IPL 2021: Kings XI Punjab ਤੋਂ Punjab Kings ਬਣੀ ਟੀਮ ਦੀ ਤਾਕਤ ਤੇ ਕਮਜ਼ੋਰੀਆਂ ਕੀ ਹਨ

ਕਿੰਗਸ ਇਲੈਵਨ ਪੰਜਾਬ ਨਹੀਂ ਇਸ ਵਾਰ ਨਾਮ ਹੈ ਪੰਜਾਬ ਕਿੰਗਸ... ਆਈਪੀਐੱਲ 2021 ਵਿੱਚ ਪੰਜਾਬ ਦੀ ਟੀਮ ਨਵੇਂ ਨਾਮ ਨਾਲ ਮੈਦਾਨ ਵਿੱਚ ਉਤਰ ਰਹੀ ਹੈ।

ਪੁਰਾਣੇ ਤੇ ਨਵੇਂ ਨਾਮ ਵਿੱਚ ਕਿੰਗਸ ਜ਼ਰੂਰ ਜੁੜਿਆ ਹੋਇਆ ਹੈ ਪਰ ਅਜੇ ਤੱਕ ਪੰਜਾਬ ਆਈਪੀਐੱਲ ਦਾ ਕਿੰਗ ਨਹੀਂ ਬਣ ਸਕਿਆ ਹੈ। ਹੁਣ ਇਸ ਵਾਰ ਇਹ ਦੇਖਣਾ ਹੋਵੇਗਾ ਕਿ ਕੀ ਨਾਮ ਬਦਲਣ ਨਾਲ ਪੰਜਾਬ ਕਿੰਗਸ ਦੀ ਪਰਫੌਰਮੈਂਸ ਬਦਲ ਸਕਦੀ ਹੈ ਜਾਂ ਨਹੀਂ।

ਪੰਜਾਬ ਕਿੰਗਸ ਪੰਜਾਬ ਦੇ ਕਪਤਾਨ ਕੇ ਐੱਲ ਰਾਹੁਲ ਹਨ। ਕੁਝ ਵਕਤ ਪਹਿਲਾਂ ਉਨ੍ਹਾਂ ਦੀ ਫੌਰਮ ਕਾਫ਼ੀ ਖਰਾਬ ਚੱਲ ਰਹੀ ਸੀ ਪਰ ਇੰਗਲੈਂਡ ਖਿਲਾਫ਼ ਉਨ੍ਹਾਂ ਨੇ ਆਪਣੀ ਫੌਰਮ ਵਾਪਸ ਹਾਸਲ ਕੀਤੀ ਤੇ ਇੱਕ ਸੈਂਕੜਾ ਵੀ ਜੜਿਆ।

ਕੇ ਐੱਲ ਰਾਹੁਲ ਦੀ ਫੌਰਮ ਵਾਪਸ ਆਉਣ ਨਾਲ ਪੰਜਾਬ ਕਿੰਗਸ ਦਾ ਹੌਂਸਲਾ ਕਾਫ਼ੀ ਵਧਿਆ ਹੋਵੇਗਾ ਕਿਉਂਕਿ ਰਾਹੁਲ ਪੰਜਾਬ ਲਈ ਕਾਫ਼ੀ ਅਹਿਮ ਖਿਡਾਰੀ ਰਹੇ ਹਨ।

ਇਹ ਵੀ ਪੜ੍ਹੋ:

ਕੀ ਹੈ ਪੰਜਾਬ ਕਿੰਗਸ ਦੀ ਤਾਕਤ

ਪੰਜਾਬ ਕਿੰਗਸ ਦਾ ਟੌਪ ਬੈਟਿੰਗ ਆਡਰ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਟੌਪ ਬੈਟਿੰਗ ਆਡਰ ਵਿੱਚ ਕੇ ਐੱਲ ਰਾਹੁਲ, ਕ੍ਰਿਸ ਗੇਲ, ਮਯੰਕ ਅਗਰਵਾਲ ਤੇ ਨਿਕੋਲਸ ਪੂਰਨ ਹਨ।

ਪੰਜਾਬ ਦੇ ਇਹ ਬੱਲੇਬਾਜ਼ ਕਿਸੇ ਵੀ ਤਾਕਤਵਰ ਬੌਲਿੰਗ ਅਟੈਕ ਨੂੰ ਆਪਣੇ ਅੱਗੇ ਗੋਢੇ ਟੇਕਣ ਨੂੰ ਮਜਬੂਰ ਕਰ ਸਕਦੇ ਹਨ।

