You’re viewing a text-only version of this website that uses less data. View the main version of the website including all images and videos.
ਮੋਦੀ ਦੇ ਸੱਤਾ ਸਾਂਭਣ ਤੋਂ ਬਾਅਦ ਸੁਰਖੀਆਂ 'ਚ ਆਏ ਗੌਤਮ ਅਡਾਨੀ ਨੇ ਕਿਵੇਂ ਵਪਾਰ ਦਾ ਵੱਡਾ ਸਮਰਾਜ ਬਣਾਇਆ
14 ਜੂਨ ਦੀ ਸਵੇਰੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਦੇਖਣੀ ਪਈ ਹੈ।
ਉਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਜ਼ਾਰ ਵਿੱਚ ਗੋਤੇ ਲਗਾਏ ਹਨ। ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਬਜ਼ਾਰ ਵਿੱਚ ਲਿਸਟਿਡ ਹਨ, ਜਿਨ੍ਹਾਂ ਗਿਰਾਵਟ ਦੇਖੀ ਗਈ। ਇਸ ਗਿਰਾਵਟ ਨਾਲ ਅਡਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਕਿਹਾ ਇਹ ਵੀ ਗਿਆ ਕਿ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਫੰਡਜ਼ ਦੇ ਖ਼ਾਤੇ ਫ੍ਰੀਜ਼ ਹੋ ਗਏ ਹਨ।
ਇਹ ਵੀ ਪੜ੍ਹੋ-
ਹਾਲਾਂਕਿ, ਕੰਪਨੀ ਨੇ ਇਸ ਖ਼ਬਰ ਨੂੰ ਬੇਬੁਨਿਆਦ ਦੱਸਿਆ ਅਤੇ ਇਸ ਬਾਰੇ ਇੱਕ ਪ੍ਰੈੱਸ ਨੋਟ ਵੀ ਜਾਰੀ ਕੀਤਾ।
ਖਾਤੇ ਫ੍ਰੀਜ਼ ਹੋਣ ਦਾ ਮਤਲਬ ਸੀ ਕਿ ਹੁਣ ਕੰਪਨੀ ਦੀ ਕੋਈ ਵੀ ਸਿਕਿਓਰਿਟੀ ਨਾ ਖਰੀਦੀ ਜਾ ਸਕਦੀ ਸੀ ਨਾ ਵੇਚੀ ਜਾ ਸਕਦੀ ਸੀ।
ਕੌਣ ਹਨ ਗੌਤਮ ਅਡਾਨੀ
ਉਪਰ ਦੀ ਤਸਵੀਰ ਭਾਰਤ ਦੇ ਅਖ਼ਬਾਰਾਂ ਵਿੱਚ 22 ਮਈ 2014 ਨੂੰ ਪ੍ਰਕਾਸ਼ਿਤ ਹੋਈ ਸੀ। ਉਦੋਂ ਜਦੋਂ ਨਰਿੰਦਰ ਮੋਦੀ ਗੁਜਰਾਤ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਲਈ ਰਵਾਨਾ ਹੋ ਰਹੇ ਸਨ।
ਅਹਿਮਦਾਬਾਦ ਹਵਾਈ ਅੱਡੇ 'ਤੇ ਉਹ ਉਨ੍ਹਾਂ ਨੂੰ ਛੱਡਣ ਆਏ ਲੋਕਾਂ ਦੇ ਧੰਨਵਾਦ ਲਈ ਹੱਥ ਹਿਲਾ ਰਹੇ ਸਨ, ਤਾਂ ਜਹਾਜ਼ 'ਤੇ ਪ੍ਰਾਈਵੇਟ ਏਅਰਲਾਈਨ ਦਾ ਲੋਗੋ ਵੀ ਸਾਫ਼ ਦਿਖ ਰਿਹਾ ਸੀ, 'ਅਡਾਨੀ'।
ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਇੱਕ 52 ਦੇ ਗੌਤਮ ਅਡਾਨੀ ਉਨ੍ਹਾਂ ਕਾਰੋਬਾਰੀਆਂ ਵਿੱਚ ਹਨ, ਜੋ ਭਾਰਤ ਦੇ ਸਭ ਤੋਂ ਤਾਕਤਵਾਰ ਸ਼ਖ਼ਸ ਦੇ ਨਾਲ ਆਪਣੇ ਕਰੀਬੀ ਰਿਸ਼ਤਿਆਂ ਨੂੰ ਜ਼ਾਹਿਰ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਪੜ੍ਹਾਈ ਅਧੂਰੀ ਛੱਡਣ ਤੋਂ ਲੈ ਕੇ ਹੀਰਿਆਂ ਅਤੇ ਪਲਾਸਟਿਕ ਦੇ ਕਾਰੋਬਾਰ ਤੱਕ
1978 ਵਿੱਚ ਮੁੰਬਈ ਦੇ ਇੱਕ ਕਾਲਜ ਦੀ ਪੜ੍ਹਾਈ ਅਧੂਰੀ ਛੱਡਣ ਤੋਂ ਲੈ ਕੇ ਹੀਰਿਆਂ ਅਤੇ ਪਲਾਸਟਿਕ ਦੇ ਕਾਰੋਬਾਰ ਤੱਕ। ਗੌਤਮ ਅਡਾਨੀ ਨੇ ਸੱਚਮੁਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।
ਇੱਕ ਵੇਲਾ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਦੀ ਦੌਲਤ ਉਨ੍ਹਾਂ ਲਈ ਮੁਸੀਬਤ ਬਣ ਗਈ। 1997 ਵਿੱਚ ਫਿਰੌਤੀ ਲਈ ਕਿਸੇ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਇਸ ਸਬੰਧੀ ਇੱਕ ਸ਼ਖ਼ਸ 'ਤੇ ਅੱਜ ਵੀ ਕੇਸ ਚੱਲ ਰਿਹਾ ਹੈ।
ਅਡਾਨੀ ਅੱਜ ਕੱਲ੍ਹ ਇੱਕ ਵੱਡੇ ਕਾਰੋਬਾਰੀ ਸਮੂਹ ਦੇ ਮੁਖੀ ਹਨ, ਜੋ ਭਾਰਤ ਵਿੱਚ ਬੰਦਰਗਾਹਾਂ ਦੇ ਸਭ ਤੋਂ ਵੱਡੇ ਆਪਰੇਟਰ ਹਨ ਅਤੇ ਉਨ੍ਹਾਂ ਦੀ ਬਿਜਲੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵੀ ਹੈ।
ਅਡਾਨੀ ਸਮੂਹ ਦੇ ਕਾਰੋਬਾਰੀ ਹਿਤ ਕੋਲਾ ਖਾਣ, ਨਿਰਮਾਣ ਖੇਤਰ, ਢੁਆਈ, ਕੌਮਾਂਤਰੀ ਕਾਰੋਬਾਰ, ਸਿੱਖਿਆ, ਰਿਅਲ ਅਸਟੇਟ, ਖਾਦ ਤੇਲ ਅਤੇ ਅਨਾਜ ਦੇ ਭੰਡਾਰਨ ਤੱਕ ਵਿੱਚ ਹਨ।
ਉਨ੍ਹਾਂ ਦੀ ਕੰਪਨੀ ਫਿਲਹਾਲ 30 ਤੋਂ ਜ਼ਿਆਦਾ ਚੀਜ਼ਾਂ ਦੇ ਕਾਰੋਬਾਰ ਵਿੱਚ ਲੱਗੀ ਹੈ ਅਤੇ ਉਨ੍ਹਾਂ ਦੇ ਵਪਾਰਕ ਹਿਤ ਘੱਟੋ-ਘੱਟ 28 ਦੇਸ਼ਾਂ ਵਿੱਚ ਹੈ, ਜਿਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵੀ ਹਨ।
2003-04 ਦੇ ਮਾਲੀ ਸਾਲ ਵਿੱਚ ਅਡਾਨੀ ਸਮੂਹ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਮੁਦਰਾ ਕਮਾਉਣ ਵਾਲੀ ਕੰਪਨੀ ਬਣ ਗਈ ਸੀ।
ਇਸ ਤੋ ਬਾਅਦ ਗੌਤਮ ਅਡਾਨੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਅਡਾਨੀ ਦੇ ਕਾਰੋਬਾਰੀ ਸਮਰਾਜ ਦਾ ਟਰਨ ਓਵਰ 2002 ਦੇ 76.50 ਕਰੋੜ ਡਾਲਰ ਤੋਂ ਵਧ ਕੇ 2014 ਵਿੱਚ 10 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਇੱਤੇਫਾਕ ਨਾਲ ਇਹ ਉਹੀ ਦੌਰ ਸੀ ਜਦੋਂ ਨਰਿੰਦਰ ਮੋਦੀ ਸੱਤਾ ਦੇ ਫਲਕ 'ਤੇ ਤੇਜ਼ੀ ਨਾਲ ਉਭਰ ਰਹੇ ਸਨ।
ਗੁਜਰਾਤ ਦੰਗੇ
ਦੋਵਾਂ ਦੀ ਦੋਸਤੀ 2002 ਤੋਂ ਹੀ ਸ਼ੁਰੂ ਹੋ ਗਈ ਸੀ। ਇਹੀ ਉਹੀ ਵੇਲਾ ਸੀ ਜਦੋਂ ਗੁਜਰਾਤ ਹਿੰਦੂ-ਮੁਸਲਿਮ ਦੰਗਿਆਂ ਵਿੱਚ ਝੁਲਸ ਰਿਹਾ ਸੀ।
ਵਪਾਰ ਜਗਤ ਦੀ ਸੰਸਥਾ ਕਾਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ (ਸੀਆਈਆਈ) ਨਾਲ ਜੁੜੇ ਕਾਰੋਬਾਰੀਆਂ ਨੇ ਉਸ ਵੇਲੇ ਹਾਲਾਤ 'ਤੇ ਕਾਬੂ ਪਾਉਣ ਲਈ ਢਿਲਾਈ ਵਰਤਣ ਲਈ ਮੋਦੀ ਦੀ ਆਲੋਚਨਾ ਵੀ ਕੀਤੀ ਸੀ।
ਉਦੋਂ ਮੋਦੀ ਗੁਜਰਾਤ ਹਿੰਸਾ ਨੂੰ ਨਜ਼ਰਅੰਦਾਜ਼ ਕਰ ਕੇ ਇਸ ਸੂਬੇ ਨੂੰ ਨਿਵੇਸ਼ਕਾਂ ਦੇ ਪਸੰਦੀਦਾਂ ਟਿਕਾਣੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਸਨ।
ਅਡਾਨੀ ਨੇ ਗੁਜਰਾਤ ਦੇ ਹੋਰਨਾਂ ਕਾਰੋਬਾਰੀਆਂ ਨੂੰ ਮੋਦੀ ਦੇ ਪੱਖ ਵਿੱਚ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੀਆਈਆਈ ਦੇ ਬਰਾਬਰ ਇੱਕ ਹੋਰ ਸੰਸਥਾ ਖੜ੍ਹੀ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
ਇਹ ਵੀ ਪੜ੍ਹੋ-
ਵੱਡੇ ਬੰਦਰਗਾਹ
ਸਾਲ 2013 ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਅਮਰੀਕਾ ਦੇ ਵ੍ਹਾਈਟਰਨ ਸਕੂਲ ਆਫ ਬਿਜਨੈੱਸ ਦੇ ਇੱਕ ਪ੍ਰੋਗਰਾਮ ਵਿੱਚ ਮੋਦੀ ਦਾ ਨਾਮ ਮੁੱਖ ਬੁਲਾਰਿਆਂ ਦੀ ਲਿਸਟ ਵਿੱਚੋਂ ਹਟਾਏ ਜਾਣ ਤੋਂ ਬਾਅਦ ਉਸ ਵੇਲੇ ਅਡਾਨੀ ਗਰੁੱਪ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਸੀ।
ਅਡਾਨੀ ਉਸ ਪ੍ਰੋਗਰਾਮ ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ ਸਨ। ਗੁਜਰਾਤ ਸਰਕਾਰ 'ਤੇ ਅਡਾਨੀ ਗਰੁੱਪ ਨੂੰ ਭਾਰਤ ਦੇ ਸਭ ਤੋਂ ਵੱਡੇ ਬੰਦਰਗਾਹ ਮੁੰਦੜਾ ਲਈ ਵੱਡੇ ਪੈਮਾਨੇ 'ਤੇ ਕੌੜੀਆਂ ਦੇ ਭਾਅ ਜ਼ਮੀਨ ਦੇਣ ਦੇ ਇਲਜ਼ਾਮ ਲਗਦੇ ਰਹੇ ਹਨ।
ਗੁਜਰਾਤ ਦੇ ਸਾਗਰ ਤਟ 'ਤੇ ਬਣੇ ਇਸ ਬੰਦਰਗਾਹ ਕਾਰਨ ਵਾਤਾਵਰਨ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸੁਪਰੀਮ ਕੋਰਟ
ਮੁੰਦੜਾ ਬੰਦਰਗਾਹ 'ਤੇ ਦੁਨੀਆਂ ਵਿੱਚ ਕੋਲਾ ਦੀ ਸਭ ਤੋਂ ਵੱਡੀ ਮਾਲ ਉਤਰਾਈ ਦੀ ਸਮਰੱਥਾ ਹੈ। ਇਸ ਬੰਦਰਗਾਹ ਸਪੈਸ਼ਲ ਇਕੋਨਾਮਿਕ ਜ਼ੋਨ ਤਹਿਤ ਬਣਿਆ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਉਸ ਦੀ ਪ੍ਰਮੋਟਰ ਕੰਪਨੀ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ।
ਇਸ ਜ਼ੋਨ ਵਿੱਚ ਬਿਜਲੀ ਪਲਾਂਟ, ਨਿੱਜੀ ਰੇਲਵੇ ਲਾਈਨ ਅਤੇ ਇੱਕ ਨਿੱਜੀ ਹਵਾਈ ਅੱਡੇ ਦਾ ਕੰਮ ਕੋਰਟ ਦੇ ਆਦੇਸ਼ ਕਾਰਨ ਰੋਕ ਦਿੱਤਾ ਗਿਆ ਸੀ ਪਰ ਸਾਲ 2014 ਦੀ ਸ਼ੁਰੂਆਤ ਵਿੱਚ ਸੁਪਰੀਮ ਕੋਰਟ ਨੇ ਵਾਤਾਵਰਨ ਸਬੰਧੀ ਰਸਮੀ ਮਨਜ਼ੂਰੀ ਦੇ ਦਿੱਤੀ ਸੀ।
ਅਡਾਨੀ ਗਰੁੱਪ ਇੱਕ ਵਾਰ ਖ਼ਬਰਾਂ ਵਿੱਚ ਉਦੋਂ ਆਇਆ, ਜਦੋਂ ਆਸਟ੍ਰੇਲੀਆ ਸਰਕਾਰ ਨੇ ਇਸ ਗਰੁੱਪ ਨੂੰ ਕੋਲਾ ਅਤੇ ਰੇਲਵੇ ਨਾਲ ਜੁੜੇ ਇੱਕ ਵੱਡੇ ਪ੍ਰੋਜੈਕਟ ਦੀ ਇਜਾਜ਼ਤ ਦਿੱਤੀ ਸੀ। ਵਾਤਾਵਰਨ ਮੁੱਦੇ ਲਈ ਕੰਮ ਕਰਨ ਵਾਲੇ ਗਰੁੱਪ ਇਸ ਦੋ ਵਿਰੋਧ ਕਰ ਰਹੇ ਸਨ।
ਮੀਡੀਆ 'ਚ ਅਡਾਨੀ
ਸਾਲ 2014 ਵਿੱਚ ਆਸਟਰੇਲੀਆ ਦੀ ਫੇਅਰਫੈਕਸ ਮੀਡੀਆ ਨੇ ਅਹਿਮਦਾਬਾਦ ਸ਼ਹਿਰ ਦੇ ਬਾਹਰ ਬਣ ਰਹੀਆਂ ਕੋਠੀਆਂ ਵਿੱਚ ਲੱਗੇ ਹਜ਼ਾਰਾਂ ਮਜ਼ਦੂਰਾਂ ਦੀ ਕਥਿਤ ਬਦਹਾਲੀ 'ਤੇ ਰਿਪੋਰਟ ਛਾਪੀ ਸੀ।
ਇਹ ਮਜ਼ਦੂਰ ਅਡਾਨੀ ਗਰੁੱਪ ਲਈ ਕੰਮ ਕਰ ਰਹੇ ਠੇਕੇਦਾਰਾਂ ਨੇ ਰੱਖੇ ਸਨ। ਹਾਲਾਂਕਿ ਅਡਾਨੀ ਗਰੁੱਪ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਸੀ।
ਬੁਨਿਆਦੀ ਢਾਂਚਾ
2010 ਦੇ ਫਰਵਰੀ ਮਹੀਨੇ ਵਿੱਚ ਅਡਾਨੀ ਦੇ ਭਰਾ ਰਾਜੇਸ਼ ਅਡਾਨੀ ਨੂੰ ਕਥਿਤ ਤੌਰ 'ਤੇ ਕਸਟਮ ਡਿਊਟੀ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਹ ਅਡਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ।
ਇੰਨਾਂ ਧਿਆਨ ਖਿੱਚਣ ਦੇ ਬਾਵਜੂਦ ਆਮ ਤੌਰ 'ਤੇ ਇਹ ਸ਼ਕਤੀਸ਼ਾਲੀ ਕਾਰੋਬਾਰੀ ਮੀਡੀਆ ਤੋਂ ਦੂਰੀ ਬਣਾ ਕੇ ਰਹਿੰਦੇ ਹਨ।
ਉਨ੍ਹਾਂ ਨੇ ਬਹੁਤ ਘੱਟ ਇੰਟਰਵਿਊ ਦਿੱਤੇ ਹਨ ਅਤੇ ਉਹ ਟਿੱਪਣੀਆਂ ਵੀ ਬਹੁਤ ਸਾਵਧਾਨੀਆਂ ਨਾਲ ਕਰਦੇ ਹਨ।
ਇਹ ਵੀ ਪੜ੍ਹੋ: