ਕਿਸਾਨ ਅੰਦੋਲਨ : ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਵਿਚ ਕਿਹੋ ਜਿਹੇ ਹਾਲਾਤ ਅਤੇ ਕਿਸਾਨਾਂ ਨੇ ਕੀ ਕੀਤਾ ਨਵਾਂ ਐਲਾਨ
ਇਸ ਪੇਜ ਰਾਹੀਂ ਕਿਸਾਨ ਅੰਦੋਲਨ ਦਾ ਅੱਜ ਦਾ ਵੱਡਾ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ।
ਦਿੱਲੀ ਦੇ ਹਰਿਆਣਾ ਨਾਲ ਲੱਗਦੇ ਸਿੰਘੂ ਤੇ ਟਿਕਰੀ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਗਾਜ਼ੀਪੁਰ ਬਾਰਡਰਾਂ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹਿ ਸੰਘਰਸ਼ ਕਾਫ਼ੀ ਤਣਾਅਪਰਨ ਹੋ ਗਿਆ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਆਪਣੇ ਵਰਕਰ ਭੇਜ ਕੇ ਕਿਸਾਨਾਂ ਉੱਤੇ ਦਮਨ ਕਰਵਾ ਰਹੀ ਹੈ, ਜਿਸ ਦੀ ਉਹ ਸ਼ਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਸਿੰਘੂ ਬਾਰਡਰ , ਦਲੀਪ ਸਿੰਘ ਟਿਕਰੀ ਬਾਰਡਰ ਅਤੇ ਸਮੀਰਆਤਮਜ ਮਿਸ਼ਰ ਗਾਜ਼ੀਪੁਰ ਬਾਰਡਰ ਤੋਂ ਲਗਾਤਾਰ ਹਰ ਅਹਿਮ ਘਟਨਾਕ੍ਰਮ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ।
- ਅਰਵਿੰਦ ਛਾਬੜਾ ਮੁਤਾਬਕ ਸਿੰਘੂ ਬਾਰਡਰ ਉੱਪਰ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਧਰਨਾ ਚੁੱਕਣ ਲਈ ਨਾਅਰੇਬਾਜ਼ੀ ਕੀਤੀ ਗਈ। ਭਾਰੀ ਪੁਲਿਸ ਫੋਰਸ ਦੇ ਬਾਵਜੂਦ ਇਹ ਲੋਕ ਕਿਸਾਨਾਂ ਦੇ ਕੁਝ ਟੈਂਟਾਂ ਤੱਕ ਪਹੁੰਚ ਗਏ ਅਤੇ ਉਹਨਾਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਨੇ ਇਲਜ਼ਾਮ ਲਾਇਆ ਕਿ ਕੁਝ ਕਿਸਾਨਾਂ ਨੇ ਉਹਨਾਂ ਉੱਤੇ ਹਮਲਾ ਕੀਤਾ।
- ਸਿੰਘੂ ਬਾਰਡਰ ਉੱਪਰ ਅੱਜ ਕੁਝ ਲੋਕ ਆ ਗਏ ਜੋ ਆਪਣੇ ਆਪ ਨੂੰ ਸਥਾਨਕ ਵਸਨੀਕ ਦੱਸ ਰਹੇ ਸਨ ਅਤੇ ਪੁਲਿਸ ਤੋਂ ਮੰਗ ਕਰ ਰਹੇ ਸਨ ਕਿ ਧਰਨੇ ਵਾਲੀ ਥਾਂ ਖਾਲੀ ਕਰਵਾਈ ਜਾਵੇ। ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਉੱਪਰ ਪਥਰਾਅ ਵੀ ਕੀਤਾ। ਪੱਥਰ ਮਾਰਨ ਵਾਲਿਆਂ ਬੀਬੀਸੀ ਹਾਲੇ ਕੁਝ ਪੱਕੇ ਤੌਰ ਤੇ ਨਹੀਂ ਕਹਿ ਸਕਦਾ।
- ਪੁਲਿਸ ਵੱਲੋਂ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇੱਥੇ ਪਿਛਲੇ ਦੋ ਦਿਨਾਂ ਤੋਂ ਸੁਰੱਖਿਆ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ।
- ਦਲੀਪ ਸਿੰਘ ਮੁਤਾਬਕ ਟਿਕਰੀ ਵਿਚ ਹੀ ਹਾਲਾਤ ਤਣਾਅਪੂਰਨ ਬਣੇ ਹੋਏ ਹਨ, ਇੱਥੇ ਵੀ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਤਿਰੰਗੇ ਝੰਡੇ ਫੜੇ ਕੇ ਕਿਸਾਨਾਂ ਤੋਂ ਧਰਨਾ ਖਾਲੀ ਕਰਵਾਉਣ ਦੀ ਮੰਗ ਕਰਦੇ ਹੋਏ, ਟਿਕਰੀ ਦੇ ਮੈਟਰੋ ਸਟੇਸ਼ਨ ਉੱਤੇ ਪਹੁੰਚੇ ਹੋਏ ਹਨ, ਇੱਥੋਂ ਕੁਝ ਮੀਟਰ ਦੀ ਦੂਰੀ ਉੱਤੇ ਕਿਸਾਨਾਂ ਦੀ ਪਹਿਲੀ ਸਟੇਜ ਲੱਗੀ ਹੋਈ ਹੈ।
- ਗਾਜ਼ੀਪੁਰ ਬਾਰਡਰ ਉੱਤੇ ਹਾਲਾਤ ਭਾਵੇਂ ਕੱਲ ਨਾਲੋਂ ਕੁਝ ਬਿਹਤਰ ਹਨ, ਪਰ ਕਿਸਾਨ ਆਗੂ ਰਾਕੇਸ਼ ਟਕੈਤ ਦੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਸਮੇਂ ਕੀਤੀ ਭਾਵੁਕ ਅਪੀਲ ਤੋਂ ਬਾਅਦ ਹਜ਼ਾਰਾ ਕਿਸਾਨਾਂ ਮੁੜ ਕੇ ਗਾਜ਼ੀਪੁਰ ਬਾਰਡਰ ਉੱਤੇ ਆ ਗਏ ਹਨ।
ਇਹ ਵੀ ਪੜ੍ਹੋ:
ਕਿਸਾਨਾਂ ਦੀ ਪ੍ਰੈਸ ਕਾਨਫਰੰਸ ਲਾਈਵ
- 30 ਜਨਵਰੀ ਨੂੰ ਸਦਭਾਵਨਾ ਦਿਵਸ ਮਨਾਇਆ ਜਾਵੇਗਾ, ਸਾਰੇ ਆਗੂ ਇੱਕ ਦਿਨ ਦੀ ਭੁੱਖ ਹੜਤਾਲ ਰੱਖਣਗੇ ਅਤੇ ਪੂਰੇ ਦੇਸ ਵਿਚ ਭੁੱਖ ਹੜਤਾਲ ਕਰਨ ਦੀ ਅਪੀਲ
- ਭਾਜਪਾ ਸਰਕਾਰ ਜੋ ਦਮਨ ਨਾਲ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੀ ਸਖ਼ਤ ਸ਼ਬਦਾਂ ਵਿਚ ਨਿੰਦਾ
- ਗਾਜ਼ੀਪੁਰ ਬਾਰਡਰ ਉੱਤੇ ਭਾਜਪਾ ਨੇ ਜੋ ਦਮਨ ਕੀਤਾ, ਉਸ ਦਾ ਰਿਕੇਸ਼ ਟਿਕੈਤ ਨੇ ਜੋ ਦਲੇਰੀ ਨਾਲ ਸਾਹਮਣਾ ਕੀਤਾ ਉਸ ਦੀ ਪ੍ਰਸ਼ੰਸਾਂ ਕਰਦੇ ਹਾਂ।
- 26 ਤਾਰੀਕ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਅਤੇ ਹੁਣ ਸਰਕਾਰ ਦਮਨ ਉੱਤੇ ਉਤਰ ਆਈ ਹੈ , ਕਿਸਾਨਾਂ ਨੇ ਇਸ ਦਾ ਪ੍ਰਤੀਕਰਮ ਦੇ ਦਿੱਤਾ ਹੈ।
- ਹਰਿਆਣਾ ਸਣੇ ਜਿੱਥੇ ਜਿੱਥੇ ਇੰਟਰਨੈੱਟ ਬੰਦ ਕੀਤਾ ਗਿਆ ਹੈ, ਉਹ ਚਲਾਇਆ ਜਾਵੇ
- ਗਾਜੀਪੁਰ ਵਿਚ ਬਹੁਤ ਸਾਰੇ ਲੋਕ ਪਹੁੰਚ ਚੁੱਕੇ ਹਨ, ਕੱਲ ਪੰਜਾਬ ਅਤੇ ਹਰਿਆਣਾ ਤੋਂ ਹਜਾਰਾਂ ਟਰਾਲੀਆਂ ਆ ਰਹੀਆਂ ਹਨ
- 26 ਜਨਵਰੀ ਦੀ ਸਾਜਿਸ ਤਾਂ ਬੇਨਕਾਬ ਹੋ ਗਈ,ਪਰ ਹੁਣ ਹਰਿਆਣਾ ਤੋਂ ਵੀ ਕਿਸਾਨਾਂ ਨੇ ਉਹ ਵੀ ਫੇਲ ਕਰ ਰਹੀ ਹੈ।
- ਸਰਕਾਰ ਕਿਸਾਨ ਅੰਦੋਲਨ ਨੂੰ ਹਿੰਦੂ ਸਿੱਖ ਦਾ ਮਸਲਾ ਬਣਾਉਣਾ ਚਾਹੁੰਦੀ ਹੈ।
- ਗੁਰਦੁਆਰਾ ਸੀਸਗੰਜ ਸਾਹਿਬ ਅੱਗੇ ਭਾਜਪਾ ਸਮਰਥਕਾਂ ਦੇ ਮੁਜਾਹਰੇ ਦੀ ਸਖ਼ਤ ਨਿੰਦਾ ਕੀਤੀ ਗਈ।
- ਟਿਕਰੀ ਬਾਰਡਰ ਤੋਂ ਕੁਝ ਕਿਸਾਨ ਲਾਪਤਾ ਹਨ, ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
- ਕਿਸਾਨ ਸੰਘਰਸ਼ ਕਮੇਟੀ ਨਾਲ ਸਾਂਝਾ ਐਕਸ਼ਨ ਤੋਂ ਸਾਫ਼ ਇਨਕਾਰ ਕੀਤਾ, ਪਰ ਉਨ੍ਹਾਂ ਦੇ ਕੈਂਪ ਉੱਤੇ ਪੱਥਰਬਾਜੀ ਦੀ ਨਿੰਦਾ
- ਗੱਲਬਾਤ ਕਿਸਾਨਾਂ ਵਲੋਂ ਬੰਦ ਨਹੀਂ ਹੈ ਅਤੇ ਸਰਕਾਰ ਬੁਲਾਵੇਗੀ ਤਾਂ ਕਿਸਾਨ ਜਰੂਰ ਜਾਣਗੇ।
- ਸੰਯੁਕਤ ਕਿਸਾਨ ਮੋਰਚੇ ਦੇ ਦੇਸ ਭਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਮੋਰਚੇ ਵਿਚੋਂ ਨੁੰਮਾਇਦੇ ਭੇਜੇ ਜਾ ਰਹੇ ਹਨ।
ਰਾਹੁਲ ਗਾਂਧੀ - ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੇਸ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ ਇਸ ਲਈ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ-
- ਪਹਿਲਾ ਕਾਨੂੰਨ ਮੰਡੀ ਸਿਸਟਮ ਨੂੰ ਖ਼ਤਮ ਕਰੇਗਾ।
- ਦੂਜਾ ਕਾਨੂੰਨ ਜਿਸ ਨਾਲ ਹਿੰਦੁਸਤਾਨ ਦੇ ਸਭ ਤੋਂ ਵੱਡੇ ਤਿੰਨ-ਚਾਰ ਸਨਅਤਕਾਰ ਜਿੰਨਾ ਵੀ ਅਨਾਜ ਹੈ ਸਟੋਰ ਕਰਨਾ ਚਾਹੁੰਦੇ ਹਨ, ਉਹ ਕਰ ਸਕਦੇ ਹਨ। ਜੇ ਇਜਾਜ਼ਤ ਦਿੱਤੀ ਗਈ ਤਾਂ ਕਿਸਾਨ ਕੀਮਤ ਮੋਲਭਾਵ ਨਹੀਂ ਕਰ ਸਕੇਗਾ।
- ਤੀਜੇ ਕਾਨੂੰਨ ਤਹਿਤ ਕਿਸਾਨ ਆਪਣੀ ਮੁਸ਼ਕਿਲ ਨੂੰ ਕੋਰਟ ਤੱਕ ਨਹੀਂ ਲੈ ਕੇ ਜਾ ਸਕਦਾ।
ਰਾਹੁਲ ਗਾਂਧੀ ਨੇ ਅੱਗੇ ਕਿਹਾ, "ਕਿਸਾਨ ਦਿੱਲੀ ਦੇ ਬਾਹਰ ਹਨ ਤੇ ਸਰਕਾਰ ਗੱਲ ਕਰਨ ਦੀ ਥਾਂ ਕੁੱਟ ਰਹੀ ਹੈ, ਧਮਕਾ ਰਹੀ ਹੈ, ਐੱਨਆਈਏ ਦੀ ਗੱਲ ਕਰ ਰਹੀ ਹੈ। ਸਰਕਾਰ ਨੂੰ ਤਿੰਨੋਂ ਕਾਨੂੰਨ ਰੱਦ ਕਰਦੇ ਚਾਹੀਦੇ ਹਨ। ਬਾਰਡਰ 'ਤੇ ਸਰਾਕਰ ਜੋ ਅੱਜ ਕਿਸਾਨਾਂ ਨੂੰ ਮਾਰ ਰਹੀ ਹੈ ਉਹ ਗਲਤ ਕਰ ਰਹੀ ਹੈ। ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਸਰਕਾਰ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕਿਸਾਨ ਘਰ ਚਲੇ ਜਾਣਗੇ। ਮੈਨੂੰ ਲੱਗਦਾ ਹੈ ਕਿ ਇਹ ਹਾਲਾਤ ਵੱਧ ਸਕਦੇ ਹਨ ਪਰ ਸਾਨੂੰ ਹੱਲ ਕਰਨ ਦੀ ਲੋੜ ਹੈ।"

ਤਸਵੀਰ ਸਰੋਤ, ANI
"50 ਕਿਸਾਨਾਂ ਨੂੰ ਲਾਲ ਕਿਲੇ ਅੰਦਰ ਕਿਸ ਨੇ ਜਾਣ ਦਿੱਤਾ? ਕੀ ਗ੍ਰਹਿ ਮੰਤਰਾਲੇ ਦਾ ਕੰਮ ਨਹੀਂ ਹੈ ਕਿ ਉਨ੍ਹਾਂ ਨੂੰ ਰੋਕਿਆ ਜਾਂਦਾ। ਪੀਐੱਮ 4-5 ਲੋਕਾਂ ਲਈ ਕੰਮ ਕਰਦੇ ਹਨ, ਉਨ੍ਹਾਂ ਲਈ ਜੀਐੱਸਟੀ ਲਿਆਂਦੀ, ਨੋਟਬੰਦੀ ਕੀਤੀ। ਮੈਂ ਕਿਸਾਨਾਂ ਨੂੰ ਕਹਿੰਦਾ ਹਾਂ ਕਿ ਇੱਕ ਇੰਚ ਵੀ ਪਿੱਛੇ ਨਾ ਹਟੋ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਭਵਿੱਖ ਦੀ ਗੱਲ ਹੈ, ਅਸੀਂ ਪੂਰੀ ਗੱਲ ਕਰਾਂਗੇ। ਪੀਐੱਮ ਇਹ ਨਾ ਸਮਝਣ ਕਿ ਅੰਦੋਲਨ ਇੱਥੇ ਰੁਕੇਗਾ, ਸਿਰਫ਼ ਦੇਸ ਦਾ ਕਿਸਾਨ ਗੁੱਸਾ ਨਹੀਂ, ਹਿੰਦੁਸਤਾਨ ਵਿੱਚ ਕਈ ਲੋਕ ਹਨ ਜੋ ਨਾਰਾਜ਼ ਹਨ। ਕਿਸਾਨਾਂ ਨਾਲ ਗੱਲ ਕਰੋ ਨਹੀਂ ਤਾਂ ਦੇਸ ਦਾ ਨੁਕਸਾਨ ਹੋਵੇਗਾ।"
ਸਿੰਘੂ ਬਾਰਡਰ 'ਤੇ ਮਾਹੌਲ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਉਹ ਪੁਲਿਸ ਅਫ਼ਸਰਾਂ ਮੁਜ਼ਾਹਰਾਕਾਰੀਆਂ ਨੂੰ ਕਹਿ ਰਹੇ ਸਨ ਕਿ ਉਹ ਆਪਣੇ ਲੀਡਰਾਂ ਨੂੰ ਕਹਿ ਦੇਣ ਕਿ ਥਾਂ ਖਾਲੀ ਕਰਨੀ ਪਵੇਗੀ ਜਦਕਿ ਕਿਸਾਨ ਕਹਿ ਰਹੇ ਸਨ ਕਿ ਉਹ ਧਰਨਾ ਨਹੀਂ ਚੁੱਕਿਆ ਜਾਵੇਗਾ।
ਮੌਕੇ ਉੱਪਰ ਮੌਜੂਦ ਇੱਕ ਬਜ਼ੁਰਗ ਕਿਸਾਨ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੇ ਪਥਰਾਅ ਕਰਨ ਵਾਲਿਆਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬਜ਼ੁਰਗ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਅਤੇ ਬੀਜੇਪੀ ਦੇ ਭੇਜੇ ਹੋਏ ਹਨ।
ਜਦੋਂ ਪੱਤਰਕਾਰਾਂ ਨੇ ਪੁਲਿਸ ਅਫ਼ਸਰ ਨੂੰ ਪੁੱਛਿਆ ਕਿ ਇੰਨੀ ਸੁਰੱਖਿਆ ਦੇ ਬਾਵਜੂਦ ਪੱਥਰ ਕਿਵੇਂ ਚੱਲੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰ ਰਹੇ ਹਨ।
ਪੁਲਿਸ ਅਫ਼ਸਰ ਕਹਿਦੇ ਸੁਣਾਈ ਦਿੱਤੇ ਕਿ ਅਸੀਂ ਜਾ ਕੇ ਪਤਾ ਕਰ ਰਹੇ ਹਾਂ।

ਇੱਕ ਪੁਲਿਸ ਮੁਲਾਜ਼ਮ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,"ਅਲੀਪੁਰ ਐੱਸਐੱਚਓ ਉੱਪਰ ਕਿਰਪਾਨ ਨਾਲ ਹਮਲਾ ਹੋਇਆ ਹੈ। ਹਮਲਾਵਰ ਨੂੰ ਪੁਲਿਸ ਨੇ ਫੜ ਕੇ ਕੁੱਟਿਆ ਤੇ ਫਿਰ ਲੈ ਗਏ।"
ਕਿਸਾਨ ਆਗੂ ਪੁਲਿਸ ਉੱਤੇ ਪੱਥਰਬਾਜ਼ੀ ਕਰਨ ਵਾਲਿਆਂ ਦਾ ਸਾਥ ਦੇਣ ਦਾ ਇਲਜ਼ਾਮ ਲਾਇਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਭਾਜਪਾ ਅਤੇ ਇਸ ਨਾਲ ਜੁੜੇ ਸੰਗਠਨ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਸ਼ਾਂਤਮਈ ਕਿਸਾਨਾਂ ਉੱਤੇ ਤਾਕਤ ਨਹੀਂ ਵਰਤ ਸਕਦੀ , ਇਸ ਲ਼ਈ ਕਿਸਾਨਾਂ ਨੂੰ ਭੜਕਾ ਕੇ ਉਨ੍ਹਾਂ ਉੱਤੇ ਹਿੰਸਾ ਕਰਨ ਦੀ ਸਾਜ਼ਿਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਟਿਕਰੀ ਬਾਰਡਰ ਉੱਤੇ ਕੀ ਹਨ ਹਾਲਾਤ
ਟਿਕਰੀ ਬਾਰਡਰ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਦਲੀਪ ਸਿੰਘ ਨੇ ਦੱਸਿਆ ਕਿ ਉੱਥੇ ਵੀ ਹਾਲਾਤ ਸਿੰਘਊ ਬਾਰਡਰ ਵਰਗੇ ਹੀ ਹਾਲਾਤ ਬਣ ਰਹੇ ਹਨ। ਉੱਥੇ ਵੀ ਖੁਦ ਨੂੰ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਇਕੱਠੇ ਹੋ ਗਏ ਹੈ ਅਤੇ ਇਹ ਨਾਅਰੇ ਲਗਾ ਰਹੇ ਹਨ, ''ਤਿਰੰਗੇ ਦਾ ਅਪਮਾਨ ਨਹੀਂ ਸਹੇਗਾ ਹਿੰਦੋਸਤਾਨ''।
ਦਲੀਪ ਨੇ ਦੱਸਿਆ ਕਿ ਮੁਜ਼ਾਹਰਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਧਰਨੇ ਕਾਰਨ ਉਨ੍ਹਾਂ ਦਾ ਕੰਮਕਾਜ ਠੱਪ ਪਿਆ ਹੈ, ਉਹ ਆਪਣੇ ਪਿੰਡਾਂ ਵਿਚ ਜੇਲ੍ਹ ਵਾਂਗ ਡੱਕੇ ਹੋਏ ਹਨ।

ਇਹ ਲੋਕ ਕਿਸਾਨਾਂ ਦੇ ਧਰਨੇ ਤੱਕ ਜਾਣਾ ਚਾਹੁੰਦੇ ਹਨ ਪਰ ਕਈ ਬੈਰੀਕੇਡ ਲੱਗੇ ਹੋਣ ਕਾਰਨ ਉਹ ਕਿਸਾਨਾਂ ਤੱਕ ਨਹੀਂ ਜਾ ਸਕੇ, ਪਰ ਉਹ ਉੱਥੇ ਜਾਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ ਕਿਸਾਨਾਂ ਦੇ ਟਿਕਰੀ ਉੱਤੇ ਵੀ ਸਿੰਘੂ ਵਾਂਗ ਸਟੇਜਾਂ ਚੱਲ ਰਹੀਆਂ ਹਨ। ਇੱਕ ਫਿਰ ਤੋਂ ਹਰਿਆਣਾ ਤੋਂ ਵੱਡੀ ਪੱਧਰ ਉੱਤੇ ਕਿਸਾਨਾਂ ਦਾ ਵੱਡੀ ਗਿਣਤੀ ਵਿਚ ਪਹੁੰਚਣਾ ਜਾਰੀ ਹੈ।
ਅਕਾਲੀ ਦਲ ਨੇ ਵਰਕਰਾਂ ਨੂੰ ਧਰਨਿਆਂ ਵਿਚ ਜਾਣ ਲਈ ਕਿਹਾ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਪਾਰਟੀ ਵਰਕਰਾਂ ਨੁੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ 'ਤੇ ਤਿੰਨ ਧਰਨਿਆਂ ਵਾਲੀ ਥਾਂ 'ਤੇ ਤੁਰੰਤ ਪਹੁੰਚਣ ਤਾਂ ਜੋ ਕਿਸਾਨ ਅੰਦੋਲਨ ਨੂੰ ਹੁਲਾਰਾ ਦਿੱਤਾ ਜਾ ਸਕੇ।
ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜਦੋਂ ਵੀ ਤੇ ਜਿਵੇਂ ਹੀ ਕਿਸਾਨ ਜਥੇਬੰਦੀਆਂ ਨੇ ਕਹੇਗੀ ਤਾਂ ਉਹ ਧਰਨੇ ਵਾਲੀ ਥਾਂ 'ਤੇ ਪਹੁੰਚ ਜਾਵੇਗੀ।ਇੱਕ ਅਪੀਲ ਵਿਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਸਾਰੇ ਵਰਕਰਾਂ ਜੋ ਇਕ ਹਫਤੇ ਦੌਰਾਨ ਵਾਪਸ ਪੰਜਾਬ ਪਰਤੇ ਹਨ ਨੁੰ ਸੱਦਾ ਦਿੱਤਾ ਕਿ ਉਹ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਚ ਧਰਨੇ ਵਾਲੀਆਂ ਥਾਵਾਂ 'ਤੇ ਤੁਰੰਤ ਵਾਪਸ ਪਰਤ ਜਾਣ ਕਿਉਂਕਿ ਉਹਨਾਂ ਦੀ ਹੁਣ ਧਰਨੇ ਵਾਲੀ ਥਾਂ 'ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ।
ਉਹਨਾਂ ਕਿਹਾ ਕਿ ਮੈਂ ਜਾਣਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਵਿਚ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਨਾਲ ਰਲ ਕੇ ਕਿਸਾਨ ਅੰਦੋਲਨ ਨੂੰ ਕੁਚਲਨਾ ਚਾਹੁੰਦੀ ਹੈ।
ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅੰਨਦਾਤਾ ਦੀ ਆਵਾਜ਼ ਦਬਾਉਣ ਦੀ ਨਫਰਤ ਭਰੀ ਯੋਜਨਾ ਸਫਲ ਨਾ ਹੋਵੇ ਅਤੇ 80 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਕਿਵੇ ਵੀ ਕੀਮਤ 'ਤੇ ਅਜਾਈਂ ਨਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੈ ਤੇ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਵੀ ਭੰਗ ਨਾ ਹੋਣਾ ਯਕੀਨੀ ਬਣਾਉਣਾ ਹੈ।

ਮਜ਼ੱਫਰਨਗਰ ਵਿਚ ਕਿਸਾਨ ਮਹਾਪੰਚਾਇਤ ਵਿਚ ਦਿੱਲੀ ਚਲੋ ਦਾ ਨਾਅਰਾ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਇਲਾਕੇ ਮੁੱਜ਼ਫਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਗਈ। ਜਿਸ ਕਿਸਾਨਾਂ ਨੇ ਬੀਬੀਸੀ ਸਹਿਯੋਗੀ ਸਮੀਰਆਮਤਜ ਮਿਸ਼ਰ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਰਾਕੇਸ਼ ਟਿਕੈਤ ਨਾਲ ਹੋ ਰਹੀ ਧੱਕੇਸ਼ਾਹੀ ਤੋਂ ਉਹ ਦੁਖੀ ਹਨ ਅਤੇ ਉਨ੍ਹਾਂ ਦੇ ਹੰਝੂਆਂ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ।
ਕਿਸਾਨਾਂ ਨੇ ਕਿਹਾ ਹੁਣ ਤਾਂ ਜੋ ਲੋਕ ਕਿਸਾਨ ਯੂਨੀਅਨ ਨਾਲ ਵੀ ਨਹੀਂ ਜੁੜੇ ਹੋਏ ਸਨ,ਉਹ ਵੀ ਦਿੱਲੀ ਜਾਣ ਲਈ ਤਿਆਰ ਹਨ, ਇਨਾਂ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਵਾਪਸ ਨਹੀਂ ਪਰਤਣਗੇ।
ਕਿਸਾਨ ਆਗੂਆਂ ਨੇ ਕਿਹਾ ਹਜਾਰਾਂ ਕਿਸਾਨ ਗਾਜੀਪੁਰ ਬਾਰਡਰ ਉੱਤੇ ਪਹੁੰਚ ਚੁੱਕੇ ਹਨ ਅਤੇ ਵੱਡੀ ਗਿਣਤੀ ਅੱਜ ਤੋਂ ਚਾਲੇ ਪਾ ਰਹੀ ਹੈ ।
26 ਜਨਵਰੀ ਦੀ ਘਟਨਾ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਕਿਹਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 26 ਜਨਵਰੀ ਨੂੰ ਦਿੱਲੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ।
ਉਨ੍ਹਾਂ ਕਿਹਾ, "26 ਜਨਵਰੀ ਨੂੰ ਦਿੱਲੀ 'ਚ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਉਨ੍ਹਾਂ ਘਟਨਾਵਾਂ ਨੇ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਵੀ ਕੀਤਾ। ਅੰਦੋਲਨ ਨੂੰ ਜ਼ਾਬਤੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂਆਂ ਦੀ ਹੁੰਦੀ ਹੈ।"
"ਜੇ ਅੰਦੋਲਨ ਦੌਰਨ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਸ ਦੀ ਜ਼ਿੰਮੇਵਾਰੀ ਵੀ ਆਗੂਆਂ ਨੂੰ ਲੈਣੀ ਪੈਂਦੀ ਹੈ। ਦਿੱਲੀ ਵਿੱਚ 26 ਜਨਵਰੀ ਨੂੰ ਲਾਲ ਕਿਲੇ ਸਾਹਮਣੇ ਜੋ ਹੋਇਆ, ਪੁਲਿਸ ਨੇ ਕਿਸਾਨਾਂ ਨੂੰ ਕੁੱਟਿਆਂ ਜਾਂ ਕਿਸਾਨਾਂ ਨੇ ਪੁਲਿਸ 'ਤੇ ਹੱਥ ਚੁੱਕਿਆ ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ। ਇਸ ਹਿੰਸਾ, ਕੁੱਟਮਾਰ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਹ ਮੰਦਭਾਗੀਆਂ ਘਟਨਾਵਾਂ ਹਨ।"
ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਦਾ ਝੰਡਾ ਲਾਉਣ ਬਾਰੇ ਕਿਹਾ ਕਿ ਇਹ ਅਪਰਾਧ ਨਹੀਂ ਹੈ।

ਤਸਵੀਰ ਸਰੋਤ, Ravinder Singh Robin/BBC
ਉਨ੍ਹਾਂ ਅੱਗੇ ਕਿਹਾ "ਸੁਣਨ ਵਿੱਚ ਆ ਰਿਹਾ ਹੈ ਕਿ ਲਾਲ ਕਿਲੇ ਦੇ ਸਾਹਮਣੇ ਖਾਲੀ ਪੋਲ ਉੱਤੇ ਨਿਸ਼ਾਨ ਸਾਹਿਬ ਝੁਲਾਉਣ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ ਜਾ ਰਿਹਾ ਹੈ। ਇਹ ਬਿਲਕੁਲ ਨਿਰਮੂਲ ਹੈ। ਦਿੱਲੀ ਵਿੱਚ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿ ਦਿਵਸ ਮਨਾਉਂਦੀ ਹੈ, ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ, ਉਦੋਂ ਵੀ ਖਾਲਸਾਈ ਨਿਸ਼ਾਨ ਲਾਲ ਕਿਲੇ ਦੀਆਂ ਕੰਧਾ 'ਤੇ ਲਾਏ ਜਾਂਦੇ ਹਨ।
ਗਲਵਾਨ ਘਾਟੀ ਵਿੱਚ ਸਾਡੇ ਬਾਰਡਰਾਂ 'ਤੇ ਬੈਠੀ ਸਿੱਖ ਰੈਜ਼ੀਮੈਂਟ ਹੈ, ਉਹ ਵੀ ਦੇਸ ਦੇ ਝੰਡੇ ਦੇ ਨਾਲ-ਨਾਲ ਸਾਡੇ ਧਰਮ ਦਾ ਪ੍ਰਤੀਕ ਖਾਲਸਾਈ ਨਿਸ਼ਾਨ ਝੁਲਾਉਂਦੀ ਹੈ।"
"ਇਸੇ 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ਦੌਰਾਨ ਝਾਕੀਆਂ ਨਿਕਲੀਆਂ ਤਾਂ ਇੱਕ ਝਾਕੀ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਵੀ ਸੀ, ਉਸ ਦੇ ਸਾਹਮਣੇ ਵੀ ਦੋ ਖਾਲਸਾਈ ਨਿਸ਼ਾਨ ਲਾਏ ਗਏ। ਸਾਡੇ ਖਾਲਸਾਈ ਨਿਸ਼ਾਨਾਂ ਨੂੰ ਖਾਲਿਸਾਤਨ ਦੇ ਨਿਸ਼ਾਨ ਕਹਿ ਕੇ ਭੰਡਣਾ ਜਾਇਜ਼ ਨਹੀਂ ਹੈ।"
"ਜੇ ਕਿਸੇ ਨੇ ਖਾਲੀ ਪੋਲ 'ਤੇ ਨਿਸ਼ਾਨ ਸਾਹਿਬ ਲਾ ਦਿੱਤਾ, ਝੰਡੀ ਲਾ ਦਿੱਤੀ ਤਾਂ ਇਹ ਕੋਈ ਅਪਰਾਧ ਨਹੀਂ ਹੈ। ਇਸ ਕਰਕੇ ਇਸ ਨੂੰ ਲੈ ਕੇ ਭੰਡੀ ਪ੍ਰਚਾਰ ਕਰਨਾ ਵਾਜਿਬ ਨਹੀਂ।"
"ਇਸੇ ਕਾਰਨ 26 ਜਨਵਰੀ ਨੂੰ ਬਹੁਤ ਸਾਰੇ ਨਿਰਦੋਸ਼ ਲੋਕ ਫੜ੍ਹੇ ਗਏ।"
"ਹੁਣ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਜ਼ਾਬਤੇ ਵਿੱਚ ਰੱਖਣ ਲਈ ਬਿਆਨਬਾਜ਼ੀ ਸੂਝ-ਸਮਝ ਨਾਲ ਚੱਲਣ ਦੀ ਲੋੜ ਹੈ। ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਹੈ। ਇੱਕ ਕਦਮ ਸਰਕਾਰ ਪਿੱਛੇ ਹਟੇ ਤੇ ਇੱਕ ਕਦਮ ਅਸੀਂ ਪਿੱਛੇ ਹਟੀਏ, ਇਸ ਵਿੱਚ ਸਿਆਣਪ ਹੀ ਹੈ।"
ਗਾਜ਼ੀਪੁਰ ਬਾਰਡਰ ’ਤੇ ਹਜੂਮ ਜੁੜਿਆ

ਤਸਵੀਰ ਸਰੋਤ, ANI
ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਭੀੜ ਅਚਾਨਕ ਜੁੜਨੀ ਸ਼ੁਰੂ ਹੋਈ ਹੈ।
ਲੋਕ ਮੇਰਠ ਬਿਜਨੌਰ, ਮੁਜ਼ਫਰਨਗਰ, ਬੁਲੰਦਸ਼ਹਿਰ, ਖੁਜਰਾ, ਆਦਿ ਤੋਂ ਇੱਥੇ ਪਹੁੰਚ ਰਹੇ ਸਨ। ਬਾਰਡਰ ਜੋ ਕਿ ਖਾਲੀ ਹੋਣ ਲੱਗਿਆ ਸੀ ਮੁੜ ਲੋਕ ਹਜੂਮ ਨਾਲ ਭਰਨਾ ਸ਼ੁਰੂ ਹੋ ਗਿਆ ਹੈ।
ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ ਜ਼ਬਰਦਸਤ ਨਾਅਰੇਬਾਜ਼ੀ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਰਾਕੇਸ਼ ਟਿਕੈਤ ਦੇ ਭਾਵੁਕ ਹੋ ਜਾਣ ਤੋਂ ਬਾਅਦ ਲੋਕਾਂ ਵਿੱਚ ਉਨ੍ਹਾਂ ਨਾਲ ਜੁੜਾਅ ਵੱਧ ਗਿਆ ਹੈ ਅਤੇ ਲੋਕ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ।
ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਨੇ ਉੱਥੇ ਪਹੁੰਚੇ ਇੱਕ ਕਿਸਾਨ ਅੰਕਿਤ ਸਹਰਾਵਤ ਨਾਲ ਗੱਲ ਕੀਤੀ। ਅੰਕਿਤ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਕਿਹਾ ਕਿ ਲਾਲ ਕਿਲੇ ਉੱਪਰ ਜੋ ਕੁਝ ਹੋਇਆ ਉਹ ਗਲਤ ਸੀ ਪਰ ਕੱਲ ਜੋ ਟਿਕੈਤ ਜੀ ਦੀਆਂ ਅੱਖਾਂ ਵਿੱਚ ਅੱਥਰੂ ਲਿਆਂਦੇ ਗਏ ਉਹ ਸਹਿਣ ਨਹੀਂ ਕੀਤੇ ਜਾਣਗੇ।
"ਉਸ ਦਿਨ ਅਸੀਂ ਵੀ ਦਿੱਲੀ ਰੈਲੀ ਵਿੱਚ ਗਏ ਸੀ, ਅਸੀਂ ਪੁਲਿਸ ਵਾਲਿਆਂ ਨੂੰ ਰਾਹ ਪੁੱਛਿਆ ਉਹ ਕਹਿੰਦੇ ਸਿੱਧੇ ਚਲੇ ਜਾਓ ਇਹ ਲਾਲ ਕਿਲੇ ਨੂੰ ਜਾਂਦਾ ਹੈ। ਅਸੀਂ ਲਾਲ ਕਿਲੇ ਥੋੜ੍ਹੇ ਹੀ ਜਾਣਾ ਸੀ ਅਸੀਂ ਤਾਂ ਗਾਜ਼ੀਪੁਰ ਦਾ ਰਸਤਾ ਪੁੱਛ ਰਹੇ ਸੀ।"
"ਇੱਕ ਜਣੇ ਨੂੰ ਰੋਕ ਕੇ ਪੁੱਛਿਆ ਕਿ ਇਹ ਰਸਤਾ ਕਿੱਧਰ ਜਾ ਰਿਹਾ ਹੈ ਉਹ ਕਹਿੰਦਾ ਇਹ ਤਾਂ ਲਾਲ ਕਿਲੇ ਨੂੰ ਜਾਂਦਾ ਹੈ। ਪੁਲਿਸ ਸਾਨੂੰ ਗਲਤ ਰਸਤਾ ਦੱਸ ਕੇ ਲਾਲ ਕਿਲੇ 'ਤੇ ਭੇਜ ਰਹੀ ਸੀ।"
ਅੰਕਿਤ ਨੇ ਕਿਹਾ ਕਿ ਭਾਵੇਂ ਉਹ ਰਾਕੇਸ਼ ਦੀ ਯੂਨੀਅਨ ਨਾਲ ਵਾਬਸਤਾ ਨਹੀਂ ਹਨ ਪਰ ਉਹ ਵੀ ਕਿਸਾਨ ਹਨ ਅਤੇ ਹੁਣ ਉਹ ਇੱਥੋਂ ਜਾਣਗੇ ਨਹੀਂ।

ਖ਼ਬਰ ਏਜੰਸੀ ਏਐੱਨਆਈ ਮੁਾਤਬਕ ਸ਼ੁੱਕਰਵਾਰ ਤੜਕੇ ਗਾਜ਼ੀਪੁਰ ਬਾਰਡਰ ਉੱਪਰ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਮੌਜੂਦ ਕਿਸਾਨਾਂ ਵੱਲੋਂ 'ਜੈ ਜਵਾਨ, ਜੈ ਕਿਸਾਨ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਏ ਗਏ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਧਰਨਾ ਨਹੀਂ ਚੁੱਕਣਗੇ ਅਤੇ ਸਿਰਫ਼ ਕੇਂਦਰ ਸਰਕਾਰ ਨਾਲ ਗੱਲ ਕਰਨਗੇ।
ਰਾਸ਼ਟਰੀ ਲੋਕ ਦਲ ਦੇ ਆਗੂ ਜਅੰਤ ਚੌਧਰੀ ਵੀ ਗਾਜ਼ੀਪੁਰ ਬਾਰਡਰ ਪਹੁੰਚੇ। ਉਨ੍ਹਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਥਾਂ ਖਾਲੀ ਨਹੀਂ ਕਰਨਾ ਚਾਹੁੰਦੇ। ਮੁੱਦਾ ਸੰਸਦ ਵਿੱਚ ਚੁੱਕਿਆ ਜਾਣਾ ਚਾਹੀਦਾ ਹੈ। ਜੇ ਸਰਕਾਰ ਪਿੱਛੇ ਹਟਦੀ ਹੈ ਤਾਂ ਇਹ ਉਸ ਦੀ ਕਮਜ਼ੋਰੀ ਨਹੀਂ ਦਿਖਾਵੇਗਾ ਸਗੋਂ ਉਨ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦਾ ਭਰੋਸਾ ਮੁੜ ਹਾਸਲ ਕਰਨ ਦੀ ਲੋੜ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਭੇਸ਼ ਬਘੇਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਮੰਗਾਂ ਸਹੀ ਹਨ। ਉਹ ਦੋ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ ਕੇਂਦਰ ਸਰਕਾਰ ਉਨ੍ਹਾਂ ਦੀ ਮੰਗ ਮੰਨ ਸਕਦੀ ਹੈ।
ਵੀਰਵਾਰ ਰਾਤ ਨੂੰ ਉੱਤਰ ਪ੍ਰਦੇਸ਼ ਅਤੇ ਪ੍ਰੋਵੈਂਸ਼ੀਅਲ ਆਰਮਡ ਕਾਨਸਟੇਬੁਲਰੀ (PAC) ਜੋ ਗਾਜ਼ੀਪੁਰ ਬਾਰਡਰ 'ਤੇ ਤੈਨਾਅਤ ਸੀ PAC ਦੀਆਂ ਗੱਡੀਆਂ ਵਿੱਚ ਉੱਥੋਂ ਚਲੀ ਗਈ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪੁਲਿਸ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੀ ਸੀ। ਰਾਕੇਸ਼ ਟਿਕੈਤ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਗ੍ਰਿਫ਼ਤਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਸਟੇਜ ਤੋਂ ਚਲੀ ਗਈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਗ੍ਰਿਫ਼ਤਾਰੀ ਦੇ ਨਾਂਅ ਹੇਠ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਸੀ ਅਤੇ ਗੱਡੀਆਂ ਵਿੱਚ ਬੀਜੇਪੀ ਦੇ ਹਥਿਆਰਬੰਦ ਗੁੰਡੇ ਸਨ।
ਬੁੱਧਵਾਰ ਸ਼ਾਮ ਤੋਂ ਹੀ ਗਾਜ਼ੀਪੁਰ ਬਾਰਡਰ 'ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਸਦਨ ਨੂੰ ਰਾਸ਼ਟਰਪਤੀ ਦਾ ਸੰਬੋਧਨ

ਤਸਵੀਰ ਸਰੋਤ, DD NEWS
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਜਟ ਇਜਲਾਸ ਤੋਂ ਪਹਿਲਾਂ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕੀਤਾ।
ਆਮਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਕਿ ਉਹ ਸਦਨ ਦੇ ਅੰਦਰ ਜਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਬੋਲਣਾ ਚਾਹੁੰਦੇ ਸਨ ਪਰ ਸਰਕਾਰ ਨੇ ਉਨ੍ਹਾਂ ਦਾ ਨਾਂਅ ਅੰਦਰ ਜਾਣ ਵਾਲੇ ਸਾਂਸਦਾਂ ਦੀ ਸੂਚੀ ਵਿੱਚੇਂ ਹਟਾ ਦਿੱਤਾ। ਜਦਕਿ ਉਹ ਪਾਰਟੀ ਦੇ ਲੋਕ ਸਭਾ ਵਿੱਚ ਆਗੂ ਹਨ। ਸਰਕਾਰ ਨੇ ਸਿਰਫ਼ ਮੇਜ਼ਾਂ ਥਾਪੜਨ ਵਾਲਿਆਂ ਨੂੰ ਅੰਦਰ ਆਉਣ ਦਿੱਤਾ।
ਰਾਸ਼ਟਰਪਤੀ ਦੇ ਭਾਸ਼ਣ ਦੇ ਦੌਰਾਨ ਰਾਸ਼ਟਰੀ ਲੋਤਾਂਤਰਿਕ ਪਾਰਟੀ ਦੇ ਸੰਸਦ ਮੈਂਬਰ ਹਨੂਮਾਨ ਬੈਨੀਵਾਲ ਨੇ ਪਰਚੇ ਦਿਖਾਏ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਨਾਅਰੇ ਵੀ ਲਗਾਏ।
ਰਾਸ਼ਟਰਪਤੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ-
- ਸਰਕਾਰ ਨੇ ਵਿਆਪਕ ਵਿਚਾਰ ਤੋਂ ਬਾਅਦ ਸੱਤ ਮਹੀਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ।
- ਜਿਹੜੇ ਸੁਧਾਰਾਂ ਦੀ ਪਿਛਲੇ ਦੋ ਦਹਾਕਿਆਂ ਤੋਂ ਵੱਖ-ਵੱਖ ਪੇਲਟਫਾਰਮਾਂ ਉੱਪਰ ਜੋ ਚਰਚਾ ਹੋ ਰਹੀ ਸੀ ਉਹ ਸਦਨ ਦੀ ਕਾਰਵਾਈ ਦੌਰਾਨ ਵੀ ਹੋਈ।
- ਸੱਤ ਮਹੀਨੇ ਪਹਿਲਾਂ ਪਾਸ ਕਾਨੂੰਨਾਂ ਦਾ ਲਾਭ ਦਸ ਲੱਖ ਛੋਟੇ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋਇਆ।
- ਫਿਲਹਾਲ ਸੁਪਰੀਮ ਕੋਰਟ ਨੇ ਕਾਨੂੰਨ ਅਮਲ ਵਿੱਚ ਲਿਆਉਣ ਤੇ ਰੋਕ ਲਾਈ ਹੋਈ ਹੈ। ਸਰਕਾਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇਗੀ।
- ਸਰਕਾਰ ਸ਼ਾਂਤਮਈ ਅੰਦੋਲਨ ਦੇ ਹੱਕ ਦਾ ਸਤਿਕਾਰ ਕਰਦੀ ਹੈ ਪਰ 26 ਜਨਵਰੀ ਦੇ ਦਿਨ ਜੋ ਹੋਇਆ ਅਤੇ ਕੌਮੀ ਝੰਡੇ ਦਾ ਅਪਮਾਨ ਬਦਕਿਸਮਤੀ ਵਾਲਾ ਸੀ।
- ਸਰਕਾਰ ਇਨ੍ਹਾਂ ਕਾਨੂੰਨਾਂ ਬਾਰੇ ਫੈਲਾਏ ਗਏ ਭਰਮਾਂ ਨੂੰ ਦੂਰ ਕਰਨ ਲਈ ਸਾਰੇ ਯਤਨ ਕਰ ਰਹੀ ਹੈ।
ਕੰਡੇਲਾ ਪਿੰਡ ਵਿੱਚ ਕਿਸਾਨਾਂ ਨੇ ਲਾਇਆ ਜਾਮ

ਤਸਵੀਰ ਸਰੋਤ, Sat singh/bbc
ਬੀਬੀਸੀ ਦੇ ਸਹਿਯੋਗੀ ਸੱਤ ਸਿੰਘ ਮੁਤਾਬਕ ਨੇ ਤੜਕੇ ਸ਼ੁੱਕਰਵਾਰ ਤੜਕੇ ਦੇ ਮੌਹਲ ਬਾਰੇ ਧਰਨੇ ਤੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇੱਕ ਕਿਸਾਨ ਨੇ ਸੱਤ ਸਿੰਘ ਨੂੰ ਦੱਸਿਆ,"ਅੱਜ ਰਾਕੇਸ਼ ਟਿਕੈਤ ਨਹੀਂ ਰੋਏ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਆਤਮਾ ਰੋਈ ਹੈ। ਇਸ ਸਮੇਂ ਸਾਰੀ ਜਾਤ ਘਰਮ ਭੁੱਲ ਕੇ ਸਾਨੂੰ ਸਿਰਫ਼ ਦਿੱਲੀ ਬਾਰਡਰ ਤੇ ਬੈਠਾ ਕਿਸਾਨ ਅਤੇ ਰਾਕੇਸ਼ ਟਿਕੈਤ ਦੇ ਅੱਥਰੂ ਦਿਸ ਰਹੇ ਹਨ।"
"ਦੁਸ਼ਿੰਯਤ ਚੌਟਾਲਾ ਨੂੰ ਚੇਤਾਵਨੀ ਦੇਣੀ ਚਾਹੁੰਦਾ ਹਾਂ ਕਿ ਇਹ ਕੁਰਸੀ ਸਾਡੇ ਵਰਗੇ ਕਾਰਜਕਰਤਿਆਂ ਦੀ ਬਦੌਲਤ ਹੀ ਮਿਲੀ ਹੈ।"
ਉਨ੍ਹਾਂ ਨੇ ਸੱਤ ਸਿੰਘ ਨੂੰ ਦੱਸਿਆ ਕਿ ਫ਼ਿਲਹਾਲ ਤਾਂ ਸੰਕਤੇਕ ਦੋ ਘਾਂਟਿਆਂ ਦਾ ਧਰਨਾ ਹੈ ਪਰ ਬਾਅਦ ਵਿੱਚ ਬੈਠਕ ਵਿੱਚ ਕੋਈ ਵੀ ਫ਼ੈਸਲਾ ਹੋ ਸਕਦਾ ਹੈ।
ਰਾਮ ਕੰਢੇਲਾ ਦੇ ਇੱਕ ਹੋਰ ਕਿਸਾਨ ਰਾਮਵੀਰ ਨੇ ਸੱਤ ਸਿੰਘ ਨੂੰ ਦੱਸਿਆ, "ਗਾਜ਼ੀਪੁਰ ਬਾਰਡਰ ਉੱਤੇ ਜੇ ਕੋਈ ਵੀ ਐਕਸ਼ਨ ਹੋਇਆ ਤਾਂ ਉਸ ਦਾ ਰਿਐਕਸ਼ਨ ਅਜਿਹਾ ਹੋਵੇਗਾ ਕਿ ਜਿਸਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ।"
ਕਿਸਾਨਾਂ ਨੇ ਇਸ ਮੌਕੇ ਕਿਸਾਨ ਭਾਈਚਾਰੇ, ਰਾਕੇਸ਼ ਟਿਕੈਤ ਜ਼ਿੰਦਾਬਾਤ, ਚਢੂਨੀ ਜ਼ਿੰਦਾਬਾਦ ਅਤੇ ਪੰਜਾਬ-ਹਰਿਆਣਾ ਭਾਈਚਾਰਾ ਦੇ ਨਾਅਰੇ ਵੀ ਲਾਏ।
ਵੀਰਵਾਰ ਦਾ ਪ੍ਰਮੁੱਖ ਘਟਨਾਕ੍ਰਮ
- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਜਾਰੀ ਰਹੇਗਾ ਅੰਦੋਲਨ, ਸਿਰਫ਼ ਕੇਂਦਰ ਸਰਕਾਰ ਨਾਲ ਕਰਾਂਗੇ ਗੱਲਬਾਤ’
- ਪੁਲਿਸ ਵੱਲੋਂ ਸਿੰਘੂ ਬਾਰਡਰ ’ਤੇ ਸਟੇਜ ਦੇ ਨਾਲ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਦਾ ਵਿਰੋਧ ਕੀਤਾ।
- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਸੱਚਾਈ ਇਹ ਹੈ ਕਿ ਜ਼ਿਆਦਾਤਰ ਕਿਸਾਨ ਇਨ੍ਹਾਂ ਕਾਨੂੰਨਾਂ ਬਾਰੇ ਵਿਸਥਾਰ ਨਾਲ ਨਹੀਂ ਸਮਝਦੇ ਹਨ ਕਿਉਂਕਿ ਜੇ ਉਹ ਸਮਝ ਗਏ ਤਾਂ ਪੂਰੇ ਦੇਸ ਵਿੱਚ ਅੰਦੋਲਨ ਹੋਵੇਗਾ। ਦੇਸ ਵਿੱਚ ਅੱਗ ਲਗ ਜਾਵੇਗੀ।"
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕਾਰਕੁਨ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਗਈ ਹੈ।
- ਪ੍ਰਿਅੰਕਾ ਗਾਂਧੀੀ ਨੇ ਆਪਣੇ ਟਵੀਟ ਵਿੱਚ ਕਿਹਾ, "ਕੱਲ੍ਹ ਅੱਧੀ ਰਾਤ ਵਿੱਚ ਲਾਠੀ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਗਾਜੀਪੁਰ, ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ। ਇਹ ਲੋਕਤੰਤਰ ਦੇ ਹਰ ਨਿਯਮ ਦੇ ਉਲਟ ਹੈ।"
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














