ਕੋਰੋਨਾਵਾਇਰਸ : ਪੰਜਾਬ ਕਿਉਂ ਨਹੀਂ ਵਧਾ ਪਾ ਰਿਹਾ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਲਈ ਬੈੱਡ

ਇਸ ਪੇਜ ਰਾਹੀਂ ਅਸੀਂ ਕੋਰੋਨਾਵਾਇਰਸ ਨਾਲ ਸਬੰਧਤ ਅਹਿਮ ਖ਼ਬਰਾ ਦਿੰਦੇ ਰਹਾਂਗੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੂਬੇ ਵਿਚ ਲੋੜੀਂਦੀ ਆਕਸਜੀਨ ਸਪਲਾਈ ਯਕੀਨੀ ਬਣਾਉਣ ਲਈ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।

ਦੋਵਾਂ ਆਗੂਆਂ ਨੂੰ ਵੱਖੋ- ਵੱਖ ਚਿੱਠੀਆਂ ਲਿਖ ਕੇ ਕੈਪਟਨ ਅਮਰਿੰਦਰ ਨੇ ਸੂਬੇ ਵਿਚ ਕੋਰੋਨਾ ਦੇ ਗੰਭੀਰ ਹਾਲਾਤ ਦਾ ਹਵਾਲਾ ਦਿੱਤਾ ਹੈ।

ਮੁੱਖ ਮੰਤਰੀ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਕੋਰੋਨਾ ਦੇ 10,000 ਮਰੀਜ਼ ਵੱਖ-ਵੱਖ ਹਾਲਾਤਾਂ ਵਿਚ ਆਕਸਜੀਨ ਦੀ ਸਪੋਰਟ ਉੱਤੇ ਹਨ। ਪੰਜਾਬ ਨੂੰ ਮੌਜੂਦਾ ਆਕਸਜੀਨ ਨਾਲੋਂ ਕਿਸੇ ਨੇੜਲੇ ਸਰੋਤ ਤੋਂ 50 ਮੀਟ੍ਰਿਕ ਟਨ ਵਾਧੂ ਲੋੜ ਹੈ।

ਇਹ ਵੀ ਪੜ੍ਹੋ :

ਇਸ ਦੇ ਨਾਲ ਨਾਲ ਬੋਕਾਰੋ ਤੋਂ LMO ਦੇ 20 ਟੈਕਰਾਂ ਦੀ ਰੇਲ ਰਾਹੀ ਪੰਜਾਬ ਤੱਕ ਪਹੁੰਚ ਕਰਵਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ ਦੀ ਘਾਟ ਕਾਰਨ ਵਧਦੇ ਕੇਸਾਂ ਲਈ ਪੰਜਾਬ ਸਰਕਾਰ ਲੈਵਲ 2 ਅਤੇ ਲੈਵਲ 3 ਲਈ ਬੈੱਡ ਨਹੀਂ ਵਧਾ ਪਾ ਰਹੇ। ਉਨ੍ਹਾ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਲੋਕ ਸਨਅਤ ਨੂੰ ਅਟਾਰੀ ਵਾਘਾ ਸਰਹੱਦ ਰਾਹੀ ਪਾਕਿਸਤਾਨ ਤੋਂ ਆਕਸੀਜਨ ਮੰਗਵਾਉਣ ਦੀ ਮੰਗ ਵੀ ਰੱਦ ਕਰ ਦਿੱਤੀ ਹੈ।

ਪਰ ਅਫ਼ਸੋਸ ਨਾਲ ਕਹਿਣ ਪੈ ਰਿਹਾ ਹੈ ਕਿ ਵਾਰ ਵਾਰ ਭਰੋਸਿਆਂ ਦਾ ਬਾਵਜੂਦ ਲੋੜੀਦੀ ਆਕਸੀਜਨ ਸਪਲਾਈ ਨਹੀਂ ਦਿੱਤੀ ਜਾ ਰਹੀ।

ਪੰਜਾਬ ਸਰਕਾਰ ਦੇ ਪ੍ਰੈਸ ਬਿਆ ਅਨੁਸਾਰ ਸੂਬੇ ਨੂੰ ਬਾਹਰੋਂ 195 ਮੀਟ੍ਰਿਕ ਟਨ ਆਕਸੀਜਨ ਮਿਲ ਰਹੀ ਹੈ। ਇਸ ਵਿਚੋਂ 90 ਬੋਕਾਰੋ ਤੋਂ ਆ ਰਹੀ ਹੈ, ਬਾਕੀ 105 ਹਰਿਆਣਾ, ਹਿਮਾਚਲ ਅਤੇ ਉਤਰਾਖੰਡ ਤੋਂ, ਪਰ ਪੰਜਾਬ ਨੂੰ ਰੋਜ਼ਾਨਾਂ ਅਲ਼ਾਟ ਕੋਟਾ ਨਹੀਂ ਮਿਲ ਰਿਹਾ।

IPL ਮੁਲਤਵੀ ਕਰਨ ਦਾ ਫ਼ੈਸਲਾ

ਖਿਡਾਰੀਆਂ ਵਿੱਚ ਕੋਰੋਨਾ ਲਾਗ਼ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੰਡੀਅਨ ਪ੍ਰੀਮੀਅਮ ਲੀਗ਼ (ਆਈਪੀਐੱਲ) 2021 ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਆਈਪੀਐੱਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਬਾਇਓ ਬਬਲ ਅੰਦਰ ਕੋਰੋਨਾ ਲਾਗ਼ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੀਗ਼ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਬੀਸੀਸੀਆਈ ਦੇ ਸਾਬਕਾ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਖ਼ਬਰ ਏਜੰਸੀ ਏਐੱਨਆਈ ਨੂੰ ਆਈਪੀਐੱਲ ਦੇ ਮੌਜੂਦਾ ਸੈਸ਼ਨ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ।

ਐੱਨਡੀਟੀਵੀ ਸਪੋਰਟਸ ਦੁਆਰਾ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਇੱਕ ਖ਼ਬਰ ਮੁਤਾਬਕ, ਸਨਰਾਈਜ਼ਰਜ਼ ਹੈਦਰਾਬਾਦ ਦੇ ਕਈ ਖ਼ਿਡਾਰੀ ਕੋਵਿਡ ਪੌਜ਼ੀਟਿਵ ਪਾਏ ਗਏ ਹਨ ਜਿਸ ਦੇ ਚਲਦਿਆਂ ਇਸ ਟੀਮ ਦਾ ਅੱਜ ਦਿੱਲੀ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ।

ਦੋ ਕਲੱਕਤਾ ਨਾਈਟ ਰਾਈਡਰਜ਼ ਖਿਡਾਰੀ ਵਰੁਣ ਚੱਕਰਵਰੀਤ ਅਤੇ ਸੰਦੀਪ ਵਾਰੀਅਰ, ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ ਕੋਟ ਲਕਸ਼ਮਿਪਾਥੀ ਬਾਲਾਜੀ ਅਤੇ ਇੱਕ ਸੀਐੱਸਕੇ ਟਰੈਵਲ ਟੀਮ ਦੇ ਸਹਾਇਕ ਸਟਾਫ਼ ਮੈਂਬਰਾਂ ਉਨ੍ਹਾਂ ਵਿੱਚੋਂ ਹਨ ਜਿਨ੍ਹਾਂ ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।

ਆਈਪੀਐੱਲ ਪ੍ਰੋਟੋਕਾਲ ਮੁਤਾਬਕ, ਸੀਐੱਸਕੇ ਮੈਂਬਰਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ।

ਸਨਰਾਈਜ਼ਰਜ ਹੈਦਰਾਬਾਦ ਦੇ ਇੱਕ ਖ਼ਿਡਾਰੀ ਨੂੰ ਕੋਰੋਨਾ ਲਾਗ਼ ਲੱਗਣ ਤੋਂ ਬਾਅਦ ਸਾਰੀ ਟੀਮ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ।

ਦਿੱਲੀ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਦੋ ਮਹੀਨੇ ਤੱਕ ਮੁਫ਼ਤ ਰਾਸ਼ਨ, ਆਟੋ- ਟੈਕਸੀ ਚਲਾਉਣ ਵਾਲਿਆਂ ਨੂੰ 5000 ਰੁਪਏ

ਦਿੱਲੀ ਵਿੱਚ ਅਗਲੇ ਦੇ ਮਹੀਨਿਆਂ ਤੱਕ ਹਰ ਰਾਸ਼ਨ ਕਾਰਡ ਧਾਰਕ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ ਅਤੇ ਆਟੋ ਰਿਕਸ਼ਾ ਚਾਲਕ ਅਤੇ ਟੈਕਸੀ ਚਾਲਕ ਨੂੰ 5000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ।

ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਆਏ ਵਿੱਤੀ ਸੰਕਟ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਵਲੋਂ ਇਹ ਐਲਾਨ ਕੀਤਾ ਗਿਆ।

ਇੱਕ ਵੀਡੀਓ ਬਿਆਨ ਜਾਰੀ ਕਰਕੇ ਕੇਜਰੀਵਾਲ ਨੇ ਕਿਹਾ ਹੈ, ''ਅਸੀਂ ਤੈਅ ਕੀਤਾ ਹੈ ਕਿ ਦਿੱਲੀ ਦੇ ਤਕਰੀਬਨ ਸਾਰੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਦੋ ਮਹੀਨਿਆਂ ਤੱਕ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।''

'ਇਸ ਦਾ ਇਹ ਅਰਥ ਨਹੀਂ ਹੈ ਕਿ ਦਿੱਲੀ ਵਿੱਚ ਅਗਲੇ ਦੋ ਮਹੀਨੇ ਤੱਕ ਲੌਕਡਾਊਨ ਲੱਗਿਆ ਰਹੇਗਾ। ਅਸੀਂ ਇਹ ਕਦਮ ਇਸ ਆਰਥਿਕ ਸੰਕਟ ਦੀ ਸਥਿਤੀ ਵਿੱਚ ਗ਼ਰੀਬਾਂ ਦੀ ਮਦਦ ਕਰਨ ਲਈ ਚੁੱਕ ਰਹੇ ਹਾਂ।''

''ਇਸ ਦੇ ਨਾਲ ਹੀ ਹਰ ਆਟੋ ਰਿਕਸ਼ਾ ਚਾਲਕ ਅਤੇ ਟੈਕਸੀ ਚਾਲਕ ਨੂੰ 5000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।''

ਦਿੱਲੀ ਵਿੱਚ ਇਸ ਸਮੇਂ ਲੌਕਡਾਊਨ ਲਾਗੂ ਹੈ। ਰਾਜਧਾਨੀ ਵਿੱਚ ਸੋਮਵਾਰ ਨੂੰ ਕੋਰੋਨਾ ਦੇ 18,043 ਨਵੇਂ ਮਾਮਲੇ ਸਾਹਮਣੇ ਆਏ ਸਨ। 24 ਘੰਟਿਆਂ ਵਿੱਚ 448 ਮੌਤਾਂ ਹੋਈਆਂ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਰਾਹੁਲ ਗਾਂਧੀ- ਦੇਸ ਭਰ ਵਿੱਚ ਤਾਲਾਬੰਦੀ ਹੀ ਕੋਰੋਨਾ ਨੂੰ ਰੋਕਣ ਦਾ ਇਕਲੌਤਾ ਬਦਲ

ਦੇਸ ਵਿੱਚ ਗੰਭੀਰ ਹੁੰਦੇ ਜਾ ਰਹੇ ਕੋਰੋਨਾ ਸੰਕਟ ਅਤੇ ਬਦਹਾਲ ਹੋ ਰਹੀ ਸਿਹਤ ਵਿਵਸਥਾ ਦੇ ਚਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਦੇਸ ਵਿੱਚ ਸੰਪੂਰਨ ਲੌਕਡਾਊਨ ਲਗਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ, ''ਮੈਂ ਇਹ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਤਾਲਾਬੰਦੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ ਕਿਉਂਕਿ ਸਰਕਾਰ ਕੋਲ ਰਣਨੀਤੀ ਨਹੀਂ ਹੈ। ਇਨ੍ਹਾਂ ਲੋਕਾਂ ਨੇ ਵਾਇਰਸ ਨੂੰ ਇਸ ਪੱਧਰ ਤੱਕ ਫ਼ੈਲਾਉਣ ਵਿੱਚ ਮਦਦ ਕੀਤੀ ਹੈ ਕਿ ਹੁਣ ਇਸ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਬਚਿਆ। ਭਾਰਤ ਦੇ ਖ਼ਿਲਾਫ਼ ਇੱਕ ਜ਼ੁਰਮ ਕੀਤਾ ਜਾ ਚੁੱਕਿਆ ਹੈ।''

ਇਸ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, ''ਭਾਰਤ ਸਰਕਾਰ ਨੂੰ ਇਹ ਸਮਝ ਵਿੱਚ ਨਹੀਂ ਆ ਰਿਹਾ, ਕੋਰੋਨਾ ਨੂੰ ਰੋਕਣ ਦਾ ਇੱਕ ਮਾਤਰ ਤਰੀਕਾ ਸੰਪੂਰਨ ਲੌਕਡਾਊਨ ਹੈ- ਜਿਸ ਵਿੱਚ ਗ਼ਰੀਬ ਲੋਕਾਂ ਨੂੰ ਸਰਕਾਰ ਵਲੋਂ ਮਦਦ ਦਿੱਤੀ ਜਾਵੇ। ਭਾਰਤ ਸਰਕਾਰ ਵਲੋਂ ਕਾਰਵਾਈ ਨਾ ਕਰਨ ਨਾਲ ਕਈ ਮਸੂਮਾਂ ਦੀ ਜਾਨ ਜਾ ਰਹੀ ਹੈ।''

ਮੰਗਲਵਾਰ ਨੂੰ ਦੇਸ ਵਿੱਚ 3,57,229 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਲਾਗ਼ ਪ੍ਰਭਾਵਿਤ ਲੋਕਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੋ ਗਈ ਹੈ ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)