You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ’ਚ ਹਿੱਸਾ ਲੈ ਰਹੇ 6 ਵਿਅਕਤੀਆਂ ’ਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਪਿਛਲੇ 5 ਮਹੀਨੇ ਤੋਂ ਦਿੱਲੀ-ਹਰਿਆਣਾ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ ਉੱਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ ਉੱਤੇ ਸਮੂਹਿਕ ਬਲਾਤਕਾਰ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਬਹਾਦਰਗੜ੍ਹ ਪੁਲਿਸ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਮੁਤਾਬਕ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਫ਼ਆਈਆਰ ਮੁਤਾਬਤ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਦੋ ਔਰਤਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਇਹ ਸਾਰੇ ਜਣੇ ਟਿਕਰੀ ਬਾਰਡਰ ਉੱਤੇ ਕਿਸਾਨ ਸੋਸ਼ਲ ਆਰਮੀ ਦੇ ਬੈਨਰ ਹੇਠ ਇੱਕ ਟੈਂਟ ਵਿਚ ਰਹਿ ਰਹੇ ਸਨ।
ਕੀ ਕਹਿੰਦੀ ਹੈ ਐਫਆਈਆਰ
ਐਫ਼ਆਈਆਰ ਮੁਤਾਬਕ ਇੱਕ ਅਪ੍ਰੈਲ ਨੂੰ ਕਿਸਾਨਾਂ ਦਾ ਇੱਕ ਵਫ਼ਦ ਜਿਸ ਵਿਚ ਮੁਲਜ਼ਮ ਵੀ ਸ਼ਾਮਲ ਸਨ, ਰੈਲੀ ਕਰਨ ਲਈ ਹੁਗਲੀ ਗਿਆ ਸੀ। ਪੀੜਤਾ ਜੋ ਕਿ ਇੱਕ ਕਲਾਕਾਰ ਅਤੇ ਡਿਜ਼ਾਇਨਰ ਸੀ, ਉਸ ਦਾ ਇਨ੍ਹਾਂ ਨਾਲ ਉੱਥੇ ਹੀ ਸੰਪਰਕ ਹੋਇਆ ਸੀ।
ਇਸ ਕੁੜੀ ਨੇ ਆਪਣੇ ਘਰਦਿਆਂ ਨੂੰ ਕਿਸਾਨ ਅੰਦੋਲਨ ਦੇ ਹੱਕ ਵਿਚ ਦਿੱਲੀ ਧਰਨੇ ਵਿਚ ਆਉਣ ਲਈ ਮਨਾ ਲਿਆ, 11 ਅਪ੍ਰੈਲ ਨੂੰ ਚੱਲਦੀ ਟਰੇਨ ਵਿਚ ਅਨਿਲ ਮਲਿਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਉਸ ਦਾ ਵਿਰੋਧ ਕੀਤਾ ਅਤੇ ਆਪਣੇ ਤੋਂ ਦੂਰ ਕਰ ਦਿੱਤਾ।
ਐਫਆਈਆਰ ਵਿਚ ਅੱਗੇ ਲਿਖਿਆ ਗਿਆ ਹੈ ਕਿ 12 ਅਪ੍ਰੈਲ ਨੂੰ ਵਫ਼ਦ ਵਾਪਸ ਦਿੱਲੀ ਪਹੁੰਚ ਗਿਆ ਅਤੇ ਪੀੜਤਾਂ ਮੁਲਜਮਾਂ ਨਾਲ ਹੀ ਉਨ੍ਹਾਂ ਦੇ ਟੈਂਟ ਵਿਚ ਰਹਿ ਗਈ ਕਿਉਂ ਕਿ ਉਹ ਸ਼ਹਿਰ ਵਿਚ ਹੋਰ ਕਿਸੇ ਨੂੰ ਜਾਣਦੀ ਨਹੀਂ ਸੀ।
ਐਫ਼ਆਈਆਰ ਮੁਤਾਬਕ ਕੁੜੀ ਨੇ ਆਪਣੇ ਪਿਤਾ ਨੂੰ ਫੋਨ ਉੱਤੇ ਦੱਸਿਆ ਕਿ ਮੁਲਜ਼ਮਾਂ ਦਾ ਉਸ ਪ੍ਰਤੀ ਰਵੱਈਆ ਠੀਕ ਨਹੀਂ ਸੀ ਅਤੇ ਉਹ ਉਸ ਨਾਲ ਧੱਕਾ ਅਤੇ ਬਲੈਕਮੇਲਿੰਗ ਕਰ ਰਹੇ ਸਨ।
ਇਹ ਮਾਮਲਾ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਦਾ ਵੀਡੀਓ ਬਿਆਨ ਦਰਜ ਕੀਤਾ ਗਿਆ ਅਤੇ ਉਸ ਦਾ ਟੈਂਟ ਔਰਤ ਅੰਦੋਲਨਾਕਾਰੀਆਂ ਨਾਲ ਸ਼ਿਫਟ ਕਰ ਦਿੱਤਾ ਗਿਆ।
ਐਫਆਈਆਰ ਮੁਤਾਬਕ 21 ਅਪ੍ਰੈਲ ਨੂੰ ਪੀੜਤ ਕੁੜੀ ਨੂੰ ਬੁਖ਼ਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦਾ ਕੋਰੋਨਾਵਾਇਰਸ ਟੈਸਟ ਪੌਜਿਟਿਵ ਆਇਆ, ਜਦੋਂ ਉਸ ਦੇ ਪਿਤਾ ਦਿੱਲੀ ਹਸਪਲਤਾਲ ਵਿਚ ਉਸ ਕੋਲ ਆਏ ਤਾਂ ਕੁੜੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਟਰੇਨ ਵਿਚ ਅਤੇ ਫਿਰ ਟੈਂਟ ਵਿੱਚ ਬਲਾਤਕਾਰ ਕੀਤਾ ਗਿਆ।
ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨ ਅੰਦੋਲਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਇਸ ਕੁੜੀ ਦਾ 30 ਅਪ੍ਰੈਲ ਨੂੰ ਇਲਾਜ ਦੌਰਾਨ ਹੀ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ।
ਬਹਾਦਰਗੜ੍ਹ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ 4 ਜਣਿਆਂ ਖ਼ਿਲਾਫ਼ ਬਾਇਨੇਮ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਅਨਿਲ ਮਲਿਕ ਅਤੇ ਅਨੂਪ ਸਿੰਘ ਸ਼ਾਮਲ ਹਨ।
ਮਾਮਲੇ ਦੀ ਜਾਂਚ ਲਈ ਪੁਲਿਸ ਨੇ ਡੀਐੱਸਪੀ ਦੀ ਅਗਵਾਈ ਵਿਚ ਤਿੰਨ ਇੰਸਪੈਕਸਟਰ ਦੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੈ।
ਸੰਯੁਕਤ ਮੋਰਚੇ ਦਾ ਪੱਖ
ਇਸ ਕੇਸ ਬਾਬਤ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਕਿਸਾਨਾਂ ਨੇ ਆਪ ਜਾਂਚ ਕੀਤੀ ਅਤੇ ਮੁੱਢਲੀ ਜਾਂਚ ਵਿਚ ਪੀੜਤਾ ਦੇ ਇਲਜ਼ਾਮ ਸੱਚ ਲੱਗੇ। ਜਿਸ ਤੋਂ ਬਾਅਦ ਮੁਲਜ਼ਮਾਂ ਦਾ ਅੰਦੋਲਨ ਵਿਚੋਂ ਟੈੱਟ ਚੁਕਵਾ ਦਿੱਤਾ ਗਿਆ ਅਤੇ ਮੁਲਜ਼ਮਾਂ ਖ਼ਿਲਾਫ਼ ਐੱਫ਼ਆਈਆਰ ਕਰਵਾਈ ਗਈ।
ਸੰਯੁਕਤ ਕਿਸਾਨ ਮੋਰਚਾ ਪੀੜਤ ਕੁੜੀ ਦੇ ਪਰਿਵਾਰ ਨਾਲ ਖੜਾ ਹੈ। ਕਿਸੇ ਨੂੰ ਵੀ ਔਰਤਾਂ ਨਾਲ ਮਾੜਾ ਵਰਤਾਅ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਇਸ ਕੇਸ ਵਿਚ ਪੀੜਤਾ ਨੂੰ ਇਨਸਾਫ਼ ਦੁਆਉਣ ਲਈ ਸੰਯੁਕਤ ਕਿਸਾਨ ਮੋਰਚਾ ਪਰਿਵਾਰ ਨੂੰ ਹਰ ਸੰਭਵ ਮਦਦ ਮਹੁੱਈਆ ਕਰਵਾਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ: