ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਵਿੱਚ ਗਠਜੋੜ, 2022 ਦੀਆਂ ਚੋਣਾਂ ਇਕੱਠੇ ਲੜਨਗੇ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਅੱਜ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਗਠਜੋੜ ਕਰ ਲਿਆ ਹੈ।

ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਆਉਣ ਵਾਲੀਆਂ ਚੋਣਾਂ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਐਲਾਨ ਕੀਤਾ ਹੈ। ਇਸ ਮੌਕੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਵੀ ਮੌਜੂਦ ਸਨ।

ਸੁਖਬੀਰ ਸਿੰਘ ਬਾਦਲ ਨੇ ਗਠਜੋੜ ਨੂੰ ਨੇਪਰੇ ਚਾੜ੍ਹਨ ਲਈ ਬੀਐੱਸਪੀ ਸੁਪਰੀਮੋ ਮਾਇਆਵਤੀ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਪਹਿਲਾਂ ਵੀ ਭਾਈਵਾਲ ਰਹਿ ਚੁੱਕੇ ਹਨ। ਦੋਵਾਂ ਪਾਰਟੀਆਂ ਦਾ ਪਹਿਲਾਂ ਗਠਜੋੜ 1996 ਵਿੱਚ ਹੋਇਆ ਸੀ।

ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ 1996 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਸਨ ਜਿਸ ਵਿੱਚ ਗਠਜੋੜ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ 11 ਜਿੱਤੀਆਂ।

ਉੱਧਰ ਬਸਪਾ ਨੇ ਤਿੰਨੋਂ ਸੀਟਾਂ ਜਿੱਤੀਆਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 10 ਚੋਂ ਅੱਠ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਦੋਂ ਕਾਂਸ਼ੀ ਰਾਮ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਬਸਪਾ ਸੁਪਰੀਮੋ ਮਾਇਆਵਤੀ ਨੇ ਕੀ ਕਿਹਾ

ਇਸ ਗਠਜੋੜ ਤੋਂ ਬਾਅਦ ਹੁਣ ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ ਹੈ, ''ਉਂਝ ਤਾਂ ਪੰਜਾਬ ਵਿੱਚ ਸਮਾਜ ਦਾ ਹਰ ਵਰਗ ਕਾਂਗਰਸ ਦੇ ਸ਼ਾਸਨ 'ਚ ਗਰੀਬੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਉੱਤੇ ਪੈ ਰਹੀ ਹੈ। ਇਸ ਤੋਂ ਮੁਕਤੀ ਪਾਉਣ ਲਈ ਗਠਜੋੜ ਨੂੰ ਸਫ਼ਲ ਬਣਾਉਣਾ ਬਹੁਤ ਜ਼ਰੂਰੀ ਹੈ।''

ਸੁਖਬੀਰ ਬਾਦਲ ਨੇ ਹੋਰ ਕੀ ਕੁਝ ਕਿਹਾ

ਉਨ੍ਹਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਸੋਚ ਇੱਕ ਹੈ ਅਤੇ ਦੋਵੇਂ ਪਾਰਟੀਆਂ ਕਿਸਾਨ ਮਜ਼ਦੂਰ ਦੀ ਲੜਾਈ ਲੜਦੀਆਂ ਰਹੀਆਂ ਹਨ।

ਸੁਖਬੀਰ ਸਿੰਘ ਬਾਦਲ ਨੇ ਇਸ ਗਠਜੋੜ ਦਾ ਮਕਸਦ ਪੰਜਾਬ ਨੂੰ 'ਲੋਟੂ ਰਾਜੇ' ਤੋਂ ਬਚਾਉਣਾ, ਪੰਜਾਬ ਦੀ ਆਰਥਿਕਤਾ ਨੂੰ ਵਕਸਿਤ ਕਰਨਾ ਦੱਸਿਆ।

  • ਬਸਪਾ ਦੀ ਸੋਚ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ।
  • ਦਲਿਤਾਂ, ਕਿਸਾਨਾਂ, ਮਜ਼ਦੂਰਾਂ ਨੂੰ ਮਿਲ ਰਹੀਆਂ ਭਲਾਈ ਸਕੀਮਾਂ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਈਆਂ ਹਨ।
  • ਅਕਾਲੀ ਦਲ ਦਾ ਹੇਠਲਾ ਵਰਕਰ ਚਾਹੁੰਦਾ ਸੀ ਕੀ ਅਕਾਲੀ ਦਲ ਅਤੇ ਬੀਐੱਸਪੀ ਦਾ ਗਠਜੋੜ ਹੋਣਾ ਚਾਹੀਦਾ ਹੈ।
  • ਪ੍ਰਕਾਸ਼ ਸਿੰਘ ਬਾਦਲ ਨੇ ਧਾਰਮਿਕ ਥਾਵਾਂ ਨੂੰ ਪੰਜਾਬ ਸਰਕਾਰ ਦੇ ਪੈਸੇ ਨਾਲ ਵਿਕਸਿਤ ਕਰਨ ਦੀ ਪਿਰਤ ਪਾਈ।
  • ਬੀਐੱਸੀਪੀ 20 ਸੀਟਾਂ 'ਤੇ ਚੋਣ ਲੜੇਗੀ ਅਤੇ ਬਾਕੀ ਸੀਟਾਂ ਉੱਪਰ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗਾ।
  • ਇਨ੍ਹਾਂ 20 ਸੀਟਾਂ ਵਿੱਚ ਕਰਤਾਰਪੁਰ ਸਾਹਿਬ (ਜਲੰਧਰ), ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੋਸ਼ਿਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਮੋਹਾਲੀ, ਭੋਆ, ਪਾਇਲ, ਨਵਾਂ ਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ, ਅਨੰਦਪੁਰ ਸਾਹਿਬ ਦੀ ਸੀਟ ਅਤੇ ਅੰਮ੍ਰਿਤਸਰ ਸੈਂਟਰਲ ਹੋਣਗੀਆਂ।

ਇਸ ਤਰੀਕੇ ਨਾਲ ਬੀਐੱਸਪੀ ਨੂੰ ਪੰਜਾਬ ਦੇ ਤਿੰਨ ਖੇਤਰਾਂ ਵਿੱਚ ਇਸ ਪ੍ਰਕਾਰ ਸੀਟਾਂ ਮਿਲੀਆਂ ਹਨ। ਮਾਲਵੇ ਵਿੱਚ ਸੱਤ ਸੀਟਾਂ, ਮਾਝੇ ਵਿੱਚ ਪੰਜ ਸੀਟਾਂ ਅਤੇ ਦੋਆਬੇ ਵਿੱਚ ਅੱਠ ਸੀਟਾਂ ਹਾਸਲ ਹੋਈਆਂ ਹਨ।

ਸਤੀਸ਼ ਮਿਸ਼ਰਾ ਨੇ ਕੀ ਕਿਹਾ

ਬਸਪਾ ਲੀਡਰ ਸਤੀਸ਼ ਮਿਸ਼ਰਾ ਨੇ ਕਿਹਾ ਕਿ ਗਠਜੋੜ ਦਾ ਐਲਾਨ ਕਰਨ ਪਾਰਟੀ ਸੁਪਰੀਮੋ ਮਾਇਆਵਤੀ ਨੇ ਆਉਣਾ ਸੀ ਪਰ ਉਸ ਸਥਿਤੀ ਵਿੱਚ ਪੰਜਾਬ ਭਰ ਤੇ ਬਸਪਾ ਵਰਕਰਾਂ ਨੂੰ ਇੱਥੇ ਪਹੁੰਚਣ ਤੋਂ ਰੋਕਣਾ ਮੁਸ਼ਕਲ ਹੋ ਜਾਣਾ ਸੀ ਜਿਸ ਨਾਲ ਕਿ ਕੋਰੋਨਾ ਨਿਯਮਾਂ ਦਾ ਉਲੰਘਣ ਹੋ ਜਾਣਾ ਸੀ।

  • ਉਨ੍ਹਾਂ ਕਿਹਾ ਕਿ ਗਠਜੋੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਰਕਾਰ ਬਣਾਏਗਾ।
  • ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਕਿਸਾਨਾਂ ਅਤੇ ਦਲਿਤਾਂ ਦਾ ਸ਼ੋਸ਼ਣ ਕਰ ਰਹੀ ਹੈ।
  • ਦਲਿਤਾਂ ਲਈ ਆਇਆ ਪੈਸਾ ਜਾਰੀ ਨਹੀਂ ਕਰ ਰਹੀ ਹੈ ਜਾਂ ਉਸ ਪੈਸੇ ਨੂੰ ਹੋਰ ਪਾਸੇ ਵਰਤ ਰਹੀ ਹੈ।
  • ਰਾਖਵੇਂਕਰਨ ਤਹਿਤ ਐੱਸਸੀ,ਬੀਸੀ ਦੀਆਂ ਸੀਟਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
  • ਵਜੀਫ਼ੇ ਨਹੀਂ ਦਿੱਤੇ ਜਾ ਰਹੇ ਹਨ, ਗ਼ਰੀਬਾਂ ਨੂੰ ਘਰ ਵੀ ਨਹੀਂ ਦਿੱਤੇ ਜਾ ਰਹੇ ਹਨ।

ਕੇਂਦਰ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਬਣਾਉਣ ਤੋਂ ਬਾਅਦ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਐਨਡੀਏ ਤੋਂ ਵੱਖ ਹੋ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)