ਕੋਰੋਨਾਵਾਇਸ: ਭਾਰਤ 'ਚ ਲੌਕਡਾਊਨ ਸਣੇ ਹੋਰ ਕਿਹੜੇ ਕਦਮ ਸੁਝਾ ਰਹੇ ਹਨ ਦੁਨੀਆਂ ਦੇ ਵੱਡੇ ਮਾਹਰ ਡਾ. ਫਾਊਚੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਚੀਫ਼ ਮੈਡੀਕਲ ਅਫ਼ਸਰ ਅਤੇ ਕੋਵਿਡ ਸਬੰਧੀ ਦੁਨੀਆਂ ਦੇ ਚੋਟੀ ਦੇ ਮਾਹਰ ਮੰਨੇ ਜਾਂਦੇ ਡਾ. ਐਂਥਨੀ ਫ਼ਊਚੀ ਨੇ ਭਾਰਤ ਨੂੰ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ ਪਾਉਣ ਲਈ ਲੌਕਡਾਊਨ, ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਅਤੇ ਵੱਡੀ ਗਿਣਤੀ ਵਿੱਚ ਮੇਕਸ਼ਿਫ਼ਟ ਹਸਪਤਾਲ (ਅਸਥਾਈ ਹਸਪਤਾਲ) ਬਣਾਉਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਚੀਫ਼ ਮੈਡੀਕਲ ਸਲਾਹਕਾਰ ਡਾ. ਫ਼ਾਊਚੀ ਨੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਅਜਿਹੀਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਹਨ।

ਭਾਰਤ ਦੀ ਮਦਦ ਕਰਨਾ ਅਹਿਮ

ਡਾ. ਫ਼ਾਊਚੀ ਨੇ ਕਿਹਾ, "ਹਰ ਇੱਕ ਨੂੰ ਇਹ ਬਿਲਕੁਲ ਸਪੱਸ਼ਟ ਹੈ ਕਿ ਭਾਰਤ ਵਿੱਚ ਸਥਿਤੀ ਬਹੁਤ ਗੰਭੀਰ ਹੈ।"

ਡਾ. ਫ਼ਾਊਚੀ ਨੇ ਦੱਸਿਆ, ''ਜਦੋਂ ਤੁਹਾਡੇ ਕੋਲ ਬਹੁਤ ਸਾਰੇ ਲੋਕ ਲਾਗ਼ ਪ੍ਰਭਾਵਤ ਹੋਣ...ਹਰ ਇੱਕ ਨੂੰ ਢੁੱਕਵੀਂ ਦੇਖਭਾਲ ਦੇਣ ਵਿੱਚ ਸਮਰੱਥਾ ਦੀ ਕਮੀ ਹੋਵੇ, ਜਦੋਂ ਤੁਹਾਡੇ ਕੋਲ ਹਸਪਤਾਲ ਵਿੱਚ ਬੈਡਾਂ ਤੇ ਆਕਸੀਜਨ ਦੀ ਘਾਟ ਹੋਵੇ ਅਤੇ ਸਪਲਾਈ ਦੀ ਕਮੀ ਹੋਵੇ, ਇਹ ਸਥਿਤੀ ਅਸਲੋਂ ਬਹੁਤ ਨਿਰਾਸ਼ਾਜਨਕ ਬਣ ਜਾਂਦੀ ਹੈ। ਇਹ ਕਾਰਨ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਥੋਂ ਤੱਕ ਹੋ ਸਕੇ ਬਾਕੀ ਦੁਨੀਆਂ ਵਲੋਂ ਮਦਦ ਕੀਤੇ ਜਾਣਾ ਅਹਿਮ ਹੈ।''

ਨੈਸ਼ਨਲ ਇੰਸਟੀਚਿਊਟ ਆਫ਼ ਐਲਰਜ਼ੀ ਐਂਡ ਇਨਫੈਕਸ਼ੀਅਲ ਡਿਜ਼ੀਜ਼ ਦੇ ਨਿਰਦੇਸ਼ਕ ਡਾ. ਫਾਊਚੀ ਨੇ ਕਿਹਾ ਕਿ ਭਾਰਤ ਵਿੱਚ ਹੋ ਰਹੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਸ਼ਾਸਨ ਨੂੰ ਭਾਰਤ ਦੀ ਮਦਦ ਕਰਨ ਲਈ ਤਿਆਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੁਝ ਨਿਸ਼ਚਿਤ ਚੀਜ਼ਾਂ ਹਨ ਜੋ ਭਾਰਤ ਥੋੜ੍ਹੇ ਸਮੇਂ ਲਈ ਅਤੇ ਲੰਬੇ ਸਮੇਂ ਦੇ ਆਧਾਰ 'ਤੇ ਫ਼ੌਰੀ ਤੌਰ 'ਤੇ ਕਰ ਸਕਦਾ ਹੈ।

ਮੁਕੰਮਲ ਲੌਕਡਾਊਨ ਦੀ ਲੋੜ

ਮਹਾਂਮਾਰੀ ਦੇ ਫ਼ੈਲਾਅ ਦੀ ਲੜੀ ਤੋੜਨ ਲਈ ਡਾ. ਫਾਊਚੀ ਨੇ ਭਾਰਤ ਵਿੱਚ ਮੁਕੰਮਲ ਲੌਕਡਾਊਨ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਕਿਹਾ, "ਮੈਂ ਜਾਣਦਾ ਹਾਂ ਕਿ ਭਾਰਤ ਪਹਿਲਾਂ ਹੀ ਉਹ ਕਰ ਰਿਹਾ ਹੈ, ਇਸ ਲਈ ਮੈਂ ਤੁਹਾਨੂੰ ਕੁਝ ਅਜਿਹਾ ਨਹੀਂ ਦੱਸ ਰਿਹਾ ਜੋ ਤੁਸੀਂ ਪਹਿਲਾਂ ਹੀ ਨਹੀਂ ਕਰ ਰਹੇ। ਕੁਝ ਦਿਨ ਪਹਿਲਾਂ ਮੈਂ ਸਿਫ਼ਾਰਸ਼ ਕੀਤੀ ਸੀ ਤੇ ਮੈਂ ਮੰਨਦਾ ਹਾਂ ਕਿ ਘੱਟੋ-ਘੱਟ ਭਾਰਤ ਦੇ ਕੁਝ ਹਿੱਸੇ ਅਜਿਹਾ ਕਰ ਰਹੇ ਹਨ, ਉਹ ਇਹ ਕਿ ਤੁਸੀਂ ਦੇਸ ਨੂੰ ਤਾਲਾਬੰਦੀ ਨਾਲ ਬੰਦ ਕਰ ਦਿਉ।"

ਡਾ. ਫਾਊਚੀ ਨੇ ਹੋਰ ਮੁਲਕਾਂ ਦੀ ਉਦਾਹਰਣ ਦਿੰਦਿਆਂ ਕਿਹਾ, ''ਕਿਉਂਜੋ ਹੋਰ ਦੇਸ ਉਦਾਹਰਣ ਵਜੋਂ ਪਿਛਲੇ ਸਾਲ, ਜਿਵੇਂ ਚੀਨ, ਤੇ ਜਦੋਂ ਆਸਟਰੇਲੀਆ ਵਿੱਚ ਕੋਰੋਨਾ ਫ਼ੈਲਿਆ ਜੋ ਉਨ੍ਹਾਂ ਕੀਤਾ, ਤੇ ਜੋ ਨਿਊਜ਼ੀਲੈਂਡ ਨੇ ਕੀਤਾ, ਜੋ ਬਾਕੀ ਦੇਸਾਂ ਨੇ ਕੀਤਾ ਉਹ ਮੁਕਾਬਲਕਤਨ ਇੱਕ ਸੀਮਤ ਸਮੇਂ ਲਈ ਦੇਸ ਵਿੱਚ ਮੁਕੰਮਲ ਤੌਰ 'ਤੇ ਤਾਲਾਬੰਦੀ ਹੈ।"

ਉਨ੍ਹਾਂ ਕਿਹਾ ਕਿ ਤੁਹਾਨੂੰ 6 ਮਹੀਨਿਆਂ ਲਈ ਤਾਲਾਬੰਦੀ ਕਰਨ ਦੀ ਲੋੜ ਨਹੀਂ ਹੈ, ਤੁਸੀਂ ਕੁਝ ਹਫ਼ਤਿਆਂ ਲਈ ਤਾਲਾਬੰਦੀ ਕਰ ਸਕਦੇ ਹੋ। ਕਿਉਂਕਿ ਜਦੋਂ ਤੁਸੀਂ ਲੌਕਡਾਊਨ ਲਗਾਉਂਦੇ ਹੋ ਤਾਂ ਇਹ ਚੰਗੀ ਤਰ੍ਹਾਂ ਪਤਾ ਹੈ, ਦੂਜੇ ਦੇਸਾਂ ਦੇ ਤਜ਼ਰਬਿਆਂ ਤੋਂ ਕਿ ਲੌਕਡਾਊਨ ਯਕੀਨੀ ਤੌਰ 'ਤੇ ਵਾਇਰਲ ਦੇ ਫ਼ੈਲਾਅ ਦੀ ਗਤੀਵਿਧੀ ਵਿੱਚ ਦਖ਼ਲ ਦਿੰਦਾ ਹੈ ਅਤੇ ਤੁਸੀਂ ਲਾਗ਼ ਦੀ ਨਿਰੰਤਰਤਾ ਤੇ ਸੰਚਾਰ ਵਿੱਚ ਰੁਕਾਵਟ ਪਾ ਸਕਦੇ ਹੋ।

ਟੀਕਾਕਰਨ ਤੇਜ਼ ਕਰਨ ਦੀ ਲੋੜ

ਡਾ. ਫ਼ਾਊਚੀ ਨੇ ਕਿਹਾ,"ਸਭ ਤੋਂ ਪਹਿਲਾਂ ਹੁਣੇ ਤੋਂ ਹੀ, ਭਾਰਤ ਜਿੰਨਾਂ ਸੰਭਾਵਿਤ ਤੌਰ 'ਤੇ ਕਰ ਸਕਦਾ ਹੈ, ਵੱਧ ਤੋਂ ਵੱਧ ਟੀਕਾਕਰਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੋਵਾਂ ਵੈਕਸੀਨਜ਼ ਨਾਲ ਜੋ ਭਾਰਤ ਵਿੱਚ ਆਪਣੇ ਦੁਆਰਾ ਵਿਕਸਿਤ ਕੀਤੀਆਂ ਗਈਆਂ ਤੇ ਨਾਲ ਹੀ ਉਨ੍ਹਾਂ ਵੈਕਸੀਨਜ਼ ਨਾਲ ਜੋ ਉਹ ਹੋਰ ਉਤਪਾਦਕਾਂ ਤੋਂ ਮੰਗਵਾ ਸਕਣ, ਭਾਵੇਂ ਉਹ ਅਮਰੀਕਾ ਹੋਵੇ ਜਾਂ ਰੂਸ...ਜਿਹੜਾ ਵੀ ਦੇਸ ਤਿਆਰ ਹੋਵੇ, ਜਦੋਂ ਵੀ ਕੰਪਨੀਆਂ ਵੈਕਸੀਨ ਦੀ ਸਪਲਾਈ ਕਰਨ ਲਈ ਤਿਆਰ ਹੋਣ।"

ਉਨ੍ਹਾਂ ਇਹ ਵੀ ਧਿਆਨ ਦਿਵਾਇਆ ਕਿ ਹੁਣ ਕੀਤਾ ਗਿਆ ਟੀਕਾਕਰਨ ਅੱਜ ਦੀ ਸਮੱਸਿਆ ਦਾ ਫ਼ੌਰੀ ਹੱਲ ਨਹੀਂ ਹੈ, ਇਹ ਹੁਣ ਤੋਂ ਕਈ ਹਫ਼ਤੇ ਬਾਅਦ ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਵਿੱਚ ਮਦਦਗਾਰ ਹੋਵੇਗਾ।

ਆਰਜ਼ੀ ਹਸਪਤਾਲਾਂ ਦੀ ਲੋੜ

ਉਨ੍ਹਾਂ ਨੇ ਹਥਿਆਰਬੰਦ ਫ਼ੌਜਾਂ ਦੀ ਮਦਦ ਨਾਲ ਫ਼ੌਰੀ ਤੌਰ 'ਤੇ ਮੇਕਸ਼ਿਫ਼ਟ (ਆਰਜ਼ੀ) ਹਸਪਤਾਲ ਬਣਾਉਣ ਦੀ ਸਿਫ਼ਾਰਸ਼ ਵੀ ਕੀਤੀ।

ਡਾ. ਫ਼ਾਊਚੀ ਨੇ ਚੀਨ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਹਰ ਹੀਲਾ ਵਰਤੇ ਜਾਣ ਬਾਰੇ ਯਾਦ ਕਰਵਾਉਂਦਿਆਂ ਕਿਹਾ, "ਤੁਹਾਨੂੰ ਯਾਦ ਹੋਵੇਗਾ, ਜਦੋਂ ਪਿਛਲੇ ਸਾਲ ਚੀਨ ਗੰਭੀਰ ਸਮੱਸਿਆ ਵਿੱਚ ਸੀ, ਉਨ੍ਹਾਂ ਨੇ ਆਪਣੇ ਸਾਧਨਾਂ ਨੂੰ ਬਹੁਤ ਤੇਜ਼ੀ ਨਾਲ ਨਵੇਂ ਹਸਪਤਾਲਾਂ ਦੀ ਉਸਾਰੀ ਲਈ ਇਸਤੇਮਾਲ ਕੀਤਾ, ਉਨ੍ਹਾਂ ਸਾਰੇ ਲੋਕਾਂ ਨੂੰ ਸੰਭਾਲਣ ਲਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਹੈ।"

ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਉੱਥੇ ਹਸਪਤਾਲਾਂ ਵਿੱਚ ਬੈਡਾਂ ਦੀ ਬਹੁਤ ਜ਼ਿਆਦਾ ਘਾਟ ਹੈ ਤੇ ਲੋਕਾਂ ਨੂੰ ਅਸਥਾਈ ਪ੍ਰਬੰਧਾਂ ਜ਼ਰੀਏ ਲੋੜੀਂਦੀ ਦੇਖਭਾਲ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਕਿਹਾ, "ਇਸ ਲਈ ਸ਼ਾਇਦ ਇਹ ਤੁਹਾਡੀ ਆਪਣੀ ਮਿਲਟਰੀ ਦੀ ਮਦਦ ਨਾਲ ਸੰਭਵ ਹੋਵੇ, ਫ਼ੀਲਡ ਹਸਪਤਾਲਾਂ ਨੂੰ ਬਣਾਉਣਾ ਜਿਵੇਂ ਤੁਸੀਂ ਜੰਗ ਦੇ ਸਮੇਂ ਤਿਆਰ ਕਰਦੇ ਹੋ, ਤਾਂ ਕਿ ਜੋ ਬੀਮਾਰ ਲੋਕ ਹਨ ਅਤੇ ਜਿਨ੍ਹਾਂ ਨੂੰ ਇੱਕ ਹਸਪਤਾਲ ਬੈੱਡ ਦੀ ਲੋੜ ਹੈ, ਉਨ੍ਹਾਂ ਨੂੰ ਹਸਪਤਾਲ ਬੈੱਡ ਮਿਲੇ।"

ਉਨ੍ਹਾਂ ਧਿਆਨ ਦਿਵਾਇਆ ਕਿ ਸ਼ਾਇਦ ਭਾਰਤ ਸਰਕਾਰ ਪਹਿਲਾਂ ਹੀ ਅਜਿਹਾ ਕਰ ਰਹੀ ਹੈ।

ਦੁਨੀਆਂ ਨੂੰ ਮਦਦ ਕਰਨ ਦੀ ਲੋੜ

ਡਾ. ਫ਼ਾਊਚੀ ਨੇ ਕਿਹਾ ਕਿ ਇਸ ਨਾਲ ਸਹੀ ਤਰੀਕੇ ਨਾਲ ਨਜਿੱਠਣ ਲਈ ਦੁਨੀਆਂ ਭਾਰਤ ਨੂੰ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਕਰਕੇ ਅਤੇ ਸ਼ਾਇਦ ਲੋਕਾਂ (ਜੋ ਬੀਮਾਰੀ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਸਕਣ) ਨੂੰ ਭੇਜ ਕੇ ਵੀ ਮਦਦ ਕਰ ਸਕਦੀ ਹੈ।

ਉਨ੍ਹਾਂ ਕਿਹਾ, "ਉਦਾਹਰਣ ਵਜੋਂ ਅਮਰੀਕਾ ਆਕਸੀਜਨ ਸਿਲੰਡਰ, ਕੰਸਨਟ੍ਰੇਟਰ ਅਤੇ ਜੇਨਰੇਸ਼ਨ ਯੂਨਿਟਸ ਭੇਜ ਰਿਹਾ ਹੈ।"

ਡਾ. ਫ਼ਾਊਚੀ ਨੇ ਕਿਹਾ ਕਿ ਭਾਰਤ ਅਕਸਰ ਐਮਰਜੈਂਸੀ ਹਾਲਾਤ ਵਿੱਚ ਹੋਰ ਦੇਸਾਂ ਦੀ ਮਦਦ ਕਰਦਾ ਹੈ।

ਉਨ੍ਹਾਂ ਕਿਹਾ, "ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿ ਭਾਰਤ ਮੌਜੂਦਾ ਸਮੇਂ ਵਿੱਚ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਕਿਸ ਭਿਆਨਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ, ਬਾਕੀ ਦੁਨੀਆਂ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ, ਉਸੇ ਤਰ੍ਹਾਂ ਜਿਵੇਂ ਅਮਰੀਕਾ ਕਰ ਰਿਹਾ ਹੈ।"

ਡਾ.ਫ਼ਾਊਚੀ ਨੇ ਭਾਰਤ ਦੀ ਸਥਿਤੀ ਬਾਰੇ ਦੁੱਖ ਪ੍ਰਗਟਾਉਂਦਿਆਂ ਕਿਹਾ, "ਸਾਨੂੰ ਬਹੁਤ ਅਫ਼ਸੋਸ ਹੈ ਕਿ ਭਾਰਤ ਇਸ ਬਹੁਤ ਔਖੇ ਸਮੇਂ ਵਿਚੋਂ ਨਿਕਲ ਰਿਹਾ ਹੈ।।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)