You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਸ ਦੇ ਘਟਦੇ ਮਾਮਲਿਆਂ ਕਾਰਨ ਪੰਜਾਬ ਨੇ ਇਹ ਰਿਆਇਤਾਂ ਐਲਾਨੀਆਂ- ਅਹਿਮ ਖ਼ਬਰਾਂ
ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਅਤੇ ਦੇਸ਼-ਦੁਨੀਆਂ ਨਾਲ ਜੁੜੀਆਂ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ, ਸਰਕਾਰ ਵੱਲੋਂ ਹੋਈਆਂ ਕੋਸ਼ਿਸ਼ਾਂ ਬਾਬਤ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਪੀਐੱਮ ਮੋਦੀ ਨੇ ਐਲਾਨ ਕੀਤਾ ਕਿ 21 ਜੂਨ ਤੋਂ ਭਾਰਤ ਸਰਕਾਰ ਹਰ ਸੂਬੇ ਨੂੰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਵਾਏਗੀ।
ਇਹ ਵੀ ਪੜ੍ਹੋ-
ਇਸ ਦੌਰਾਨ ਉਨ੍ਹਾਂ ਨੇ ਹੋਰ ਕੀ ਕੁਝ ਕਿਹਾ...
- ''ਅੱਜ ਪੂਰੀ ਦੁਨੀਆਂ ਵਿੱਚ ਵੈਕਸੀਨ ਲਈ ਜਿਹੜੀ ਮੰਗ ਹੈ ਉਸ ਦੇ ਮੁਕਾਬਲੇ ਉਤਪਾਦਨ ਕਰਨ ਵਾਲੇ ਮੁਲਕ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਬਹੁਤ ਘੱਟ ਹਨ। ਜ਼ਰਾ ਸੋਚੋ ਕਿ ਜੇ ਸਾਡੇ ਕੋਲ ਭਾਰਤ 'ਚ ਬਣੀ ਵੈਕਸੀਨ ਨਾ ਹੁੰਦੀ ਤਾਂ ਕੀ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਕੀ ਹੁੰਦਾ?''
- ਪੀਐੱਮ ਮੋਦੀ ਨੇ ਕਿਹਾ ਕਿ ਪਹਿਲਾਂ ਵਿਦੇਸ਼ਾਂ ਤੋਂ ਵੈਕਸੀਨ ਆਉਣ ਵਿੱਚ ਦਹਾਕੇ ਲੱਗ ਜਾਂਦੇ ਸਨ, ਹੁਣ ਸਾਡੇ ਦੇਸ਼ ਵਿੱਚ ਹੀ ਵੈਕਸੀਨ ਬਣੀ ਹੈ।
- ਭਾਰਤ ਦੇ ਇਤਿਹਾਸ ਵਿੱਚ ਕਦੇ ਵੀ ਇੰਨੀ ਮਾਤਰਾ ਵਿੱਚ ਮੈਡੀਕਲ ਆਕਸਜੀਨ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਇਸ ਲੋੜ ਨੂੰ ਪੂਰਾ ਕਰਨ ਲਈ ਜੰਗੀ ਪੱਧਰ ਉੱਤੇ ਕੰਮ ਕੀਤਾ ਗਿਆ।
- ਉਨ੍ਹਾਂ ਕਿਹਾ ਕਿ ਲੰਘੇ 100 ਸਾਲਾਂ ਵਿੱਚ ਆਈ ਇਹ ਸਭ ਤੋਂ ਵੱਡੀ ਮਹਾਂਮਾਰੀ ਤੇ ਤਰਾਸਦੀ ਹੈ।
- ਪੀਐੱਮ ਮੁਤਾਬਕ ਅੱਜ ਦੇਸ਼ ਵਿੱਚ 7 ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਕਸੀਨਜ਼ ਦਾ ਉਤਪਾਦਨ ਕਰ ਰਹੀਆਂ ਹਨ ਅਤੇ ਤਿੰਨ ਹੋਰ ਵੈਕਸੀਨਜ਼ ਦਾ ਟ੍ਰਾਇਲ ਵੀ ਐਡਵਾਂਸ ਸਟੇਜ ਵਿੱਚ ਚੱਲ ਰਿਹਾ ਹੈ।
- ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਦਿਖਾ ਦਿੱਤਾ ਕਿ ਭਾਰਤ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਅੱਜ ਦੇਸ਼ ਵਿੱਚ 23 ਕਰੋੜ ਤੋਂ ਜ਼ਿਆਦਾ ਵੈਕਸੀਨ ਦਿੱਤਾ ਜਾ ਚੁੱਕੀ ਹੈ।
- ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਵੈਕਸੀਨ ਦੇ ਖ਼ਦਸ਼ੇ ਪੈਦਾ ਕਰ ਰਹੇ ਹਨ, ਅਫ਼ਵਾਹਾਂ ਫ਼ੈਲਾ ਰਹੇ ਹਨ, ਉਹ ਭੋਲੇ-ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਅਜਿਹੀਆਂ ਅਫ਼ਵਾਹਾਂ ਤੋਂ ਅਲਰਟ ਰਹਿਣ ਦੀ ਲੋੜ ਹੈ।
- ਪੀਐੱਮ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਸਮੇਂ ਵਿੱਚ, ਸਰਕਾਰ ਗਰੀਬ ਦੀ ਹਰ ਲੋੜ ਦੇ ਨਾਲ ਉਸ ਦਾ ਸਾਥੀ ਬਣ ਕੇ ਖੜ੍ਹੀ ਹੈ। ਨਵੰਬਰ ਤੱਕ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹਰ ਮਹੀਨੇ ਤੈਅ ਮਾਤਰਾ ਵਿੱਚ ਮੁਫ਼ਤ ਅਨਾਜ ਦਿੱਤਾ ਜਾਵੇਗਾ।
- ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣ ਰਹੀ ਵੈਕਸੀਨ ਵਿੱਚੋਂ 25 ਫੀਸਦ ਨਿੱਜੀ ਸੈਕਟਰ ਦੇ ਹਸਪਤਾਲ ਸਿੱਧਾ ਲੈ ਸਕਣਗੇ ਤੇ ਇਹ ਵਿਵਸਥਾ ਜਾਰੀ ਰਹੇਗੀ। ਪ੍ਰਾਈਵੇਟ ਹਸਪਤਾਲ ਹਰ ਡੋਜ਼ ਉੱਤੇ ਵੱਧ ਤੋਂ ਵੱਧ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ ਤੇ ਇਸ ਦੀ ਨਿਗਰਾਨੀ ਦਾ ਕੰਮ ਸੂਬਾ ਸਰਕਾਰਾਂ ਕੋਲ ਹੋਵੇਗਾ।
ਪੰਜਾਬ 'ਚ ਦੁਕਾਨਾਂ ਹੁਣ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ, ਹੋਰ ਰਿਆਇਤਾਂ ਵੀ ਜਾਣੋ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਕੁਝ ਰਿਆਇਤਾਂ ਦਿੱਤੀਆਂ ਜਾਣਗੀਆਂ।
ਜਿਵੇਂ-ਜਿਵੇਂ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਹੇਠਾਂ ਜਾ ਰਹੀ ਹੈ, ਉਸੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਕੁਝ ਫ਼ੈਸਲੇ ਲਏ ਗਏ ਹਨ।
ਕੋਰੋਨਾਵਾਇਰਸ ਕਾਰਨ ਲੱਗੇ ਵੀਕੈਂਡ ਲੌਕਡਾਊਨ ਸਣੇ ਦੁਕਾਨਾਂ ਦੇ ਖੁੱਲ੍ਹਣ ਤੇ ਬੰਦ ਹੋਣ ਦੇ ਸਮੇਂ ਤੋਂ ਇਲਾਵਾ ਹੋਰ ਕਈ ਫ਼ੈਸਲੇ ਲਏ ਗਏ ਹਨ, 8 ਜੂਨ ਤੋਂ ਲਾਗੂ ਹੋਣ ਵਾਲੇ ਇਹ ਫ਼ੈਸਲੇ ਇਸ ਤਰ੍ਹਾਂ ਹਨ:
- ਹੁਣ ਦੁਕਾਨਾਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੀਆਂ
- ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਹੋਵੇਗਾ
- ਨਿੱਜੀ ਦਫ਼ਤਰ 50 ਫੀਸਦੀ ਸਮਰੱਥਾ ਨਾਲ ਕੰਮ ਕਰ ਸਕਣਗੇ
- ਵਿਆਹ ਜਾਂ ਸੰਸਕਾਰ ਉੱਤੇ 20 ਜਣਿਆ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ
- ਨੌਕਰੀਆਂ ਲਈ ਇਮਤਿਹਾਨ, ਖੇਡਾਂ ਦੀ ਟ੍ਰੇਨਿੰਗ ਆਦਿ ਵੀ ਸ਼ੁਰੂ ਹੋਣਗੇ
ਇਨ੍ਹਾਂ ਸਾਰੇ ਨਵੇਂ ਫ਼ੈਸਲਿਆਂ ਤਹਿਤ ਸੁਰੱਖਿਆ ਪ੍ਰੋਟੋਕੋਲ ਮੰਨਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ ਅਗਲੇ ਹਫ਼ਤੇ ਤੋਂ ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ।
ਕੋਰੋਨਾ ਵੈਕਸੀਨ ਮੁੱਦੇ 'ਤੇ ਸੁਖਬੀਰ ਨੇ CM ਨੂੰ ਘੇਰਿਆ, 'ਨਾਮ ਨਾਲੋਂ ਕੈਪਟਨ ਹਟਾ ਦਿਓ'
ਮੁਹਾਲੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਦੇ ਕਈ ਆਗੂ ਨਜ਼ਰ ਆਏ।
ਸੁਖਬੀਰ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਵਿੱਚ ਆਏ 30 ਸਾਲ ਹੋ ਗਏ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਘੁਟਾਲੇ ਦੇਖੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਸਿਆਸਤਦਾਨਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕੀਤੀ।
ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਆਪਣੇ ਨਾਮ ਨਾਲੋਂ ਕੈਪਟਨ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਹੋ ਜਿਹੇ ਫੌਜੀ ਹਨ ਕਿ ਘਰ ਵਿੱਚ ਬੈਠੇ ਹਨ।
ਪੰਜਾਬ ਵਿੱਚ ਕੋਰੋਨਾ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਨੂੰ ਦੇਣ ਦਾ ਫ਼ੈਸਲਾ ਅਤੇ ਬਾਅਦ ਵਿੱਚ ਇਸ ਫ਼ੈਸਲੇ ਨੂੰ ਮੁੜ ਵਾਪਸ ਲੈਣ ਕਰਕੇ ਸਿਆਸਤ ਭਖੀ ਹੋਈ ਹੈ।
ਇਸੇ ਸਿਲਸਿਲੇ ਤਹਿਤ ਸੁਖਬੀਰ ਮੁਖ਼ਾਤਬ ਸਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੈਕਸੀਨ ਦੇ ਨਾਮ ਉੱਤੇ ਪੈਸੇ ਕਮਾਉਣ ਲੱਗੀ ਹੋਈ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੁਫ਼ਤ ਵੈਕਸੀਨ ਲਗਾ ਰਹੀ ਹੈ।
ਹਾਲਾਂਕਿ, ਪੰਜਾਬ ਸਰਕਾਰ ਨੇ ਤੁਰੰਤ ਨਿੱਜੀ ਹਸਪਤਾਲਾਂ ਨੂੰ ਦਿੱਤੀ ਵੈਕਸੀਨ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਹੈ ਅਤੇ ਨਾਲ ਹੀ ਇਸ ਨੂੰ ਇੱਕ 'ਭੁੱਲ' ਦੱਸਿਆ ਹੈ ਪਰ ਇਸ ਦੇ ਬਾਵਜੂਦ ਵੀ ਵਿਰੋਧੀ ਧਿਰ ਇਸ ਮੁੱਦੇ ਉੱਤੇ ਸਿਹਤ ਮੰਤਰੀ ਦੇ ਅਸਤੀਫ਼ੇ ਦੇ ਨਾਲ-ਨਾਲ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਿਹਾ ਹੈ।
ਬੀਤੇ ਦਿਨੀਂ ਆਮ ਆਦਮੀ ਨੇ ਵੀ ਸਰਕਾਰ ਦੇ ਕੋਰੋਨਾ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕੀਤਾ ਸੀ।
ਦਿਲੀਪ ਕੁਮਾਰ ਆਕਸੀਜਨ ਸਪੋਰਸਟ 'ਤੇ ਹਾਲਤ ਸਥਿਰ ਬਣੀ ਹੋਈ
ਤਬੀਅਤ ਖ਼ਰਾਬ ਹੋਣ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਾ ਰਹੇ ਫਿਲਮ ਅਦਾਕਾਰ ਦਿਲੀਪ ਕੁਮਾਰ ਦੀ ਤਬੀਅਤ ਸਥਿਰ ਹੈ ਅਤੇ ਉਹ ਆਕਸੀਜਨ ਸਪਰੋਟਸ 'ਤੇ ਹਨ।
ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਦੁਪਹਿਰੇ ਪੌਣੇ 12 ਵਜੇ ਕਰੀਬ ਜਾਣਕਾਰੀ ਦਿੱਤੀ ਗਈ ਕਿ ਉਹ ਵੈਂਟੀਲੇਟਰ 'ਤੇ ਨਹੀਂ ਹਨ ਬਲਕਿ ਆਕਸੀਜਨ ਸਪੋਰਟਸ 'ਤੇ ਹਨ।
ਦਿਲੀਪ ਕੁਮਾਰ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੇ ਕੁਝ ਟੈਸਟ ਹੋਣੇ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਚੈਸਟ ਸਪੈਸ਼ਲਿਸਟ ਡਾਕਟਰ ਪਾਰਕਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
ਦਿਲੀਪ ਕੁਮਾਰ ਦੇ ਕਰੀਬੀ ਬਸ਼ੀਰ ਕੋਲੋਂਬੋਵਾਲਾ ਨੇ ਐਤਵਾਰ ਨੂੰ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰਿਆ ਸੋਗਲੇ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸਵੇਰੇ ਸਾਢੇ 8 ਵਜੇ ਦੇ ਕਰੀਬ ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਸੀ, "ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਇਸ ਲਈ ਉਨ੍ਹਾਂ ਨੂੰ ਹਸਪਤਾਲ ਲੈ ਗਏ। ਫਿਲਹਾਲ ਚਿੰਤਾ ਦੀ ਕੋਈ ਗੱਲ ਨਹੀਂ ਹੈ। ਪਰ ਉਨ੍ਹਾਂ ਦੀ ਉਮਰ ਵਧੇਰੇ ਹੈ ਅਤੇ ਅਸੀਂ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ, ਇਸ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।"
ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਸੁਪ੍ਰਿਆ ਸੋਗਲੇ ਨੂੰ ਦੱਸਿਆ ਹੈ ਕਿ ਰੂਟੀਨ ਜਾਂਚ ਅਤੇ ਇਲਾਜ ਲਈ ਦਿਲੀਪ ਕੁਮਾਰ ਨੂੰ ਨੌਨ-ਕੋਵਿਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਟੋਹਾਣਾ: ਗ੍ਰਿ਼ਫ਼ਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਕੀਤਾ ਰਿਹਾਅ
ਇੱਕ ਜੂਨ ਨੂੰ ਹਰਿਆਣਾ ਦੇ ਟੋਹਾਨਾ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, "ਅਸੀਂ ਫ਼ੈਸਲਾ ਲਿਆ ਹੈ ਕਿ ਹੁਣ ਟੋਹਾਣਾ ਪੁਲਿਸ ਸਟੇਸ਼ਨ ਦਾ ਘਿਰਾਓ ਇੱਥੇ ਬੰਦ ਕਰਦੇ ਹਾਂ। ਇੱਕ ਹੋਰ ਵਿਅਕਤੀ ਜੇਲ੍ਹ ਵਿੱਚ ਅਤੇ ਉਸ ਨੂੰ ਛੁਡਾਉਣ ਲਈ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ।
IMA ਨੇ ਪ੍ਰਧਾਨ ਮੰਤਰੀ ਨੂੰ ਲਿਖਿਆ, ਕਿਹਾ ਗ਼ਲਤ ਫਹਿਮੀ ਫੈਲਾਉਣ ਵਾਲੇ ਨੂੰ ਮਿਲੇ ਸਖ਼ਤ ਸਜ਼ਾ
ਖ਼ਬਰ ਏਜੰਸੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨਿ ਆਈਐੱਮਏ ਨੇ ਡਾਕਟਰਾਂ ਲਈ ਡਰ ਦਾ ਮਾਹੌਲ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ ਹੈ।
ਆਈਐੱਮਏ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀਆਂ ਚਲਦੀਆਂ ਆ ਰਹੀਆਂ ਪਟੀਸ਼ਨਾਂ ਦੇ ਹੱਲ ਕਰਨ ਦੇ ਨਾਲ ਹੀ ਮੈਡੀਕਲ ਪੇਸ਼ੇਵਰਾਂ ਲਈ ਮਿੱਤਰਤਾ ਭਰਿਆ ਮਾਹੌਲ ਸੁਨਿਸ਼ਚਿਤ ਕਰਨ ਤਾਂ ਜੋ ਬਿਨਾਂ ਕਿਸੇ ਡਰ ਦੇ ਕੰਮ ਕਰ ਸਕੀਏ।
ਇਹ ਵੀ ਪੜ੍ਹੋ: