ਕੋਰੋਨਾਵਾਇਰਸ: ਕਿਹੜੇ ਸੂਬਿਆਂ ਵਿਚ ਕੁਝ ਘਟਿਆ ਕੋਰੋਨਾ ਪਰ ਕਿੱਥ -ਕਿੱਥੇ ਫੜ ਰਿਹਾ ਹੋਰ ਜ਼ੋਰ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਕੋਰੋਨਾਵਾਇਰਸ ਨਾਲ ਸਬੰਧਿਤ ਖ਼ਬਰਾਂ ਤੁਹਾਡੇ ਕੋਲ ਪਹੁੰਚਾਉਂਦੇ ਰਹਾਂਗੇ।

ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਕ ਦੇਸ ਭਰ ਵਿੱਚ ਕੁੱਲ ਮੌਤ ਦਰ 1.10 ਫੀਸਦ ਦੇ ਕਰੀਬ ਹੈ।

ਦਿੱਲੀ, ਮੱਧ ਪ੍ਰਦੇਸ਼ ਸਣੇ ਕੁਝ ਸੂਬੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਘਟਣ ਦੇ ਮੁੱਢਲੇ ਸੰਕੇਤ ਦਿਖਾ ਰਹੇ ਹਨ।

"ਅਸੀਂ ਰਿਕਵਰੀ ਵਿੱਚ ਵੀ ਸਕਾਰਾਤਮਕਤਾ ਦੇਖ ਰਹੇ ਹਾਂ। 2 ਮਈ ਨੂੰ ਰਿਕਵਰੀ ਦੀ ਦਰ 78 ਫੀਸਦ ਸੀ ਅਤੇ ਤਿੰਨ ਮਈ ਨੂੰ ਇਹ ਲਗਭਗ 82 ਫੀਸਦ ਤੱਕ ਪਹੁੰਚ ਗਈ। ਇਹ ਸ਼ੁਰੂਆਤੀ ਤੌਰ 'ਤੇ ਹੈ ਜਿਸ 'ਤੇ ਸਾਨੂੰ ਨਿਯਮਿਤ ਤੌਰ 'ਤੇ ਕੰਮ ਕਰਨਾ ਪਏਗਾ।"

"ਕੁਝ ਸੂਬਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਰੁਝਾਨ ਹਨ। ਇਨ੍ਹਾਂ ਸੂਬਿਆਂ ਨੂੰ ਜ਼ਰੂਰੀ ਸਾਵਧਾਨੀ ਦੇ ਉਪਾਅ ਕਰਨੇ ਚਾਹੀਦੇ ਹਨ।

ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਚੰਡੀਗੜ੍ਹ, ਹਰਿਆਣਾ, ਕਰਨਾਟਕ, ਕੇਰਲਾ, ਹਿਮਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ ਅਜਿਹੇ ਸੂਬਿਆਂ ਵਿੱਚ ਸ਼ਾਮਲ ਹਨ।"

ਲਵ ਅਗਰਵਾਲ ਨੇ ਅੱਗੇ ਕਿਹਾ, "ਅਸੀਂ ਮੈਡੀਕਲ ਵਰਤੋਂ ਲਈ ਗੈਸ ਆਕਸੀਜਨ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਦਯੋਗਿਕ ਇਕਾਈਆਂ ਜੋ ਆਕਸੀਜਨ ਬਣਾਉਂਦੀਆਂ ਹਨ, ਜੋ ਡਾਕਟਰੀ ਉਦੇਸ਼ਾਂ ਲਈ ਢੁਕਵੀਂ ਹੈ ਅਤੇ ਸ਼ਹਿਰਾਂ ਦੇ ਨੇੜੇ ਹੈ, ਅਸੀਂ ਉਨ੍ਹਾਂ ਦੇ ਆਲੇ-ਦੁਆਲੇ ਅਸਥਾਈ ਕੋਵਿਡ-ਕੇਅਰ ਸੈਂਟਰ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ ਜੋ ਕਿ ਆਕਸੀਜਨ ਵਾਲੇ ਬੈਡਸ ਨਾਲ ਲੈਸ ਹੋਣਗੇ।"

ਪੰਜਾਬ ਦੇ ਪੱਤਰਕਾਰ ਕੋਰੋਨਾ ਵਾਰੀਅਰਜ਼ ਦੀ ਸੂਚੀ 'ਚ

ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਪੱਤਰਕਾਰ ਹੁਣ ਕੋਵਿਡ ਫਰੰਟਲਾਈਨ ਵਾਰੀਅਰਜ਼ ਦੀ ਸੂਚੀ ਵਿੱਚ ਸ਼ਾਮਲ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਹੈ। ਇਸ ਵਿੱਚ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ ਵੀ ਦਾਇਰੇ ਵਿੱਚ ਵੀ ਆਉਂਦੇ ਹਨ।

ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕਰਕੇ ਸਾਂਝਾ ਕੀਤੀ ਹੈ।

ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕੀ ਕਿਹਾ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੀਡੀਆ ਨੂੰ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੀ ਰਿਪੋਰਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਜੋ ਵੀ ਹੁੰਦਾ ਹੈ ਉਸ ਦੀ 'ਪੂਰੀ ਰਿਪੋਰਟਿੰਗ' ਜ਼ਰੂਰ ਕਰਨੀ ਚਾਹੀਦੀ ਹੈ।

ਸੁਪਰੀਮ ਕੋਰਟ ਨੇ ਇਹ ਗੱਲ ਸੋਮਵਾਰ ਨੂੰ ਚੋਣ ਕਮਿਸ਼ਨ ਦੀ ਇੱਕ ਸ਼ਿਕਾਇਤ 'ਤੇ ਸੁਣਵਾਈ ਦੌਰਾਨ ਕਹੀ।

ਦਰਅਸਲ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਮਦਰਾਸ ਹਾਈ ਕੋਰਟ ਨੇ 'ਬਿਨਾਂ ਕਿਸੇ ਸਬੂਤ ਦੇ ਇਸ ਦੀ ਅਲੋਚਨਾ ਕੀਤੀ' ਅਤੇ ਮੀਡੀਆ ਨੂੰ ਓਰਲ ਓਬਜ਼ਰਵੇਸ਼ਨ (ਜ਼ਬਾਨੀ ਰਿਪੋਰਟਿੰਗ) ਦੀ ਰਿਪੋਰਟ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਸ ਮੰਗ ਨੂੰ ਖਾਰਜ ਕਰਦਿਆਂ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਚੋਣ ਕਮਿਸ਼ਨ ਨੂੰ ਕਿਹਾ, "ਮੀਡੀਆ ਨੂੰ ਸਾਡੇ ਫੈਸਲਿਆਂ, ਸਾਡੇ ਸਵਾਲਾਂ ਅਤੇ ਜਵਾਬਾਂ ਅਤੇ ਹਰ ਚੀਜ਼ ਦੀ ਰਿਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਉਹ ਲੋਕ ਹਿੱਤ ਵਿੱਚ ਹਨ। ਮੀਡੀਆ ਸਾਡੀਆਂ ਟਿੱਪਣੀਆਂ ਨੂੰ ਰਿਪੋਰਟ ਨਾ ਕਰੇ ਇਹ ਹੋ ਹੀ ਨਹੀਂ ਸਕਦਾ।''

ਪਿਛਲੇ ਹਫ਼ਤੇ ਚੋਣ ਕਮਿਸ਼ਨ ਨੇ ਮਦਰਾਸ ਹਾਈ ਕੋਰਟ ਦੀ ਟਿੱਪਣੀ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।

26 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਨੇ ਕਿਹਾ ਸੀ ਕਿ 'ਚੋਣ ਕਮਿਸ਼ਨ 'ਤੇ ਕਤਲ ਦੀਆਂ ਧਾਰਾਵਾਂ ਲਗਣੀਆਂ ਚਾਹੀਦੀਆਂ ਹਨ।'

ਜਸਟਿਸ ਡੀ.ਵਾਈ. ਚੰਦਰਚੂੜ ਨੇ ਸੁਣਵਾਈ ਦੌਰਾਨ ਕਿਹਾ, "ਅਸੀਂ ਆਮ ਤੌਰ 'ਤੇ ਬਹੁਤ ਧਿਆਨ ਰੱਖਦੇ ਹਾਂ ਕਿ ਨਿਆਂਇਕ ਕ੍ਰਮ ਵਿੱਚ ਅਜਿਹੀ ਕੋਈ ਚੀਜ਼ ਨਾ ਰੱਖੀ ਜਾਵੇ ਜੋ ਢੁੱਕਵੀਂ ਨਾ ਹੋਵੇ।"

ਜਸਟਿਸ ਚੰਦਰਚੂੜ ਨੇ ਇਹ ਵੀ ਕਿਹਾ, "ਅਸੀਂ ਤੁਹਾਡਾ (ਚੋਣ ਕਮਿਸ਼ਨ) ਦੇ ਇਸ ਪੁਆਇੰਟ ਵੱਲ ਧਿਆਨ ਦਿੰਦੇ ਹਾਂ ਕਿ ਚੋਣ ਕਮਿਸ਼ਨ ਦੇ ਕਾਤਲ ਹੋਣ ਦੀ ਭੂਮਿਕਾ ਬਾਰੇ ਚਰਚਾ ਇਸ ਪਟੀਸ਼ਨ ਦਾ ਵਿਸ਼ਾ ਨਹੀਂ ਹੈ।"

ਚੋਣ ਕਮਿਸ਼ਨ ਵੱਲੋਂ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਮਦਰਾਸ ਹਾਈ ਕੋਰਟ ਦੀ ਟਿੱਪਣੀ 'ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਟਿੱਪਣੀਆਂ ਮਾਮਲੇ ਦੇ ਪ੍ਰਸੰਗ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਸਾਨੂੰ ਨਿਆਂਇਕ ਨਿਰਦੇਸ਼ ਦੀ ਪਵਿੱਤਰਤਾ ਕਾਇਮ ਰੱਖਣੀ ਪਵੇਗੀ, ਸਾਨੂੰ ਇੱਕ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕੁਝ ਆਜ਼ਾਦੀ ਵੀ ਦੇਣੀ ਪਏਗੀ।

"ਸਾਨੂੰ ਇਹ ਵੀ ਲਗਦਾ ਹੈ ਕਿ ਮੀਡੀਆ ਨੂੰ ਉਹ ਸਭ ਕੁਝ ਸ਼ਾਮਲ ਕਰਨਾ ਚਾਹੀਦਾ ਹੈ ਜੋ ਅਦਾਲਤ ਵਿੱਚ ਦੇਖਿਆ ਗਿਆ ਹੈ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਚੋਣ ਕਮਿਸ਼ਨ ਨੂੰ ਇਸ ਕੇਸ ਵਿੱਚ ਤਕਲੀਫ਼ ਕਿਉਂ ਮਹਿਸੂਸ ਹੋਈ।"

ਸਪੈਸ਼ਲ ਲੀਵ ਪਟੀਸ਼ਨ (ਐੱਸ.ਐੱਲ.ਪੀ.) ਦਾ ਜ਼ਿਕਰ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਸੁਤੰਤਰ ਸੰਵਿਧਾਨਕ ਸੰਸਥਾ ਹੈ ਅਤੇ ਉਹ ਕਿਸੇ ਹੋਰ ਸੰਵਿਧਾਨਕ ਸੰਸਥਾ ਨੂੰ ਆਪਣੀ ਤਾਕਤ 'ਤੇ ਇੱਕ ਹੋਰ ਸੰਵਿਧਾਨਕ ਅਧਿਕਾਰ ਨਹੀਂ ਚਾਹੁੰਦਾ।

ਜਸਟਿਸ ਡਾਕਟਰ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਉਹ ਵੀ ਇਨਸਾਨ ਹੀ ਹਨ ਅਤੇ ਉਹ ਵੀ ਤਣਾਅ ਵਿੱਚ ਹਨ। ਇਸ ਨੂੰ ਸਹੀ ਭਾਵਨਾ ਨਾਲ ਲਓ। ਅਸੀਂ ਆਪਣੀਆਂ ਉੱਚ ਅਦਾਲਤਾਂ ਦਾ ਮਨੋਬਲ ਨਹੀਂ ਡੇਗਣਾ ਚਾਹੁੰਦੇ, ਉਹ ਸਾਡੇ ਲੋਕਤੰਤਰ ਦੇ ਮਹੱਤਵਪੂਰਨ ਥੰਮ ਹਨ।"

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ, "ਜਦੋਂ ਰੈਲੀਆਂ ਹੋ ਰਹੀਆਂ ਸਨ, ਉਦੋਂ ਸਥਿਤੀ ਇੰਨੀ ਮਾੜੀ ਨਹੀਂ ਸੀ। ਸਾਨੂੰ ਨਿਰੀਖਣ 'ਤੇ ਗੰਭੀਰ ਇਤਰਾਜ਼ ਹਨ। ਹਾਈ ਕੋਰਟ ਦੇ ਨਿਰੀਖਣ ਕਾਰਨ ਇਲੈਕਟ੍ਰਾਨਿਕ ਮੀਡੀਆ 'ਤੇ ਲਗਾਤਾਰ ਚਰਚਾ ਹੋਈ ਕਿ ਅਸੀਂ ਕਾਤਲ ਹਾਂ।"

ਅਦਾਲਤ ਨੇ ਕਿਹਾ, ਅਸੀਂ ਕੇਸ ਵਿੱਚ ਸਾਰੀਆਂ ਧਿਰਾਂ ਦੀ ਸੁਣਵਾਈ ਕੀਤੀ ਹੈ ਅਤੇ ਅਸੀਂ ਜਲਦ ਤੋਂ ਜਲਦ ਫੈਸਲਾ ਸੁਣਾਵਾਂਗੇ।

ਦੋ ਖਿਡਾਰੀਆਂ ਨੂੰ ਹੋਇਆ ਕੋਰੋਨਾ, ਅੱਜ ਦਾ IPL ਮੈਚ ਮੁਲਤਵੀ

ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਦੋ ਖਿਡਾਰੀਆਂ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਕਾਰਨ ਸੋਮਵਾਰ ਨੂੰ ਕੋਲਕਾਤਾ ਅਤੇ ਬੈਂਗਲੁਰੂ ਦੀ ਟੀਮ ਦੇ ਨਾਲ ਹੋਣ ਵਾਲੇ ਮੈਚ ਨੂੰ ਟਾਲ ਦਿੱਤਾ ਗਿਆ ਹੈ।

ਬੀਸੀਸੀਆਈ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ, ''ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਹੋਣ ਨਾਲਾ ਮੈਚ ਮੁੜ ਸ਼ਡਿਊਲ ਕੀਤਾ ਜਾ ਰਿਹਾ ਹੈ।"

''ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਟੀਮ ਦੇ ਬਾਕੀ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋਵਾਂ ਹੀ ਖਿਡਾਰੀਆਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ।"

ਮੈਡੀਕਲ ਟੀਮ ਖਿਡਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਕੋਲਕਾਤਾ ਦੀ ਟੀਮ ਵਿਚ ਹਰ ਦਿਨ ਕੋਰੋਨਾ ਦੀ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਲਾਗ ਬਾਰੇ ਜਲਦੀ ਤੋਂ ਜਲਦੀ ਪਤਾ ਕੀਤਾ ਜਾ ਸਕੇ।"

ਆਂਧਰਾ ਪ੍ਰਦੇਸ਼ ਵਿੱਚ 5 ਮਈ ਤੋਂ ਦੋ ਹਫ਼ਤਿਆਂ ਲਈ ਆਂਸ਼ਿਕ ਕਰਫ਼ਿਊ

ਆਂਧਰਾ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ ਲਈ ਆਂਸ਼ਿਕ ਕਰਫਿਊ ਦਾ ਐਲਾਨ ਕਰ ਦਿੱਤਾ ਹੈ।

ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈੱਡੀ ਨੇ ਸਮੀਖਿਆ ਬੈਠਕ ਦੌਰਾਨ ਐਲਾਨ ਕੀਤਾ ਕਿ 5 ਮਈ ਨੂੰ ਸਵੇਰੇ 6 ਵਜੇ ਤੋਂ 14 ਦਿਨਾਂ ਤੱਕ ਸੂਬੇ ਵਿੱਚ ਆਂਸ਼ਿਕ ਕਰਫਿਊ ਲਾਗੂ ਰਹੇਗਾ। ਹਾਲਾਂਕਿ ਇਸ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।

ਕਰਨਾਟਕ ਵਿੱਚ ਕਈ ਕੋਰੋਨਾਵਾਇਰਸ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨੇ ਲਈ ਜਾਨ

ਕਰਨਾਟਕ ਦੇ ਚਾਮਾਰਾਜਾਨਗਰ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਨਾਲ ਘੱਟੋ- ਘੱਟ 24 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਕਕੋਰੋਨਾਵਾਇਰਸ ਦੇ ਮਰੀਜ਼ ਸਨ। ਬੀਬੀਸੀ ਪੱਤਰਕਾਰ ਇਮਰਾਨ ਕੁਰੈਸ਼ੀ ਮੁਤਾਬਕ ਚਾਮਾਰਾਜਨਗਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਮਰੀਜ਼ਾਂ ਦੇ ਸ਼ਰੀਰ ਵਿੱਚ ਆਕਸੀਜਨ ਪੱਧਰ ਨੂੰ ਨੌਰਮਲ ਨਹੀਂ ਕੀਤਾ ਜਾ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਲੰਘੇ 24 ਘੰਟਿਆਂ ਵਿੱਚ 3 ਲੱਖ 68 ਹਜ਼ਾਰ ਤੋਂ ਪਾਰ ਕੋਰੋਨਾ ਕੇਸ ਆਏ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3,68,147 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3417 ਲੋਕਾਂ ਦੀ ਮੌਤ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ 34,13,642 ਐਕਟਿਵ ਕੇਸ ਹਨ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 3,00,732 ਲੋਕਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ।

ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 2,18,959 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੰਕੜਿਆਂ ਅਨੁਸਾਰ ਕੋਰੋਨਾਵਾਇਰਸ ਤੋਂ ਬਚਾਅ ਲਈ 15,7198,207 ਲੋਕਾਂ ਦੇ ਟੀਕੇ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)