ਹਰਿਆਣਾ ਦੇ ਮੁੰਡੇ ਤੇ ਕੁੜੀ 'ਤੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਮੁੰਡੇ ਅਤੇ ਕੁੜੀ ਨੂੰ ਬੁਧਵਾਰ ਦੁਪਹਿਰੇ ਦਿੱਲੀ ਬਾਈ ਪਾਸ ਨੇੜੇ ਗੋਲੀ ਮਾਰ ਦਿੱਤੀ ਗਈ ਜਿਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।

ਪੁਲਿਸ ਮੁਤਾਬਕ, ਦੋਵੇਂ ਜਾਣੇ ਆਪਣੇ ਮਾਪਿਆਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਨਾ ਚਾਹੁੰਦੇ ਸੀ। ਕਥਿਤ ਤੌਰ 'ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਸਥਾਨਕ ਅਦਾਲਤ ਵਿੱਚ ਵਿਆਹ ਰਜਿਸਟਰਡ ਕਰਾਉਣ ਦੇ ਬਹਾਨੇ ਬੁਲਾ ਕੇ ਗੋਲੀ ਚਲਾ ਦਿੱਤੀ।

ਮ੍ਰਿਤਕ ਲੜਕੀ ਦੀ ਪਹਿਚਾਣ 24 ਸਾਲਾ ਪੂਜਾ ਵਜੋਂ ਹੋਈ ਹੈ ਜੋ ਕਿ ਕਨਹੇਲੀ ਪਿੰਡ ਦੀ ਸੀ ਜਦੋਂ ਕਿ 23 ਸਾਲਾਂ ਦਾ ਰੋਹਿਤ ਜ਼ਿਲ੍ਹੇ ਦੇ ਬਕੇਟਾ ਪਿੰਡ ਦਾ ਰਹਿਣ ਵਾਲਾ ਸੀ। ਪੀਜੀਆਈ, ਰੋਹਤਕ ਪਹੁੰਚਣ 'ਤੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇੱਕ ਹੋਰ ਵਿਅਕਤੀ ਜੋ ਕਿ ਮੋਹਿਤ ਵਜੋਂ ਪਛਾਣਿਆ ਗਿਆ ਹੈ, ਨੂੰ ਵੀ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ

ਪਰਿਵਾਰ ਸਨ ਵਿਆਹ ਦੇ ਖ਼ਿਲਾਫ਼

ਮਿਲੀ ਜਾਣਕਾਰੀ ਮੁਤਾਬਕ, ਪੂਜਾ ਅਤੇ ਰੋਹਿਤ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਰਿਵਾਰ ਇਸ ਰਿਸ਼ਤੇ ਦੇ ਵਿਰੁੱਧ ਸਨ।

ਸਮਝਾਉਣ ਤੋਂ ਬਾਅਦ, ਲੜਕੇ ਦੇ ਮਾਪਿਆਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਮੰਨ ਲਿਆ ਪਰ ਲੜਕੀ ਦਾ ਚਾਚਾ ਜੋ ਉਸ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੀ ਦੇਖਭਾਲ ਕਰ ਰਿਹਾ ਸੀ, ਇਸਦਾ ਵਿਰੋਧ ਕਰ ਰਹੇ ਸਨ। ਕੁੜੀ ਤਲਾਕਸ਼ੁਦਾ ਸੀ।

ਰੋਹਿਤ ਦੀ ਮਾਂ ਸੰਤੋਸ਼ ਨੇ ਮੀਡੀਆ ਨੂੰ ਦੱਸਿਆ ਕਿ ਪੂਜਾ ਦੇ ਰਿਸ਼ਤੇਦਾਰਾਂ ਨੇ ਵੀ ਵਿਆਹ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਵਿਆਹ ਰਜਿਸਟਰ ਕਰਵਾਉਣ ਲਈ ਅੱਜ ਇਸ ਜੋੜੇ ਨੂੰ ਰੋਹਤਕ ਬੁਲਾਇਆ ਹੈ।

ਸੰਤੋਸ਼ ਨੇ ਅੱਗੇ ਕਿਹਾ, "ਜਦੋਂ ਪੂਜਾ ਅਤੇ ਰੋਹਿਤ ਅੱਜ ਸਵਿਫਟ ਕਾਰ ਵਿੱਚ ਪਹੁੰਚੇ ਤਾਂ ਲੜਕੀ ਦੇ ਰਿਸ਼ਤੇਦਾਰ ਕਈ ਹੋਰ ਲੋਕਾਂ ਨਾਲ ਪਹੁੰਚੇ, ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਮੇਰੇ ਪੁੱਤਰ ਰੋਹਿਤ ਅਤੇ ਪੂਜਾ ਨੂੰ ਗੋਲੀ ਮਾਰ ਦਿੱਤੀ।"

ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਦਰਜ ਹੋਈ ਹੈ।

ਪੁਲਿਸ ਕਰ ਰਹੀ ਜਾਂਚ

ਡੀਐਸਪੀ ਸੱਜਣ ਕੁਮਾਰ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਇਹ ਜੋੜਾ ਆਪਣੇ ਮਾਪਿਆਂ ਦੀ ਇੱਛਾ ਵਿਰੁੱਧ ਵਿਆਹ ਕਰਨਾ ਚਾਹੁੰਦਾ ਸੀ। ਦੋਹਰੇ ਕਤਲ ਦੇ ਆਰੋਪ ਕੁੜੀ ਵਾਲਿਆਂ 'ਤੇ ਲੱਗੇ ਹਨ।

ਪੁਲਿਸ ਨੇ ਕਿਹਾ ਕਿ ਲੜਕੀ ਪੂਜਾ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਸਦੇ ਮਾਪਿਆਂ ਦੀ ਮੌਤ ਤੋਂ ਬਾਅਦ ਆਪਣੇ ਚਾਚੇ ਕੁਲਦੀਪ ਕੋਲ ਰਹਿੰਦੀ ਸੀ।

ਪੁਲਿਸ ਨੇ ਪੂਜਾ ਦੇ ਚਾਚੇ ਕੁਲਦੀਪ ਅਤੇ ਇੱਕ ਹੋਰ ਰਿਸ਼ਤੇਦਾਰ ਵਿਕਾਸ ਨੂੰ ਕਤਲ ਦੇ ਇਲਜ਼ਾਮ ਤਹਿਤ ਆਈਪੀਸੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।

ਪੀਜੀਆਈ, ਰੋਹਤਕ ਦੇ ਮੈਡੀਕਲ ਸੁਪਰਡੈਂਟ ਡਾ. ਪੁਸ਼ਪਾ ਨੇ ਦੱਸਿਆ ਕਿ ਦੋਹੇਂ ਮ੍ਰਿਤ ਹੀ ਹਸਪਤਾਲ 'ਚ ਲਿਆਂਦੇ ਗਏ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)