ਕਿਸਾਨ ਅੰਦੋਲਨ : ਦੀਪ ਸਿੱਧੂ ਦੀ ਰਿਹਾਈ ਲਈ ਸਿਰਸਾ ਨੇ ਕੀਤਾ ਟਵੀਟ ਤਾਂ ਸੋਸ਼ਲ ਮੀਡੀਆ ਉੱਤੇ ਕੀ ਛਿੜੀ ਚਰਚਾ - ਪ੍ਰੈਸ ਰਿਵੀਊ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ 26 ਜਨਵਰੀ ਦੀ ਘਟਨਾ ਦੇ ਮੁਲਜ਼ਮ ਦੀਪ ਸਿੱਧੂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਪੂਰੀ ਕਾਨੂੰਨੀ ਮਦਦ ਦਿੱਤੀ ਜਾਵੇਗੀ।

ਦੀਪ ਸਿੱਧੂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ 23 ਫਰਬਰੀ ਨੂੰ ਅਦਾਲਤੀ ਰਿਮਾਂਡ ਉੱਤੇ ਜੇਲ੍ਹ ਭੇਜ ਦਿੱਤਾ ਸੀ।

ਉਨ੍ਹਾਂ ਟਵੀਟ ਕਰਕੇ ਕਿਹਾ, "ਕਈ ਲੋਕ ਮੈਨੂੰ ਦੀਪ ਸਿੱਧੂ ਬਾਰੇ ਜਾਣਨ ਲਈ ਫੋਨ ਕਰਦੇ ਰਹੇ ਹਨ। ਮੈਂ ਤੁਹਾਨੂੰ ਸਭ ਨੂੰ ਅਪਡੇਟ ਦੇਣਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ 'ਤੇ ਭੇਜਿਆ ਗਿਆ ਸੀ, ਉਸ ਦਿਨ ਮੇਰੀ ਉਸ ਨਾਲ ਫੋਨ 'ਤੇ ਗੱਲ ਹੋਈ ਸੀ। ਉਹ ਬਿਲਕੁਲ ਠੀਕ ਅਤੇ ਤੰਦਰੁਸਤ ਹੈ। ਮੈਂ ਉਸ ਨੂੰ ਭਰੋਸਾ ਦਿੱਤਾ ਸੀ ਕਿ ਡੀਐੱਸਜੀਐੱਮਸੀ ਉਸ ਨੂੰ ਪੂਰੀ ਕਾਨੂੰਨੀ ਮਦਦ ਦੇਵੇਗਾ ਤੇ ਯਕੀਨੀ ਕਰੇਗਾ ਕਿ ਉਹ ਜੇਲ੍ਹ ਵਿੱਚੋਂ ਜਲਦੀ ਬਾਹਰ ਆਵੇ।"

ਹਾਲਾਂਕਿ ਇਸ ਤੋਂ ਬਾਅਦ ਕੁਝ ਲੋਕ ਸਮਰਥਨ ਵਿੱਚ ਆਏ ਤਾਂ ਕੁਝ ਨੇ ਇਸ ਫੈਸਲੇ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ:

ਹਰਮੀਤ ਨਾਮ ਦੇ ਟਵਿੱਟਰ ਯੂਜ਼ਰ ਨੇ ਕਿਹਾ, "ਕਿਉਂ? ਉਸ ਨੇ ਜੋ ਕੀਤਾ ਉਹ ਸਹੀ ਨਹੀਂ ਸੀ। ਉਸ ਨੇ ਗਣਤੰਤਰ ਦਿਵਸ ਮੌਕੇ ਸਿੱਖਾਂ ਦਾ ਅਕਸ ਖਰਾਬ ਕੀਤਾ। ਉਸ ਦੀ ਰਿਹਾਈ ਕਿਉਂ ਕਰਵਾਉਣੀ, ਉਹ ਸੈਲਿਬ੍ਰਿਟੀ ਹੈ, ਉਸ ਕੋਲ ਆਪਣੇ ਸਰੋਤ ਹਨ ਤੇ ਉਸ ਨੂੰ ਆਪਣਾ ਕੇਸ ਖੁਦ ਲੜਨ ਦਿਓ। ਡੀਐੱਸਜੀਐੱਮਸੀ ਨੂੰ ਉਸ ਦੀ ਮਦਦ ਨਹੀਂ ਕਰਨੀ ਚਾਹੀਦੀ।"

ਜਸਮੀਤ ਸਿੰਘ ਕੋਹਲੀ ਨੇ ਟਵੀਟ ਕੀਤਾ, "ਤੁਹਾਨੂੰ ਪੂਰਾ ਸਮਰਥਨ ਹੈ ਸਰ, ਦੀਪ ਸਿੱਧੂ, ਲੱਖਾ ਸਿਧਾਣਾ ਤੇ ਸਾਰੇ ਕਿਸਾਨਾਂ ਨੂੰ ਸਮਰਥਨ ਹੈ।"

ਸੈਣੀ ਅਤੇ ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਰੋਕ

ਦਿ ਟ੍ਰਿਬਿਊਨ ਮੁਤਾਬਕ ਬਹਿਬਲ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਉਂਦਿਆਂ ਦੋਵਾਂ ਨੂੰ 8 ਮਾਰਚ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।

ਦੱਸਦੇਈਏ ਕਿ ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਅਤੇ ਉਮਰਾਨੰਗਲ ਖਿਲਾਫ਼ 15 ਜਨਵਰੀ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ। ਚਲਾਨ ਪੇਸ਼ ਹੋਣ ਤੋਂ ਬਾਅਦ ਇਲਾਕਾ ਮੈਜਿਸਟਰੇਟ ਨੇ ਦੋਵਾਂ ਨੂੰ 9 ਫਰਵਰੀ ਲਈ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਦੋਵੇਂ ਪੁਲਿਸ ਅਧਿਕਾਰੀ ਪੇਸ਼ ਨਹੀਂ ਹੋਏ ਸਨ।

ਇਸ ਕਾਰਨ ਅਦਾਲਤ ਨੇ ਸੁਮੇਧ ਸੈਣੀ ਦੇ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਸੁਮੇਧ ਸੈਣੀ ਅਤੇ ਉਮਰਾਨੰਗਲ ਨੇ ਅਗਾਊਂ ਜ਼ਮਾਨਤ ਲਈ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜੋ 11 ਫਰਵਰੀ ਨੂੰ ਰੱਦ ਹੋ ਗਈ ਸੀ।

ਉਸ ਤੋਂ ਬਾਅਦ ਦੋਵੇਂ ਸਾਬਕਾ ਪੁਲੀਸ ਅਧਿਕਾਰੀਆਂ ਨੇ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਸਾਈਬਰ ਹਮਲੇ ਦਾ ਨਤੀਜਾ ਸੀ ਮੁੰਬਈ 'ਚ ਹੋਇਆ ਬਿਜਲੀ ਕੱਟ

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਇੱਕ ਅਮਰੀਕੀ ਕੰਪਨੀ ਨੇ ਕਿਹਾ ਹੈ ਕਿ ਚੀਨੀ ਸਰਕਾਰ ਨਾਲ ਜੁੜੇ ਸਮੂਹ ਦੇ ਹੈਕਰਾਂ ਨੇ ਮਾਲਵੇਅਰ ਰਾਹੀਂ ਭਾਰਤ ਦੇ ਅਹਿਮ ਪਾਵਰ ਗਰਿੱਡ ਨੂੰ ਨਿਸ਼ਾਨਾ ਬਣਾਇਆ ਸੀ।

ਇਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਵਿੱਚ 12 ਘੰਟਿਆਂ ਦਾ ਜੋ ਪਾਵਰ ਕੱਟ ਹੋਇਆ ਸੀ ਕਿਤੇ ਇਸ ਦਾ ਕਾਰਨ ਇਹ ਤਾਂ ਨਹੀਂ ਸੀ।

ਵੱਖ-ਵੱਖ ਦੇਸ਼ਾਂ ਦੇ ਇੰਟਰਨੈਟ ਦੀ ਵਰਤੋਂ ਦਾ ਅਧਿਐਨ ਕਰਨ ਵਾਲੀ ਅਮਰੀਕਾ ਦੀ ਮੈਸਾਚੁਸੈਟਸਸਥਿਤ ਸਾਈਬਰ ਸਿਕਿਓਰਿਟੀ ਕੰਪਨੀ ਰਿਕਾਰਡ ਫਿਊਚਰ ਨੇ ਇੱਕ ਤਾਜ਼ਾ ਰਿਪੋਰਟ ਵਿੱਚ ਦੱਸਿਆ ਹੈ ਕਿ ਚੀਨ ਨਾਲ ਜੁੜੀ ਰੈੱਡਏਕੋ ਨਾਮ ਦਾ ਇੱਕ ਸਮੂਹ ਭਾਰਤੀ ਬਿਜਲੀ ਖੇਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਸੋਮਵਾਰ ਨੂੰ ਮਹਾਰਾਸ਼ਟਰ ਦੇ ਊਰਜਾ ਮੰਤਰੀ ਨਿਤਿਨ ਰਾਓਤ ਨੇ ਇਸ ਬਾਰੇ ਇੱਕ ਬਿਆਨ ਵਿੱਚ ਕਿਹਾ, "12 ਅਕਤੂਬਰ, 2020 ਨੂੰ ਮੁੰਬਈ ਵਿੱਚ ਕਈ ਘੰਟਿਆਂ ਦੇ ਬਿਜਲੀ ਕੱਟ ਵਿੱਚ ਸਾਈਬਰ ਘੁਸਪੈਠ ਦੀ ਸੰਭਾਵਨਾ ਬਾਰੇ ਬਿਜਲੀ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਸੂਬੇ ਦੇ ਸਾਈਬਰ ਪੁਲਿਸ ਵਿਭਾਗ ਨੇ ਜਾਂਚ ਕੀਤੀ ਹੈ। ਅਤੇ ਇਸ ਦੀ ਰਿਪੋਰਟ ਮੈਨੂੰ ਅਤੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਸੌਂਪੀ ਗਈ ਹੈ। ਮੈਂ ਇਸ ਬਾਰੇ ਵਿਧਾਨ ਸਭਾ ਵਿੱਚ ਜਾਣਕਾਰੀ ਦੇਵਾਂਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)