ਕਿਸਾਨ ਅੰਦੋਲਨ: ਖੱਟਰ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ ਉੱਪਰ ਇਰਾਦਾ ਕਤਲ ਅਤੇ ਦੰਗੇ ਦਾ ਕੇਸ ਦਰਜ- ਪ੍ਰੈੱਸ ਰਿਵੀਊ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਾਫ਼ਲਾ ਰੋਕਣ ਦੀ ਕੋਸ਼ਿਸ਼ ਕਰ ਰਹੇ 13 ਕਿਸਾਨਾਂ ਉੱਪਰ ਹਰਿਆਣਾ ਪੁਲਿਸ ਨੇ ਕਤਲ ਦੀ ਕੋਸ਼ਿਸ਼ ਅਤੇ ਦੰਗਾ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਕਿਸਾਨ ਮੰਗਲਵਾਰ ਨੂੰ ਅੰਬਾਲਾ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਜਿਸ ਦੌਰਾਨ ਇਨ੍ਹਾਂ ਨੇ ਕਥਿਤ ਤੌਰ 'ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਾਲੇ ਝੰਡੇ ਦਿਖਾਏ।

ਭਾਰਤੀ ਦੰਡਾਵਲੀ ਦੀਆਂ ਵੱਖੋ-ਵੱਖ ਨੌਂ ਧਾਰਾਵਾਂ ਤਹਿਤ ਐੱਫ਼ਾਈਆਰ ਦਰਜ ਕੀਤੀ ਗਈ ਹੈ ਅਤੇ ਜਨਤਕ ਜਾਇਦਾਦ ਨੂੰ ਨੁਕਸਾਨੇ ਜਾਣ ਤੋਂ ਰੋਕੂ ਕਾਨੂੰਨ ਵੀ ਲਾਇਆ ਗਿਆ ਹੈ।

ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਅਵਾਜ਼ ਦਬਾਉਣ ਲਈ ਝੂਠੇ ਕੇਸ ਪਾਏ ਜਾ ਰਹੇ ਹਨ।

ਇਹ ਵੀ ਪੜ੍ਹੋ:

ਐੱਨਆਈਏ ਦਾ ਇੱਕ ਭਗੌੜਾ ਖ਼ਾਲਿਸਤਾਨੀ ਫੜਨ ਦਾ ਦਾਅਵਾ

ਕੌਮੀ ਜਾਂਚ ਏਜੰਸੀ ਨੇ ਇੱਕ ਕਥਿਤ ਭਗੌੜਾ ਖ਼ਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਨਿੱਜਰ ਨੂੰ ਫੜ ਲੈਣ ਦਾ ਦਾਅਵਾ ਕੀਤਾ ਹੈ। ਏਜੰਸੀ ਮੁਤਾਬਕ ਉਹ ਸਾਈਪਰਸ ਵਿੱਚ ਲੁਕਿਆ ਹੋਇਆ ਸੀ। ਉਸ ਨੂੰ ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਾਤਾਰ ਕੀਤਾ ਗਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪੰਡੋਰੀ ਸੁੱਖਾ ਸਿੰਘ ਦੀ 10 ਜਨਵਰੀ 2019 ਦੇ ਇੱਕ ਕੇਸ ਵਿੱਚ ਤਲਾਸ਼ ਸੀ।

ਐੱਨਆਈਏ ਦੇ ਇੱਕ ਅਫ਼ਸਰ ਨੇ ਦੱਸਿਆ ਕਿ 'ਨਿੱਜਰ, ਹਰਪਾਲ ਸਿੰਘ ਅਤੇ ਮੋਈਨ ਖ਼ਾਨ ਸੋਸ਼ਲ ਮੀਡੀਆ ਉੱਪਰ ਸਰਗਰਮ ਸਨ ਅਤੇ ਪੰਜਾਬ ਵਿੱਚ ਖ਼ਾਲਿਸਤਾਨ ਬਣਾਉਣ ਲਈ ਸਿੱਖ ਮਿਲੀਟੈਂਸੀ ਨੂੰ ਸੁਰਜੀਤ ਕਰਨ ਦੀ ਗੋਂਦ ਗੁੰਦ ਰਹੇ ਸਨ।'

ਯੂਪੀ ਸਰਕਾਰ ਦੀ ‘ਦੰਗਈ’ ਆਗੂਆਂ ਤੋਂ ਕੇਸ ਹਟਾਉਣ ਦੀ ਤਿਆਰੀ

ਯੂਪੀ ਸਰਕਾਰ ਭਾਜਪਾ ਆਗੂਆਂ ਖ਼ਿਲਾਫ਼ ਇੱਕ ਕੇਸ ਵਾਪਸ ਲੈਣ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਆਗੂਆਂ ਵਿੱਚ ਤਿੰਨ ਵਿਧਾਇਕ ਵੀ ਹਨ ਜਿਨ੍ਹਾਂ ਉੱਪਰ ਸੰਤਬਰ 2013 ਵਿੱਚ ਮੁਜ਼ਫਰਨਗਰ ਦੇ ਨਾਗਲਾ ਨੰਦੋੜ ਪਿੰਡ ਵਿੱਚ ਹੋਈ ਇੱਕ ਮਹਾਂਪਚਾਇਤ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸ਼ੇਖਖੇੜਾ ਪੁਲਿਸ ਸਟੇਸ਼ਨ ਵਿੱਚ ਜਿਨ੍ਹਾਂ ਮੁਲਜ਼ਮਾਂ ਉੱਪਰ ਕੇਸ ਦਰਜ ਹੈ ਉਨ੍ਹਾਂ ਵਿੱਚ ਸੰਗੀਤ ਸੋਮ (ਵਿਧਾਇਕ ਸਰਧਾਨਾ) ਸੁਰੇਸ਼ ਰਾਣਾ (ਵਿਧਾਇਕ ਥਾਨਾ ਭਵਨ) ਅਤੇ ਕਪਿਲ ਦੇਵ (ਵਿਧਾਇਕ ਮੁਜ਼ਫ਼ਰਨਗਰ ਸਦਰ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇੱਕ ਹਿੰਦੂ ਸਾਧਵੀ ਪ੍ਰਾਚੀ ਵੀ ਸ਼ਾਮਲ ਹੈ।

ਇਨ੍ਹਾਂ ਭਾਜਪਾ ਆਗੂਆਂ ਉੱਪਰ ਰੋਕੂ ਹੁਕਮਾਂ ਦੀ ਉਲੰਘਣਾ ਕਰਨ, ਸਰਕਾਰੀ ਮਸ਼ੀਨਰੀ ਨਾਲ ਦਲੀਲਬਾਜ਼ੀ ਕਰਨ ਅਤੇ ਅੱਗਜ਼ਨੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)