ਸਿੰਗਾਪੁਰ ਵਿੱਚ 41 ਸਾਲਾ ਪੰਜਾਬਣ ਨੂੰ ਇਸ ਗੱਲੋਂ ਹੋਈ ਕੈਦ ਤੇ ਲੱਗਿਆ ਜ਼ੁਰਮਾਨਾ -ਪ੍ਰੈੱਸ ਰਿਵੀਊ

ਸਿੰਗਾਪੁਰ ਵਿੱਚ ਭਾਰਤੀ ਮੂਲ ਦੀ ਇੱਕ 41 ਸਾਲਾ ਪੰਜਾਬੀ ਔਰਤ ਨੂੰ ਮਾਸਕ ਨਾਲ ਪਾਉਣ ਬਦਲੇ ਜੇਲ੍ਹ ਭੇਜਿਆ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਰਮਜੀਤ ਕੌਰ ਨਾਮਕ ਇਸ ਔਰਤ ਨੂੰ ਦੋ ਹਫ਼ਤਿਆਂ ਦੀ ਜੇਲ੍ਹ ਦੇ ਨਾਲ ਹੀ ਦੋ ਹਜ਼ਾਰ ਸਿੰਗਾਪੁਰ ਡਾਲਰ ਯਾਨਿ ਕਿ ਭਾਰਤੀ ਕਰੰਸੀ ਵਿੱਚ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਬਿਨਾਂ ਮਾਸਕ ਦੇ ਆਪਣੇ ਘਰ ਦੇ ਬਾਹਰ ਘੁੰਮ ਰਹੇ ਸਨ। ਉਨ੍ਹਾਂ ਉੱਪਰ ਜ਼ਿਲ੍ਹਾ ਜੱਜ ਨੇ ਪੰਜ ਹੋਰ ਇਲਜ਼ਾਮ ਤੈਅ ਕੀਤੇ-ਪਹਿਲਾ-ਕੋਵਿਡ-19 ਹਦਾਇਤਾਂ ਦੀ ਉਲੰਘਣਾ, ਆਪਣੀ ਰਿਹਾਇਸ਼ ਬਦਲਣ ਬਾਰੇ ਸੂਚਿਤ ਨਾ ਕਰਨਾ ਅਤੇ ਪੁਲਿਸ ਥਾਣੇ ਵਿੱਚ ਬਿਆਨ ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਨਾ, ਨੱਕ-ਮੂੰਹ ਨਾ ਢਕਣਾ ਅਤੇ ਜਨਤਕ ਤੌਰ ਤੇ ਡਰਾਮਾ ਖੜ੍ਹਾ ਕਰਨਾ।

ਇਹ ਵੀ ਪੜ੍ਹੋ:

ਆਕਸੀਜਨ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਨੂੰ ਇੰਝ ਝਾੜਿਆ

ਅਦਾਲਤ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਜਾਨਾਂ ਬਚਾਉਣ ਲਈ ਉਹ ਆਕਸੀਜਨ ਦੀ ਸਪਲਾਈ ਨੂੰ ਠੀਕ ਕਰੇ। ਅਦਾਲਤ ਨੇ ਕਿਹਾ ਕਿ ਸਥਿਤੀ ਗਭੀਰ ਹੈ ਅਤੇ ਕੇਂਦਰ ਸਰਕਾਰ ਦਾ ਫੌਰੀ ਧਿਆਨ ਮੰਗਦੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਇਹ ਟਿੱਪਣੀਆਂ ਕੀਤੀਆਂ ਜਦੋਂ ਐਮੀਕਸ ਕਿਊਰੀ ਵਕੀਲ ਰੁਪਿੰਦਰ ਖੋਸਲਾ, ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਆਕਸੀਜਨ ਦੀ ਕਮੀ ਲਈ ਕੇਂਦਰ ਸਰਕਾਰ ਉੱਪਰ ਹਮਲਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨਜ਼ਦੀਕੀ ਪਲਾਂਟਾਂ ਤੋਂ ਪੂਰੀ ਕਰਨ ਦੀ ਥਾਂ ਦੂਰ-ਦੁਰਾਡੇ ਦੇ ਪਲਾਂਟਾਂ ਤੋਂ ਸਪਲਾਈ ਭੇਜ ਕੇ ਕਮੀ ਪੂਰੀ ਕੀਤੀ ਜਾ ਰਹੀ ਹੈ।

ਹਰਿਆਣਾ ਦਾ ਐਡਵੋਕੇਟ ਜਨਰਲ ਨੇ ਕਿਹਾ ਕਿ ਇਸ ਵਜ੍ਹਾ ਨਾਲ ਸੂਬੇ ਵਿੱਚ ਕਈ ਜਾਨਾਂ ਗਈਆਂ ਹਨ।

ਇਸ ਤੇ ਅਦਾਲਤ ਨੇ ਕਿਹਾ ਕਿ ਇਨ੍ਹਾਂ "ਤਿੰਨਾਂ ਦੀਆਂ ਗੱਲਾਂ ਤੋਂ ਲਗਦਾ ਹੈ ਕਿ ਇਨ੍ਹਾਂ ਤਿੰਨਾ ਸੂਬਿਆਂ ਦੇ ਵਾਸੀ ਕਿਸੇ ਊਣੇ ਰੱਬ ਦੀ ਉਲਾਦ ਹੋਣ... ਤੁਸੀਂ (ਕੇਂਦਰ) ਮੂਕ ਦਰਸ਼ਕ ਕਿਉਂ ਬਣੇ ਬੈਠੇ ਹੋ ਅਤੇ ਤੁਹਾਨੂੰ ਇੰਨੀਆਂ ਸਾਰੀਆਂ ਅਦਾਲਤਾਂ ਤੋਂ ਨਿਰਦੇਸ਼ ਕਿਉਂ ਚਾਹੀਦੇ ਹਨ?''

''ਸਾਡੇ ਸਮਝ ਨਹੀਂ ਆਉਂਦੀ। ਕੀ ਇਸ ਬਾਰੇ ਕੋਈ ਰਣਨੀਤੀ ਹੈ ਜਾਂ ਇਸ ਨੂੰ ਕੁਝ ਅਫ਼ਸਰਾਂ ਦੇ ਉੱਪਰ ਛੱਡ ਦਿੱਤਾ ਗਿਆ ਹੈ?"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਵਿਡ-19 ਦੇ ਇਲਾਜ ਲਈ 2 ਲੱਖ ਤੋਂ ਵਧੇਰੇ ਰਕਮ ਨਕਦ ਤਾਰੀ ਜਾ ਸਕੇਗੀ

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਹਸਪਤਾਲਾਂ, ਡਿਸਪੈਂਸਰੀਆਂ ਅਤੇ ਕੋਵਿਡ ਕੇਅਰ ਸੈਂਟਰਾਂ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਦੋ ਲੱਖ ਰੁਪਏ ਤੋਂ ਵਧੇਰੇ ਦੇ ਰਕਮ ਨਕਦ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਦਿ ਇਕਨਾਕਿਮਕ ਟਾਈਮਜ਼ ਦੀ ਖ਼ਬਰ ਮੁਤਾਬਕ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ ਨੇ 31 ਮਈ ਤੱਕ ਲਈ ਇਹ ਆਗਿਆ ਦਿੱਤੀ ਹੈ ਪਰ ਭੁਗਤਾਨ ਕਰਨ ਵਾਲੇ ਨੂੰ ਆਪਣਾ ਪੈਨ ਨੰਬਰ ਅਤੇ ਮਰੀਜ਼ ਨਾਲ ਆਪਣਾ ਰਿਸ਼ਤਾ ਦੱਸਣਾ ਪਵੇਗਾ।

ਅਖ਼ਬਾਰ ਨੇ ਇੱਕ ਵਿਸ਼ਲੇਸ਼ਕ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਸਮੇਂ ਹਸਪਤਾਲ ਕੋਵਿਡ-19 ਦੇ ਇਲਾਜ ਲਈ ਕਈ ਹਸਪਤਾਲ ਅਤੇ ਨਰਸਿੰਗ ਹੋਮ ਨਕਦ ਪੈਸਿਆਂ ਦੀ ਮੰਗ ਕਰ ਰਹੇ ਹਨ। ਇਨਕਮ ਟੈਕਸ ਦੇ ਨਿਯਮਾਂ ਦੇ ਮੁਤਾਬਕ 2 ਲੱਖ ਤੋਂ ਵੱਡੀ ਰਕਮ ਦਾ ਨਕਦੀ ਵਿੱਚ ਭੁਗਤਾਨ ਨਹੀਂ ਕੀਤਾ ਜਾ ਸਕਦਾ।

ਲੋਕਾਂ ਦੀ ਦਿੱਕਤ ਨੂੰ ਦੂਰ ਕਰਨ ਲਈ ਇਹ ਛੋਟ ਦਿੱਤੀ ਗਈ ਹੈ।

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਦੀ ਹਾਲਤ ਗੰਭੀਰ

ਸ਼ੁੱਕਰਵਾਰ ਨੂੰ ਇੱਕ ਬੰਬ ਹਮਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੋਹੰਮਦ ਨਸ਼ੀਦ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਬੰਬ ਧਮਾਕੇ ਵਿੱਚ ਇੱਕ ਬ੍ਰਟਿਸ਼ ਨਾਗਰਿਕ ਸਮੇਤ ਚਾਰ ਹੋਰ ਜਣੇ ਫਟੱੜ ਹੋ ਗਏ ਸਨ। ਮਾਲਦੀਵ ਦੀ ਸਰਕਾਰ ਇਸ ਨੂੰ ਅੱਤਵਾਦੀ ਹਮਲਾ ਮੰਨ ਰਹੀ ਹੈ।

ਹਾਲੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਦੀ ਜਾਂਚ ਵਿੱਚ ਸਹਿਯੋਗ ਲਈ ਆਸਟਰੇਲੀਆ ਦੀ ਪੁਲਿਸ ਮਾਲਦੀਵ ਪਹੁੰਚ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)