You’re viewing a text-only version of this website that uses less data. View the main version of the website including all images and videos.
ਰਾਕੇਸ਼ ਟਿਕੈਤ ਨੇ ਭਾਜਪਾ 'ਤੇ ਲਾਇਆ ਹਮਲਾ ਕਰਨ ਦਾ ਇਲਜ਼ਾਮ, ਕਿਸਾਨਾਂ ਨੇ ਕਈ ਥਾਈਂ ਲਾਏ ਜਾਮ
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ।
ਟਿਕੈਤ ਦੇ ਮੁਤਾਬਕ ਇਹ ਹਮਲਾ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਨੇ ਇਸ ਬਾਰੇ ਟਵਿੱਟਰ 'ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ।
ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ 'ਤੇ ਹਮਲਾ ਜ਼ਿਲ੍ਹੇ ਦੇ ਬਾਨਸੂਰ ਰੋਡ 'ਤੇ ਹੋਇਆ।
ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣੇ ਹੋਏ ਹਨ।
ਇਹ ਵੀ ਪੜ੍ਹੋ:
ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤਾਂ ਕਰ ਰਹੇ ਹਨ। ਕੁਝ ਦਿਨ ਪਹਿਲਾਂ ਟਿਕੈਤ ਪੱਛਮੀ ਬੰਗਾਲ ਦੇ ਦੌਰੇ 'ਤੇ ਸਨ ਅਤੇ ਹੁਣ ਰਾਜਸਥਾਨ ਦੌਰੇ 'ਤੇ ਹਨ।
ਚਿੱਲਾ ਬਾਰਡਰ ਕੁਝ ਦੇਰ ਲਈ ਕੀਤਾ ਗਿਆ ਜਾਮ
ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਚਿੱਲਾ (ਦਿੱਲੀ-ਨੌਇਡਾ) ਬਾਰਡਰ ਕੁਝ ਸਮੇਂ ਲਈ ਜਾਮ ਕਰ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ।
ਕਿਸਾਨਾਂ ਦਾ ਕਹਿਣਾ ਸੀ ਕਿ ਟਿਕੈਤ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਵਾਉਣ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।
ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ 24 ਘੰਟਿਆਂ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਮੁੜ ਜਾਮ ਲਗਾ ਦੇਣਗੇ।
ਟਿਕੈਤ 'ਤੇ ਹੋਏ ਹਮਲੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਗਾਜ਼ੀਪੁਰ ਬਾਰਡਰ ਦੇ ਕੌਮੀ ਰਾਜਮਾਰਗ 9 ਨੂੰ ਜਾਮ ਕਰ ਦਿੱਤਾ, ਹਾਲਾਂਕਿ ਬਾਅਦ ਵਿੱਚ ਹਾਈਵੇਅ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਰਾਜਸਥਾਨ ਪੁਲਿਸ ਨੇ ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਗੁਰਦਾਸਪੁਰ 'ਚ ਚੱਕਾ ਜਾਮ
ਗਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਨੂੰ ਲੈ ਕੇ ਰੋਸ ਜ਼ਾਹਰ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਬਾਈਪਾਸ ਨੇੜੇ ਅੰਮ੍ਰਿਤਸਰ-ਪਠਾਨਕੋਟ (ਜੰਮੂ) ਮਾਰਗ 'ਤੇ ਚੱਕਾ ਜਾਮ ਕੀਤਾ ਗਿਆ।
ਕਿਸਾਨ ਜਥੇਬੰਦੀਆਂ ਵੱਲੋਂ ਟਿਕੈਤ 'ਤੇ ਹੋਏ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਰੋਸ ਦੀ ਅਗਵਾਈ ਕਰਨ ਵਾਲਿਆਂ ਨੇ ਕਿਹਾ ਕਿ ਇਹ ਹਮਲਾ ਖੇਤੀ ਕਾਨੂੰਨ ਦੇ ਖਿਲਾਫ ਚੱਲ ਰਹੇ ਅੰਦੋਲਨ ਨੂੰ ਦਬਾਉਣ ਲਈ ਕਰਵਾਇਆ ਗਿਆ ਹੈ।
ਮੁਜ਼ਾਹਰਾਕਾਰੀਆਂ ਵੱਲੋਂ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਆਪ ਨੇ ਕੀਤੀ ਨਿੰਦਾ
ਆਮ ਆਦਮੀ ਪਾਰਟੀ ਨੇ ਰਾਕੇਸ਼ ਟਿਕੈਤ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਬਾਅ ਪਾਉਣ ਲਈ ਘਿਨੌਣੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ, "ਗੁੰਡਾਗਰਦੀ ਦੇ ਨਾਮ 'ਤੇ ਲੋਕਾਂ ਨੂੰ ਡਰਾਉਣਾ ਅਤੇ ਉਨ੍ਹਾਂ ਨੂੰ ਚੁੱਪ ਕਰਾਉਣਾ ਭਾਜਪਾ ਦੀ ਨੀਤੀ ਹੈ।"
ਇਹ ਵੀ ਪੜ੍ਹੋ: