You’re viewing a text-only version of this website that uses less data. View the main version of the website including all images and videos.
ਅੱਧੀ ਰਾਤ ਨੂੰ ਜਦੋਂ ਪੰਜਾਬ ਨੇ ਆਕਸੀਜਨ ਟੈਂਕਰ ਭੇਜ ਕੇ ਹਰਿਆਣਾ 'ਚ 150 ਮਰੀਜ਼ਾਂ ਦੀ ਜਾਨ ਬਚਾਈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਰਾਤ ਦੇ ਲਗਭਗ 10.30 ਦਾ ਸਮਾਂ ਸੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾ ਵਿੱਚ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਨੇ ਵੇਖਿਆ ਕਿ ਹਸਪਤਾਲ ਦੇ ਟੈਂਕ ਵਿਚ ਆਕਸੀਜਨ ਲਗਾਤਾਰ ਘੱਟ ਰਹੀ ਹੈ। ਹਸਪਤਾਲ ਦੇ ਅੰਦਰ ਉਸ ਵੇਲੇ 150 ਮਰੀਜ਼ ਆਕਸੀਜਨ ’ਤੇ ਨਿਰਭਰ ਸੀ। ਰੁੜਕੀ ਤੋਂ ਆਉਣ ਵਾਲੀ ਆਕਸੀਜਨ ਦੀ ਸਪਲਾਈ ਸਵੇਰ ਤੋਂ ਪਹਿਲਾਂ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਸੀ।
ਤਕਨੀਕੀ ਤੌਰ ’ਤੇ ਸਮਝੀਏ ਤਾਂ ਟੈਂਕ ਦਾ ਪਰੈਸ਼ਰ (ਦਬਾਅ) 2800 MMWC ਹੁੰਦਾ ਹੈ ਤੇ ਲਗਭਗ 5 ਮੀਟ੍ਰਿਕ ਟਨ ਆਕਸੀਜਨ ਇਸ ਦੇ ਅੰਦਰ ਹੁੰਦੀ ਹੈ। ਪਰ ਉਸ ਵੇਲੇ ਇੱਕ-ਚੌਥਾਈ ਹੀ ਰਹਿ ਗਈ ਸੀ ਯਾਨੀ 700 MMWC
ਜਨਰਲ ਹਸਪਤਾਲ ਦੇ ਡਾਕਟਰ ਅਰਵਿੰਦ ਸਹਿਗਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਸੀਂ 500 MMWC ਤੋਂ ਥੱਲੇ ਇਸ ਨੂੰ ਨਹੀਂ ਕਰ ਸਕਦੇ ਸੀ ਪਰ ਸਥਿਤੀ ਖ਼ਰਾਬ ਸੀ ਤੇ ਸਾਡੇ ਹੱਥ ਕੁੱਝ ਖ਼ਾਸ ਨਹੀਂ ਸੀ।
ਇਹ ਵੀ ਪੜ੍ਹੋ
ਜ਼ਿਲ੍ਹੇ ਦੇ ਕਈ ਅਧਿਕਾਰੀ ਮੌਕੇ ’ਤੇ ਪਹੁੰਚ ਚੁੱਕੇ ਸੀ। 12 ਵਜੇ ਸਥਿਤੀ ਗੰਭੀਰ ਹੋ ਚੁੱਕੀ ਸੀ। ਟੈਂਕ ’ਚ ਦਬਾਅ 300MMWC ਪੁੱਜ ਗਿਆ ਸੀ।
ਡਾਕਟਰ ਅਰਵਿੰਦ ਸਹਿਗਲ ਨੇ ਦੱਸਿਆ ਕਿ ਅਸੀਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਅਸੀਂ ਮਰੀਜ਼ਾ ਨੂੰ ਆਕਸੀਜਨ ਸਿਲੈਂਡਰ ’ਤੇ ਪਾ ਦਿਦੇ ਹਾਂ।
ਅਸੀਂ ਇੱਕ ਪਾਸੇ ਤਰਲ ਆਕਸੀਜਨ ਦੀ ਪਾਈਪ ਨੂੰ ਬੰਦ ਕੀਤਾ ਤੇ ਉਸ ਦੀ ਲਾਈਨ ਨੂੰ ਬੰਦ ਕਰਨ ਦੇ ਨਾਲ ਹੀ ਬਿਨਾ ਇੱਕ ਵੀ ਸਕਿੰਟ ਗਵਾਏ ਉਸੇ ਸਮੇਂ ਸਿਲੰਡਰ ਉਸੇ ਸਵਿੱਚ ’ਤੇ ਕਰ ਦਿੱਤਾ।
ਚਾਰ ਟੈਕਨੀਕਲ ਵਿਭਾਗ ਦੇ ਲੋਕ ਉੱਥੇ ਮੌਜੂਦ ਸੀ ਤੇ ਸਾਰਿਆਂ ਨੇ ਮਿਲ ਕੇ ਬਿਨਾਂ ਆਕਸੀਜਨ ਨੂੰ ਰੋਕੇ ਸਲੰਡਰ ’ਤੇ ਪਾ ਦਿੱਤਾ।
40 ਸਿਲੰਡਰਾਂ ਨੂੰ ਇਸ ਦੇ ਲਈ ਇਸਤੇਮਾਲ ਕੀਤਾ ਗਿਆ ਪਰ ਡੇਢ-ਦੋ ਮਿੰਟ ਵਿਚ ਇੱਕ ਸਲੰਡਰ ਖ਼ਤਮ ਹੋ ਰਿਹਾ ਸੀ.
