You’re viewing a text-only version of this website that uses less data. View the main version of the website including all images and videos.
ਲੱਖਾ ਸਿਧਾਣਾ ਵੱਲੋਂ ਕੈਪਟਨ ਦੇ ਪਿੰਡ 'ਚ ਰੈਲੀ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਕੀ ਕਿਹਾ- ਪ੍ਰੈੱਸ ਰਿਵੀਊ
ਦਿੱਲੀ ਪੁਲਿਸ ਵੱਲੋਂ ਇਨਾਮੀਆ ਕਰਾਰ ਦਿੱਤੇ ਗਏ ਗੈਂਗਸਟਰ ਤੋਂ ਕਾਰਕੁਨ ਬਣੇ ਲੱਖਾ ਸਿਧਾਣਾ ਨੇ ਸ਼ੁੱਕਰਵਾਰ ਦੀ ਰਾਤ ਆਪਣੇ ਫ਼ੇਸਬੁਕ ਪੇਜ ਉੱਪਰ ਅੱਠ ਮਿੰਟ ਦੀ ਵੀਡੀਓ ਪਾਈ।
ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ ਵਿੱਚ ਕਿਸਾਨ ਅੰਦੋਲਨ ਦੇ ਪੱਖ ਵਿੱਚ ਰੈਲੀ ਕਰਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ:
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਲੱਖਾ ਸਿਧਾਣਾ ਨੇ ਇਹ ਰੈਲੀ 23 ਫ਼ਰਵਰੀ ਨੂੰ ਕਰਨ ਦਾ ਸੱਦਾ ਦਿੱਤਾ ਹੈ। ਵੀਡੀਓ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਬਠਿੰਡਾ ਤੋਂ 35 ਕਿੱਲੋਮੀਟਰ ਦੂਰ ਮਹਿਰਾਜ ਪਿੰਡ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।
ਬਠਿੰਡਾ ਜ਼ਿਲ੍ਹੇ ਦੇ ਆਈਜੀ ਜਸਕਰਨ ਸਿੰਘ ਮੁਤਾਬਕ ਜੇ ਰੈਲੀ ਵਿੱਚ ਲੱਖਾ ਸਿਧਾਣਾ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਦਿੱਲੀ ਪੁਲਿਸ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਬਠਿੰਡਾ ਪੁਲਿਸ ਦੀ ਕੋਈ ਖ਼ਾਸ ਭੂਮਿਕਾ ਨਹੀਂ ਹੈ।
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਦੇ ਕੁਝ ਦਿਨਾਂ ਬਾਅਦ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਬਾਰੇ ਇਤਲਾਹ ਦੇਣ ਵਾਲੇ ਲਈ ਇੱਕ ਲੱਖ ਰੁਪਏ ਦੇ ਈਨਾਮ ਦਾ ਐਲਾਨ ਕੀਤਾ ਗਿਆ ਸੀ।
ਦਿੱਲੀ ਪੁਲਿਸ ਅਤੇ ਸਪੈਸ਼ਲ ਸੈਲ ਵੱਲੋਂ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਤੇ ਪੰਜਾਬ,ਹਰਿਆਣਾ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ।
ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਰਿਕਾਰਡ ਵਾਧਾ
ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਕੇਰਲ, ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਪਣੇ ਬਿਆਨ ਵਿੱਚ ਮੰਤਰਾਲੇ ਵੱਲੋਂ ਕਿਹਾ ਗਿਆ ਕਿ 14 ਫ਼ਰਵਰੀ ਤੋਂ ਲੈ ਕੇ ਪਿਛਲੇ ਸੱਤਾਂ ਦਿਨਾਂ ਦੌਰਾਨ ਛੱਤੀਸਗੜ੍ਹ ਵਿੱਚ ਵੀ ਰੋਜ਼ਾਨਾ ਕੋਰੋਨਾ ਕੇਸਾਂ ਵਿੱਚ ਵਾਧਾ ਦੇਖਿਆ ਗਿਆ ਹੈ।
ਮਹਾਰਾਸ਼ਟਰ ਵਿੱਚ ਉਹ ਵਾਧਾ ਸਭ ਤੋਂ ਜ਼ਿਆਦਾ ਦੇਖਿਆ ਗਿਆ। ਇੱਥੇ ਪੰਜ ਜ਼ਿਲ੍ਹਿਆਂ ਵਿੱਚ ਆਂਸ਼ਿਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਮੰਤਰਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਵੀ ਕੋਰਨਾ ਕੇਸਾਂ ਵਿੱਚ ਅਚਾਨਕ ਉਛਾਲ ਆਇਆ ਹੈ। ਸੂਬੇ ਨੇ 14 ਫ਼ਰਵਰੀ ਨੂੰ 260 ਨਵੇਂ ਕੇਸ ਰਿਪੋਰਟ ਕੀਤੇ ਸਨ ਜਦਕਿ ਸ਼ਨੀਵਾਰ ਨੂੰ 383 ਰੋਜ਼ਾਨਾ ਦੇ ਨਵੇ ਕੇਸ ਰਿਪੋਰਟ ਕੀਤੇ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
'ਨੋਦੀਪ ਕੌਰ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਨਕਾਰੇ'
ਹਰਿਆਣਾ ਮਹਿਲਾ ਕਮਿਸ਼ਨ ਨੇ ਆਪਣੇ ਇੱਕ ਬਿਆਨ ਵਿੱਚ ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਕਿਹਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਅਤੇ ਪੁਲਿਸ ਹਿਰਾਸਤ ਦੌਰਾਨ ਆਪਣੇ ਨਾਲ ਹੋਏ ਕਥਿਤ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਨੋਦੀਪ ਕੌਰ ਨੇ ਖੰਡਨ ਕੀਤਾ ਹੈ।
ਕਮਿਸ਼ਨ ਨੇ ਦਾਅਵਾ ਕੀਤਾ ਕਿ ਸ਼ੁਰੂ ਵਿੱਚ ਉਸ ਨੇ ਟੈਸਟ ਕਰਵਾਉਣ ਤੋਂ ਮਨ੍ਹਾਂ ਕੀਤਾ ਸੀ ਪਰ ਬਾਅਦ ਵਿੱਚ ਰੁਟੀਨ ਟੈਸਟਾਂ ਤੋਂ ਇਲਾਵਾ ਨੋਦੀਪ ਕੌਰ ਦੇ ਵਿਸ਼ੇਸ਼ ਟੈਸਟ ਸੋਨੀਪਤ ਦੇ ਸਰਕਾਰੀ ਹਸਪਤਾਲ ਵਿੱਚ ਲੇਡੀ ਡਾਕਟਰ ਵੱਲੋਂ ਕੀਤੇ ਗਏ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਨੋਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਦੇ ਨਾਲ ਹੈ ਅਤੇ 'ਉਸ ਨੇ ਕੁਝ ਗ਼ਲਤ ਨਹੀਂ ਕੀਤਾ'।
ਨੋਦੀਪ ਕੌਰ ਦੇ ਨਾਲ ਹੀ ਫੜੇ ਗਏ 24 ਸਾਲਾ ਕਾਰਕੁਨ ਸ਼ਿਵ ਦੀ ਪਟੀਸ਼ਨ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬੀਆਈ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼ਿਵ ਦੇ ਪਿਤਾ ਨੇ ਕਿਹਾ ਹੈ ਕਿ ਸ਼ਿਵ ਦੀ ਹਿਰਾਸਤ ਗ਼ੈਰ-ਕਾਨੂੰਨੀ ਹੈ ਅਤੇ ਉਨ੍ਹਾਂ ਨੇ ਐੱਫ਼ਆਈਆਰ ਸੀਬੀਆਈ ਨੂੰ ਸੋਂਪਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: