ਫਰਾਂਸ਼ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਰਕੋਜ਼ੀ 'ਤੇ ਇਲਜ਼ਾਮ ਸੀ ਕਿ ਮਜਿਸਟ੍ਰੇਟ ਨੂੰ ਮੋਨੈਕੋ ਵਿੱਚ ਇੱਕ ਚੰਗੀ ਨੌਕਰੀ ਦੇ ਐਵਜ਼ ਵਿੱਚ ਉਨ੍ਹਾਂ ਦੀ ਪਾਰਟੀ ਖਿਲਾਫ ਜਾਰੀ ਕ੍ਰਿਮਿਨਲ ਜਾਂਚ ਬਾਰੇ ਜਾਣਕਾਰੀ ਮੰਗੀ ਸੀ। ਦੋਸ਼ੀ ਮਜਿਸਟ੍ਰੇਟ ਤੇ ਸਰਕੋਜ਼ੀ ਦੇ ਸਾਬਕਾ ਵਕੀਲ ਨੂੰ ਵੀ ਇਹੀ ਸਜ਼ਾ ਮਿਲੀ ਹੈ।

ਸਰਕੋਜ਼ੀ ਇਹ ਸਜ਼ਾ ਘਰ ਵਿੱਚ ਹੀ ਭੁਗਤ ਸਕਦੇ ਹਨ। ਆਪਣੀ ਰੂਲਿੰਗ ਵਿੱਚ ਜੱਜ ਨੇ ਕਿਹਾ ਹੈ ਕਿ ਸਰਕੋਜ਼ੀ ਇਹ ਸਜ਼ਾ ਘਰ ਵਿੱਚ ਭੁਗਤ ਸਕਦੇ ਹਨ। ਉਨ੍ਹਾਂ ਨੂੰ ਇੱਕ ਇਲੈਕਟ੍ਰੋਨਿਕ ਟੈਗ ਲਾਉਣਾ ਹੋਵੇਗਾ। ਸਰਕੋਜ਼ੀ ਇਸ ਖਿਲਾਫ਼ ਅਪੀਲ ਕਰ ਸਕਦੇ ਹਨ।

ਇਹ ਵੀ ਪੜ੍ਹੋ:

ਪ੍ਰਸ਼ਾਂਤ ਕਿਸ਼ੋਰ ਬਣੇ ਕੈਪਟਨ ਅਮਰਿੰਦਰ ਦੇ ਪ੍ਰਿੰਸੀਪਲ ਐਡਵਾਇਜ਼ਰ ਬਣੇ

ਸਿਆਸੀ ਨੀਤੀਕਾਰ ਵਜੋਂ ਜਾਣੇ ਜਾਂਦੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪ੍ਰਿੰਸੀਪਲ ਐਡਵਾਇਜ਼ਰ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਇੱਕ ਕੈਬਨਿਟ ਮੰਤਰੀ ਵਜੋਂ ਰੈਂਕ ਅਤੇ ਸਟੇਟਸ ਦਿੱਤਾ ਗਿਆ ਹੈ।

ਪ੍ਰਸ਼ਾਂਤ ਕਿਸ਼ੋਰ ਸਿਆਸੀ ਨੀਤੀਕਾਰ ਵਜੋਂ ਕਈ ਵੱਡੇ ਆਗੂਆਂ ਤੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੇ ਚੋਣ ਪ੍ਰਚਾਰ ਦੀ ਰਣਨੀਤੀ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਅਹਿਮ ਭੂਮਿਕਾ ਰਹੀ ਸੀ। ਇਸ ਵੇਲੇ ਪ੍ਰਸ਼ਾਂਤ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਸੀ ਨੂੰ ਪੱਛਮ ਬੰਗਾਲ ਵਿੱਚ ਸਲਾਹ ਦੇ ਰਹੇ ਹਨ।

ਜਾਵੇਦ ਅਖ਼ਤਰ ਦੇ ਮਾਣਹਾਨੀ ਦੇ ਕੇਸ ਵਿੱਚ ਕੰਗਨਾ ਖਿਲਾਫ਼ ਵਾਰੰਟ

ਗੀਤਕਾਰ ਜਾਵੇਦ ਅਖ਼ਤਰ ਦੀ ਮਾਣਹਾਨੀ ਦੀ ਸ਼ਿਕਾਇਤ 'ਤੇ ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੇ 1 ਫਰਵਰੀ ਨੂੰ ਕੰਗਨਾ ਨੂੰ ਸੰਮਨ ਜਾਰੀ ਕੀਤਾ ਸੀ ਜਿਸ ਵਿਚ ਉਨ੍ਹਾਂ ਨੂੰ 01 ਮਾਰਚ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਪਰ ਕੰਗਨਾ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਈ ਅਤੇ ਉਸ ਤੋਂ ਬਾਅਦ ਮੈਜਿਸਟਰੇਟ ਆਰ ਆਰ ਖ਼ਾਨ ਨੇ ਉਨ੍ਹਾਂ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ।

ਕੰਗਨਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਸ ਦੇ ਮੁਵੱਕਲ ਖ਼ਿਲਾਫ਼ ਜਾਰੀ ਸੰਮਨ ਕਾਨੂੰਨ ਅਧੀਨ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੇ ਬਿਨਾਂ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਹਾਲਾਂਕਿ, ਜਾਵੇਦ ਅਖ਼ਤਰ ਦੇ ਵਕੀਲ ਵਰਿੰਦਾ ਗਰੋਵਰ ਨੇ ਦਲੀਲ ਦਿੱਤੀ ਕਿ ਜੇ ਇਸ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ, ਫਿਰ ਵੀ ਜੇ ਹਾਈ ਕੋਰਟ ਸੰਮਨ 'ਤੇ ਰੋਕ ਨਹੀਂ ਲਗਾਉਂਦੀ, ਤਾਂ ਕੰਗਨਾ ਨੂੰ ਨਿਰਦੇਸ਼ ਦੇ ਅਨੁਸਾਰ ਅਦਾਲਤ ਵਿੱਚ ਪੇਸ਼ ਹੋਣਾ ਹੀ ਪਏਗਾ।

ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।

ਅਕਾਲੀ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ

ਪੰਜਾਬ ਵਿਧਾਨ ਸਭਾ ਵੱਲ ਕੂਚ ਕਰ ਰਹੇ ਅਕਾਲੀ ਦਲ ਦੇ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਹਨ। ਅਕਾਲੀ ਦਲ ਦੀ ਅਗਵਾਈ ਸੁਖਬੀਰ ਬਾਦਲ ਕਰ ਰਹੇ ਸੀ।

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਉੱਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਾਇਆ ਅਤੇ ਨਾਅਰੇਬਾਜ਼ੀ ਕੀਤੀ।

ਅਕਾਲੀ ਦਲ ਨੇ ਜਿੱਥੇ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ, ਉੱਥੇ ਅਕਾਲੀ ਵਰਕਰ ਸੜਕਾਂ ਉੱਤੇ ਵੀ ਉਤਰੇ।

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਹਿਲਾਂ ਚੰਡੀਗੜ੍ਹ ਦੇ ਸੈਕਟਰ-25 ਦੇ ਰੈਲੀ ਗਰਾਂਉਡ ਵਿਚ ਰੈਲੀ ਕੀਤੀ ਗਈ।

ਇਸ ਰੈਲੀ ਤੋਂ ਬਾਅਦ ਅਕਾਲੀ ਵਰਕਰਾਂ ਨੇ ਜਿਵੇਂ ਹੀ ਵਿਧਾਨ ਸਭਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ।

ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਹੋਏ ਹਨ ਅਤੇ ਬੈਰੀਕੇਡਿੰਗ ਨਾਲ ਅਕਾਲੀ ਵਰਕਰਾਂ ਨੂੰ ਰੋਕ ਲਿਆ ਗਿਆ। ਕੁਝ ਅਕਾਲੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਸੈਕਟਰ 17 ਦੇ ਥਾਣੇ ਬਾਹਰ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਪਾਣੀ ਦੀਆਂ ਬੁਛਾੜਾਂ ਸੁੱਟੀਆ ਗਈਆਂ ਹਨ ਜੋ ਕਿ ਲੋਕਤੰਤਰ ਦਾ ਘਾਣ ਹੈ।

ਨਾਲ ਹੀ ਉਨ੍ਹਾਂ ਨੇ ਕੈਪਟਨ ਸਰਾਕਰ ਦੇ ਚਾਰ ਸਾਲਾਂ ਦਾ ਹਿਸਾਬ ਮੰਗਦਿਆਂ ਕਿਹਾ ਕਿ ਕੈਪਟਨ ਸਰਕਾਰ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕੀਤਾ

ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ। ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਰਾਜਪਾਲ ਦੇ ਭਾਸ਼ਣ ’ਤੇ ਇਤਰਾਜ਼ ਜਤਾਇਆ ਹੈ।

ਉਨ੍ਹਾਂ ਕਿਹਾ, “ਰਾਜਪਾਲ ਨੇ ਆਪਣੇ ਭਾਸ਼ਣ ਦਾ ਉਹ ਹਿੱਸਾ ਛੱਡਿਆ ਹੈ ਜਿਸ ਵਿੱਚ ਖੇਤੀ ਕਾਨੂੰਨਾਂ ਬਾਰੇ ਜ਼ਿਕਰ ਸੀ। ਇੱਥੋਂ ਪਤਾ ਲਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਭਾਜਪਾ ਲਈ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)