ਪਿਛਲੇ ਸੀਜ਼ਨ ਵਿੱਚ ਪਹਿਲਾਂ ਤਾਂ ਕਈ ਮੈਚਾਂ ਵਿੱਚ ਕ੍ਰਿਸ ਨੂੰ ਨਹੀਂ ਖਿਡਾਇਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਤੀਜੇ ਨੰਬਰ ਉੱਤੇ ਉਤਾਰਿਆ ਗਿਆ ਸੀ।

‘ਬੌਸ ਆਫ ਯੂਨੀਵਰਸ’ ਨਾਮ ਨਾਲ ਜਾਣੇ ਜਾਂਦੇ ਕ੍ਰਿਸ ਗੇਲ ਨੇ ਆਪਣੇ ਕਰੀਅਰ ਦਾ ਵੱਡਾ ਹਿੱਸਾ ਇੱਕ ਸਲਾਮੀ ਬੱਲੇਬਾਜ਼ ਵਜੋਂ ਹੀ ਬਿਤਾਇਆ ਹੈ ਪਰ ਕਿੰਗਸ ਇਲੈਵਨ ਜੋ ਹੁਣ ਪੰਜਾਬ ਕਿੰਗਸ ਬਣ ਚੁੱਕੀ ਹੈ, ਉਸ ਦਾ ਇਹ ਤਜਰਬਾ ਕੰਮ ਵੀ ਆਇਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੀਤੇ ਸੀਜ਼ਨ ਵਿੱਚ ਕ੍ਰਿਸ ਗੇਲ ਨੇ ਕੁਝ ਚੰਗੀਆਂ ਪਾਰੀਆਂ ਖੇਡੀਆਂ ਸਨ। ਹੁਣ ਪੰਜਾਬ ਕਿੰਗਸ ਨੂੰ ਇਹ ਸੋਚਣਾ ਹੋਵੇਗਾ ਕਿ ਕੀ ਕ੍ਰਿਸ ਗੇਲ ਤੋਂ ਓਪਨਿੰਗ ਕਰਵਾਈਏ ਤੇ ਰਾਹੁਲ ਨੂੰ ਤੀਜੇ ਨੰਬਰ ਉੱਤੇ ਭੇਜੀਏ ਜਾਂ ਫਿਰ ਕ੍ਰਿਸ ਨੂੰ ਤੀਜੇ ਨੰਬਰ ਉੱਤੇ ਹੀ ਖਿਡਾਇਆ ਜਾਵੇ।

ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਜਦੋਂ ਵੀ ਕ੍ਰਿਸ ਗੇਲ ਜ਼ਿਆਦਾ ਓਵਰ ਖੇਡਦੇ ਹਨ ਤਾਂ ਉਹ ਵਿਰੋਧੀ ਟੀਮ ਲਈ ਮਾਰੂ ਸਾਬਿਤ ਹੁੰਦੇ ਹਨ।

ਮਯੰਕ ਅਗਰਵਾਲ ਤੇ ਨਿਕੋਲਸ ਪੂਰਨ ਵੀ ਟੌਪ ਆਡਰ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਤੇ ਟੀਮ ਨੂੰ ਚੰਗੇ ਸਕੋਰ ਵੱਲ ਤੋਰਨ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋ ਸਕਦੇ ਹਨ।

ਕੀ ਹਨ ਕਮਜ਼ੋਰੀਆਂ

ਪੰਜਾਬ ਕਿੰਗਸ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਉਨ੍ਹਾਂ ਦੀ ਲੋਅਰ ਆਡਰ ਬੈਟਿੰਗ। ਪੰਜਾਬ ਕੋਲ ਹੁਣ ਗਲੇਨ ਮੈਕਸਵੈੱਲ ਤੇ ਨੀਸ਼ਮ ਨਹੀਂ ਹਨ।

ਸ਼ਾਹੁਰਖ ਖਾਨ, ਜੇ ਰਿਸਰਡਸਨ ਨੂੰ ਇਸ ਵਾਰ ਚੰਗੇ ਪੈਸੇ ਖਰਚ ਕੇ ਪੰਜਾਬ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਦੋਵੇਂ ਤੇਜ਼ ਗਤੀ ਨਾਲ ਰਨ ਬਣਾ ਸਕਦੇ ਹਨ ਤੇ ਗੇਂਦਬਾਜ਼ੀ ਵੀ ਕਰ ਸਕਦੇ ਹਨ ਪਰ ਫਿਰ ਵੀ ਪੰਜਾਬ ਦਾ ਲੋਅਰ ਬੈਟਿੰਗ ਆਡਰ ਕਮਜ਼ੋਰ ਰਹੇਗਾ।

ਆਖਰੀ ਓਵਰਾਂ ਵਿੱਚ ਗੇਂਦਬਾਜ਼ੀ ਵੀ ਪੰਜਾਬ ਦੀ ਇੱਕ ਕਮਜ਼ੋਰੀ ਰਿਹਾ ਹੈ। ਪਿਛਲੇ ਸਾਲ ਪੰਜਾਬ ਦੀ ਫਾਸਟ ਬੌਲਿੰਗ ਦਾ ਇਕੋਨੋਮੀ ਰੇਟ 9.15 ਰਿਹਾ ਸੀ।

ਜੇ ਰਿਸਰਡਸਨ ਚੰਗਾ ਪਰਫੌਰਮ ਕਰਦੇ ਹਨ ਤਾਂ ਪੰਜਾਬ ਦੀ ਗੇਂਦਬਾਜ਼ੀ ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਮੁਰਗਨ ਅਸ਼ਵਿਨ ਤੇ ਰਵੀ ਬਿਸ਼ਨੋਈ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ।

ਕਿਸ ਨੌਜਵਾਨ 'ਤੇ ਰਹੇਗੀ ਨਜ਼ਰ

ਉੱਤਰ ਪ੍ਰਦੇਸ਼ ਵੱਲੋਂ ਖੇਡਦੇ ਸੌਰਭ ਕੁਮਾਰ ਇਸ ਵਾਰ ਪੰਜਾਬ ਵੱਲੋਂ ਚਮਕ ਸਕਦੇ ਹਨ। ਯੂਪੀ ਵੱਲੋਂ ਖੇਡਦੇ ਹੋਏ ਸੌਰਭ ਨੇ ਚੰਗਾ ਪਰਫੌਰਮ ਕੀਤਾ ਹੈ। ਉਨ੍ਹਾਂ ਨੇ ਚੰਗੀ ਇਕੋਨਮੀ ਰੱਖ ਕੇ ਯੂਪੀ ਲਈ 192 ਵਿਕਟਾਂ ਲਈਆਂ ਹਨ।

ਜੇ ਪੰਜਾਬ ਦੇ ਕੋਚਿੰਗ ਸਟਾਫ਼ ਦੀ ਗੱਲ ਕਰੀਏ ਤਾਂ ਅਨਿਲ ਕੁੰਬਲੇ, ਐਂਡੀ ਫਲਾਰ, ਵਸੀਮ ਜਾਫ਼ਰ ਤੇ ਜੌਂਟੀ ਰੋਡਸ ਵਰਗੇ ਵੱਡੇ ਨਾਂ ਟੀਮ ਨਾਲ ਜੁੜੇ ਹਨ।

ਪਿਛਲੇ ਸੀਜ਼ਨ ਵਿੱਚ ਪੰਜਾਬ ਨੇ ਸ਼ੁਰੂਆਤੀ ਮੈਚ ਹਾਰ ਕੇ ਫਿਰ ਵਾਪਸੀ ਕੀਤੀ ਸੀ ਤੇ ਕਈ ਮਜ਼ਬੂਤ ਟੀਮਾਂ ਨੂੰ ਹਰਾਇਆ ਸੀ ਪਰ ਟ੍ਰਾਫੀ ਤੋਂ ਫਿਰ ਵੀ ਦੂਰ ਰਹੇ ਸਨ।

ਪੇਪਰ ਉੱਤੇ ਤਾਂ ਪੰਜਾਬ, ਮੁੰਬਈ, ਦਿੱਲੀ ਤੇ ਚੇਨੱਈ ਵਰਗੀਆਂ ਟੀਮਾਂ ਤੋਂ ਕੁਝ ਕਮਜ਼ੋਰ ਨਜ਼ਰ ਆ ਰਹੀ ਹੈ ਪਰ ਕੀ ਪਿੱਚ 'ਤੇ ਉਹ ਮਜ਼ਬੂਤੀ ਦਿਖਾ ਕੇ ਫੈਨਜ਼ ਨੂੰ ਹੈਰਾਨ ਕਰ ਸਕਦੀ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲਗ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)