ਡਾਕਟਰ ਸਹਿਗਲ ਦੱਸਦੇ ਹਨ, “ਪਰ ਸਾਡੀ ਚਿੰਤਾ ਇਹ ਨਹੀਂ ਸੀ। ਅਸੀਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਕਿਤੇ ਕੋਈ ਧਮਾਕਾ ਨਾ ਹੋ ਜਾਵੇ।”
ਉਹ ਦੱਸਦੇ ਹਨ, “ਤੁਸੀਂ ਇੰਨੇ ਵੱਡੇ ਦਬਾਅ ’ਤੇ ਆਕਸੀਜਨ ਦੀ ਸਪਲਾਈ ਸਿਲੈਂਡਰ ਰਾਹੀਂ ਨਹੀਂ ਕਰ ਸਕਦੇ ਕਿਉਂਕਿ ਅਜਿਹੇ ਸਮੇਂ ’ਤੇ ਧਮਾਕੇ ਦਾ ਖ਼ਤਰਾ ਹੁੰਦਾ ਹੈ। ਤੁਸੀਂ ਸ਼ਾਇਦ ਇੱਕ ਦੋ ਦਿਨ ਪੁਰਾਣੀ ਖ਼ਬਰ ਵੀ ਵੇਖੀ ਹੋਏਗੀ ਕਿ ਆਕਸੀਜਨ ਸਿਲੇਂਡਰ ਧਮਾਕੇ ਨਾਲ 6 ਮੌਤਾਂ ਹੋਈਆਂ ਸੀ।”
ਲਗਭਗ ਇੱਕ ਵਜੇ ਉੱਥੇ ਮੌਜੂਦ ਡਾਕਟਰਾਂ ਤੇ ਅਫ਼ਸਰਾਂ ਦੇ ਸਾਹ ਵਿਚ ਸਾਹ ਉਸ ਵੇਲੇ ਆਇਆ ਜਦੋਂ ਆਕਸੀਜ਼ਨ ਦਾ ਇੱਕ ਟੈਂਕ ਉੱਥੇ ਪੁੱਜ ਗਿਆ।
ਦਰਅਸਲ ਇਹ ਕੰਮ ਕੀਤਾ ਪੰਜਾਬ ਸਰਕਾਰ ਨੇ।
ਇਹ ਵੀ ਪੜ੍ਹੋ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਜਦੋਂ ਪੰਜਾਬ ਆਇਆ ਕੰਮ
ਜਿਸ ਵੇਲੇ ਡਾਕਟਰ, ਅਫ਼ਸਰ ਤੇ ਟੈਕਨੀਸ਼ੀਅਨ ਸਾਰੇ ਮਰੀਜਾਂ ਨੂੰ ਬਚਾਉਣ ਲਈ ਮਸ਼ੱਕਤ ਕਰ ਰਹੇ ਸੀ ਉਸ ਵੇਲੇ ਉਨ੍ਹਾਂ ਨੇ ਪੰਜਾਬ ਨੂੰ ਵੀ ਆਕਸੀਜਨ ਉਧਾਰ ਦੇਣ ਲਈ ਬੇਨਤੀ ਕੀਤੀ ਸੀ।
ਉਸੇ ਰਾਤ ਯਾਨੀ 4 ਤੇ 5 ਮਈ ਦੀ ਦਰਮਿਆਨੀ ਰਾਤ ਜ਼ਿਲ੍ਹਾ ਅਧਿਕਾਰੀਆਂ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਸੰਪਰਕ ਸਥਾਪਿਤ ਕੀਤਾ ਤੇ ਆਪਣੀ ਹਾਲਤ ਦੱਸੀ ਸੀ।
ਇਹ ਉਹ ਵੇਲਾ ਹੈ ਜਦੋਂ ਆਕਸੀਜਨ ਦੀ ਵੰਡ ਨੂੰ ਲੈ ਕੇ ਸੂਬੇ ਅਤੇ ਕੇਂਦਰ ਵਿਚਾਲੇ ਖਿੱਚੋਤਾਣ ਜਾਰੀ ਹੈ ਕਿਉਂਕਿ ਬਹੁਤੇ ਰਾਜਾਂ ‘ਚ ਆਕਸੀਜਨ ਦੀ ਘਾਟ ਹੈ।
ਪੰਜਾਬ ਅਤੇ ਹਰਿਆਣਾ ਵਿਚਾਲੇ ਵੀ ਆਕਸੀਜਨ ਨੂੰ ਲੈ ਕੇ ਵਿਵਾਦ ਰਿਹਾ ਹੈ। ਪੰਜਾਬ ਨੇ ਹਰਿਆਣਾ ’ਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਪੰਜਾਬ ਨੂੰ ਪਾਣੀਪਤ ਤੋਂ ਆਕਸੀਜਨ ਦੀ ਸਪਲਾਈ ਨਹੀਂ ਦਿੱਤੀ ਸੀ।
ਹਾਲਾਂਕਿ ਜਦੋਂ ਪੰਜਾਬ ਦੇ ਅਧਿਕਾਰੀਆਂ ਨੇ ਇਸ ਸਮੱਸਿਆ ਬਾਰੇ ਸੁਣਿਆ ਕਿ ਇੰਨੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਹਨ ਤਾਂ ਉਨ੍ਹਾਂ ਆਪਣੀ ਲੜਾਈ ਨੂੰ ਇੱਕ ਪਾਸੇ ਰੱਖਦੇ ਹੋਏ ਆਕਸੀਜਨ ਦੇਣ ਦਾ ਫ਼ੈਸਲਾ ਕੀਤਾ।
ਇਹ ਫ਼ੈਸਲਾ ਪੰਜਾਬ ਦੇ ਸਭ ਤੋਂ ਸੀਨੀਅਰ ਆਈਏਐਸ ਅਫ਼ਸਰ ਯਾਨੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਲਿਆ। ਉਨ੍ਹਾਂ ਨੇ ਬਿਨਾ ਸਮਾਂ ਗੁਆਏ ਤੁਰੰਤ ਹਰਿਆਣਾ ਨੂੰ ਆਕਸੀਜਨ ਦੇਣ ਲਈ ਹਾਂ ਕਹਿ ਦਿੱਤੀ ਤੇ ਰਾਤੋਂ ਰਾਤ ਰਾਜਪੁਰਾ ਤੋਂ ਪੰਚਕੁਲਾ ਲਈ ਕਰੜੀ ਸੁਰੱਖਿਆ ਹੇਠ ਆਕਸੀਜਨ ਦਾ ਟੈਂਕਰ ਰਵਾਨਾ ਕੀਤਾ ਗਿਆ।
ਡਾ. ਅਰਵਿੰਦ ਸਹਿਗਲ ਦਾ ਕਹਿਣਾ ਹੈ, ''ਅਸੀਂ ਇਸ ਲਈ ਪੰਜਾਬ ਦੇ ਧੰਨਵਾਦੀ ਹਾਂ। ਅਸੀਂ ਉਨ੍ਹਾਂ ਨੂੰ ਅਗਲੇ ਕੁੱਝ ਘੰਟਿਆਂ ਵਿਚ ਆਕਸੀਜਨ ਵਾਪਸ ਕਰ ਦਿੱਤੀ।”
ਇਹ ਵੀ ਪੜ੍ਹੋ: