ਕਿਸਾਨ ਜਥੇਬੰਦੀਆਂ ‘ਪੱਗੜੀ ਸੰਭਾਲ ਦਿਹਾੜਾ’ ਤੇ ‘ਯੁਵਾ ਕਿਸਾਨ ਦਿਵਸ’ ਇਸ ਤਰ੍ਹਾਂ ਮਨਾਉਣਗੀਆਂ

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ ਤਾਜ਼ਾ ਅਤੇ ਅਹਿਮ ਘਟਨਾਵਾਂ ਬਾਬਤ ਜਾਣਕਾਰੀਆਂ ਇਸ ਪੇਜ਼ ਰਾਹੀ ਅਸੀਂ ਉਪਲੱਬਧ ਕਰਵਾ ਰਹੇ ਹਾਂ।

ਅੱਜ ਸੰਯੁਕਤ ਮੋਰਚੇ ਦਾ ਹਿੱਸਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਬਰਨਾਲਾ ਵਿਚ ਭਾਰਤੀ ਕਿਸਾਨ ਯੂਨੀਅਨ ਉਂਗਰਾਹਾਂ ਦੀ ਅਗਵਾਈ ਵਿਚ ਵਿਸ਼ਾਲ ਕਿਸਾਨ ਮਜ਼ਦੂਰ ਮਹਾਰੈਲੀ ਕੀਤੀ ਗਈ।

ਉੱਧਰ ਸਿੰਘੂ ਬਾਰਡਰ ਤੋਂ ਸੰਯੁਕਤ ਮੋਰਚੇ ਨੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ। ਮੋਰਚੇ ਦੀ ਪ੍ਰੈਸ ਕਾਨਫਰੰਸ ਦੌਰਾਨ ਅਗਲੇ 4 ਨੁਕਾਤੀ ਐਕਸ਼ਨ ਐਲਾਨੇ ਗਏ।

ਇਹ ਵੀ ਪੜ੍ਹੋ:

ਮੋਰਚੇ ਦੇ 4 ਨੁਕਾਤੀ ਐਕਸ਼ਨ

  • 'ਪੱਗੜੀ ਸੰਭਾਲ ਦਿਵਸ' 23 ਫਰਵਰੀ ਨੂੰ ਮਨਾਇਆ ਜਾਵੇਗਾ, ਇਹ ਦਿਹਾੜਾ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਹਜਾਨੰਦ ਦੀ ਯਾਦ ਵਿਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਆਪਣੀ ਸਵੈ-ਮਾਣ ਜ਼ਾਹਰ ਕਰਦੇ ਹੋਏ ਆਪਣੀ ਖੇਤਰੀ ਦਸਤਾਰ ਬੰਨ੍ਹਣਗੇ।
  • 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਦੀ ਘੋਸ਼ਣਾ ਕੀਤੀ ਗਈ, ਜਿਸ ਵਿਚ ਕਿਸਾਨ ਅੰਦੋਲਨ 'ਤੇ ਸਰਬਪੱਖੀ ਜ਼ਬਰ ਦਾ ਵਿਰੋਧ ਕੀਤਾ ਜਾਵੇਗਾ। ਇਸ ਦਿਨ ਸਾਰੀਆਂ ਤਹਿਸੀਲਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਰਾਸ਼ਟਰਪਤੀ ਨੂੰ ਯਾਦ ਪੱਤਰ ਦਿੱਤੇ ਜਾਣਗੇ।
  • 26 ਫਰਵਰੀ ਨੂੰ ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਨੌਜਵਾਨਾਂ ਦੇ ਯੋਗਦਾਨ ਨੂੰ 'ਯੁਵਾ ਕਿਸਾਨ ਦਿਵਸ' ਵਜੋਂ ਸਤਿਕਾਰ ਨਾਲ ਮਨਾਇਆ ਜਾਵੇਗਾ।
  • "ਮਜ਼ਦੂਰ ਕਿਸਾਨ ਏਕਤਾ ਦਿਵਸ" ਗੁਰੂ ਰਵਿਦਾਸ ਜਯੰਤੀ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ 'ਤੇ 27 ਜਨਵਰੀ ਨੂੰ ਮਨਾਇਆ ਜਾਵੇਗਾ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦਿੱਲੀ ਧਰਨੇ 'ਤੇ ਆ ਕੇ ਮੋਰਚਿਆਂ ਨੂੰ ਮਜ਼ਬੂਤ ​​ਕਰਨ।

ਕਿਸਾਨ ਆਗੂ ਦਾਤਾਰ ਸਿੰਘ ਨਹੀਂ ਰਹੇ

ਸੰਯੁਕਤ ਕਿਸਾਨ ਮੋਰਚਾ ਵਲੋਂ ਜਾਰੀ ਬਿਆਨ ਮੁਤਾਬਕ ਅੰਦੋਲਨ ਨਾਲ ਜੁੜੇ ਪੰਜਾਬ ਤੋਂ ਕਿਸਾਨ ਆਗੂ ਦਾਤਾਰ ਸਿੰਘ ਅੰਮ੍ਰਿਤਸਰ ਵਿਖੇ ਵਿਛੋੜਾ ਦੇ ਗਏ। ਸੰਯੁਕਤ ਕਿਸਾਨ ਮੋਰਚਾ ਵਿਛੜੇ ਸਾਥੀ ਦੇ ਕਿਸਾਨ ਲਹਿਰ ਲਈ ਦਿੱਤੇ ਯੋਗਦਾਨ ਨੂੰ ਸ਼ਲਾਮ ਕਰਦਾ ਹੈ।

ਬਿਆਨ ਮੁਤਾਬਕ ਯਵਤਮਲ, ਮਹਾਰਾਸ਼ਟਰ ਵਿੱਚ ਮੋਰਚੇ ਦੇ ਕਿਸਾਨ ਨੇਤਾਵਾਂ ਦੇ ਨਾਲ-ਨਾਲ ਸਥਾਨਕ ਨੇਤਾਵਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਅਸੀਂ ਕਿਸਾਨ ਅੰਦੋਲਨ ਦੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕਰਦੇ ਹਾਂ।

ਬਰਨਾਲਾ ਵਿਚ ਮਹਾਰੈਲੀ

ਬਰਨਾਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਦੀ ਰਿਪੋਰਟ ਮੁਤਾਬਕ ਇੱਥੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਕੀਤੀ ਗਈ।

ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਈ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਵਿਚ ਦਹਿ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਹਨ। ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਵੱਡੀ ਗਿਣਤੀ ਵਿਚ ਪਹੁੰਚੇ।

ਇਹ ਮਹਾਰੈਲੀ ਭਾਂਵੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੱਖੀ ਗਈ ਹੈ। ਪਰ ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ ਵੀ ਪਹੁੰਚੇ।

ਇਸ ਤੋਂ ਇਲਾਵਾ ਇਸ ਮਹਾਰੈਲੀ ਵਿਚ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੇ ਚਿਹਰੇ ਵੀ ਪਹੁੰਚੇ ਹਨ। ਗਾਇਕ ਪੰਮੀ ਬਾਈ, ਕੰਵਰ ਗਰੇਵਾਲ, ਰੁਪਿੰਦਰ ਰੂਪੀ ਵੀ ਪਹੁੰਚੇ ਜਿਹਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਵਕੀਲ,ਸੋਸ਼ਲ ਐਕਟਵਿਸਟ, ਮੁਸਲਿਮ ਭਾਈਚਾਰੇ ਤੋਂ ਵੀ ਲੋਕ ਪਹੁੰਚੇ ਹਨ।

ਲਾਲ ਕਿਲੇ 'ਤੇ ਜਿੱਥੇ ਚਿੜੀ ਨਹੀਂ ਫੜਕਦੀ, ਨੌਜਵਾਨ ਕਿਵੇਂ ਪਹੁੰਚ ਗਏ- ਉਗਰਾਹਾਂ

ਭਾਰਤੀ ਕਿਸਨਾ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੰਚ ਤੋਂ ਕਿਹਾ, "26 ਜਨਵਰੀ ਨੂੰ ਸਾਨੂੰ ਰਿੰਗ ਰੋਡ ਨਹੀਂ ਮਿਲੀ, ਜੋ ਮਿਲੀ ਅਸੀਂ ਓਧਰ ਹੀ ਟਰੈਕਟਰ ਰੈਲੀ ਕਰਨ ਦਾ ਫੈਸਲਾ ਕੀਤਾ। ਅਸੀਂ ਤੁਹਾਨੂੰ ਬਚਾਉਣ ਲਈ ਦਿੱਲੀ ਲੈ ਕੇ ਗਏ ਸੀ, ਮਰਾਉਣ ਲਈ ਨਹੀਂ। ਅਸੀਂ ਆਪਣੇ ਬੱਚਿਆਂ ਦੀ ਰੋਟੀ ਖਾਤਰ ਦਿੱਲੀ ਲੈ ਕੇ ਗਏ ਹਾਂ।"

"ਦਿੱਲੀ ਨਾਲ ਸਾਡਾ ਕੋਈ ਰੌਲਾ ਨਹੀਂ। ਲਾਲ ਕਿਲੇ 'ਤੇ ਝੰਡਾ ਲਹਿਰਾਉਣ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ ਦੋਸਤੋ। ਇਹ ਲੰਬੀ ਲੜਾਈ ਹੈ ਤੇ ਫਿਰਕੂ ਹਕੂਮਤ ਨੂੰ ਬੜਾ ਮੌਕਾ ਮਿਲਿਆ ਹੈ। ਉਸੇ ਵੇਲੇ ਸਾਡੇ 'ਤੇ ਹਮਲੇ ਹੋਏ। ਸਾਡੇ ਨੌਜਵਾਨਾਂ ਨੂੰ ਫੜ੍ਹ ਕੇ ਲੈ ਗਏ, 40 ਬੰਦਿਆਂ ਨੂੰ ਕੁੱਟ ਕੇ ਬੰਦ ਕਰ ਦਿੱਤਾ।"

" 26 ਨੂੰ ਘਟਨਾ ਵਾਪਰੀ ਤੇ ਪੰਜ ਦਿਨ ਸਾਡੇ ਨੌਜਵਾਨਾਂ ਨੂੰ ਥਾਣੇ ਲੈ ਕੇ ਗਏ। ਸਾਰੇ ਆਗੂਆਂ 'ਤੇ ਪਰਚੇ ਦਰਜ ਹਨ। ਇਹ ਸਾਨੂੰ ਸਿੱਟਾ ਮਿਲਿਆ ਲਾਲ ਕਿਲੇ ਤੇ ਝੰਡੇ ਲਹਿਰਾਉਣ ਦਾ।"

ਜੋਗਿੰਦਰ ਸਿੰਘ ਉਗਰਾਹਾਂ ਨੇ ਅੱਗੇ ਕਿਹਾ, "ਪਰ ਅਸੀਂ ਉਨ੍ਹਾਂ ਦੇ ਸਾਰੇ ਪੱਤੇ ਫੇਲ੍ਹ ਕਰ ਦਿੱਤੇ। ਕੋਈ ਬੇਅਬਦਬੀ ਨਹੀਂ ਹੋਈ ਝੰਡਾ ਫਹਿਰਾਉਣ ਨਾਲ। ਪਰ ਠੀਕ ਹੈ ਨੌਜਵਾਨਾਂ ਤੋਂ ਗਲਤੀ ਹੋਈ ਹੈ।"

"ਉਸ ਦਿਨ ਨਾਕੇ ਲਾ ਕੇ ਪੁਲਿਸ ਸਾਨੂੰਨ ਸੜਕਾਂ ਤੋਂ ਰੋਕ ਰਹੀ ਸੀ, ਸਮਝ ਨਹੀਂ ਆਈ ਕਿ ਲਾਲ ਕਿਲੇ ਵਿੱਚ ਜਿੱਥੇ ਇੰਨੀ ਪੁਲਿਸ ਹੁੰਦੀ ਹੈ, ਜਿੱਥੇ ਚਿੜੀ ਤੱਕ ਨਹੀਂ ਫੜਕਦੀ, ਉੱਥੇ ਕਿਵੇਂ ਨੌਜਵਾਨ ਪਹੁੰਚ ਗਏ।"

ਉਨ੍ਹਾਂ ਦਾਅਵਾ ਕੀਤਾ, "ਅਸੀਂ 26 ਤਰੀਕ ਦੀ ਘਟਨਾ ਤੋਂ ਬਾਅਦ ਦੋ ਦਿਨਾਂ ਵਿੱਚ ਸੰਭਾਲ ਲਿਆ।"

ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਵਿਚ ਭਾਵੇਂ ਨੌਜਵਾਨਾਂ ਜਿੰਨਾਂ ਜੋਰ ਅਤੇ ਜੋਸ਼ ਨਹੀਂ ਹੈ ਪਰ ਸੰਘਰਸ਼ ਲੜਨ ਦਾ ਲੰਬਾ ਤਜਰਬਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਜੋ ਹੋਇਆ ਉਹ ਸਰਕਾਰ ਚਾਹੁੰਦੀ ਸੀ ਤਾਂ ਜੋ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਹੁਣ ਇਹ ਮੋਰਚਾ ਲੰਬਾ ਚੱਲੇਗਾ ਅਤੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਕਿਸਾਨਾਂ ਦੀ ਜਿੱਤ ਹੋਵੇਗੀ।

ਉਗਰਾਹਾਂ ਨੇ ਕਿਹਾ ਕਿ ਕਿਸਾਨੀ ਕਾਨੂੰਨਾਂ ਦਾ ਮਸਲੇ ਉੱਤੇ ਫੋਕਸ ਕਰਕੇ ਹੀ ਅੰਦੋਲਨ ਵਿਚ ਅੱਗੇ ਵਧਣਾ ਪੈਣਾ ਹੈ, ਇਹ ਧਰਮ ਨਿਰਲੇਪ ਹੋਕੇ ਹੀ ਲੜਨਾ ਪੈਣਾ ਹੈ ਕਿਉਂ ਕਿ ਇਹ ਮਸਲਾ ਧਰਮ ਦਾ ਨਹੀਂ ਕਿਸਾਨਾਂ ਦੇ ਹੱਕਾਂ ਦਾ ਹੈ।

ਮੋਦੀ ਸਰਕਾਰ ਵੱਲੋਂ ਤਸ਼ਦਦ ਦਾ ਦੌਰ - ਰਾਜੇਵਾਲ

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, "ਪੰਜਾਬ ਵਾਲਿਆਂ ਨੇ ਦੁਨੀਆਂ ਦਾ ਨਿਵੇਕਲਾ ਅੰਦਲੋਨ ਸ਼ੁਰੂ ਕੀਤਾ। ਪੰਜਾਬ ਇਸ ਦਾ ਆਧਾਰ ਹੈ, ਫਿਰ ਹਰਿਆਣਾ ਜੁੜਿਆ, ਉਸ ਤੋਂ ਬਾਅਦ ਯੂਪੀ ਅਤੇ ਰਾਜਸਥਾਨ ਜੁੜੇ ਅਤੇ ਫਿਰ ਪੂਰਾ ਭਾਰਤ ਜੁੜਿਆ ਅਤੇ ਇਹ ਜਨ ਅੰਦਲੋਨ ਬਣ ਗਿਆ।"

ਉਨ੍ਹਾਂ ਅੱਗੇ ਕਿਹਾ, "ਅੰਦੋਲਨ ਨੂੰ ਦੁਨੀਆਂ ਘੋਖ ਦੀ ਨਿਗਾਹ ਨਾਲ ਦੇਖ ਰਹੀ ਹੈ। ਇਹ ਇਤਿਹਾਸ ਵਿੱਚ ਸਭ ਤੋਂ ਲੰਬਾ ਚੱਲਣ ਵਾਲਾ ਅੰਦਲੋਨ ਹੈ, ਸਭ ਤੋਂ ਸ਼ਾਂਤਮਈ ਅੰਦਲੋਨ ਹੋ ਨਿਬੜਿਆ। ਇਸ ਨੇ ਨਵੀਆਂ ਪਿਰਤਾਂ ਪਾਈਆਂ ਜਿਸ ਨੇ ਸਮਾਜ ਵਿੱਚ ਨਵੀਂਆਂ ਤਬਦੀਲੀਆਂ ਲਿਆਂਦੀਆਂ ਹਨ। ਬਹੁਤ ਕੁਝ ਬਦਲੇਗਾ, ਲੋਕ ਜਾਗਰੂਕ ਹੋਏ ਹਨ।"

ਉਨ੍ਹਾਂ ਕੇਂਦਰ ਸਰਕਾਰ ਤੇ ਤਸ਼ੱਦਦ ਦੇ ਇਲਜ਼ਾਮ ਲਾਉਂਦਿਆਂ ਕਿਹਾ, "ਇਸ ਅੰਦੋਲਨ ਤੋਂ ਘਬਰਾਈ ਮੋਦੀ ਸਰਕਾਰ ਤੁਹਾਡੇ 'ਤੇ ਤਰ੍ਹਾਂ-ਤਰ੍ਹਾਂ ਨਾਲ ਤਸ਼ੱਦਦ ਕਰਨ 'ਤੇ ਉਤਰ ਆਈ ਹੈ। ਅੱਜ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ, ਮੋਦੀ ਸਰਕਾਰ ਵੱਲੋਂ ਤਸ਼ਦਦ ਦਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

'ਤਿੰਨੇ ਕਾਨੂੰਨ ਰੱਦ ਕਰਵਾ ਕੇ ਮੜਾਂਗੇ ਨਹੀਂ ਤਾਂ ਲਾਸ਼ਾ ਆਉਣਗੀਆਂ'

ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ

ਉਨ੍ਹਾਂ ਕਿਹਾ ਕਿ ਅੰਦੋਲਨ ਵਿਰੋਧੀ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਰੁਲਦੂ ਸਿੰਘ ਨੇ ਦਾਅਵਾ ਕੀਤਾ ਕਿ ਮੋਦੀ ਤੇ ਅਮਿਤ ਸ਼ਾਹ ਦੀ ਅੰਦੋਲਨ ਨੇ ਨੀਂਦ ਉਡਾਈ ਹੋਈ ਹੈ। ਕਿਸਾਨ ਜਥੇਬੰਦੀਆਂ ਤੇ ਲੋਕ ਕਰਨ ਵਿਸ਼ਵਾਸ, ਕੋਈ ਮਾੜਾ ਸਮਝੌਤਾ ਨਹੀਂ ਕਰਾਂਗੇ, ਤਿੰਨੇ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ

ਇਹ ਵੀ ਪੜ੍ਹੋ:

ਕਨਵਰ ਗਰੇਵਾਲ ਨੇ ਕੀ ਕਿਹਾ

ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਗੀਤ ਗਾ ਕੇ ਸੱਚ ਨੂੰ ਆਜ਼ਾਦ ਕਰਨ ਦਾ ਨਾਅਰਾ ਮਾਰਿਆ।

ਉਨ੍ਹਾਂ ਮੰਚ ਤੋਂ ਕਿਹਾ, "ਜ਼ਰੂਰ ਅਰਦਾਸਾਂ ਕਰਿਓ ਭਰਾਵਾਂ ਲਈ। ਅੱਜ ਸਾਨੂੰ ਇਹ ਨਜ਼ਾਰਾ ਦਿਖਿਆ ਹੈ ਕਿ ਮੋਰਚਾ ਫਤਹਿ ਜ਼ਰੂਰ ਹੋਵੇਗਾ। ਸਭ ਇਸੇ ਤਰ੍ਹਾਂ ਹੀ ਜੁੜੇ ਰਹਿਓ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)