ਅਫ਼ਗਾਨਿਸਤਾਨ ਵਿੱਚ ਸਕੂਲ ਦੇ ਬਾਹਰ ਧਮਾਕਾ: 'ਇੱਕ ਔਰਤ ਲਾਸ਼ਾਂ ਵਿੱਚ ਆਪਣੀ ਧੀ ਦੀ ਭਾਲ ਕਰ ਰਹੀ ਸੀ'

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸਕੂਲ ਦੇ ਬਾਹਰ ਹੋਏ ਇੱਕ ਧਮਾਕੇ ਵਿੱਚ ਘੱਟੋ-ਘੱਟ 50 ਮੌਤਾਂ ਹੋ ਗਈਆਂ ਹਨ ਜਦਕਿ 100 ਤੋਂ ਵਧੇਰੇ ਲੋਕ ਜ਼ਖ਼ਮੀ ਹਨ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਅਫ਼ਗ਼ਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰਿਆਨ ਨੇ ਕਿਹਾ," ਦੁੱਖ ਦੀ ਗੱਲ ਹੈ ਕਿ 30 ਲੋਕਾਂ ਦੀ ਮੌਤ ਹੋ ਗਈ ਹੈ।"

ਇਹ ਵੀ ਪੜ੍ਹੋ:

ਉੱਥੇ ਹੀ ਖ਼ਬਰ ਏਜੰਸੀ ਰਾਇਟਰਜ਼ ਨੇ ਸਿਹਤ ਮੰਤਰਾਲਾ ਦੇ ਬੁਲਾਰੇ ਗ਼ੁਲਆਮ ਦਸਤਗੀਰ ਨਾਜ਼ਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ 46 ਜਣਿਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਧਮਾਕਾ ਕਾਬੁਲ ਦੇ ਪੱਛਮ ਵਿੱਚ ਸਥਿਤ ਦਸ਼ਤ-ਏ-ਬਾਰਚੀ ਦੇ ਇੱਕ ਸਕੂਲ ਦੇ ਬਾਹਰ ਹੋਇਆ ਜਿੱਥੇ ਵਿਦਿਆਰਥੀ ਮੌਜੂਦ ਸਨ।

ਏਐੱਫ਼ਪੀ ਮੁਤਾਬਕ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਆਮ ਲੋਕ ਵੀ ਨਜ਼ਦੀਕੀ ਬਜ਼ਾਰ ਵਿੱਚ ਈਦ-ਉਲ-ਫਿਤਰ ਲਈ ਖ਼ਰੀਦੋ-ਫਰੋਖ਼ਤ ਕਰਨ ਨਿਕਲੇ ਹੋਏ ਸਨ।

ਈਦ-ਉਲ-ਫ਼ਿਤਰ ਹਿਜਰੀ ਕੈਲੰਡਰ ਦੇ ਰਮਜ਼ਾਨ ਮਹੀਨੇ ਦੇ ਖ਼ਤਮ ਹੋਣ 'ਤੇ ਮਨਾਈ ਜਾਂਦੀ ਹੈ।

ਇਸ ਇਲਾਕੇ ਵਿੱਚ ਸ਼ੀਆ ਹਜ਼ਰਾ ਭਾਈਚਾਰੇ ਦੀ ਵੱਡੀ ਆਬਾਦੀ ਰਹਿੰਦੀ ਹੈ ਅਤੇ ਹਾਲ ਦੇ ਸਾਲਾਂ ਵਿੱਚ ਇਹ ਭਾਈਚਾਰਾ ਕਥਿਤ ਇਸਲਾਮੀ ਕੱਟੜਪੰਥੀ ਸਮੂਹ ਇਸਲਾਮਿਕ ਸਟੇਟ ਦੇ ਨਿਸ਼ਾਨੇ 'ਤੇ ਰਿਹਾ ਹੈ।

ਸਥਾਨਕ ਮੀਡੀਆ ਵਿੱਚ ਆ ਰਹੀਆਂ ਖ਼ਬਰ ਦੇ ਮੁਤਾਬਕ ਇੱਥੇ ਮੌਜੂਦ ਸਕੈਡੰਰੀ ਸਕੂਲ ਦੇ ਕੋਲ ਧਮਾਕੇ ਦੀ ਤੇਜ਼ ਅਵਾਜ਼ ਸੁਣੀ ਗਈ ਹੈ।

ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਵਿਦਿਆਰਥੀ ਸਕੂਲ ਤੋਂ ਆ ਰਹੇ ਸਨ।

ਚਸ਼ਮਦੀਦਾਂ ਨੇ ਕੀ ਦੇਖਿਆ

ਕਈ ਚਸ਼ਮਦੀਦਾਂ ਨੇ ਤਿੰਨ ਵੱਖੋ-ਵੱਖ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ। ਇਨ੍ਹਾਂ ਵਿੱਚੋਂ ਇੱਕ ਔਰਤ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਉਨ੍ਹਾਂ ਨੇ ਖੂਨ ਵਿੱਚ ਲਥਪਥ ਲਾਸ਼ਾਂ ਦੇਖੀਆਂ ਸਨ।

ਰੇਜ਼ਾ ਨਾਂਅ ਦੀ ਔਰਤ ਨੇ ਦੱਸਿਆ,"ਮੈਂ ਦੇਖਿਆ ਇੱਕ ਔਰਤ ਲਾਸ਼ਾਂ ਦੇਖ ਰਹੀ ਸੀ ਅਤੇ ਆਪਣੀ ਧੀ ਦੀ ਭਾਲ ਕਰ ਰਹੀ ਸੀ। ਆਖ਼ਰ ਉਸ ਨੂੰ ਆਪਣੀ ਧੀ ਦਾ ਖੂਨ ਨਾਲ ਲਿਬੜਿਆ ਪਰਸ ਮਿਲਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਈ।"

ਅਮਰੀਕਾ ਨੇ ਇਸ ਇਸ 'ਵਹਿਸ਼ੀ ਹਮਲੇ' ਦੀ ਨਿੰਦਾ ਕੀਤੀ ਹੈ।

"ਅਸੀਂ ਹਿੰਸਾ ਅੰਤ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਫ਼ੌਰੀ ਅੰਤ ਦੀ ਮੰਗ ਕਰਦੇ ਹਾਂ।"

ਅਫ਼ਗ਼ਾਨਿਸਤਾਨ ਵਿੱਚ ਯੂਰਪੀ ਯੂਨੀਅਨ ਦੇ ਮਿਸ਼ਨ ਨੇ ਟਵਿੱਟਰ ਤੇ ਲਿਖਿਆ," ਕੁੜੀਆਂ ਦੇ ਸਕੂਲ ਵਿੱਚ ਵਿਦਿਆਰਥੀਆਂ ਤੇ ਬਣਾਇਆ ਗਿਆ ਨਿਸ਼ਾਨਾ ਅਫ਼ਗਾਨਿਸਤਾਨ ਦੇ ਭਵਿੱਖ ਉੱਪਰ ਇੱਕ ਹਮਲਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)