ਲੱਖਾ ਸਿਧਾਣਾ ਦਾ ਭਾਰਤ 'ਚ ਫੇਸਬੁੱਕ ਨੇ ਪੇਜ਼ ਕੀਤਾ ਬੰਦ ਤਾਂ ਵੀਡੀਓ ਰਾਹੀ ਕੀ ਦਿੱਤਾ ਜਵਾਬ - ਪ੍ਰੈਸ ਰਿਵੀਊ

ਦਿ ਟ੍ਰਿਬਿਊਨ ਮੁਤਾਬਕ 26 ਜਨਵਰੀ 2021 ਦੀਆ ਹਿੰਸਕ ਘਟਨਾਵਾਂ ਵਿਚ ਦਿੱਲੀ ਪੁਲਿਸ ਵਲੋਂ ਮੁਲਜ਼ਮ ਬਣਾਏ ਗਏ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਭਾਰਤ ਵਿਚ 'ਡਿਸਏਬਲ' ਕਰ ਦਿੱਤਾ ਗਿਆ ਹੈ।

ਭਾਰਤ ਵਿੱਚ ਲੱਖਾ ਸਿਧਾਣਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਇਹ ਪੇਜ ਨਹੀਂ ਖੋਲ੍ਹ ਪਾ ਰਹੇ ਹਾਲਾਂਕਿ ਅਮਰੀਕਾ, ਇਟਲੀ ਜਾਂ ਹੋਰਨਾਂ ਦੇਸਾਂ ਵਿੱਚ ਰਹਿੰਦੇ ਲੋਕਾਂ ਨੂੰ ਪੇਜ ਖੋਲ੍ਹਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ।

ਇਸ 'ਤੇ ਪ੍ਰਤੀਕਰਮ ਦਿੰਦਿਆਂ ਲੱਖਾ ਸਿਧਾਣਾ ਦੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਪਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ, "ਸਰਕਾਰ ਲੱਖਾ ਸਿਧਾਣਾ ਦੀ ਆਵਾਜ਼ ਨਹੀਂ ਦਬਾ ਸਕਦੀ। ਇਹ ਗੈਰ-ਕਾਨੂੰਨੀ ਹੈ।"

ਇਹ ਵੀ ਪੜ੍ਹੋ:

ਦੱਸਦੇਈਏ ਕਿ 26 ਜਨਵਰੀ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹਿੰਸਾ ਤੇ ਲਾਲ ਕਿਲੇ 'ਤੇ ਵਾਪਰੀ ਘਟਨਾ ਦੇ ਮਾਮਲੇ 'ਚ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਨੇ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਤਿੰਨ ਦਿਨਾਂ 'ਚ ਤਿੰਨ ਰਿਪੋਰਟਾਂ- ਕਦੇ ਪੌਜ਼ਿਟਿਵ ਤੇ ਕਦੇ ਨੈਗੇਟਿਵ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸੋਮਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਸਰਕਾਰੀ ਲੈਬ ਤੋਂ ਟੈਸਟ ਕਰਵਾਇਆ ਅਤੇ ਰਿਪੋਰਟ ਪੌਜ਼ਟਿਵ ਆਈ।

ਹਾਲਾਂਕਿ ਤਿੰਨ ਦਿਨਾਂ ਦੇ ਅੰਦਰ ਦੋ ਹੋਰਨਾਂ ਲੈਬਜ਼ ਵਿੱਚ ਕਰਵਾਏ ਗਏ ਟੈਸਟਾਂ ਦੇ ਨਤੀਜੇ ਨੈਗੇਟਿਵ ਆਏ ਹਨ। ਇਨ੍ਹਾਂ ਵਿੱਚੋਂ ਇੱਕ ਨਿੱਜੀ ਲੈਬ ਅਤੇ ਇੱਕ ਚੰਡੀਗੜ੍ਹ ਸਥਿਤ ਪੀਜੀਆਈ ਦੀ ਲੈਬ ਹੈ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪੌਜ਼ਿਟਿਵ ਟੈਸਟ ਰਿਪੋਰਟ ਦੇਖ ਕੇ ਹੈਰਾਨ ਸਨ ਜਿਸ ਕਾਰਨ ਉਨ੍ਹਾਂ ਨੇ ਇੱਕ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਤਾਂ ਰਿਪੋਰਟ ਨੈਗੇਟਿਵ ਆਈ।ਤੁਹਾਨੂੰ ਦੱਸ ਦੇਈਏ ਕਿ ਰੰਧਾਵਾ ਅਗਸਤ ਵਿੱਚ ਵੀ ਕੋਵਿਡ-19 ਪੌਜ਼ੀਟਿਵ ਪਾਏ ਗਏ ਸਨ।

