ਪੰਜਾਬ ਸਰਕਾਰ ਨੇ ਵਿਦਿਆਰਥੀਆਂ ਤੇ ਟੀਚਰਾਂ ਨੂੰ ਕੋਰੋਨਾ ਟੀਕਾ ਲਗਾਉਣ ਬਾਰੇ ਕੀਤਾ ਇਹ ਨਵਾਂ ਐਲਾਨ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦਿਨ ਭਰ ਵਿੱਚ ਵਾਪਰ ਰਹੀਆਂ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦਿੰਦੇ ਰਹਾਂਗੇ।

ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਕੁਝ ਰਿਆਇਤਾਂ ਦਿੱਤੀਆਂ ਹਨ।

ਪੰਜਾਬ ਸਰਕਾਰ ਨੇ ਰੈਸਟੋਰੈਂਟ, ਸਿਨੇਮਾ ਤੇ ਜਿਮਜ਼ ਵਿੱਚ 50 ਫੀਸਦ ਤੱਕ ਦੀ ਆਮਦ ਦੀ ਰਿਆਇਤ ਦਿੱਤੀ ਹੈ।

ਇਹ ਵੀ ਪੜ੍ਹੋ-

ਵਿਆਹਾਂ ਤੇ ਅੰਤਿਮ-ਸੰਸਕਾਰ 'ਤੇ 50 ਲੋਕਾਂ ਦੇ ਸ਼ਾਮਿਲ ਹੋਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਪਹਿਲਾਂ ਇਹ 20 ਲੋਕਾਂ ਤੱਕ ਸੀਮਿਤ ਸੀ।

ਨਾਈਟ ਕਰਫਿਊ ਰਾਤ ਅੱਠ ਵਜੇ ਤੋਂ 5 ਵਜੇ ਤੱਕ ਰਹੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਹਨ ਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਤੇ 18-45 ਸਾਲ ਦੇ ਵਿਦਿਆਰਥੀਆਂ ਨੂੰ ਜੂਨ 21 ਤੋਂ ਕੋਰੋਨਾ ਵੈਕਸੀਨ ਲਗਵਾਈ ਜਾਵੇ।

ਇਸ ਫੈਸਲਾ ਛੇਤੀ ਸਕੂਲਾਂ-ਕਾਲਜਾਂ ਨੂੰ ਖੋਲ੍ਹਣਾ ਸੰਭਵ ਕਰਨ ਲਈ ਲਿਆ ਗਿਆ ਹੈ।

ਕੈਪਟਨ ਖਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਵਿੱਚ ਰਿਹਾਇਸ਼ ਦੇ ਬਾਹਰ ਅਕਾਲੀ ਦਲ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰਾ ਕੀਤਾ ਗਿਆ।

ਇਸ ਮੁਜ਼ਾਹਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਰਾਲੀ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਹਿਰਾਸਤ ’ਚ ਲਏ ਜਾਣ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਜੇਕਰ ਤੁਫ਼ਾਨ ਆਵੇਗਾ ਤਾਂ ਕੈਪਟਨ ਉਸ ਨੂੰ ਰੋਕ ਨਹੀਂ ਪਾਉਣਗੇ ਭਾਵੇਂ ਉਹ ਪੂਰੀ ਤਾਕਤ ਲਗਾ ਲੈਣ। ਵੈਕਸੀਨੇਸ਼ਨ ’ਚ ਸਕੈਮ ਹੈ, ਫਤਿਹ ਕਿੱਟ ’ਚ ਸਕੈਮ ਹੈ, ਦਲਿਤਾਂ ਦੀ ਸਕਾਲਰਸ਼ਿਪ ’ਚ ਸਕੈਮ ਹੈ। ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ।”

ਉਨ੍ਹਾਂ ਕਿਹਾ, “ਅਸੀਂ ਮੁੱਖ ਮੰਤਰੀ ਨੂੰ ਉਸ ਦੇ ਮਹਿਲ ਤੋਂ ਕੱਢਣ ਜਾ ਰਹੇ ਹਾਂ। ਸਾਢੇ ਚਾਰ ਸਾਲ ਹੋ ਗਏ ਪਰ ਮੁੱਖ ਮੰਤਰੀ ਨਾ ਆਪਣੇ ਸਰਕਾਰੀ ਦਫ਼ਤਰ ਗਏ ਹਨ ਅਤੇ ਨਾ ਹੀ ਸਰਕਾਰੀ ਘਰ ਗਏ। ਅਜਿਹੀ ਸਰਕਾਰ ਜਿੰਨੇ ਦਿਨ ਪੰਜਾਬ ’ਚ ਰਹੇਗੀ , ਪੰਜਾਬ ਨੂੰ ਉਨ੍ਹਾਂ ਵੱਡਾ ਨੁਕਸਾਨ ਝੱਲਣਾ ਪਵੇਗਾ।”

ਇਸ ਪ੍ਰਦਰਸ਼ਨ ਵਿੱਚ ਅਕਾਲੀ ਦਲ ਵਰਕਰਾਂ ਦੀ ਵੱਡੀ ਭੀੜ ਜਮਾ ਸੀ। ਕੋਰੋਨਾ ਸੰਬੰਧੀ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਵੱਡੇ ਪੱਧਰ ’ਤੇ ਮੁਜ਼ਾਹਰਾ ਕੀਤਾ ਗਿਆ।

ਇਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ।

ਇਹ ਪ੍ਰਦਰਸ਼ਨ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਅਤੇ ਬਸਪਾ ਦਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਆਗਵਾਈ ਵਿੱਚ ਹੋਇਆ।

ਅਕਾਲੀ ਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੇ ਰਾਜ 'ਚ ਸਿਹਤ ਮੰਤਰੀ ਵੱਲੋਂ ਮਹਾਮਾਰੀ ਸਮੇਂ ਕੀਤੀ ਗਈ 'ਵੈਕਸੀਨ ਦੀ ਲੁੱਟ' ਅਤੇ ਕਾਂਗਰਸੀਆਂ ਵੱਲੋਂ ਕੀਤੇ ਤਮਾਮ ਘੁਟਾਲਿਆਂ ਦੇ ਖਿਲਾਫ਼ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ।

'ਪਿੰਜਰਾ ਤੋੜ' ਦੀਆਂ ਕੁੜੀਆਂ ਨੂੰ ਮਿਲੀ ਜ਼ਮਾਨਤ

ਦਿੱਲੀ ਹਾਈ ਕੋਰਟ ਨੇ ਪਿੰਜਰਾ ਤੋੜ ਕਾਰਕੁਨ ਦੇਵਾਂਗਾਨਾ ਕਾਲੀਤਾ, ਨਤਾਸ਼ਾ ਨਰਵਾਲ ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਨੂੰ ਜ਼ਮਾਨਤ ਦੇ ਦਿੱਤੀ ਹੈ।

ਇਨ੍ਹਾਂ ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਸਬੰਧੀ ਸਖ਼ਤ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ।

ਸਾਲ 2020 ਵਿੱਚ ਉਨ੍ਹਾਂ ਨੂੰ ਉੱਤਰ ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਨਾਲ ਜੁੜੇ ਇੱਕ ਕੇਸ ਵਿੱਚ ਜ਼ਮਾਨਤ ਮਿਲੀ ਗਈ ਸੀ।

ਹਾਲਾਂਕਿ, ਜਮਾਨਤ ਮਿਲਣ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਕੁੜੀਆਂ ਨੂੰ ਕਤਲ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।

ਵਾਇਰਲ ਵੀਡੀਓ 'ਚ ਇੱਕ ਮੁਸਲਮਾਨ ਬਜ਼ੁਰਗ ਨੇ 'ਕੁੱਟਣ, ਦਾੜ੍ਹੀ ਕਟਣ ਤੇ ਜੈ ਸ਼੍ਰੀ ਰਾਮ ਅਖਵਾਉਣ' ਦਾ ਕੀਤਾ ਦਾਅਵਾ

ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁਸਲਮਾਨ ਵਿਅਕਤੀ 4 ਲੋਕਾਂ 'ਤੇ ਉਸ ਨੂੰ ਕੁੱਟਣ, ਦਾੜ੍ਹੀ ਕੱਟਣ ਅਤੇ "ਜੈ ਸ਼੍ਰੀ ਰਾਮ" ਅਖਵਾਉਣ ਦੇ ਇਲਜ਼ਾਮ ਲਗਾ ਰਿਹਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਹ ਘਟਨਾ ਦਿੱਲੀ ਨਾਲ ਲਗਦੇ ਯੂਪੀ ਦੇ ਜ਼ਿਲ੍ਹਾ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੀ ਹੈ।

ਗਾਜ਼ੀਆਬਾਦ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਐੱਫਆਈਆਰ ਰਜਿਸਟਰ ਕਰ ਲਈ ਅਤੇ ਪੁਲਿਸ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇੱਸ ਵਿੱਚ 3 ਲੋਕਾਂ ਦੀ ਗ੍ਰਿਫ਼ਤਾਰੀ ਹੋ ਗਈ ਹੈ।

ਇਹ ਘਟਨਾ 5 ਜੂਨ ਦੀ ਹੈ ਅਤੇ ਪੁਲਿਸ ਨੇ ਇਸ ਸਬੰਧੀ ਦੋ ਦਿਨ ਬਾਅਦ ਕੇਸ ਦਰਜ ਕੀਤਾ ਹੈ।

ਗਾਜ਼ੀਆਬਾਦ ਦੇ ਐੱਸਐੱਸਪੀ ਅਮਿਤ ਪਾਠਕ ਨੇ ਕਿਹਾ ਕਿ ਪੀੜਤ ਅਬਦੁੱਲ ਸਮਾਦ, ਬੁਲੰਦ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਨੇ 7 ਜੂਨ ਨੂੰ ਦਰਜ ਹੋਈ ਐੱਫਆਈਆਰ ਵਿੱਚ ਉਨ੍ਹਾਂ ਨੇ ਜਬਰਨ ਦਾੜ੍ਹੀ ਕੱਟਣ ਅਤੇ ਜੈ ਸ਼੍ਰੀ ਰਾਮ ਅਖਵਾਉਣ ਦੀ ਗੱਲ ਨਹੀਂ ਦਰਜ ਕਰਵਾਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)