ਮੋਦੀ ਸਰਕਾਰ ਨੂੰ ਕੋਰੋਨਾ ਨਾਲ ਨਜਿੱਠਣ 'ਚ ਹੋਈਆਂ ਗਲਤੀਆਂ ਮੰਨ ਲੈਣੀਆਂ ਚਾਹੀਦੀਆਂ ਹਨ - ਲਾਂਸੇਟ

ਦੁਨੀਆਂ ਦੇ ਮੰਨੇ ਪਰਮੰਨੇ ਮੈਡੀਕਲ ਤੇ ਸਾਈਂਸ ਜਰਨਲ ਲਾਂਸੇਟ ਨੇ ਆਪਣੇ ਸੰਪਾਦਕੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਕੋਵਿਡ ਦੇ ਕਹਿਰ 'ਤੇ ਕਾਬੂ ਨਾ ਕਰਨ ਦੀ ਆਲੋਚਨਾ ਕੀਤੀ ਹੈ।

ਆਪਣੇ ਸੰਪਾਦਕੀ ਵਿੱਚ ਲਾਂਸੇਟ ਨੇ ਲਿਖਿਆ ਹੈ ਕਿ ਭਾਰਤ ਦੇ ਦ੍ਰਿਸ਼ ਪਰੇਸ਼ਾਨ ਕਰਨ ਵਾਲੇ ਹਨ। ਕੋਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ 3 ਲੱਖ ਤੋਂ ਉੱਤੇ ਕੋਰੋਨਾ ਕੇਸ ਆ ਰਹੇ ਹਨ।

ਇਹ ਵੀ ਪੜ੍ਹੋ:

ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਹਸਪਤਾਲ ਭਰੇ ਪਏ ਹਨ ਅਤੇ ਸਿਹਤ ਕਰਮਚਾਰੀ ਬੇਵੱਸ ਹੋਏ ਪਏ ਹਨ ਤੇ ਉਨ੍ਹਾਂ ਨੂੰ ਵੀ ਲਾਗ ਲੱਗ ਰਹੀ ਹੈ।

ਸੋਸ਼ਲ ਮੀਡੀਆ ਉੱਤੇ ਵੀ ਆਮ ਲੋਕਾਂ ਤੋਂ ਲੈ ਕੇ ਡਾਕਟਰ ਤੱਕ ਪਰੇਸ਼ਾਨ ਨਜ਼ਰ ਆ ਰਹੇ ਹਨ। ਇਨ੍ਹਾਂ ਵੱਲੋਂ ਆਕਸੀਜਨ, ਬੈੱਡ ਅਤੇ ਹੋਰ ਮੈਡੀਕਲ ਜ਼ਰੂਰਤਾਂ ਦੀ ਭਾਲ ਜਾਰੀ ਹੈ।

ਮਾਰਚ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਵਧਣ ਤੋਂ ਪਹਿਲਾਂ ਭਾਰਤ ਦੇ ਸਿਹਤ ਮੰਤਰੀ ਹਸ਼ਵਰਧਨ ਨੇ ਇਹ ਐਲਾਨ ਕਰ ਦਿੱਤਾ ਕਿ ਭਾਰਤ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਵੱਲ ਹੈ।

ਹਾਲਾਂਕਿ ਦੂਜੀ ਲਹਿਰ ਦੇ ਖ਼ਤਰਿਆਂ ਬਾਰੇ ਚਿਤਾਵਨੀਆਂ ਦਿੱਤੀਆਂ ਗਈਆਂ ਸਨ ਪਰ ਭਾਰਤ ਸਰਕਾਰ ਵੱਲੋਂ ਇਹ ਦਰਸ਼ਾਇਆ ਗਿਆ ਕਿ ਭਾਰਤ ਨੇ ਕੁਝ ਮਹੀਨਿਆਂ ਵਿੱਚ ਘੱਟ ਕੇਸਾਂ ਕਾਰਨ ਕੋਵਿਡ-19 ਨੂੰ ਹਰਾ ਦਿੱਤਾ ਹੈ।

ਲਾਂਸੇਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਮਹਾਂਮਾਰੀ ਉੱਤੇ ਕਾਬੂ ਪਾਉਣ ਦੀ ਥਾਂ ਟਵਿੱਟਰ ਉੱਤੇ ਹੋ ਰਹੀ ਆਲੋਚਨਾ ਹਟਾਉਣ 'ਚ ਲੱਗੀ ਰਹੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸੂਪਰ ਸਪ੍ਰੈਡਰ ਪ੍ਰੋਗਰਾਮਾਂ ਦੇ ਰਿਸਕ ਬਾਬਤ ਚਿਤਾਵਨੀਆਂ ਦੇ ਬਾਵਜੂਦ ਸਰਕਾਰ ਨੇ ਧਾਰਮਿਕ ਇਕੱਠ ਦੀ ਇਜਾਜ਼ਤ ਦਿੱਤੀ, ਇਸ ਤੋਂ ਇਲਾਵਾ ਸਿਆਸੀ ਰੈਲੀਆਂ ਵੀ ਹੋਈਆਂ।

ਸੁਰੂਆਤ ਵਿੱਚ ਇਹ ਸੁਨੇਹਾ ਦੇਣਾ ਕਿ ਕੋਵਿਡ-19 ਖ਼ਤਮ ਹੋ ਗਿਆ ਹੈ, ਇਸ ਨਾਲ ਕੋਵਿਡ ਵੈਕਸੀਨ ਮੁਹਿੰਮ ਵੀ ਹੌਲੀ ਸ਼ੁਰੂ ਹੋਈ, ਇਸ ਲਈ ਕੁੱਲ ਆਬਾਦੀ ਦੇ 2 ਫੀਸਦ ਤੋਂ ਵੀ ਘੱਟ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ।

ਲਾਂਸੇਟ ਦੀ ਸੰਪਾਦਕੀ ਵਿੱਚ ਇਹ ਵੀ ਲਿਖਿਆ ਗਿਆ ਹੈ ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ ਨੇ ਸੀਰੋ ਸਰਵੇਅ ਵਿੱਚ ਜਨਵਰੀ 'ਚ ਦੱਸਿਆ ਸੀ ਕਿ ਸਿਰਫ਼ 21 ਫੀਸਦੀ ਆਬਾਦੀ ਕੋਰੋਨਾ ਖ਼ਿਲਾਫ਼ ਐਂਟੀ ਬੌਡੀ ਵਿਕਸਿਤ ਕਰ ਸਕੀ ਸੀ।

ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਸੂਬਿਆਂ ਨਾਲ ਚਰਚਾ ਕੀਤੇ ਬਗੈਰ ਹੀ ਨੀਤੀ ਵਿੱਚ ਬਦਲਾਅ ਕੀਤਾ, ਜਿਸ ਨਾਲ ਵੱਡੇ ਪੱਧਰ ਉੱਤੇ ਭਰਮ ਪੈਦਾ ਹੋਇਆ।

ਲਾਂਸੇਟ ਨੇ ਸੰਪਾਦਕੀ ਵਿੱਚ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਸਥਾਨਕ ਅਤੇ ਪ੍ਰਾਥਮਿਕ ਸਿਹਤ ਸੰਭਾਲ ਕੇਂਦਰਾਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਆਪਣੇ ਭਾਈਚਾਰਿਆਂ ਨੂੰ ਬਿਹਤਰ ਜਾਣਦੇ ਹਨ ਅਤੇ ਟੀਕਾਕਰਨ ਲਈ ਇੱਕੋ ਤਰ੍ਹਾਂ ਦੀ ਵੰਡ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ।

ਸੰਪਾਦਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਸ਼ੁਰੂ ਵਿੱਚ ਮਿਲੀ ਸਫਲਤਾ ਨੂੰ ਗੁਆ ਲਿਆ। ਇਸ ਦੇ ਨਾਲ ਕਿਹਾ ਗਿਆ ਹੈ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਤਾਂ ਹੀ ਸਫਲਤਾ ਮਿਲੇਗੀ ਜੇ ਸਰਕਾਰ ਆਪਣੀਆਂ ਗਲਤੀਆਂ ਨੂੰ ਮੰਨ ਲੈਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)