You’re viewing a text-only version of this website that uses less data. View the main version of the website including all images and videos.
ਨੌਦੀਪ ਦੇ ਸਾਥੀ ਮਜ਼ਦੂਰ ਆਗੂ ਸ਼ਿਵ ਕੁਮਾਰ ਦੇ ਨਹੁੰ ਖਿੱਚੇ ਜਾਣ ਤੇ ਹੱਡੀਆਂ ਟੁੱਟਣ ਦੇ ਸਬੂਤ ਮਿਲੇ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਮਹੀਨੇ ਹਰਿਆਣਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਹਨ।
ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਸਣੇ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।।
ਇਹ ਵੀ ਪੜ੍ਹੋ:
ਉਨ੍ਹਾਂ ਦੇ ਵਕੀਲ ਅਰਸ਼ਦੀਪ ਚੀਮਾ ਨੇ ਬੀਬੀਸੀ ਨੂੰ ਦੱਸਿਆ,"ਸ਼ਿਵ ਕੁਮਾਰ ਦੀ ਮੈਡੀਕਲ ਰਿਪੋਰਟ ਵਿੱਚ ਸਾਫ ਹੈ ਕਿ ਗੰਭੀਰ ਸੱਟਾਂ ਹਨ ਤੇ ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਹੈ।"
ਅਰਸ਼ਦੀਪ ਚੀਮਾ ਨੇ ਕਿਹਾ ਕਿ ਅਦਾਲਤ ਨੇ ਹੁਣ ਹਰਿਆਣਾ ਪੁਲਿਸ ਦੀ ਪਹਿਲਾਂ ਦੀ ਰਿਪੋਰਟ ਮੰਗੀ ਹੈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਰੀਰ 'ਤੇ ਕੋਈ ਸੱਟ ਨਹੀਂ ਲੱਗੀ ਸੀ।
ਹਾਈ ਕੋਰਟ ਕੇਸ ਨੂੰ ਕੇਂਦਰੀ ਜਾਂਚ ਬਿਉਰੋ ਨੂੰ ਜਾਂਚ ਲਈ ਦੇਣ ਦੀ ਅਪੀਲ ਦੀ ਸੁਣਵਾਈ ਕਰ ਰਹੀ ਸੀ। ਇਸ ਕੇਸ ਦੀ ਸੁਣਵਾਈ ਮਜ਼ਦੂਰ ਅਧਿਕਾਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ (25) ਦੇ ਨਾਲ ਹੋਈ ਸੀ।
ਨੌਦੀਪ ਨੇ ਰੈਗੂਲਰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਲਈ ਨਿਰਧਾਰਤ ਕੀਤੀ ਗਈ ਹੈ।
ਸ਼ਿਵ ਕੁਮਾਰ ਦੇ ਜ਼ਖਮੀ ਹੋਣ ਦੀ ਡਾਕਟਰੀ ਰਿਪੋਰਟ ਦੀ ਇੱਕ ਕਾਪੀ ਬੀਬੀਸੀ ਕੋਲ ਹੈ: ਇਸ ਮੁਤਾਬਕ--
ਖੱਬੇ ਹੱਥ ਅਤੇ ਸੱਜੇ ਪੈਰ ਵਿਚ ਫਰੈਕਚਰ; ਥੋੜਾ ਜਿਹਾ ਲੰਗ ਮਾਰ ਕੇ ਤੁਰਨਾ; ਸੱਜੇ ਅਤੇ ਖੱਬੇ ਪੈਰ ਵਿਚ ਸੋਜਿਸ਼ ਅਤੇ ਸੱਟ; ਖੱਬੇ ਪੈਰ ਦੀ ਚਮੜੀ ਦਾ ਰੰਗ ਬਦਲ ਜਾਣਾ; ਖੱਬੇ ਹੱਥ ਦੇ ਅੰਗੂਠੇ ਅਤੇ ਪਹਿਲੀ ਉਂਗਲ ਦੇ ਨਹੁੰ ਦਾ ਨੀਲਾ ਪੈਣਾ; ਸੱਜੇ ਗੁੱਟ ਉੱਤੇ ਸੱਟ।
ਰਿਪੋਰਟ ਕਹਿੰਦੀ ਹੈ ਕਿ ਇਹ ਸੱਟਾਂ ਦੋ ਹਫਤਿਆਂ ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਇਹ ਕਿਸੇ 'ਤਿੱਖੇ ਹਥਿਆਰ ਜਾਂ ਵਸਤੂ ਕਰਕੇ ਹੋਇਆ ਹੈ।
ਵਕੀਲਾਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸੱਟਾਂ ਉਸ ਦੀ ਗ੍ਰਿਫਤਾਰੀ ਤੋਂ ਇੱਕ ਮਹੀਨੇ ਬਾਅਦ ਵੀ ਮੌਜੂਦ ਹਨ। ਹਾਈ ਕੋਰਟ ਨੇ ਚੰਡੀਗੜ੍ਹ ਵਿੱਚ ਡਾਕਟਰਾਂ ਦੁਆਰਾ ਮੁਲਜ਼ਮ ਦੀ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ:
ਕੀ ਹੈ ਮਾਮਲਾ?
ਹਰਿਆਣਾ ਦੇ ਸੋਨੀਪਤ ਦੇ ਜੇਲ੍ਹ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵ ਕੁਮਾਰ ਨੂੰ 2 ਫਰਵਰੀ ਨੂੰ ਜੇਲ੍ਹ ਲਿਆਂਦਾ ਗਿਆ ਸੀ।
ਸੋਨੀਪਤ ਦੇ ਕੁੰਡਲੀ ਥਾਣੇ ਵਿਚ ਸ਼ਿਵ ਕੁਮਾਰ ਖ਼ਿਲਾਫ਼ ਧਾਰਾ 148, 149, 323, 384 ਅਤੇ 506 ਅਧੀਨ ਦੰਗੇ ਕਰਨ ਅਤੇ ਧਮਕਾਉਣ ਸਮੇਤ ਕਈ ਮਾਮਲਿਆਂ ਦੇ ਇਲਜਾ਼ਮ 'ਚ ਕੇਸ ਦਰਜ ਹੈ।
12 ਜਨਵਰੀ ਨੂੰ ਉਨ੍ਹਾਂ ਖਿਲਾਫ ਦੋ ਹੋਰ ਐਫਆਈਆਰ ਕੁੰਡਲੀ ਥਾਣੇ ਵਿੱਚ ਦਰਜ ਕੀਤੀਆਂ ਗਈਆਂ ਸੀ।
ਸ਼ਿਵ ਕੁਮਾਰ ਨੇ ਡਾਕਟਰਾਂ ਨੂੰ ਦੱਸਿਆ ਸੀ ਕਿ 12 ਜਨਵਰੀ ਦੀ ਦੁਪਹਿਰ ਨੂੰ ਜਦੋਂ ਮਜ਼ਦੂਰ ਯੂਨੀਅਨ ਸੋਨੀਪਤ ਵਿਖੇ ਧਰਨੇ 'ਤੇ ਸੀ ਤਾਂ ਪੁਲਿਸ ਨਾਲ ਝਗੜਾ ਹੋਇਆ ਸੀ।
ਸ਼ਿਵ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਉਸ ਸਮੇਂ ਉਸ ਸਥਾਨ 'ਤੇ ਮੌਜੂਦ ਨਹੀਂ ਸੀ।
ਸ਼ਿਵ ਕੁਮਾਰ ਨੇ ਕਿਹਾ, "ਕੁੰਡਲੀ ਥਾਣੇ ਦੀ ਪੁਲਿਸ ਆਈ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਐਸਐਚਓ ਨੇ ਉਸ ਦੇ ਦੋਸਤ 'ਤੇ ਹਮਲਾ ਕੀਤਾ।"
ਇਸ ਤੋਂ ਇਲਾਵਾ 16 ਜਨਵਰੀ ਨੂੰ ਜਦੋਂ ਉਹ ਕੁੰਡਲੀ ਨੇੜੇ ਕਿਸਾਨਾਂ ਦੇ ਅੰਦੋਲਨ 'ਤੇ ਸੀ, ਤਾਂ ਪੁਲਿਸ ਨੇ ਉਸ ਨੂੰ ਚੁੱਕ ਲਿਆ ਜਿਥੇ ਉਸ 'ਤੇ ਕਥਿਤ ਤੌਰ 'ਤੇ ਪੁਲਿਸ ਦੁਆਰਾ ਹਮਲਾ ਕੀਤਾ ਗਿਆ।
ਸ਼ਿਵ ਕੁਮਾਰ ਦੇ ਬਿਆਨ ਮੁਤਾਬਕ ਪੁਲਿਸ ਨੇ ਕਥਿਤ ਤੌਰ 'ਤੇ ਉਸਦੇ ਦੋਵੇਂ ਪੈਰ ਬੰਨ੍ਹੇ, ਉਸ ਨੂੰ ਜ਼ਮੀਨ' ਤੇ ਲਿਟਾਇਆ ਅਤੇ ਮਾਰਿਆ। ਉਸ ਦੇ ਨਹੁੰ ਕਥਿਤ ਤੌਰ 'ਤੇ ਖਿੱਚੇ ਗਏ ਸਨ ਅਤੇ ਨਾਲ ਹੀ ਉਨ੍ਹਾਂ ਕਥਿਤ ਤੌਰ 'ਤੇ ਉਸ ਨੂੰ ਡਾਂਗਾਂ ਨਾਲ ਕੁੱਟਿਆ ਅਤੇ ਉਸ ਦੇ ਹੱਥ ਬੰਨ੍ਹੇ। ਉਸ ਨੂੰ ਤਿੰਨ ਦਿਨ ਸੌਣ ਨਹੀਂ ਦਿਤਾ ਗਿਆ ਸੀ।
ਰਿਪੋਰਟ ਵਿੱਚ ਕਥਿਤ ਤੌਰ 'ਤੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਹੋਰ ਵੇਰਵੇ ਵੀ ਦਿੱਤੇ ਗਏ ਹਨ।
ਸੋਨੀਪਤ ਪੁਲਿਸ ਨੇ ਸ਼ਿਵ ਕੁਮਾਰ ਨੂੰ ਕੁੰਡਲੀ ਇੰਸਟਸਟ੍ਰੀਅਲ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਦਾਅਵੇ ਨੂੰ ਲੈ ਕੇ ਨਜਾਇਜ਼ ਤੌਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਫੜ ਲਿਆ ਸੀ।
ਹਾਲਾਂਕਿ, ਉਨ੍ਹਾਂ ਦੇ ਵਕੀਲ ਅਤੇ ਪਰਿਵਾਰ ਦਾਅਵਾ ਕਰਦੇ ਹਨ ਕਿ ਸ਼ਿਵ ਅਤੇ ਨੌਦੀਪ ਦੋਵਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹੋਣ ਕਾਰਨ ਚੁੱਕਿਆ ਗਿਆ ਸੀ।
ਇਹ ਵੀ ਪੜ੍ਹੋ: