You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਪੰਜਾਬ : ਸਮੇਂ 'ਤੇ ਟੀਕਾ ਨਾ ਮਿਲਣ ਕਰਕੇ ਮਰੀਜ਼ ਦੀ ਮੌਤ, ਪਾਬੰਦੀਆਂ ਖ਼ਿਲਾਫ਼ ਸੜ੍ਹਕਾਂ 'ਤੇ ਵਪਾਰੀ
ਪੰਜਾਬ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਰੋਜ਼ਾਨਾਂ 7 ਹਜ਼ਾਰ ਦੇ ਅੰਕੜੇ ਪਾਰ ਕਰ ਗਏ ਹਨ। ਇਸੇ ਤਰ੍ਹਾਂ ਮੌਤਾਂ ਦਾ ਅੰਕੜਾ ਵੀ ਐਤਵਾਰ ਨੂੰ 157 ਦੇ ਅੰਕ ਉੱਤੇ ਪਹੁੰਚ ਗਿਆ।
ਪੂਰੇ ਮੁਲਕ ਵਿਚ ਆਕਸੀਜਨ ਅਤੇ ਹਸਤਪਾਲ ਵਿਚਲੇ ਬੈੱਡ ਅਤੇ ਦਵਾਈਆਂ ਦੀ ਘਾਟਨ ਕਾਰਨ ਹਾਹਾਕਾਰ ਮੱਚੀ ਹੋਈ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲਾਤ ਨੂੰ ਗੰਭੀਰ ਪਰ ਕੰਟਰੋਲ ਵਿਚ ਦੱਸ ਰਹੇ ਹਨ।
ਅੰਮ੍ਰਿਤਸਰ ਵਿਚ ਇੱਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ 6 ਮੌਤਾਂ ਦੀ ਘਟਨਾ ਤੋਂ ਕਈ ਦਿਨ ਬਾਅਦ ਹੁਣ ਖ਼ਬਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਆਈ ਹੈ।
ਇਹ ਵੀ ਪੜ੍ਹੋ:
ਸਮੇਂ ਸਿਰ ਟੀਕਾ ਨਾਲ ਮਿਲਣ ਕਾਰਨ ਮੌਤ
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਖਮਾਣੋਂ ਦੇ ਰਹਿਣ ਵਾਲੇ ਧਿਆਨ ਸਿੰਘ ਨੂੰ ਸਮੇਂ ਸਿਰ ਰੈਮਡੇਸੀਵੀਰ ਟੀਕਾ ਨਾ ਮਿਲ ਸਕਿਆ। ਪਰਿਵਾਰ ਦਾ ਦਾਅਵਾ ਹੈ ਕਿ ਇਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਸ ਸਬ ਡਵੀਜ਼ਨ ਖਮਾਣੋਂ ਵਿੱਚ ਭਾਵੇਂ 28 ਦੇ ਕਰੀਬ ਮੈਡੀਕਲ ਸਟੋਰ ਹਨ, ਪਰ ਇਸ ਸਬ ਡਵੀਜਨ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਵਰਤਿਆ ਜਾਣ ਵਾਲਾ ਟੀਕਾ ਰੈਮਡੇਸੀਵੀਰ ਨਹੀਂ ਮਿਲ ਰਿਹਾ ਹੈ।
ਧਿਆਨ ਸਿੰਘ ਦੇ ਪੁੱਤ ਸੰਦੀਪ ਸਿੰਘ ਨੇ ਦੱਸਿਆ, "63 ਸਾਲਾ ਮੇਰੇ ਪਿਤਾ ਨੂੰ ਛਾਤੀ ਵਿੱਚ ਇਨਫੈਕਸ਼ਨ ਹੋ ਗਿਆ ਸੀ। ਐਤਵਾਰ ਨੂੰ ਉਨ੍ਹਾਂ ਨੂੰ ਸਮਰਾਲਾ ਦੇ ਡਾਕਟਰ ਕੋਲ ਦਿਖਾਇਆ। ਉਨ੍ਹਾਂ ਨੇ ਕਿਹਾ ਆਕਸੀਜਨ ਦੀ ਘਾਟ ਹੈ। ਇਨ੍ਹਾਂ ਨੂੰ ਕਿਸੇ ਚੰਗੇ ਹਸਪਤਾਲ ਲੈ ਜਾਓ। ਫਿਰ ਅਸੀਂ ਉਨ੍ਹਾਂ ਨੂੰ ਸੋਮਵਾਰ ਨੂੰ ਖਮਾਣੋ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ।"
"ਡਾਕਟਰ ਨੇ ਕਿਹਾ ਕਿ ਰੈਮਡੇਸੀਵੀਅਰ ਦੇ ਇੰਜੈਕਸ਼ਨ ਲਗਣਗੇ ਅਤੇ ਉਹ ਸਰਕਾਰੀ ਹਸਪਤਾਲ ਵਿੱਚ ਹੀ ਮਿਲਣਗੇ। ਅਸੀਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਗਏ, ਖਮਾਣੋ ਵੀ ਗਏ, ਡਰੱਗ ਇੰਸਪੈਕਟਰ ਕੋਲ ਪਹੁੰਚੇ ਪਰ ਕੋਈ ਰਾਹ ਨਹੀਂ ਪਿਆ। ਚੰਡੀਗੜ੍ਹ ਵਾਲਿਆਂ ਨੇ ਕਿਹਾ ਕਿ ਤੁਹਾਡੇ ਜ਼ਿਲ੍ਹੇ ਫਤਹਿਗੜ੍ਹ ਵਿੱਚ ਹੀ ਇਹ ਟੀਕਾ ਮਿਲੇਗਾ ਅਸੀਂ ਨਹੀਂ ਦੇ ਸਕਦੇ। ਨਿੱਜੀ ਹਸਪਤਾਲ ਤੇ ਸਟੋਰਜ਼ ਵਿੱਚ ਵੀ ਪਤਾ ਕੀਤਾ ਪਰ ਕੋਈ ਇੰਜੈਕਸ਼ਨ ਨਹੀਂ ਮਿਲਿਆ।"
"ਅਖ਼ੀਰ ਫਤਹਿਗੜ੍ਹ ਸਾਹਿਬ ਦੇ ਡਰੱਗ ਇੰਸਪੈਕਟਰ ਨੇ ਸਾਨੂੰ ਸੰਪਰਕ ਕੀਤਾ ਤੇ ਖਰੜ ਤੋਂ ਇੰਜੈਕਸ਼ਨ ਦਿਵਾ ਦਿੱਤੇ। ਪਿਤਾ ਨੂੰ ਛੇ ਟੀਕਿਆਂ ਦੀ ਲੋੜ ਸੀ ਪਰ ਸਾਨੂੰ ਤਿੰਨ ਪਹਿਲਾਂ ਮਿਲੇ ਅਤੇ ਤਿੰਨ ਬਾਅਦ ਵਿੱਚ। ਸਮੇਂ ਸਿਰ ਟੀਕੇ ਨਾ ਮਿਲਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ।"
ਸਥਾਨਕ ਐੱਸਐੱਮਓ ਡਾ. ਨਰੇਸ਼ ਨੇ ਦੱਸਿਆ ਕਿ ਇਨ੍ਹਾਂ ਅਹਿਮ ਦਵਾਈਆਂ ਦੀ ਸਪਲਾਈ ਕੇਵਲ ਸਰਕਾਰੀ ਕੋਵਿਡ ਕੇਂਦਰਾਂ ਉੱਤੇ ਉਲਪੱਬਧ ਹੈ ਅਤੇ ਨਿੱਜੀ ਹਸਪਤਾਲਾਂ ਨੂੰ ਜੇਕਰ ਲੋੜ ਪਏ ਤਾਂ ਉਹ ਡਰੱਗਜ਼ ਇੰਸਪੈਕਟਰ ਰਾਹੀ ਹਾਸਲ ਕਰਦੇ ਹਨ।
ਧਿਆਨ ਸਿੰਘ ਦਾ ਇਲਾਜ ਕਰਨ ਵਾਲੇ ਡਾਕਟਰ ਰਣਜੀਤ ਸਿੰਘ ਮੁਤਾਬਕ ਪਹਿਲਾਂ ਰੈਮਡੇਸੀਵੀਅਰ ਟੀਕਾ ਉਪਲੱਬਧ ਨਹੀਂ ਸੀ ਪਰ ਹੁਣ ਮਿਲਣ ਲਗ ਪਿਆ ਹੈ।
ਵੈਕਸੀਨੇਸ਼ਨ ਲਈ ਵੀ ਲੋੜੀਂਦੇ ਟੀਕੇ ਨਹੀਂ ਹਨ
ਇੱਕ ਪਾਸੇ ਜਿੱਥੇ ਰੈਮਡੇਸੀਵੀਅਰ ਵਰਗੀਆਂ ਅਹਿਮ ਦਵਾਈਆਂ ਦੀ ਘਾਟ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਦੂਜੇ ਪਾਸੇ ਸੂਬਾ ਸਰਕਾਰ ਕੋਲ 18-45 ਸਾਲ ਵਰਗ ਦੀ ਵੈਕਸੀਨੇਸ਼ਨ ਲਈ ਵੀ ਵੈਕਸੀਨ ਦੀ ਘਾਟ ਹੈ।
ਭਾਵੇਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕਈ ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਪੰਜਾਬ ਨੇ ਇਸ ਦੀ ਸ਼ੁਰੂਆਤ ਇੱਕ ਮਈ ਤੋਂ ਨਹੀਂ ਕੀਤੀ ਜਾ ਸਕੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੂਬੇ ਨੂੰ ਸੀਰਮ ਇੰਸਟੀਚਿਊਟ ਤੋਂ ਮਈ ਮਹੀਨੇ ਲਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਾਸਤੇ ਸੋਮਵਾਰ ਨੂੰ ਸਿਰਫ਼ 3.30 ਲੱਖ ਕੋਰੋਨਾ ਵੈਕਸੀਨ ਹੀ ਮਿਲ ਰਹੇ ਹਨ।
ਕਿਸ ਨੂੰ ਪਹਿਲਾਂ ਮਿਲੇਗੀ ਡੋਜ਼
ਇਸ ਵਿੱਚੋਂ 70 ਫੀਸਦ ਟੀਕਿਆਂ ਦੀਆਂ ਖੁਰਾਕਾਂ ਕੋ-ਮੋਰਬੀਡੀਟੀਜ਼ ਯਾਨਿ ਕਿ ਜਿਨ੍ਹਾਂ ਨੂੰ ਕੋਈ ਬੀਮਾਰੀ ਹੈ, ਲਈ ਹੋਣਗੀਆਂ ਅਤੇ ਬਾਕੀ 30 ਫੀਸਦ ਇਸ ਉਮਰ ਵਰਗ ਦੇ ਉਨ੍ਹਾਂ ਮੁਲਾਜ਼ਮਾਂ ਅਤੇ ਵਰਕਰਾਂ ਲਈ ਹੋਣਗੀਆਂ ਜੋ ਵਧੇਰੇ ਖ਼ਤਰੇ ਵਿੱਚ ਹਨ।
ਇੱਕ ਉੱਚ ਪੱਧਰੀ ਵਰਚੁਅਲ ਸਮੀਖਿਆ ਬੈਠਕ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਵਰਗਾਂ ਵਿੱਚ ਅਬਾਦੀ ਸੂਚਕ ਅੰਕ, ਮੌਤ ਦਰ ਅਤੇ ਘਣਤਾ ਦੇ ਅਧਾਰ 'ਤੇ ਤਰਜੀਹ ਦਿੰਦਿਆਂ ਜ਼ਿਲ੍ਹੇ-ਆਧਾਰਤ ਟੀਕੇ ਵੰਡੇ ਜਾਣਗੇ।
ਸਪਲਾਈ ਸੀਮਿਤ ਹੋਣ ਕਾਰਨ 18-44 ਉਮਰ ਸਮੂਹ ਲਈ ਇਸ ਗੇੜ ਵਿੱਚ ਟੀਕਾਕਰਨ ਨੂੰ ਵੱਡੇ ਸ਼ਹਿਰੀ ਕੇਂਦਰਾਂ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਲਈ ਵੀ ਸੂਬੇ ਵਿੱਚ ਸਪਲਾਈ ਘੱਟ ਹੋਣ ਕਾਰਨ ਇਸ ਵੇਲੇ ਸਿਰਫ਼ ਕੁਝ ਟੀਕਾਕਰਨ ਕੇਂਦਰ ਹੀ ਕੰਮ ਕਰ ਰਹੇ ਸਨ।
ਸੂਬੇ ਨੂੰ ਉਮੀਦ ਹੈ ਕਿ 45 ਸਾਲ ਤੋਂ ਵੱਧਰ ਵਰਗ ਦੇ ਲੋਕਾਂ ਲਈ ਦੋ ਲੱਖ ਟੀਕੇ ਦੀਆਂ ਖੁਰਾਕਾਂ ਕੱਲ੍ਹ ਤੱਕ ਪਹੁੰਚ ਜਾਣਗੀਆਂ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕਿਹੜੇ ਸ਼ਹਿਰਾਂ ਨੂੰ ਮਿਲੇਗੀ ਟੀਕਾਕਰਨ ਲਈ ਪਹਿਲ
18-44 ਉਮਰ ਵਰਗ ਲਈ ਮਈ ਮਹੀਨੇ ਵਿੱਚ 50 ਫੀਸਦ ਟੀਕੇ ਪਹਿਲ ਦੇ ਆਧਾਰ 'ਤੇ ਗਰੁੱਪ ਏ ਤਹਿਤ ਆਉਣ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਦਿੱਤੇ ਜਾਣਗੇ। ਇਸ ਵਿੱਚ ਐੱਸਏਐੱਸ ਨਗਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ।
30 ਫੀਸਦ ਗਰੁੱਪ ਬੀ ਤਹਿਤ ਆਉਣ ਵਾਲੇ ਜ਼ਿਲ੍ਹਿਆਂ ਲਈ ਰਾਖਵੇਂ ਹਨ। ਜਿਸ ਤਹਿਤ ਹੁਸ਼ਿਆਰਪੁਰ, ਪਠਾਨਕੋਟ, ਐੱਸਬੀਐੱਸ ਨਗਰ, ਫਰੀਦਕੋਟ, ਕਪੂਰਥਲਾ ਅਤੇ ਗੁਰਦਾਸਪੁਰ ਆਉਂਦੇ ਹਨ। ਜਦੋਂਕਿ 20 ਫੀਸਦ ਉਨ੍ਹਾਂ ਜ਼ਿਲ੍ਹਿਆਂ ਵਿੱਚ ਇਸਤੇਮਾਲ ਕੀਤੇ ਜਾਣਗੇ ਜਿਨ੍ਹਾਂ ਵਿੱਚ ਘੱਟੋ-ਘੱਟ ਕੇਸ ਹਨ।
ਬੈਠਕ ਤੋਂ ਬਾਅਦ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲੇ ਸੂਬਾਈ ਵੈਕਸੀਨ ਮਾਹਿਰ ਕਮੇਟੀ ਦੀ ਸ਼ਿਫ਼ਾਰਿਸ਼ 'ਤੇ ਲਏ ਗਏ ਹਨ। ਕਮੇਟੀ ਨੇ ਕਿਹਾ ਕਿ ਜਦੋਂ ਹੋਰ ਡੋਜ਼ ਆ ਜਾਣਗੀਆਂ ਤਾਂ ਤਰੀਜਹ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
30 ਫੀਸਦ ਟੀਕੇ ਤਿੰਨ ਖੇਤਰਾਂ ਨਾਲ ਸਬੰਧਤ ਪ੍ਰੋਫੈਸ਼ਨਲਜ਼ ਲਈ ਰਾਖਵੇਂ ਹਨ ਜਿਸ ਤਹਿਤ ਸਰਕਾਰੀ ਮੁਲਾਜ਼ਮ, ਕੰਸਟ੍ਰਕਸ਼ਨ ਵਰਕਰ, ਅਧਿਆਪਕ ਅਤੇ ਸਰਕਾਰੀ ਤੇ ਨਿੱਜੀ ਸਿੱਖਿਅਕ ਅਦਾਰਿਆਂ ਤਹਿਤ ਆਉਣ ਵਾਲੇ ਹੋਰਨਾਂ ਸਟਾਫ਼ ਨੂੰ ਲਾਏ ਜਾਣਗੇ।
ਤੁਹਾਨੂੰ ਦੱਸਦੇਈਏ ਕਿ ਪੰਜਾਬ ਸਰਕਾਰ ਨੇ ਸੀਰੀਮ ਇੰਸਟੀਚਿਊਟ ਨੂੰ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਸੀ ਪਰ ਮਈ ਮਹੀਨੇ ਲਈ ਸਿਰਫ਼ 3.30 ਹੀ ਮਿਲ ਰਹੇ ਹਨ।
ਭਾਰਤ ਦੇ ਸੂਬਿਆਂ ਦੇ ਕੀ ਹਾਲਾਤ
ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ ਭਰ ਵਿੱਚ ਕਈ ਥਾਵਾਂ ਤੇ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ ਤਾਂ ਕਈ ਸੂਬਿਆਂ ਵਿੱਚ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ, "ਦਿੱਲੀ, ਮੱਧ ਪ੍ਰਦੇਸ਼ ਸਣੇ ਕੁਝ ਸੂਬੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਘਟਣ ਦੇ ਮੁੱਢਲੇ ਸੰਕੇਤ ਦਿਖਾ ਰਹੇ ਹਨ। ਕੁਝ ਸੂਬਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਰੁਝਾਨ ਹਨ। ਇਨ੍ਹਾਂ ਸੂਬਿਆਂ ਨੂੰ ਜ਼ਰੂਰੀ ਸਾਵਧਾਨੀ ਦੇ ਉਪਾਅ ਕਰਨੇ ਚਾਹੀਦੇ ਹਨ।
ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਚੰਡੀਗੜ੍ਹ, ਹਰਿਆਣਾ, ਕਰਨਾਟਕ, ਕੇਰਲਾ, ਹਿਮਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ ਅਜਿਹੇ ਸੂਬਿਆਂ ਵਿੱਚ ਸ਼ਾਮਲ ਹਨ।"
ਪੰਜਾਬ ਵਿੱਚ ਲਗਾਈਆਂ ਪਾਬੰਦੀਆਂ ਦਾ ਵਿਰੋਧ
ਪੰਜਾਬ ਵਿੱਚ ਲਗਾਈਆਂ ਨਵੀਆਂ ਪਾਬੰਦੀਆਂ ਖਿਲਾਫ਼ ਸੂਬੇ ਵਿੱਚ ਕਈ ਥਾਈਂ ਵਿਰੋਧ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸੰਗਰੂਰ ਅਤੇ ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਅਤੇ ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਸੂਬੇ ਵਿਚ ਕਈ ਥਾਵਾਂ ਉੱਤੇ ਲੋਕ ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ।
ਕਾਰੋਬਾਰੀਆਂ ਤੇ ਵਪਾਰੀਆਂ ਨੇ ਬਰਨਾਲਾ ਦੇ ਸਦਰ ਬਾਜ਼ਾਰ ਤੇ ਗੁਰਦਾਸਪੁਰ ਦੇ ਬਟਾਲਾ ਵਿੱਚ ਚੱਕਾ ਜਾਮ ਕਰਕੇ ਰੋਸ਼ ਮੁਜਾਹਰਾ ਕੀਤਾ।
ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੁਝ ਘੰਟੇ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਵੇ।
ਬਰਨਾਲਾ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ, "ਜਿਹੜੀਆਂ ਨਵੀਆਂ ਪਾਬੰਦੀਆਂ ਲਾਈਆਂ ਹਨ ਉਸ ਵਿੱਚ ਦੋਗਲੀ ਨੀਤੀ ਅਪਣਾਈ ਗਈ ਹੈ। ਵਪਾਰੀਆਂ ਦੀਆਂ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ ਅਤੇ ਕੁਝ ਬੰਦ ਕਰ ਦਿੱਤੀਆਂ ਹਨ। ਪ੍ਰਸ਼ਾਸਨ ਸਹਿਯੋਗ ਦੇਣ ਦੀ ਥਾਂ ਧੱਕੇ ਨਾਲ ਦੁਕਾਨਾਂ ਬੰਦ ਕਰਵਾ ਰਿਹਾ ਹੈ। ਵਪਾਰੀਆਂ ਵਿੱਚ ਨਿਰਾਸ਼ਾ ਹੈ।"
ਪ੍ਰਦਰਸ਼ਨ ਕਰ ਰਹੇ ਵਪਾਰੀਆਂ ਨੇ ਮੰਗ ਕੀਤੀ ਕਿ ਸਾਰੀਆਂ ਦੁਕਾਨਾਂ ਦਾ ਸਮਾਂ ਤੈਅ ਹੋ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਦੁਕਾਨ ਦਾ ਖਰਚਾ ਤਾਂ ਨਿਕਲ ਸਕੇ। ਚਾਹੇ ਚਾਰ-ਪੰਜ ਘੰਟੇ ਖੁਲ੍ਹਣ ਪਰ ਸਭ ਦੁਕਾਨਾਂ ਖੁਲ੍ਹਣ।
ਇਹ ਵੀ ਪੜ੍ਹੋ: