇ ਵਫ਼ਦ ਨੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਵਫ਼ਦ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਅਕਾਲੀ ਦਲ ਨੇ 'ਪਵਿੱਤਰ' ਸੀਟਾਂ ਬੀਐਸਪੀ ਨੂੰ ਕਿਵੇਂ ਦੇ ਦਿੱਤੀਆਂ।

ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ 'ਪਵਿੱਤਰ' ਸੀਟਾਂ 'ਅਪਵਿੱਤਰ' ਲੋਕਾਂ ਨੂੰ ਕਿਵੇਂ ਦੇ ਦਿੱਤੀਆਂ।

ਉਨ੍ਹਾਂ ਕਿਹਾ, "ਬਿੱਟੂ ਦੀ ਇਸ ਮਾਨਸਿਕਤਾ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।"

"ਅਸੀਂ ਐਸਸੀ ਕਮਿਸ਼ਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਵਿਸ਼ਵਾਸ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਘੋਖ਼ ਕਰਕੇ ਬਣਦੀ ਕਾਰਵਾਈ ਕਰਨਗੇ।"

ਇਹ ਵੀ ਪੜ੍ਹੋ

ਹਰਦੀਪ ਪੂਰੀ ਨੇ ਵੀ ਕੀਤੀ ਬਿਆਨ ਦੀ ਨਿਖੇਦੀ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਜਿਥੇ ਆਪਸੀ ਕਾਟੋ-ਕਲੇਸ਼ 'ਚ ਫਸੀ ਹੋਈ ਹੈ, ਰਵਨੀਤ ਬਿੱਟੂ ਨੇ ਪਾਰਟੀ ਦੇ ਵਿਰਾਸਤੀ ਐਂਟੀ-ਦਲਿਤ ਪੱਖਪਾਤ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦਾ ਇਹ ਬਿਆਨ ਸਮਾਜ ਦੇ ਵੱਡੇ ਭਾਈਚਾਰੇ ਦੀ ਬੇਇਜ਼ੱਤੀ ਵਾਂਗ ਹੈ।

ਉਨ੍ਹਾਂ ਕਿਹਾ, "ਇਹ ਸਵਿੰਧਾਨ ਅਤੇ ਗੁਰੂਆਂ ਦੀ ਸਿੱਖਿਆਵਾਂ ਦੇ ਉਲਟ ਹੈ। ਇਹ ਕਾਂਗਰਸ ਦੇ ਇਤਿਹਾਸ ਦਾ ਸ਼ਰਮਿੰਦਾ ਕਰਨ ਵਾਲੇ ਚੈਪਟਰ ਹੈ।"

ਰਵਨੀਤ ਬਿੱਟੂ ਨੇ ਦਿੱਤੀ ਸਫਾਈ

ਰਵਨੀਤ ਬਿੱਟੂ ਨੇ ਇਕ ਵੀਡੀਓ ਜਾਰੀ ਕਰਕੇ ਬਿਆਨ 'ਤੇ ਸਫਾਈ ਦਿਤੀ।

ਉਨ੍ਹਾਂ ਕਿਹਾ, "ਮੈਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਕਰਕੇ ਅਕਾਲੀ ਦਲ ਨੇ ਧਾਰਮਿਕ ਸੀਟਾਂ ਛੱਡ ਦਿੱਤੀਆਂ ਹਨ।"

ਉਨ੍ਹਾਂ ਸਵਾਲ ਕੀਤਾ, "ਬੀਐਸਪੀ ਐਸਸੀ ਕਿਵੇਂ ਹੋ ਗਈ?"

ਉਨ੍ਹਾਂ ਕਿਹਾ ਕਿ ਮੇਰੇ ਦਾਦਾ ਬੇਅੰਤ ਸਿੰਘ ਨਾਲ ਮਲਕੀਤ ਸਿੰਘ ਦਾਖ਼ਾ ਨੇ ਸਾਰੀ ਉਮਰ ਢਾਲ ਬਣ ਕੇ ਕੱਢੀ, ਜੋ ਕਿ ਖ਼ੁਦ ਐਸਸੀ ਸਨ।

"ਮੇਰੇ ਜ਼ਿਲ੍ਹੇ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਦੋ ਵਾਰ ਚੋਣਾਂ ਲੜ ਚੁੱਕੇ ਹਨ ਅਤੇ ਜਿੱਤੇ ਹਨ। ਉਹ ਵੀ ਐਸਸੀ ਭਾਈਚਾਰੇ ਤੋਂ ਹਨ।"

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁਖ ਲੱਗਿਆ ਕਿ ਗੱਲ ਨੂੰ ਕਿਧਰ ਘੁਮਾ ਦਿੱਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)