ਉਨ੍ਹਾਂ ਕਿਹਾ, "ਮੈਂ ਪੌਜ਼ਿਟਿਵ ਰਿਪੋਰਟ ਦੇਖ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਪੰਜ ਮਹੀਨੇ ਪਹਿਲਾਂ ਹੀ ਮੇਰੀ ਰਿਪੋਰਟ ਪੌਜ਼ਿਟਿਵ ਆਈ ਸੀ। ਅਜਿਹੀ ਰਿਪੋਰਟ ਉਹ ਵੀ ਇੰਨੇ ਘੱਟ ਸਮੇਂ ਵਿੱਚ ਜਦੋਂ ਮੇਰੇ ਸਰੀਰ ਵਿੱਚ ਐਂਟੀ-ਬਾਡੀਜ਼ ਬਣ ਗਏ ਹੋਣ। ਮੈਂ ਇਹ ਤਿੰਨੋਂ ਰਿਪੋਰਟਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਭੇਜੀਆ ਹਨ ਤੇ ਪੁੱਛਿਆ ਹੈ ਕੀ ਹੋ ਰਿਹਾ ਹੈ। ਉਹ ਵੀ ਹੈਰਾਨ ਸਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਦਾ ਬਜਟ ਇਜਲਾਸ ਅੱਜ ਤੋਂ

ਪੰਜਾਬੀ ਟ੍ਰਿਬਿਊਨ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਇਜਲਾਸ ਅੱਜ ਸ਼ੁਰੂ ਹੋਵੇਗਾ।

15ਵੀਂ ਵਿਧਾਨ ਸਭਾ ਦੇ 14ਵੇਂ ਇਜਲਾਸ 'ਚ ਵਿਰੋਧੀ ਧਿਰਾਂ ਵੱਲੋਂ ਲੋਕ ਮੁੱਦਿਆਂ 'ਤੇ ਸਰਕਾਰ ਦੀ ਘੇਰਾਬੰਦੀ ਦੀ ਕੋਸ਼ਿਸ਼ ਰਹੇਗੀ।

2022 ਵਿੱਚ ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਇਜਲਾਸ 'ਚ ਨਵੇਂ ਐਲਾਨ ਅਤੇ ਪਿਛਲੇ ਵਾਅਦਿਆਂ ਦੀ ਪੂਰਤੀ ਕਰਨ ਦੇ ਫ਼ੈਸਲੇ ਦੇਖਣ ਨੂੰ ਮਿਲ ਸਕਦੇ ਹਨ। ਇਜਲਾਸ 'ਚ ਮੁੱਖ ਧਿਆਨ ਖੇਤੀਬਾੜੀ 'ਤੇ ਰਹਿਣ ਦੀ ਸੰਭਾਵਨਾ ਹੈ।

ਹਾਲਾਂਕਿ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਜਲਾਸ ਦੌਰਾਨ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ 'ਤੇ ਸੁਆਲ ਚੁੱਕੇ ਜਾਣਗੇ ਅਤੇ ਮਾਫ਼ੀਆ ਦੇ ਮੁੱਦੇ 'ਤੇ ਹਾਕਮ ਧਿਰ ਨੂੰ ਘੇਰਿਆ ਜਾਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)